ਲਾਡੋ ਰਾਣੀ | laado raani

ਭੂਆ ਬਚਨੀ ਨੂੰ ਏਨਾ ਚਾਅ ਕੇ ਉਹ ਭਤੀਜੀ ਦਾ ਰਿਸ਼ਤਾ ਕਰਾਉਣ ਲਈ ਪੱਬਾਂ ਭਾਰ ਹੋਈ ਫਿਰਦੀ l ਉਸ ਵੇਖ ਵਿਖਾਵੇ ਦਾ ਪ੍ਰੋਗਰਾਮ ਆਪਣੇ ਘਰੇ ਬਣਾ ਲਿਆ l
ਭਾਬੀ ਨੇ ਜਦੋਂ ਸੁਰਮਾ ਪਾ ਤੇ ਮੀਡੀਆਂ ਗੁੰਦ ਲਾਡੋ ਨੂੰ ਸ਼ੀਸ਼ਾ ਵਿਖਾਇਆ ਤਾਂ ਉਹ ਸੰਗਦੀ ਦੋਹਰੀ ਹੋ ਗਈl ਗੁਲਾਨਾਰੀ ਸੂਟ ਤੇ ਗੋਟੇ ਦੀ ਕਿਨਾਰੀ ਵਾਲੀ ਚੁੰਨੀ ਲੈ ਲਾਡੋ ਹੁਸਨਾਂ ਦੀ ਪਰੀ ਲਗ ਰਹੀ ਸੀ l
ਮੁੰਡੇ ਵਾਲਿਆਂ ਦੇ ਘਰ ਪਹੁੰਚ ਭੂਆ ਤਾਰੇ ਨੂੰ ਕਹਿੰਦੀ, ” ਤਾਰੇ ਪੁੱਤ !! ਗ੍ਰੇਜੀ ਸਾਬਣ ਨਾਲ ਨਹਾਕੇ, ਸੋਹਣੇ ਕੱਪੜੇ ਪਾਵੀਂ ਤੇ ਪੱਗ ਪੋਚਵੀਂ ਬੰਨੀ ,.. ਹਾਂ ਯਾਦ ਆਈਆ ਮੁਸ਼ਕਣੀ ਲਾਉਣੀ ਨਾ ਭੁੱਲੀ….ਮੇਰੀ ਭਤੀਜੀ ਹੂਰਾਂ ਦੀ ਹੂਰ ਈ l”
ਉਸ ਜਿਥੇ ਤਾਰੇ ਨੂੰ ਮੂੰਹ ਮੱਥਾ ਸਵਾਰਨ ਦੀ ਹਦਾਇਤ ਦਿੱਤੀ ਉੱਥੇ ਲਾਡੋ ਦੇ ਸੁਹੱਪਣ ਦਾ ਵਿਖਾਲਾ ਪਾ ਦਿੱਤਾ!
ਜਦੋਂ ਨੇਕ ਇਨਸਾਨ ਰਿਸ਼ਤੇ ਦੀ ਰਹਿਨੁਮਾਈ ਕਰ ਰਿਹਾ ਹੋਵੇ ਤਾਂ ਰਿਸ਼ਤਾ ਜੁੜਦਿਆਂ ਦੇਰ ਨਹੀਂ ਲਗਦੀ l ਦੋਹਾਂ ਧਿਰਾਂ ਰਿਸ਼ਤੇ ਦੀ ਹਾਮੀ ਭਰੀ ਤੇ ਰਿਸ਼ਤਾ ਪੱਕਾ ਹੋ ਗਿਆ l
ਵਿਆਹ ਦੀ ਤਰੀਕ ਪੱਕੀ ਹੋਈ ਤਾਂ , ਦੋਵਾਂ ਘਰਾਂ ਵਿਚ ਢੋਲਕੀਆਂ ਵੱਜਣ ਲਗੀਆਂ! ਮੁੰਡੇ ਵਾਲੇ ਘਰ ਘੋੜੀਆਂ ਤੇ ਕੁੜੀ ਘਰ ਲੰਮੀਆਂ ਹੇਕਾਂ ਲਾ ਸੁਹਾਗ ਗਾਏ ਜਾਣ ਲਗੇ!
ਹਲਵਾਈਆਂ ਤੇ ਨਾਈਆਂ ਨੇ ਆਪਣੇ ਹੁਨਰ ਦਾ ਮੁਜਾਹਰਾ ਕਰਦਿਆਂ ਜਦੋਂ ਮਠਿਆਈਆਂ ਅਤੇ ਵੰਨ ਸੁੱਵਨੇ ਪਕਵਾਨ ਤਿਆਰ ਕੀਤੇ ਤਾਂ ਲਾਡੋ ਕੇ ਮੁਹੱਲੇ ਦੀ ਫਿਜ਼ਾ ਲਜ਼ੀਜ਼ ਜਾਇਕਿਆਂ ਦੀਆਂ ਸੁਗੰਧੀਆਂ ਨਾਲ ਮਹਿਕ ਉੱਠੀ!
ਪਿੰਡ ਦੀ ਫਿਰਨੀ ‘ਤੇ ਉੱਡਦੀ ਧੂੜ ਵੇਖ ਪਿੰਡ ਵਾਸੀਆਂ ਨੂੰ ਜੰਝ ਆਉਣ ਦੀ ਭਾਖਿਆ ਹੋਣ ਲਗੀ! ਜੰਝ ਦੀ ਅਗਵਾਈ ਮੁੰਡੇ ਦਾ ਫੁੱਫੜ ਕਰ ਰਿਹਾ ਸੀ! ਜੋ ਹਰਕਤਾਂ ਤੋਂ ਤੇੜੂ ਤੇ ਸਿਰੇ ਦਾ ਫੁਕਰਾ ਲਗਦਾ!
ਜਦੋਂ ਉਸ ਦੋਨਾਲੀ ਮੋੜਿਓਂ ਲਾਹ ਹਵਾਈ ਫਾਇਰ ਕੀਤੇ ਤਾਂ ਪੰਛੀ ਰੁੱਖਾਂ ਤੋਂ ਉੱਡ ਪੁੱਡ ਗਏ! ਆਤਿਸ਼ਬਾਜ ਨੇ ਜਦੋਂ ਹਵਾਈਆਂ ਦੇ ਫ਼ਿਤਿਆਂ ਨੂੰ ਅੱਗ ਲਈ ਤਾਂ ਕੁੱਤੀਆਂ ਭੌਂਕਦੀਆਂ ਭੌਂਕਦੀਆਂ ਗਿਰਿਆਂ ਉਤੇ ਚੜ੍ਹ ਗਈਆਂ !
ਮੁੰਡੇ ਦਾ ਪਿਓ ਲਾਲ ਥੈਲੀ ਚੋਂ ਜਦੋਂ ਭਾਨ ਦੀਆਂ ਮੁੱਠ ਸੁੱਟਦਾ ਤਾਂ ਪੈਸੇ ਲੁੱਟਣ ਲਈ ਨਿਆਣੇ ਆਪਸ ਵਿਚ ਗੁੱਥਮ ਗੁਥਾ ਹੋ ਪੈਂਦੇ!
ਉਸ ਇਕ ਦੋ ਮੁੱਠਾਂ ਬਨੇਰਿਆਂ ਨਾਲ ਲਮਕੀਆਂ ਕੁੜੀਆਂ ਵੱਲ ਸੁੱਟੀਆਂ, ਕੁਝ ਨੇ ਪੈਸੇ ਲੁਟੇ ਤੇ ਕੁਝ ਫਿੱਟਕਾਰ ਪਾਉਦਿਆ ਕਹਿੰਦੀਆਂ , “ਕੁੜੀਆਂ ਵੱਲ ਪੈਸੇ ਸੁੱਟਣ ਦਾ ਕੀ ਮਤਲੱਬ…….ਨੀ ਮੁੰਡੇ ਦਾ ਪਿਓ ਖੱਚ ਲਗਦਾ ……ਸ਼ਰਮ ਦਾ ਘਾਟਾ ਬੁੱੜੇ ਨੂੰ!”
ਤਾਰੇ ਦਾ ਫੁੱਫੜ ਬਾਰ ਬਾਰ ਮੁੱਛਾਂ ਨੂੰ ਵੱਟ ਚਾੜ੍ਹ ਦੋਨਾਲੀ ਚੋਂ ਫਾਇਰ ਕਰ ਦਹਿਸ਼ਤ ਫੈਲਾਅ ‘ “ਗੱਬਰ ਡਾਕੂ” ਹੋਣ ਦਾ ਭਰਮ ਪਾਲਦਾ ਤਾਂ ਸਾਰੇ ਉਸਦੇ ਫੁਕਰਪੁਣੇ ਤੇ ਹੱਸਦੇ!
ਮੁੰਡੇ ਦੇ ਜੀਜੇ ਨੇ ਜਦੋਂ ਬੈੰਡ ਵਜੇ ਅਗੇ ਨਾਗਨੀ ਡਾਂਸ ਕੀਤਾ ਤਾਂ ਉਸਦੀ ਤੰਗ ਪਤਲੂਣ ਦਾ ਆਸਣ ਓਦੜ ਗਿਆ…. ਉਹ ਸ਼ਰਮਿੰਦਾ ਹੋਇਆ ਲੁੱਕਦਾ ਫਿਰੇ……ਵੇਖਣ ਵਾਲਿਆਂ ਦੀਆਂ ਹੱਸ ਹੱਸ ਵਖੀਆਂ ਦੁੱਖਣ ਲਗੀਆਂ !
ਉਹ ਸੁਭਾਗਾ ਸਮਾਂ ਆ ਗਿਆਂ ਜਦੋਂ ਲਾਡੋ ਰਾਨੀ ਦੀ ਜੰਝ ਬੂਹੇ ਆਣ ਢੁੱਕੀ….ਸਾਕ ਸਬੰਧੀ ਤੇ ਸ਼ਰੀਕਾਂ ਉਨ੍ਹਾਂ ਦੇ ਸੁਆਗਤ ਲਈ ਅੱਖਾਂ ਵਿਛਾਈ ਬੈਠੇ ਸਨ!
ਰੰਗ ਬਰੰਗੇ ਸੂਟਾਂ ਵਿਚ ਸੱਜੀਆ ਮੁਟਿਆਰਾਂ ਦਾ ਜਿਥੇ ਹੁਸਨ ਡੁੱਲ ਡੁੱਲ ਪੈਂਦਾ ਓਥੇ ਉਨ੍ਹਾਂ ਜੰਝੀਆਂ ਨੂੰ ਮਖੌਲ ਠੱਠੇ ਕਰਦਿਆਂ ਰੀਬਨ ਬੰਨ ਬਾਰ ਮੱਲ ਲਿਆ !
(ਚਲਦਾ )
✍️:-ਗੁਰਨਾਮ ਨਿੱਜਰ

Leave a Reply

Your email address will not be published. Required fields are marked *