ਸਾਈਕਲ ਤੇ ਜਹਾਜ ਤੱਕ | cycle te jahaaz tak

ਕਨੇਡਾ ਜਾਣ ਲਈ ਦਿੱਲੀ ਤੋਂ ਜਹਾਜ ਲੈਣ ਲਈ ਦਿੱਲੀ ਏਅਰਪੋਰਟ ਤੇ ਸਮੇਂ ਤੋਂ 3ਕੁ ਘੰਟੇ ਪਹਿਲਾਂ ਪਹੁੰਚ ਗਏ!!ਓਥੇ ਸਮਾਨ ਜਮ੍ਹਾਂ ਕਰਵਾ ਇਮੀਗ੍ਰੇਸ਼ਨ ਦੀ ਉਡੀਕ ਕਰਦਿਆਂ ਬੈਠੇ ਸੋਚਾਂ ਦੀ ਲੜੀ ਅਤੀਤ ਨਾਲ ਜੁੜ ਗਈ!!ਬਚਪਨ ਚ ਜਦੋਂ ਕਿਸੇ ਨੂੰ ਸਾਈਕਲ ਤੇ ਚੜ੍ਹੇ ਦੇਖਦੇ ਕਿ ਕਿਵੇਂ ਦੋ ਪਹੀਆਂ ਤੇ ਬੰਦਾ ਸਮਤੋਲ ਬਣਾਈ ਹਵਾ ਨਾਲ ਗੱਲਾਂ ਕਰਦਾ ਜਾਂਦਾ ਸੀ;ਸਾਡੇ ਲਈ ਇਹ ਚੰਦਰਮਾ ਤੇ ਜਾਣ ਵਾਲੀਆਂ ਗੱਲਾਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ!!ਯਾਦ ਹੈ ਜਦੋਂ ਪਿੰਡ ਦੀ ਫ਼ਿਰਨੀ ਤੇ ਗੋਲੀਆਂ ਖੇਡਦਿਆਂ ਪਿੰਡ ਦੇ ਬੰਦੇ ਸਾਈਕਲ ਤੇ ਚੜ੍ਹਨ ਲਈ ਮਿੱਟੀ ਦੀ ਕੰਧ ਉੱਪਰ ਤੇ ਕਈ ਰੂੜੀ ਦੀ ਵਰਤੋਂ ਵੀ ਕਰਦੇ!!ਬਸ ਪੈਰ ਰੱਖਕੇ ਜਦੋਂ ਸਾਈਕਲ ਰਿੜ੍ਹ ਜਾਂਦਾ ਤਾਂ ਪਿੱਛੋਂ ਉਹਨਾਂ ਦਾ ਢਿੱਲਾ ਕੁੜਤਾ ਉਡਦਾ ਨਜ਼ਰੀਂ ਪੈਂਦਾ!!ਫ਼ੇਰ ਜਦੋਂ ਘਰਦਿਆਂ ਤੋਂ ਮਿੰਨਤ ਕਰਕੇ ਸਿੱਖਣ ਲਈ ਲਿਆ ਸਾਈਕਲ ਸਾਨੂੰ ਕਿਸੇ ਰਾਕਟ ਤੋਂ ਘੱਟ ਨਾ ਲੱਗਦਾ!!ਕਈ ਦਿਨ ਡਿੱਗ ਡਿੱਗ ਕੇ ਰਗੜਾਂ ਲਵਾਉਣ ਉਪਰੰਤ ਜਦੋੰ ਕੈਂਚੀ ਪਾਕੇ ਸਾਈਕਲ ਚਲਾਉਣਾ ਆ ਜਾਂਦਾ ਤਾਂ ….ਕਿਆ ਬਾਤ ਹੈ;ਓਨਾ ਸਵਾਦ ਅੱਜ ਜਹਾਜ ਚ 36ਹਜ਼ਾਰ ਫੁੱਟ ਤੇ ਉੱਡਕੇ ਵੀ ਨਹੀਂ ਆਓਂਦਾ!!ਫੇਰ ਜਦੋਂ ਕਦੇ ਘਰ ਚ ਮੌਜੂਦ ਇਕਲੌਤਾ ਸਾਈਕਲ ਸਾਨੂੰ ਸਕੂਲ ਜਾਣ ਲਈ ਮਿਲ ਜਾਂਦਾ(ਜਿਸ ਦਿਨ ਘਰ ਚ ਵੱਡਿਆਂ ਨੂੰ ਇਸਦੀ ਲੋੜ ਨਾ ਹੁੰਦੀ)!!ਫ਼ੇਰ ਤਾਂ ਸਾਈਕਲ ਦੇ ਪਿਛੇ ਕੈਰੀਅਰ ਤੇ ਸਕੂਲ ਬੈਗ ਰੱਖ ਬੰਦਾ ਸੱਚਮੁੱਚ ਝੂਮਦਾ ਹੀ ਜਾਂਦਾ!!ਸ਼ਾਮ ਨੂੰ ਸਕੂਲੋਂ ਕੁਝ ਪਲ ਲੇਟ ਹੁੰਦੇ ਤਾਂ ਘਰ ਵਾਲੇ ਬਾਰ ਬਾਰ ਸੜਕ ਵੱਲ ਨਿਗਾਹ ਟਿਕਾਈ ਰੱਖਦੇ!!