ਮਾੜੀ ਸੋਚ | maarhi soch

ਇੱਕ ਸੀ ਰਾਜਾ ਜਿਸ ਸ਼ਹਿਰ ਵਿੱਚ ਰਾਜਾ ਰਹਿੰਦਾ ਸੀ ਉਸ ਦੇ ਮਹਿਲ ਦੇ ਬਿਲਕੁਲ ਸਾਹਮਣੇ ਇੱਕ ਵਪਾਰੀ ਰਹਿੰਦਾ ਸੀ | ਉਸ ਦਾ ਚੰਦਨ ਦੀ ਲੱਕੜ ਦਾ ਕਾਰੋਬਾਰ ਸੀ |ਉਸ ਦਾ ਵੀ ਬਹੁਤ ਸੋਹਣਾ ਮਹਿਲਨੁਮਾ ਮਕਾਨ ਸੀ | ਇੱਕ ਟਾਇਮ ਐਸਾ ਆਇਆ ਕਿ ਵਪਾਰੀ ਦਾ ਵਪਾਰ ਮੱਧਮ ਪੈ ਗਿਆ | ਵਪਾਰੀ ਦੇ ਰਾਤ ਨੂੰ ਮਨ ਵਿੱਚ ਖਿਆਲ ਆਇਆ ਕਿ ਜੇ ਰਾਜਾ ਮਰ ਜਾਵੇ ਤਾਂ ਉਸ ਦਾ ਸੰਸਕਾਰ ਚੰਦਨ ਦੀ ਲੱਕੜ ਵਿੱਚ ਕੀਤਾ ਜਾਵੇਗਾ ਅਤੇ ਲੱਕੜ ਵੀ ਮੇਰੇ ਕੋਲੋਂ ਹੀ ਖਰੀਦੀ ਜਾਵੇਗੀ | ਲੱਕੜ ਵਿਕਣ ਨਾਲ ਮੇਰੇ ਵਪਾਰ ਨੂੰ ਥੋੜਾ ਹੁਲਾਰਾ ਜਰੂਰ ਮਿਲੇਗਾ | ਇਹ ਸੋਚਦਾ ਹੋਇਆ ਵਪਾਰੀ ਸੌਂ ਗਿਆ |
ਅਗਲੇ ਦਿਨ ਜਦੋਂ ਰਾਜਾ ਕਿਤੇ ਬਾਹਰ ਜਾਣ ਲਈ ਆਪਣੇ ਅਹਿਲਕਾਰਾਂ ਨਾਲ ਬਾਹਰ ਨਿਕਲਿਆ ਤਾਂ ਸਾਹਮਣੇ ਉਸ ਵਪਾਰੀ ਦਾ ਮਕਾਨ ਦੇਖ ਕੇ ਰਾਜਾ ਆਪਣੇ ਅਹਿਲਕਾਰਾਂ ਨੂੰ ਪੁਛਣ ਲੱਗਾ ਕਿ ਔਹ ਸਾਹਮਣੇ ਵਾਲਾ ਮਕਾਨ ਕਿਸ ਦਾ ਹੈ | ਦੱਸਿਆ ਗਿਆ ਕਿ ਫਲਾਣੇ ਵਪਾਰੀ ਦਾ ਹੈ | ਰਾਜਾ ਕਹਿਣ ਲੱਗਿਆ ਐਡਾ ਵੱਡਾ ਮਕਾਨ ਆਪਣੇ ਮਹਿਲ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ ਇਸ ਨਾਲ ਮਹਿਲ ਦੀ ਸ਼ਾਨ ਘੱਟਦੀ ਹੈ ਉਸ ਵਪਾਰੀ ਨੂੰ ਇਸ ਦੀ ਬਣਦੀ ਕੀਮਤ ਦੇ ਕੇ ਉਸ ਨੂੰ ਕਹੋ ਕਿ ਉਹ ਇੱਕ ਮਹੀਨੇ ਵਿੱਚ ਕਿਤੇ ਹੋਰ ਚਲਾ ਜਾਵੇ ਅਤੇ ਇਹ ਮਕਾਨ ਢਾਹ ਦਿਉ |
