ਸੰਘਰਸ਼ | sangarsh

ਭੈਣ ਮੁਲਾਕਾਤ ਤੇ ਆਉਂਦੀ ਤਾਂ ਅੱਖੀਆਂ ਸੁੱਜੀਆਂ ਹੁੰਦੀਆਂ..ਇੰਝ ਲੱਗਦਾ ਹੁਣੇ ਹੁਣੇ ਹੀ ਰੋ ਕੇ ਆਈ ਹੋਵੇ..ਝੂਠਾ ਹਾਸਾ ਹੱਸਣ ਦੀ ਕੋਸ਼ਿਸ਼ ਕਰਦੀ ਪਰ ਗੱਲ ਨਾ ਬਣਦੀ..!
ਪਰਾਂ ਹਟਵਾਂ ਖਲੋ ਕਿਸੇ ਨਾਲ ਫੋਨ ਤੇ ਗੱਲ ਕਰਦਾ ਭਾਜੀ ਨਜਰਾਂ ਤਕ ਵੀ ਨਾ ਮਿਲਾਉਂਦਾ..ਫੇਰ ਮੈਨੂੰ ਸਾਰੀ ਕਹਾਣੀ ਸਮਝ ਪੈ ਜਾਂਦੀ!
ਇੱਕ ਵਾਰ ਭੈਣ ਮੂਹੋਂ ਨਿੱਕਲਿਆਂ ਵੀ ਸੀ ਕੇ ਉਹ ਹੁਣ ਓਸੇ ਪਾਰਟੀ ਦਾ ਵੱਡਾ ਅਹੁਦੇਦਾਰ ਏ ਜਿਸ ਪਾਰਟੀ ਨੇ ਕਦੀ ਤਖ਼ਤ ਤੇ ਫੌਜਾਂ ਚਾਹੜ੍ਹੀਆਂ ਸਨ!
ਮੈਨੂੰ ਕਈ ਵਾਰ ਉਸਦਾ ਸੁਫਨਾ ਆਉਂਦਾ..ਫੇਰ ਕਿੰਨੇ ਦਿਨ ਬੋਲ ਕੰਨਾਂ ਵਿਚ ਗੂੰਜਦੇ ਰਹਿੰਦੇ..”ਸਿੰਘੋ ਇਸ ਰਾਹ ਤੇ ਤੁਰਨਾ ਏ ਤਾਂ ਘਰ ਬਾਰ ਆਰ ਪਰਿਵਾਰ ਦਾ ਮੋਹ ਤਿਆਗਣਾ ਪੈਣਾ..ਮਲੰਗ ਹੋਣਾ ਪੈਣਾ..ਇਸ ਰਾਹ ਤੇ ਤਸੀਹੇ ਜੇਲਾਂ ਤਸ਼ੱਦਤ ਤੇ ਅਖੀਰ ਵਿਚ ਫਾਂਸੀ ਤੇ ਜਾ ਫੇਰ ਸ਼ਹੀਦੀ ਏ..ਜੇ ਮਨ ਨਹੀਂ ਮੰਨਦਾ ਤੇ ਅਜੇ ਵੀ ਪਿਛਾਂਹ ਪਰਤ ਜਾਵੋ..ਮੁੜ ਨਾ ਆਖਿਓਂ..ਸਾਧ ਨੇ ਮਰਵਾ ਦਿੱਤਾ”!
ਇੱਕ ਦਿਨ ਸੰਤਰੀ ਭੱਜਾ ਭੱਜਾ ਆਇਆ..ਭਾਊ ਮੂੰਹ ਮਿੱਠਾ ਕਰਵਾ..ਪੱਕੀ ਰਿਹਾਈ ਦੇ ਕਾਗਤ ਆ ਗਏ ਨੇ..!
ਮੈਨੂੰ ਫਿਕਰ ਪੈ ਗਿਆ..ਬਾਹਰ ਨਿਕਲ ਜਾਣਾ ਕਿਥੇ ਏ..ਜਮੀਨ ਤੇ ਵਿੱਕ ਗਈ ਤੇ ਘਰੇ ਪੁਲਸ ਦੀ ਚੋਂਕੀ?
ਸੰਤਰੀ ਨਾਲ ਵਾਹਵਾ ਗੂੜ ਸੀ..ਪਰਚੀ ਤੇ ਇੱਕ ਨਾਮ ਲਿਖ ਦਿੱਤਾ..ਆਖਿਆ ਪਤਾ ਕਢਵਾ ਕੇ ਲਿਆ..ਕਿਸੇ ਵੇਲੇ ਇੱਕਠਿਆਂ ਸ਼ਹੀਦ ਹੋਣ ਦੀਆਂ ਸਹੁੰਆਂ ਖਾਦੀਆਂ ਸਨ..ਕਿੰਨੀਆਂ ਰਾਤਾਂ ਕਮਾਦਾਂ ਜੂਹਾਂ ਬੇਲਿਆਂ ਵਿਚ ਵੀ ਕੱਟੀਆਂ..ਕੱਸੀ ਵਾਲੇ ਟਾਕਰੇ ਵਿਚ ਤੇ ਮੈਂ ਖੁਦ ਆਪ ਮੋਰਚਾ ਸੰਭਾਲੀ ਰਖਿਆ..ਇਸਨੂੰ ਭਜਾ ਦਿੱਤਾ..ਆਖਿਆ ਮੈਂ ਤੇ ਕੱਲਾ ਕਾਰਾ ਹਾਂ ਤੇ ਤੂੰ ਪਰਿਵਾਰ ਵਾਲਾ..!
ਅਗਲੇ ਦਿਨ ਸੰਤਰੀ ਆਖਣ ਲੱਗਾ ਭਾਊ ਉਹ ਤੇ ਹੁਣ ਵੱਡੀ ਚੀਜ ਬਣ ਗਿਆ..ਪੈਟਰੋਲ ਪੰਪ,ਏਜੰਸੀਆਂ ਭੱਠੇ ਕੋਠੀਆਂ ਤੇ ਹੋਰ ਵੀ ਕਿੰਨਾ ਕੁਝ..ਤੇਰੇ ਪਿੰਡ ਵਾਲੇ ਰੂਟ ਤੇ ਚੱਲਦੀਆਂ ਸਾਰੀਆਂ ਬੱਸਾਂ ਵੀ ਓਸੇ ਦੀਆਂ ਹੀ ਨੇ..ਤੇਰੇ ਵਲੋਂ ਤਾਂ ਸਾਫ ਸਾਫ ਆਖ ਦਿੱਤਾ..ਹੁਣ ਹਾਲਾਤ ਉਹ ਨਹੀਂ ਰਹੇ..ਮੈਨੂੰ ਨਾ ਤੇ ਮਿਲੇ ਤੇ ਨਾ ਹੀ ਫੋਨ ਕਰੇ..ਏਜੰਸੀਆਂ ਤੰਗ ਕਰਦੀਆਂ!
ਜਿਸ ਦਿਨ ਰਿਹਾਈ ਹੋਈ..ਮੈਂ ਕਿਸੇ ਨੂੰ ਸੁਨੇਹਾ ਨਾ ਘੱਲਿਆ..ਇਥੋਂ ਤੱਕ ਕੇ ਭੈਣ ਨੂੰ ਵੀ ਨਹੀਂ..ਕੱਪੜਿਆਂ ਅਤੇ ਹੋਰ ਨਿੱਕ ਸੁੱਕ ਦੀ ਇੱਕ ਗਠੜੀ ਲਈ ਕੱਲੇ ਤੁਰੇ ਜਾਂਦੇ ਨੂੰ ਲੇਖੇ ਲੱਗ ਗਏ ਕਿੰਨੇ ਯਾਰ ਦੋਸਤ ਬੜੇ ਚੇਤੇ ਆਏ..ਅਕਸਰ ਹੀ ਆਖਿਆ ਕਰਦੇ ਸਨ ਬਿੰਦਿਆ ਵੇਖੀਂ ਜਿਸ ਦਿਨ ਮੰਜਿਲ ਸਰ ਹੋਈ ਕੌਂਮ ਸਿਰਾਂ ਤੇ ਚੁੱਕ ਏਧਰ ਓਧਰ ਲਈ ਫਿਰੂ..!
ਫੇਰ ਅਚਾਨਕ ਕੋਲੋਂ ਲੰਘਦੀ ਸ਼ੂਕਦੀ ਬੱਸ ਨੇ ਸੋਚਾਂ ਦੀ ਲੜੀ ਤੋੜ ਦਿੱਤੀ..ਸ਼ਾਇਦ ਓਸੇ ਦੀ ਹੀ ਸੀ..ਚਿੱਕੜ ਵਿਚ ਪਏ ਪਿਛਲੇ ਟਾਇਰ ਨੇ ਮੇਰਾ ਸਾਰਾ ਵਜੂਦ ਚਿਕੜੋ ਮਿੱਟੀ ਕਰ ਦਿੱਤਾ..!
ਕੋਲ ਢਾਬੇ ਤੇ ਨਲਕੇ ਤੋਂ ਮੂੰਹ ਧੋਤਾ..ਕੋਲ ਭੁੱਝੇ ਛੋਲਿਆਂ ਦੀ ਰੇਹੜੀ ਲਾਈ ਖਲੋਤਾ ਇੱਕ ਸਿੰਘ ਤੇ ਕੋਲ ਵੱਜਦਾ ਗੀਤ..”ਮੁੱਠ ਕੂ ਛੋਲੇ ਚੱਬ ਕੇ ਉੱਡਦੇ ਫਿਰਨ ਸਰੀਰ..ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ”!
