ਜਿੰਦਗੀ | zindagi

ਉਹਨੂੰ ਪਤਾ ਨਹੀਂ ਕੀ ਹੋਇਆ ਸੀ ,ਛੇਤੀ ਨਾਲ ਚੁੱਲੇ ਮੂਹਰਿਉਂ ਉੱਠੀ ਤੇ ਦੌੜ ਕੇ ਆ ਕੇ ਵਿਹੜੇ ਵਿੱਚ ਸਾਡੇ ਗੇੰਦ ਰੋੜ ਖੇਲਦੀਆਂ ਦੇ ਰੋੜੇ ਚੁੱਕ ਕੇ ਨੱਠ ਗਈ।
ਮੈਂ ਬਿਨਾ ਕੁਝ ਜਾਣਿਆਂ ਉਹਦੇ ਮਗਰ ਦੌੜੀ ਤੇ ਉਹਦੀ ਬੰਦ ਮੁੱਠੀ ਚੋਂ ਇੱਟ ਦੇ ਘੜੇ ਰੋੜੇ ਛਡਾਉਣ ਲੱਗੀ।
ਉਹਦੇ ਵਿੱਚ ਜੋਰ ਬਹੁਤ ਸੀ ।ਮੈਨੂੰ ਧੱਕਾ ਦੇ ਕੇ ਕੰਧ ਨਾਲ ਲੱਗੇ ਖੜੇ ਮੰਜਿਆਂ ਵੱਲ ਧੱਕ ਦਿੱਤਾ ਸੀ ਉਹਨੇ ।
ਮੈਂ ਵਿਹੜੇ ਵਿੱਚ ਧੜਮ ਕਰਕੇ ਜਦ ਡਿੱਗੀ ਤਾਂ ਜੀਤੋ ਚਾਚੀ ਨੇ ਠੇਠ ਪੈਂਡੂ ਗਾਲ ਸਾਨੂੰ ਦੋਹਾਂ ਨੂੰ ਕੱਢ ਦੀ ਨੇ ਕਿਹਾ,” ਜਦ ਧੀ ਪੁੱਤ ਉਮਰ ਨਾਲ ਵੱਧਦੇ ਆ ਤਾਂ ਅਕਲ ਵੀ ਨਾਲ ਨਾਲ ਵੱਧਦੀ ਆ,ਤੇ ਤੁਹਾਡੀ ਡੰਗਰਾਂ ਦੀ ਅਕਲ ਗਿੱਟਿਆਂ ਚ ਅੜ ਗਈ ਲੱਗਦੀ ਮੈਨੂੰ ….ਕਿੱਦਾਂ ਸਿਖਰ ਦੁਪਹਿਰੇ ਝਾਂਗੀਆਂ ਵਾਂਗੂੰ ਲੜਦੀਆਂ ਆਂ,ਸ਼ਰਮ ਦਾ ਘਾਟਾ ਆ ਹਣਾ ਤੁਹਾਨੂੰ ।”
ਚਾਚੀ ਨੇ ਆਪਣੇ ਗਲ ਚ’ਪਾਈ ਚਿੱਟੀ ਮਲਮਲ ਦੀ ਚੁੰਨੀ ਦੇ ਪੱਲੇ ਨੂੰ ਆਪਣੀਆਂ ਢਿਲਕੀਆਂ ਛਾਤੀਆਂ ਤੇ ਖਿੱਚ ਕੇ ਢੱਕਦੀ ਨੇ ਗੁੱਸੇ ਵਿੱਚ ਖੁਰੇ ਕੋਲ ਖੜੀ ਸ਼ਿੰਦਰੋ ਵੱਲ ਦੇਖਦੀ ਨੇ ਕਿਹਾ,” ਤੇਰੀ ਚੁੰਨੀ ਕਿੱਥੇ ਆ ਕੁੜੇ? ਤੈਨੂੰ ਵੀਹ ਬਾਰ ਕਿਹਾ ਆ ਸੂਟ ਨਾਲ ਚੁੰਨੀ ਲਈ ਦੀ ਆ !ਚੱਲ ਸਵਾਰ ਕੇ ਚੁੰਨੀ ਲੈ ਤੇ ਬਹੁਤੀ ਟਪੂੰ ਟਪੂੰ ਨਾ ਕਰ,ਟਿੱਕ ਕੇ ਬਹਿ ਜਾਅ ਇਥੇ,ਤੇ ਆਅ ਰੋੜੇ ਦੇ ਦੇ ਇਹਨਾਂ ਨੂੰ ਤੇ ਖੇਲਣ ਜਾਹ ਕੇ ਪਰਾਂ ।”
ਉਹਨੇ ਮੁੱਠੀ ਢਿੱਲੀ ਜਿਹੀ ਕਰਦੀ ਨੇ ਜਿੱਥੇ ਖੜੀ ਸੀ ਉਥੇ ਰੋੜੇ ਸੁੱਟ ਦਿੱਤੇ ।ਮੈਂ ਦਬਾਸੱਟ ਉੱਠੀ ਤੇ ਪੰਜ ਦੇ ਪੰਜ ਰੋੜੇ ਚੁੱਕ ਕੇ ਫੇ ਅਸੀਂ ਖੇਲਣ ਲਈ ਕੁਕੜੀਆਂ ਦੇ ਖੁੱਡੇ ਮੂਹਰੇ ਜਾਅ ਕੇ ਬਹਿ ਗਈਆਂ ।
ਅੱਜ ਜੀਤੋ ਚਾਚੀ ਸਿੱਖਰ ਦੁਪਹਿਰ ਦੀ ਧੁੱਪ ਵਾਂਗੂੰ ਆਪ ਵੀ ਤਪੀ ਬੈਠੀ ਸੀ।
ਉਹਨੇ ਸਾਨੂੰ ਝਿੜਕਾ ਮਾਰ ਕੇ ਕੁਕੜੀਆਂ ਦੇ ਖੁੱਡੇ ਲਾਗਿਉਂ ਬੈਠਣ ਤੋਂ ਰੋਕਦੀ ਨੇ ਕੁਰਖੱਤ ਅਵਾਜ ਵਿੱਚ ਕਿਹਾ,”ਚੌਣਿਆਂ ਤੁਹਾਨੂੰ ਟਿਕਾ ਨੀ ਹੈਗਾ ਸਿਖਰ ਦੁਪਹਿਰੇ ਟੈਂ ਟੈਂ ਲਾਈ ਆ ,ਜਾਵੋ ਬੀਹੀ ਚ’ਜਾਅ ਕੇ ਖੇਲੋ ।”
ਮੈਂ ਬਸ, ਸ਼ਿੰਦਰੋ ਨੂੰ ਜੀਤੋ ਚਾਚੀ ਨੂੰ ਇਨਾਂ ਹੀ ਕਹਿੰਦੀ ਨੇ ਸੁਣਿਆ ਸੀ ,”ਮੈਂ ਕਾਹਤੇ ਨੀ ਫਰਾਕ ਪਾ ਸਕਦੀ ,ਮੇਰਾ ਚਿਤ ਕਰਦਾ ਆ ਫਰਾਕ ਪਾਉਣ ਨੂੰ ।”
ਚਾਚੀ ਨੇ ਉਹਨੂੰ ਹੌਲੀ ਤੇ ਬਹੁਤ ਠਰੰਮੇ ਜਿਹੇ ਨਾਲ ਕਿਹਾ,”ਜਦ ਕੁੜੀਆਂ ਥੋੜੀਆਂ ਵੱਡੀਆਂ ਹੋ ਜਾਣ ਫੇ ਫਰਾਕਾਂ ਛੱਡ ਕੇ ਸੂਟ ਪਾਊਣੇ ਤੇ ਚੁੰਨੀ ਲੈਣੀ ਸ਼ੁਰੂ ਕਰਨਾ ਜਰੂਰੀ ਹੁੰਦਾ ਹੈ,ਦੇਖੀਂ ਆਹ ਜਿਹੜੀਆਂ ਫਰਾਕਾਂ ਪਾ ਕੇ ਬੈਠੀਆਂ ਆਂ ਕੁਝ ਚਿਰ ਬਾਦ ਇਹਨਾਂ ਨੇ ਵੀ ਤੇਰੇ ਆਂਗੂੰ ਸੂਟ ਪਾਉਣੇ ਸ਼ੁਰੂ ਕਰ ਦੇਣੇ ਆਂ!”
ਸ਼ਿੰਦਰੋ ਕਾ ਘਰ ਸਾਡੇ ਘਰ ਨਾਲ ਸੀ ਤੇ ਮੇਰਾ ਬਹੁਤਾ ਉਹਨਾਂ ਦੇ ਘਰ ਹੀ ਰਹਿਣਾ ਹੁੰਦਾ ਸੀ।
ਸ਼ਿੰਦਰੋ ਥੋੜੀ ਦੇਰ ਮਗਰੋਂ ਬੀਹੀ ਚ ਆਈ ਆਪਣੇ ਦਰ ਦੀ ਸਰਦਲ ਤੇ ਚੁੰਨੀ ਨਾਲ ਕੱਜੀ ਬੈਠੀ ਸਾਨੂੰ ਰੋੜੇ ਖੇਲਦੀਆਂ ਨੂੰ ਦੇਖਣ ਲੱਗੀ।
ਮੈਂ ਉਸ ਦਿਨ ਪਹਿਲੀ ਬਾਰ ਸ਼ਿੰਦਰੋ ਵੱਲ ਧਿਆਨ ਨਾਲ ਦੇਖਿਆ ਸੀ।ਉਹ ਮੈਨੂੰ ਸਾਡੇ ਤੋਂ ਉਮਰ ਵਿੱਚ ਵੱਡੀ ਲੱਗਣ ਲੱਗੀ ਸੀ ।ਭਾਵੇਂ ਸਾਡੀ ਕਲਾਸ ਇੱਕ ਸੀ ਉਮਰ ਇੱਕ ਸੀ । ਉਹਦੀ ਗਿੱਚੀ ਵਿੱਚ ਕੀਤੀ ਗੁੱਟਵੀਂ ਜਿਹੀ ਰਿਬਨ ਬੱਦੀ ਗੁੱਤ , ਮੋਢਿਆਂ ਤੀਕ ਖਿਲਰੀ ਚੁੰਨੀ ਇਸ ਗੱਲ ਦੀ ਸਬੂਤ ਸੀ ਸ਼ਿੰਦਰੋ ਦਾ ਬਚਪਨ ਜਿਵੇਂ ਹੌਲੀ ਹੌਲੀ ਉਹਦੇ ਬਦਲਦੇ ਸਰੀਰਕ ਅੰਗਾਂ ਮੂਹਰੇ ਨੀਵੀਂ ਪਾ ਕੇ ਲੰਘ ਰਿਹਾ ਹੋਵੇ।
ਇੱਕ ਦਿਨ ਸ਼ਿੰਦਰੋ ਨੇ ਗਹੂੜੀ ਚੋ’ਪਾਥੀਆਂ ਟੋਕਰੇ ਵਿੱਚ ਪਾਈਆਂ ਜਦ ਮੈਂ ਟੋਕਰੇ ਨੂੰ ਹੱਥ ਪਵਾ ਕੇ ਸਿਰ ਤੇ ਰਖਾਇਆ ਤਾਂ ਚੁੰਨੀ ਉਹਦੀਆਂ ਅਰਕਾਂ ਤੇ ਟਿੱਕੀ ਰਹੀ ਤੇ ਮੂਹਰਿਉਂ ਛਾਤੀਆਂ ਤੋਂ ਪਰਦਾ ਜਰਾ ਉੱਚਾ ਹੋ ਗਿਆ ।ਮੈਨੂੰ ਮਗਰ ਆਉੰਦੀ ਨੂੰ ਉਹਨੇ ਕਿਹਾ,”ਭੈਣ ਬਣ ਕੇ ਮੇਰੀ ਚੁੰਨੀ ਦਾ ਪੱਲਾ ਖਿੱਚ ਕੇ ਮੂਹਰੇ ਕਰਦੇ ਨਹੀਂ ਤੇ ਬੀਬੀ ਨੇ ਫੇ ਦਬਕੇ ਮਾਰਨੇ ਆਂ,ਮੇਰਾ ਤੇ ਚਿੱਤ ਕਰਦਾ ਚੁੰਨੀ ਲਾਹ ਕੇ ਪਰਾਂ ਮਾਰਾਂ ।”
ਸ਼ਿੰਦਰੋ ਨੂੰ ਜਿੱਦਾਂ ਫੁੱਲ ਤੋਂ ਹੌਲੀ ਚੁੰਨੀ ਮੋਢਿਆਂ ਤੇ ਬਹੁਤ ਭਾਰੂ ਲੱਗਦੀ ਹੋਵੇ।
ਮੈਨੂੰ ਕਦੇ ਕਦੇ ਉਹ ਦੇ ਚਿਹਰੇ ਦੇ ਨੈਣ ਨਕਸ਼ ਵੀ ਚੁੱਪ ਤੇ ਸਿਆਪਣ ਵਾਲੇ ਲੱਗਦੇ ।
ਉਹ ਉੱਠਦੀ ਬਹਿੰਦੀ ਝੱਗੇ ਨੂੰ ਅੱਗਿਉਂ ਪਿੱਛਿਉੰ ਖਿੱਚ ਕੇ ਠੀਕ ਕਰਨਾ ਨਾ ਭੁੱਲਦੀ ।
ਇਸ ਸਾਲ ਤੇ ਉਹਨੇ ਲੋਹੜੀ ਵੀ ਸਾਡੇ ਨਾਲ ਨੀ ਮੰਗੀ ਸੀ ।ਸਾਨੂੰ ਉਹਨੇ ਬਸ ਇਹ ਹੀ ਕਿਹਾ ਸੀ ,”ਮੈਂ ਲਾਗੇ ਲਾਗੇ ਘਰਾਂ ਚ ਜਾਉਂਗੀ ਲੋਹੜੀ ਮੰਗਣ…. ਉਹ ਪਰਾਂ ਖੂਹ ਤੇ -ਤੇ ਪਿੰਡ ਦੇ ਦੂਏ ਪਾਸੇ ਨੀ ਜਾਣਾ ਮੇਰੀ,ਬੀਬੀ ਨੀ ਮੰਨਦੀ ।” ਸੂਟ ਚੁੰਨੀ ਪਾਉਣ ਮਗਰੋਂ ਸ਼ਿੰਦਰੋ ਕਿੰਨੀ ਬਦਲ ਗਈ ਸੀ । ਕਿੰਨਾ ਜਾਦੂਈ ਸੂਟ ਤੇ ਚੁੰਨੀ ਆ ਜਿਹੜੇ ਬਚਪਨ ਉਤੇ ਆਪਣੀ ਮੋਹਰ ਲਾ ਕੇ ਸ਼ਰਮ,ਨਜ਼ਾਕਤ ਇੱਜਤ ਸਿਦਕ ਨਿਭਾਉਣ ਦਾ ਜਿੰਮਾ ਤੁਹਾਨੂੰ ਦੇ ਦਿੰਦੇ ਹਨ ।
ਮੈਨੂੰ ਚੇਤੇ ਆ ਜਦ ਚਾਚੀ ਤਾਰਾਵਤੀ ਨੇ ਮੈਨੂੰ ਪੀੜੀ ਤੇ ਬਹਿੰਦੀ ਨੂੰ ਟੋਕਦੀ ਨੇ ਕਿਹਾ ਸੀ ,”ਕੁੜੀਆਂ ਇੱਦਾਂ ਨੀ ਬਹਿੰਦੀਆਂ ਹੁੰਦੀਆਂ ,ਲੱਤਾਂ ਕੱਠੀਆਂ ਕਰਕੇ ਘੁੱਟਵੇਂ ਜਿਹੇ ਤਰੀਕੇ ਨਾਲ ਬਹਿੰਦੀਆਂ ਹੁੰਦੀਆਂ ਨੇ।
ਬਜਾਜੀ ਤੋਂ ਪਾਪਲੀਨ ਦਾ ਸੂਟ ਲਿਆ ਤੇ ਚਾਚੀ ਸ਼ੁਰੂ ਹੋ ਗਈ ਮੱਤਾਂ ਵਾਲੀ ਕਿਤਾਬ ਖੋਲ ਕੇ ਸਿੱਖਿਆ ਦੇਣ ਅਖੇ, ਕੁੜੀਆਂ ਦੇ ਸੂਟਾਂ ਦੇ ਗਲੇਮੇਂ ਹਿੱਕ ਢੱਕਵੇਂ ਹੁੰਦੇ ਹਨ ,ਕੁੜੀਆਂ ਭੀੜੇ ਕੱਪੜੇ ਨਹੀਂ ਪਾਉੰਦੀਆਂ ਹੁੰਦੀਆਂ ,ਕੁੜੀਆਂ ਕੇਸਾਂ ਨੂੰ ਘੁੱਟਕੇ ਵਾਹਉੰਦੀਆਂ ਹੁੰਦੀਆਂ ਨੇ ,ਚੰਗੀਆਂ ਕੁੜੀਆਂ ਰਾਤ ਨੂੰ ਕੇਸ ਨੀ ਵਾਹਉੰਦੀਆਂ ਹੁੰਦੀਆਂ ।” ਚਾਚੀ ਤਾਰਾਵਤੀ ਦਾ ਘਰ ਸਾਡੇ ਪ੍ਰੋਹਿਤ ਦਾ ਘਰ ਸੀ ਤੇ ਹਰ ਦਿਨ ਤਿਉਹਾਰ ਨੂੰ ਉਹ ਸਾਡੇ ਘਰ ਸੁੱਚੇ ਮੂੰਹ ਆਉੰਦੀ ਚੁੱਲੇ ਵਾਲੀ ਥਾਂ ਦੁਆਲੇ ਪਾਣੀ ਛਿੜਕਦੀ ਫੇ ਪਾਂਡੂ ਮਿੱਟੀ ਦਾ ਪੋਚਾ ਲਾਉੰਦੀ ਫੇ ਕਿਸੇ ਦੇਵੀ ਦੇਵਤੇ ਨੂੰ ਧਿਆ ਕੇ ਚੁੱਲੇ ਅੱਗ ਪਾ ਕੇ ਸੂਜੀ ਦਾ ਹਲਵਾ ਬਣਾਉਂਦੀ । ਮੇਰੀ ਦਾਦੀ ਚਾਚੀ ਨੂੰ ਸੂਟ ਸ਼ਗਨ ਖਾਣ ਪੀਣ ਦੇ ਕੇ ਵਿਦਿਆ ਕਰਦੀ।
ਇੱਕ ਦਿਨ ਗਲੀ ਵਿੱਚ ਚੂੜੀਆਂ ਵੇਚਣ ਵਾਲਾ ਆਇਆ ।ਮੈਂ ਚੂੜੀਆਂ ਦੀ ਜਿੱਦ ਕੀਤੀ ਤੇ ਚਾਚੀ ਆਪਣੀ ਬੈਠਕ ਚੋਂ ਨਿਕਲੀ ਤੇ ਮੈਨੂੰ ਬਹਾਨੇ ਨਾਲ ਰੋਕਦੀ ਨੇ ਕਿਹਾ,”ਸ਼ਾਮ ਨੂੰ ਤੈਨੂੰ ਲੈ ਕੇ ਜਾਉੰਗੀ ਓਹ ਮੰਦਰ ਅਲ ਫਲਾਣੀ ਮਾਈ ਦੇ ਘਰ…, ਉਹਦਾ ਘਰ ਆਲਾ ਮੇਲੇ ਚ’ ਚੂੜੀਆਂ ਵੇਚਦਾ ਆ ਤੇ ਚੂੜੀਆਂ ਮਾਈ ਆਪ ਕੁੜੀਆਂ ਦੇ ਹੱਥ ਫੜ ਚੜਾਉੰਦੀ ਆ । ” ਦਰਾਸਲ ਚਾਚੀ ਸਾਡੇ ਹੱਥ ਕਿਸੇ ਮਰਦ ਵਣਜਾਰੇ ਦੇ ਹੱਥ ਛੂਹਣ ਤੋਂ ਉਸਨੂੰ ਵਰਜਦੇ ਸਨ॥
ਹੁਣ ਤੱਕ ਚਾਚੀ ਨੇ ਸਾਨੂੰ ਗਲੀ ਦੀਆਂ ਚਾਰ ਪੰਜ ਕੁੜੀਆਂ ਨੂੰ ਸਮਝਾ ਸਮਝਾ ਪੱਕਿਆਂ ਕਰ ਦਿੱਤਾ ਸੀ ਕੇ ਕੁੜੀਆਂ ਆਹ ਨੀ ਕਰਦੀਆਂ ਹੁੰਦੀਆਂ ਕੁੜੀਆਂ ਉਹ ਨਹੀਂ ਕਰਦੀਆਂ ਹੁੰਦੀਆਂ ।ਕੁੜੀਆਂ ਏਦਾਂ ਬਹਿੰਦੀ ਖੜਦੀਆਂ ਤੇ ਹੱਸਦੀਆਂ ਬੋਲਦੀਆਂ ਹੁੰਦੀਆਂ ਨੇ।
ਮੈਨੂੰ ਕਦੇ ਕਦੇ ਲੱਗਣਾ ਕੁੜੀਆਂ ਹੋਣਾ ਤੇ ਕੁੜੀਆਂ ਵਾਲੀ ਸੌਂਹ ਪਗਾਉਣੀ ਦੁਨੀਆਂ ਦਾ ਅੌਖਾ ਹੁਨਰ ਆ ਜਿਹੜਾ ਇੱਕ ਧੀ ਦੇ ਜਿੰਮੇ ਆਇਆ ਹੈ।
ਇਕ ਧੀ ਨੂੰ ਸਿਆਣਪ ਭਰੀ ਕੁੜੀ ਬਣਾਉਣ ਲਈ ਉਹਦੇ ਘਰ ਦੀ, ਮੁਹੱਲੇ ਦੀ ਹਰ ਅੌਰਤ ਆਪਣਾ ਸਿਦਕ ਤੇ ਫਰਜ਼ ਸਮਝਦੀ ਹੈ। ਜੋ ਆਪੋ ਆਪਣੇ ਤਜਰਬੇ ਨਾਲ ਉਸ ਕੁੜੀ ਨੂੰ ਮਤ ਦਿੰਦੀ ਹੈ।
ਇੱਕ ਧੀ ਦੀ ਕੋਮਲਤਾ ਚੰਚਲਤਾ ਨੂੰ ਭੋਲੇਪਨ ਨੂੰ ਡਰਾਉਣਾ ਤੇ ਸਮਝਾਉਣਾ ਕਿ ਧੀਏ…ਸਾਡੇ ਸਮਾਜ ਦੇ ਮਰਦ ਹਵਸ ਭਰੇ ਹੁੰਦੇ ਹਨ । ਜਦ ਇਹ ਕਾਮ ਦੀ ਭੁੱਖ ਨਾਲ ਭੁੱਖੇ ਹੁੰਦੇ ਹਨ ਤਾਂ ਇੱਲ ਵਾਂਗੂੰ ਅੌਰਤ ਦੇ ਮਾਸ ਨੂੰ ਨੋਚ ਦਿੰਦੇ ਆ । ਤੂੰ ਇਹ ਖਿਆਲ ਰੱਖੀਂ।
ਇਹਨਾਂ ਦੀਆਂ ਤੇਜ਼ ਤਿੱਖੀਆਂ ਨਜਰਾਂ ਦੁੱਪਟੇ ਨੂੰ ਚੀਰ ਕੇ ਰੱਖ ਦਿੰਦੀਆਂ ਨੇ ।
ਇਹ ਮਤ ਹਰ ਦੇਸ਼ ਦੀ ਹਰ ਮਜਹਬ ਦੀ ਹਰ ਕਬੀਲੇ ਦੀ ਹਰ ਵਰਗ ਦੀ ਅੌਰਤ ਆਪਣੀ ਧੀ ਨੂੰ ਦਿੰਦੀ ਆ ।
ਮੈਂ ਦੇਖਿਆ ਸੀ ਜਦ ਸਿਗਰਿਡ ਨੇ ਆਪਣੇ ਵਿਆਹ ਦੀ ਵਰੇ ਗੰਡ ਤੇ ਚਿੱਟੇ ਰੰਗ ਦੀ ਆਪਣੀ ਪਸੰਦ ਦੀ ਖਰੀਦੀ ਪੌਸ਼ਾਕ ਇਸ ਕਰਕੇ ਨਹੀਂ ਪਾਈ ਸੀ ਕਿ ਉਹਦਾ ਗਲ ਬਹੁਤ ਵੱਡਾ ਹੈ ਤੇ ਉਹਦੀ ਹਿੱਕ ਵਿੱਚੋਂ ਝਾਕਦੀ ਆ ।
ਉਹਦਾ ਕਹਿਣਾ ਸੀ ਮੈਂ ਨਹੀਂ ਚਹੁੰਦੀ ਮੈਨੂੰ ਮਰਦ ਲੋਕ ਮਹਿਮਾਨ ਦੇ ਰੂਪ ਵਿੱਚ ਆਏ ਲਾਲਸੀ ਤੇ ਭੁੱਖੀਆਂ ਨਜਰਾਂ ਨਾਲ ਦੇਖਣ।
ਮੈਂ ਉਸ ਦਿਨ ਹੈਰਾਨ ਹੋਈ ਕੇ ਜਰਮਨ ਦੇਸ਼ ਦੀ ਮਾਂ ਵੀ ਆਪਣੀ ਧੀ ਨੂੰ ਸਰੀਰ ਕੱਜਣ ਲਈ ਵਰਜਦੀ ਆ ,ਇਸ ਅਮੀਰ ਦੇਸ਼ ਵਿੱਚ ਵੀ ਜਿਸਮ ਦੇ ਭੁੱਖੇ ਮਰਦ ਵੱਸਦੇ ਹਨ।
ਮੇਰੇ ਦੇਸ਼ ਦੀ ਅੌਰਤ ਆਪਣੇ ਦੁੱਪਟੇ ਦੇ ਲੜ ਬੰਨੀ ਰੱਖਦੀ ਹੈ ਜਿੰਮੇਵਾਰੀ ਤੇ ਸਬਰ ਸਿਦਕ ਅਤੇ ਸਿਮਟੀ ਰਹਿੰਦੀ ਆ ਆਪਣੇ ਹੀ ਅੌਰਤਪੁਣੇ ਦੇ ਦਾਇਰੇ ਵਿੱਚ ।
ਮੇਰੀ ਮਾਂ ਅੱਜ ਅੱਸੀ ਵਰਿਆਂ ਦੀ ਆ ਉਹ ਵੀ ਮੈਨੂੰ ਮੇਰੇ ਅੌਰਤਪੁਣੇ ਦੇ ਸਿਦਕ ਨੂੰ ਹੋਰ ਪੱਕਿਆਂ ਕਰਦੀ ਕਹੂਗੀ ।
ਕੁੜੀਆਂ ਬਹੁਤ ਕੁਝ ਬਰਦਾਸ਼ਤ ਕਰ ਲੈੰਦੀਆਂ ਨੇ ,ਮਰਦ ਜਾਤ ਮੂਹਰੇ ਅੌਰਤ ਜਿੱਤ ਨੀ ਸਕਦੀ ਭਾਵੇਂ ਲੱਖ ਅੌਰਤ ਆਪਣੇ ਪਰਾਂ ਤੇ ਅਜਾਦੀ ਸ਼ਬਦ ਲਿਖਾ ਲਵੇ ।ਮਰਦ ਅੌਰਤ ਦੀ ਪਰਵਾਜ ਆਪਣੀ ਇੱਛਾ ਅਨੁਸਾਰ ਤਹਿ ਕਰਦਾ ਹੈ ।
ਮਰਦ ਮੂਹਰੇ ਅੌਰਤ ਲੱਖ ਅੜਬਾਈ ਕਰ ਲਵੇ ਅੌਰਤ ਦੀ ਤਦ ਪੁੱਗ ਸਕਦੀ ਆ ਜੇ ਮਰਦ ਚਾਹੇ ।
ਮੈਂ ਸੋਚਦੀ ਹੁੰਨੀ ਆਂ ਮੇਰੀ ਮਾਂ ਨੇ ਜਰੂਰ ਉਮਰ ਭਰ ਮੇਰੇ ਬਾਪ ਨਾਲ
ਜਿੰਦਗੀ ਕੱਟੀ ਹਊਗੀ ।ਰੀਝ ਨਾਲ ਹੰਢਾਈ ਨਹੀਂ ਹਊਗੀ ।
ਮੈਂ ਆਪਣੀ ਧੀ ਨੂੰ ਮਤ ਦਿੰਦਿਆਂ ਕਿਹਾ ਸੀ ਤੇਰੀ ਸੰਸਕਿ੍ਤੀ ਸੱਭਿਆਚਾਰ ਪੂਰਬੀ ਆ ਤੇ ਤੇਰੀ ਪੈਦਾਇਸ਼ ਪੱਛਮੀ ਆਂ ।
ਮੈਨੂੰ ਤੈਨੂੰ ਬਹੁਤੀ ਮਤ ਦੇਣ ਦੀ ਜਰੂਰਤ ਨਹੀਂ ਕਿਉਂਕਿ ਮੇਰੇ ਪੁਰਖਿਆਂ ਦਾ ਸੁਭਾਅ ਤੇ ਤੇਰੇ ਬਾਪ ਦੇ ਪੁਰਖਿਆਂ ਦਾ ਖੂਨ ਤੇਰੀਆਂ ਰਗਾਂ ਵਿੱਚ ਸੰਚਾਰ ਕਰ ਰਿਹਾ ਹੈ।
ਤੁੰ ਮੇਰੇ ਰੱਥ ਦਾ ਘੋੜਾ ਨਹੀਂ ਕਿ ਮੈਂ ਤੇਰੀਆਂ ਲਗਾਮਾਂ ਖਿੱਚ ਖਿੱਚ ਕੇ ਤੇਜ ਦੌੜਨ ਤੋਂ ਤੇ ਊੱਬੜ ਖੁੱਬੜ ਰਾਹਾਂ ਤੋਂ ਵਰਜਾਂ ।
ਮੈਂ ਤੈਨੂੰ ਸੜਕ ਜਾਂ ਰਾਹ ,ਪੈਹੇ ਵਸੀਅਤ ਵਿੱਚ ਨਹੀਂ ਦਿੰਦੀ ਮੈਂ ਤੈਨੂੰ ਅਸਮਾਨ ਦਿੰਦੀ ਆਂ ,ਤੂੰ ਆਪਣੀ ਸਮਰੱਥਾ ਮੁਤਾਬਿਕ ਜਿੰਨਾ ਚਾਹੇ ਉੱਡ ਤੂੰ ਅਜਾਦ ਹੈਂ ਪਰ ਆਪਣੇ ਘਰ ਦੀ ਛੱਤ ਯਾਦ ਰੱਖੀ ਜਦ ਥੱਕ ਜਾਵੇਂ ਤਾਂ ਪਰਤ ਆਈਂ ਤੇਰੇ ਪਰਾਂ ਦੀ ਥਕਾਵਟ ਦੇ ਅਰਾਮ ਲਈ ਬਜੁਰਗ ਅੱਖਾਂ ਤੈਨੂੰ ਉਡੀਕਦੀਆਂ ਹੋਣਗੀਆਂ ।
ਸੁੱਖਵਿੰਦਰ ਅੰਮਿ੍ਤ ਜੀ ਦੀਆਂ ਕੁਝ ਸਤਰਾਂ ….ਕਿ ਹਰ ਯੁੱਗ ਵਿੱਚ ,ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜਰੂਰ ਆਖਦੀਆਂ ਨੇ ਜੋ ਜਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾਹ ਰੁਸ਼ਨਾਵੇ।
ਮੈਂ ਸੋਚਦੀ ਆਂ ਮਾਂ ਨੂੰ ਪੁੱਤ ਜੰਮਣਾ ਸੌਖਾ ਹੈ ਤੇ ਧੀ ਜੰਮਣੀ ਬਹੁਤ ਅੌਖੀ ਆ ।ਜਿਹੜੀ ਜੰਮਦੇ ਸਾਰ ਹੀ ਆਪਣੇ ਛੋਟੇ ਜਿਹੇ ਹੱਥਾਂ ਵਿੱਚ ਕੱਢ ਲਿਉੰਦੀ ਆ ਮਾਂ ਦੀਆਂ ਆਂਦਰਾ ਤੇ ਮਾਂ ਸਾਰੀ ਉਮਰ ਸਮੋਈ ਰੱਖਦੀ ਆ ਆਪਣੀ ਹਿੱਕੜੀ ਵਿੱਚ ਧੀ ਦੀ ਜੰਮਣ ਪੀੜ ਤੇ ਪਹਿਲੀ ਕਿਲਕਾਰੀ ।
ਅੰਜੂਜੀਤ ਪੰਜਾਬਣ

One comment

Leave a Reply

Your email address will not be published. Required fields are marked *