ਸਮੇਂ ਦੀ ਤਬਦੀਲੀ ਦੇਖੋ ਅੱਜ ਹਵਾਈ ਜਹਾਜ ਚ ਸਫ਼ਰ ਕਰਦਿਆਂ ਨੂੰ ਪਤਾ ਨਹੀਂ ਹੁੰਦਾ ਕਿ ਕਿਥੇ ਕੁ ਪਹੁੰਚੇ ਹਾਂ;ਪਰ ਦੁਨੀਆਂ ਦੇ ਕਿਸੇ ਵੀ ਕੋਨੇ ਚ ਬੈਠੇ ਤੁਹਾਡੇ ਪਿਆਰੇ ਇਸਦੀ ਲੋਕੇਸ਼ਨ,ਐਪ ਰਾਹੀਂ ਪਲ ਪਲ ਦੇਖਕੇ ਤੁਹਾਡੇ ਨਾਲ ਸ਼ੇਅਰ ਕਰਦੇ ਹਨ!!ਸਮੇਂ ਦੀ ਤਬਦੀਲੀ ਨੂੰ ਨਾ ਅਪਨਾਉਣ ਵਾਲੇ ਲੋਕ ਅਨੇਕਾਂ ਵਾਰ ਅਜਿਹਾ ਸਫ਼ਰ ਕਰਨ ਦੇ ਬਾਵਜੂਦ ਵੀ ਓਥੇ ਮੌਜੂਦ ਏਅਰਲਾਈਨ ਸਟਾਫ਼ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸਮਝਣ ਦਾ ਤਕਲਫ਼ ਨਹੀਂ ਕਰਦੇ!!ਸੋਚਦੇ ਹਨ ਕਿ ਸਾਨੂੰ ਦੇਖ ਕੇ ਉਹ ਆਪੇ ਸਮਝਣ ਲੈਣਗੇ!!
ਅੱਜ ਸੰਸਾਰ ਦੇ ਨਾਮੀ ਦੇਸ਼ਾਂ ਚ ਸਾਈਕਲ ਦੀ ਪੂਰੀ ਇੱਜ਼ਤ ਹੈ;ਕਸਰਤ ਤੋਂ ਲੈਕੇ ਡਿਊਟੀ ਜਾਣ ਤੱਕ ਤੇ ਡਿਊਟੀ ਤੇ ਨਾਲ ਸਮਾਨ ਲੋਡ ਕਰਕੇ ਜਾਂਦੇ ਗੋਰਿਆਂ ਨੂੰ ਆਮ ਦੇਖ ਸਕਦੇ ਹੋ!!ਸਾਡੇ ਦੇਸ਼ ਚ ਤਾਂ ਇਹ ਸਾਈਕਲ ਗਰੀਬ ਦੀ ਗੱਡੀ ਬਣਕੇ ਰਹਿ ਗਿਆ ਹੈ!!ਪੈਸੇ ਦੀ ਘਟਦੀ ਕੀਮਤ ਨਾਲ ਮਿਲਕੇ ਨਾ ਚੱਲਣ ਵਾਲੇ ਪ੍ਰੀਵਾਰ(ਗਰੀਬੀ ਰੇਖਾ ਦੇ ਨੇੜੇ ਤੇੜੇ)ਅੱਜ ਤੋਂ 30-40 ਸਾਲ ਪਹਿਲਾਂ ਵੀ ਇਸ ਸਾਈਕਲ ਨੂੰ ਚਲਾਉਂਦੇ ਸਨ ਤੇ ਅੱਜ ਵੀ ਓਸੇ ਪਿਆਰ ਨਾਲ ਆਪਣੀ ਡਿਊਟੀ ਤੇ ਹੋਰ ਕੰਮਾਂ ਲਈ ਇਸ “ਗੱਡੀ” ਨੂੰ ਵਰਤਦੇ ਹਨ!!ਇਸੇ ਤਰ੍ਹਾਂ ਸਾਡੇ ਲਈ ਇਹ ਕਸਰਤ ਲਈ ਸਭ ਤੋਂ ਸਸਤੀ ਮਸ਼ੀਨ ਹੈ ਜਿਸਨੂੰ ਖੁਲ੍ਹੀ ਹਵਾ ਚ ਚਲਾਕੇ ਕਸਰਤ ਦੇ ਨਾਲ ਨਾਲ ਸਰੀਰ ਦੀਆਂ ਗਿੱਟੇ ਗੋਡਿਆਂ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਾਂ!!
ਇੰਜੀ ਪ੍ਰੇਮ ਸਿੰਘ ਕਲੇਰ
ਅੰਮ੍ਰਿਤਸਰ

Leave a Reply

Your email address will not be published. Required fields are marked *