ਵਪਾਰੀ ਨੂੰ ਬੁਲਾ ਕੇ ਰਾਜੇ ਦਾ ਹੁਕਮ ਸੁਣਾ ਦਿਤਾ ਗਿਆ | ਵਪਾਰੀ ਬੜਾ ਪ੍ਰੇਸ਼ਾਨ ਹੋਇਆ ਕਿ ਇਹ ਕੀ ਬਣ ਗਿਆ | ਵਪਾਰੀ ਆਪਣੇ ਇਕ ਜੋਤਸ਼ੀ ਮਿੱਤਰ ਕੋਲ ਗਿਆ ਤੇ ਦੱਸਿਆ ਕਿ ਰਾਜੇ ਨੇ ਉਸ ਨੂੰ ਘਰ ਛੱਡ ਕੇ ਕਿਤੇ ਹੋਰ ਥਾਂ ਜਾਣ ਦਾ ਹੁਕਮ ਦਿਤਾ ਹੈ | ਕੁਝ ਦੇਰ ਜੋਤਸ਼ੀ ਸੋਚਦਾ ਰਿਹਾ ਤੇ ਕਿ ਤੂੰ ਰਾਜੇ ਬਾਰੇ ਆਪਣੇ ਦਿਲ ਵਿੱਚ ਕੁਝ ਬੁਰਾ ਤਾਂ ਨਹੀਂ ਸੋਚਿਆ | ਵਪਾਰੀ ਨੇ ਸਾਰਾ ਕੁਝ ਸੱਚ ਸੱਚ ਦੱਸ ਦਿਤਾ | ਜੋਤਸ਼ੀ ਕਹਿਣ ਲੱਗਾ ਕਿ ਹੁਣ ਤੂੰ ਲਗਾਤਾਰ ਗਿਆਰਾਂ ਦਿਨ ਮੇਰੇ ਕਹੇ ਮੁਤਾਬਕ ਹਰ ਰੋਜ ਰਾਜੇ ਦੀ ਲੰਮੀ ਉਮਰ ਤੇ ਸਲਾਮਤੀ ਲਈ ਪੂਜਾ ਅਰਚਨਾ ਕਰ | ਵਪਾਰੀ ਨੇ ਜੋਤਸ਼ੀ ਦੇ ਕਹੇ ਮੁਤਾਬਕ ਕਰਨਾ ਸ਼ੁਰੂ ਕਰ ਦਿੱਤਾ |
ਕਾਫੀ ਦਿਨ ਬੀਤਣ ਤੋਂ ਬਾਅਦ ਇਕ ਦਿਨ ਰਾਜਾ ਫਿਰ ਉਸੇ ਰਸਤੇ ਨਿਕਲਿਆ ਤਾਂ ਉਸ ਮਕਾਨ ਨੂੰ ਦੇਖ ਕੇ ਰਾਜੇ ਨੇ ਅਹਿਲਕਾਰਾਂ ਨੂੰ ਪੁਛਿਆ ਕਿ ਵਪਾਰੀ ਚਲਾ ਗਿਆ ਤਾ ਅਹਿਲਕਾਰਾਂ ਨੇ ਕਿਹਾ ਮਹਾਰਾਜ ਉਹ ਦਿਤੇ ਹੋਏ ਸਮੇਂ ਦੇ ਵਿੱਚ ਚਲਾ ਜਾਵੇਗਾ | ਰਾਜੇ ਨੇ ਕਿਹਾ ਕਿ ਉਸ ਨੂੰ ਕਹੋ ਕਿ ਰਾਜੇ ਨੇ ਆਪਣਾ ਫੈਸਲਾ ਬਦਲ ਦਿਤਾ ਹੈ ਤੇ ਉਹ ਇਥੇ ਹੀ ਰਹਿ ਸਕਦਾ ਹੈ | ਆਪਣੇ ਮਹਿਲ ਦੀ ਸ਼ਾਨ ਆਪਣੀ ਥਾਂ ਹੈ ਪਰ ਇਹ ਮਕਾਨ ਵੀ ਆਪਣੇ ਸ਼ਹਿਰ ਦੀ ਸ਼ਾਨ ਹੈ |
ਵਪਾਰੀ ਨੂੰ ਜਾ ਕੇ ਦੱਸਿਆ ਗਿਆ ਵਪਾਰੀ ਬਹੁਤ ਖੁਸ਼ ਹੋਇਆ ਪਰ ਆਪਣੀ ਮਾੜੀ ਸੋਚ ਕਰਕੇ ਅੰਰਦੋ ਅੰਦਰੀ ਸ਼ਰਮ ਮਹਿਸੂਸ ਕਰ ਰਿਹਾ ਸੀ
ਗਿੱਲ

Leave a Reply

Your email address will not be published. Required fields are marked *