ਮੇਰੇ ਕੋਲ ਮੁਨਸ਼ੀ ਵੱਲੋਂ ਧੱਕੇ ਨਾਲ ਹੀ ਦੇ ਦਿੱਤੇ ਸਿਰਫ ਪੰਜਾਹ ਰੁਪਈਏ ਹੀ ਸਨ..ਕੋਲੋਂ ਲੰਘਦੀ ਗੰਨਿਆਂ ਦੀ ਟਰਾਲੀ ਤੇ ਚੜ ਗਿਆ..ਏਨੇ ਸਾਲਾਂ ਵਿਚ ਕਿੰਨਾ ਕੁਝ ਬਦਲ ਹੀ ਗਿਆ ਸੀ..ਭੈਣ ਘਰੇ ਅੱਪੜ ਕਿੰਨੀ ਦੇਰ ਬਾਹਰ ਰੁੱਖਾਂ ਦੇ ਝੁੰਡ ਹੇਠ ਖਲੋਤਾ ਰਿਹਾ..ਇਥੇ ਹੀ ਤਾਂ ਉਹ ਜਥੇ ਨੂੰ ਰੋਟੀ ਖਵਾਇਆ ਕਰਦੀ ਸੀ!
ਦੁਬਿਧਾ..ਅੰਦਰ ਜਾਵਾਂ ਕੇ ਨਾ..ਉਸਦਾ ਸੁਖੀ ਵੱਸਦਾ ਪਰਿਵਾਰ..ਅਖੀਰ ਝੱਕਦੇ ਝਕਦੇ ਨੇ ਜਾ ਕੁੰਡਾ ਖੜਕਾ ਹੀ ਦਿੱਤਾ..!
ਵਿਆਹ ਤੋਂ ਅਠਾਰਾਂ ਵਰ੍ਹਿਆਂ ਬਾਅਦ ਹੋਈ ਨਿੱਕੀ ਭਾਣਜੀ ਬਾਹਰ ਨੂੰ ਭੱਜੀ ਆਈ..ਉਸਦੀ ਮਾਂ ਪੁੱਛਣ ਲੱਗੀ ਕੌਣ ਏ?
ਮੇਰੇ ਵੱਲ ਵੇਖ ਪਿਛਾਂਹ ਪਰਤ ਨੂੰ ਗਈ..ਪਤਾ ਨਹੀਂ ਕੋਈ ਮੰਗਣ ਵਾਲਾ ਮਲੰਗ ਬਾਬਾ ਲੱਗਦਾ..ਭੈਣ ਮੈਨੂੰ ਵੇਖ ਦੂਰੋਂ ਹੀ ਨੱਸੀ ਆਈ ਤੇ ਆਖਣ ਲੱਗੀ ਕਮਲੀਏ ਮਲੰਗ ਨਹੀਂ ਤੇਰਾ ਮਾਮਾ ਏ..!
ਫੇਰ ਮੇਰੇ ਗੱਲ ਲੱਗ ਉਸਦਾ ਰੋਣ ਨਿੱਕਲ ਗਿਆ..ਮੈਂ ਨਿੱਕੀ ਨੂੰ ਕੁੱਛੜ ਚੁੱਕ ਕਿੰਨੀ ਦੇਰ ਤੀਕਰ ਚੁੰਮਦਾ ਰਿਹਾ ਤੇ ਉਹ ਮੇਰੇ ਖਾਲੀ ਹੱਥਾਂ ਵਲ ਵੇਹਦੀਂ ਰਹੀ..ਸ਼ਾਇਦ ਸੋਚ ਰਹੀ ਸੀ..ਮਾਮਾ ਉਹ ਵੀ ਖਾਲੀ ਹੱਥ..ਮੈਨੂੰ ਹੋਰ ਕੁਝ ਨਾ ਸੁਝਿਆ ਅਤੇ ਪੰਜਾਹਾਂ ਦਾ ਨੋਟ ਕੱਢ ਫਰਾਕ ਦੇ ਬੋਝੇ ਵਿਚ ਪਾ ਦਿੱਤਾ ਤੇ ਭੈਣ ਨੂੰ ਆਖਿਆ ਸ਼ਦੈਣੇ ਐਵੇਂ ਨਾ ਦਿਲ ਹੌਲਾ ਕਰਿਆ ਕਰ..ਰਹਿਣ ਨਹੀਂ ਸਿਰਫ ਕੇਰਾਂ ਮਿਲਣ ਹੀ ਆਇਆ ਹਾਂ!
ਘੰਟੇ ਕੂ ਮਗਰੋਂ ਇਹ ਸੋਚ ਬਿਨਾ ਟਿਕਟ ਅੰਮ੍ਰਿਤਸਰ ਵਲ ਨੂੰ ਜਾਂਦੀ ਆਖਰੀ ਬੱਸ ਤੇ ਸਵਾਰ ਹੋ ਗਿਆ ਕੇ ਕੰਡਕਟਰ ਮੈਨੂੰ ਹੇਠਾਂ ਤੇ ਲਹੁਣੋਂ ਰਿਹਾ..ਅਖੀਰ ਕੌਂਮ ਲਈ ਸੰਘਰਸ਼ ਲੜਿਆ ਏ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *