ਕਰਾਮਾਤੀ ਲੱਸੀ | karamati lassi

ਸ਼ਾਮ ਦਾ ਵੇਲਾ ਸੀ, ਜੂਨ ਮਹੀਨੇ ਹਾਲੇ ਵੀ ਸੂਰਜ ਸਿਰ ਉੱਤੇ ਖੜਾ ਸੀ। 5 ਵਜੇ ਵੀ ਦੁਪਹਿਰਾ ਲੱਗ ਰਿਹਾ ਸੀ। ਕੈਲੇ ਕੀ ਬੁੜੀ ਦੇਬੋ ਬਾਬਿਆਂ ਦੇ ਡੇਰੇ ਵੱਲ ਵਾਹੋ ਦਾਹੀ ਭੱਜੀ ਜਾ ਰਹੀ ਸੀ।
“ਬਆਆਆ ਬਾ ਜੀ, ਮਾਫ਼ੀ ਦੇ ਦਿਓ ਬਾਬਾ ਜੀ, ਮੈਥੋਂ ਬੜੀ ਵੱਡੀ ਭੁੱਲ ਹੋ ਗਈ………”, ਦੇਬੋ ਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ। ਲੋਕ ਢਾਕਾਂ ਉੱਤੇ ਹੱਥ ਰੱਖੀਂ ਹੈਰਾਨ ਹੋਏ ਵੇਖ ਰਹੇ ਸਨ ਕਿ ਪਿਛਲੇ ਕਈਂ ਦਹਾਕਿਆਂ ਤੋਂ ਡੇਰੇ ਦੀ ਸੇਵਾ ਕਰਦੀ ਆ ਰਹੀ ਦੇਬੋ ਜਿਸਨੂੰ ਦੇਬੋ ਡੇਰੇ ਵਾਲੀ ਵੀ ਕਹਿੰਦੇ ਸਨ, ਨੂੰ ਅੱਜ ਕੀ ਹੋ ਗਿਆ ਸੀ। ਕਿਹੜਾ ਬੱਜਰ ਪਾਪ ਉਸਤੋਂ ਹੋ ਗਿਆ ਸੀ ਕਿ ਉਹ ਵਾਹੋ ਦਾਹੀ ਡੇਰੇ ਵੱਲ ਮਾਫੀਆਂ ਮੰਗਦੀ ਭੱਜੀ ਜਾ ਰਹੀ ਸੀ। ਕਈਂ ਤਮਾਸ਼ਬੀਨ ਵੀ ਡੇਰੇ ਵੱਲ ਉਸ ਪਿੱਛੇ ਹੋ ਤੁਰੇ।
ਦੇਬੋ ਡੇਰੇ ਪਹੁੰਚੀ। ਬਾਬਾ ਜੀ ਸੰਗਤਾਂ ਨੂੰ ਪ੍ਰਵਚਨ ਦੇ ਰਹੇ ਸਨ। ਮਾਫੀਆਂ ਮੰਗਦੀ ਭੱਜੀ ਆਉਂਦੀ ਦੇਬੋ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਉਹ ਸਿੱਧੀ ਸੰਤਾਂ ਦੇ ਪੈਰੀਂ ਆ ਡਿੱਗੀ।
“ਬਾਬਾ ਜੀ ਮਾਫ਼ੀ ਦੇ ਦਿਓ, ਮੈਂ ਬੜੀ ਵੱਡੀ ਪਾਪਣ ਆਂ, ਬਹੁਤ ਵੱਡਾ ਪਾਪ ਹੋ ਗਿਐ ਮੈਥੋਂ। ਬਖਸ਼ੋ ਬਾਬਾ ਜੀ ਬਖਸ਼ੋ ਮੈਨੂੰ।”, ਏਨਾ ਆਖਦਿਆਂ ਹੀ ਉਹ ਸੰਤਾਂ ਦੇ ਚਰਨੀ ਨੱਕ ਰਗੜਨ ਲੱਗੀ।
“ਨਾ ਭਾਈ ਹਰਦੇਵ ਕੁਰੇ, ਨਾ ਇੰਝ ਨਾ ਕਰ। ਤੂੰ ਤਾਂ ਸਾਡੀ ਸੱਚੀ ਭਗਤਣੀ ਐਂ। ਤੈਥੋਂ ਕਿਹੜੀ ਭੁੱਲ ਹੋ ਗਈ ਭਾਈ।”, ਸੰਤ ਆਪਣੇ ਚਰਨ ਪਾਸੇ ਕਰਦਿਆਂ ਕੋਲ ਖੜੀ ਇੱਕ ਸੇਵਾਦਾਰਨੀ ਨੂੰ ਇਸ਼ਾਰਾ ਕਰਦਿਆਂ ਬੋਲੇ।
ਸੇਵਾਦਰਨੀ ਨੇ ਸੰਤਾਂ ਦਾ ਇਸ਼ਾਰਾ ਸਮਝਦਿਆਂ ਹੀ ਦੇਬੋ ਨੂੰ ਫੜ ਕੇ ਪਾਸੇ ਬਿਠਾ ਦਿੱਤਾ। ਦੇਬੋ ਦੇ ਹੌਕੇ ਨਹੀਂ ਰੁਕ ਰਹੇ ਸਨ।
“ਹਾਂ ਭਾਈ ਹੁਣ ਦੱਸ ਕੀ ਭੁੱਲ ਹੋ ਗਈ ਤੈਥੋਂ?”, ਸੰਤਾਂ ਨੇ ਆਸੇ ਪਾਸੇ ਬੈਠੀਆਂ ਸੰਗਤਾਂ ਦੀ ਉਤਸੁਕਤਾ ਨੂੰ ਭਾਂਪਦਿਆਂ ਪੁੱਛਿਆ।
“ਤੁਸੀਂ ਜਾਣੀਜਾਣ ਓ ਬਾਬਾ ਜੀ, ਥੋਨੂੰ ਪਤਾ ਈ ਐ ਸਭ।”, ਦੇਬੋ ਦੇ ਹੰਝੂ ਨਹੀਂ ਸਨ ਰੁਕ ਰਹੇ।
“ਨਾ ਭਾਈ ਸੰਗਤ ਤੇਰੇ ਮੂੰਹੋ ਸੁਣਨਾ ਚਾਹੁੰਦੀ ਹੈ। ਦਸਦੇ ਭਾਈ ਬੀਬਾ, ਨਿਸੰਗ ਦੱਸਦੇ। ਆਪਣਾ ਹੀ ਪਰਵਾਰ ਐ ਸਾਰਾ।”,ਸੰਤਾ ਨੇ ਗੇਂਦ ਦੇਬੋ ਦੇ ਪਾੜੇ ਚ ਸੁੱਟ ਦਿੱਤੀ।
ਅੱਜ ਸਵੇਰੇ ਦੇਬੋ ਦੇ ਜ਼ਮੀਨ ਉੱਤੇ ਪੈਰ ਨਹੀਂ ਸਨ ਲੱਗ ਰਹੇ। ਅੱਜ ਲਾਂਗਰੀ ਸੇਵਾਦਾਰ ਨੇ ਦੇਬੋ ਨੂੰ ਘਿਓ ਲਈ ਕੋਈ ਭਾਂਡਾ ਲਿਆਉਣ ਨੂੰ ਕਿਹਾ ਸੀ। ਡੇਰੇ ਚੜ੍ਹਦੀ ਮਿਠਾਈ ਤਾਂ ਪਹਿਲਾਂ ਹੀ ਸਾਰੇ ਸੇਵਕ ਵੰਡ ਲੈਂਦੇ ਸਨ। ਵਾਧੂ ਬਚਦੀ ਲੱਭੂ ਹਲਵਾਈ ਨੂੰ ਵੇਚ ਦਿੱਤੀ ਜਾਂਦੀ ਸੀ। ਇਸ ਵਾਰ ਕੋਈ ਭਗਤ ਪੰਜ ਪੀਪੇ ਦੇਸੀ ਘਿਓ ਚੜਾ ਗਿਆ ਸੀ। ਲਾਂਗਰੀ ਸੇਵਾਦਾਰ ਨੇ ਆਪਣੇ ਖ਼ਾਸ ਮ ਖ਼ਾਸ, ਜਿਨ੍ਹਾਂ ਚ ਦੇਬੋ ਸੀ ਸ਼ਾਮਲ ਸੀ , ਨੂੰ ਪੰਜ ਪੰਜ ਕਿੱਲੋ ਘਿਓ ਦੇਣਾ ਸੀ। ਸੇਵਾ ਦਾ ਇਹ ਸਪੈਸ਼ਲ ਮੇਵਾ ਗਿਣੇ ਚੁਣੇ ਸੇਵਾਦਾਰਾਂ ਨੂੰ ਹੀ ਮਿਲਦਾ ਸੀ, ਜਿਨ੍ਹਾਂ ਚ ਦੇਬੋ ਵੀ ਸ਼ਾਮਲ ਸੀ। ਇਸ ਤਰ੍ਹਾਂ ਦੀਆਂ ਚੋਰ ਮੋਰੀਆਂ ਦਾ ਸੰਤਾ ਨੂੰ ਕੋਈ ਪਤਾ ਨਾ ਹੁੰਦਾ। ਉਹ ਕੇਵਲ ਮਾਇਆ ਨੂੰ ਹੀ ਬੰਨ ਕੇ ਰੱਖਦੇ ਸਨ। ਸੇਵਾ ਦਾ ਫਲ ਲੈਣ ਲਈ ਦੇਬੋ ਨੇ ਘਰੋਂ ਕੈਨੀ ਮੰਗਵਾ ਲਈ ਅਤੇ ਘਿਓ ਪਵਾ ਕੇ ਆਪਣੇ ਪਿੰਡ ਵਾਲੇ ਨਾਜਰ ਛੜੇ ਨੂੰ ਇਹ ਕਹਿ ਕੇ ਫੜਾ ਦਿੱਤੀ ਕਿ ਵੇ ਨਾਜਰਾ ਆਹ ਲੱਸੀ ਸਾਡੇ ਘਰੇ ਫੜਾ ਦੇਵੀਂ ਜਵਾਕ ਜੱਲ੍ਹਾ ਪੀ ਲਾਉਗਾ। ਨਾਜਰ ਕੈਨੀ ਲੈ ਕੇ ਚਲਾ ਗਿਆ। ਸ਼ਾਮ ਨੂੰ ਸੇਵਾ ਤੋਂ ਵੇਹਲੀ ਹੋ ਜਦੋਂ ਉਹ ਘਰ ਪਹੁੰਚੀ ਤਾਂ ਉਸ ਜਾਂਦਿਆਂ ਹੀ ਆਪਣੀ ਨੂੰਹ ਨੂੰ ਪੁੱਛਿਆ, “ਕੁੜੇ ਘੀ ਸਾਂਭ ਲਿਆ ਸੀ?” ਕਿਹੜਾ ਘੀ ਅੰਮਾਂ?, ਨੂੰਹ ਨੇ ਮੋੜਵਾਂ ਸਵਾਲ ਦਾਗ ਦਿੱਤਾ ਜੋ ਦੇਬੋ ਦੇ ਮੱਥੇ ਗੋਲੀ ਵਾਂਗ ਵੱਜਿਆ।
“ਨਾ ਨਾਜਰ ਨੀ ਦੇ ਗਿਆ ਘੀ ਵਾਲੀ ਕੈਨੀ?”, ਦੇਬੋ ਸਿੱਧਾ ਨੂੰਹ ਦੀਆਂ ਅੱਖਾਂ ਚ ਝਾਕਦੀ ਹੋਈ ਬੋਲੀ।
“ਨਾ ਅੰਮਾਂ ਜੀ, ਕੈਨੀ ਤਾਂ ਲੱਸੀ ਦੀ ਭਰੀ ਹੋਈ ਸੀ।”, ਨੂੰਹ ਨੇ ਸਹਿਜ ਸੁਭਾਅ ਕਹਿ ਦਿੱਤਾ ਪਰ ਦੇਬੋ ਸੁਣ ਕੇ ਸਿੱਲ ਪੱਥਰ ਹੋ ਗਈ ਸੀ ਅਤੇ ਹੁਣ ਉਹ ਸੰਤਾ ਦੇ ਚਰਨੀ ਪਈ ਲੇਲੜੀਆਂ ਕੱਢ ਰਹੀ ਸੀ, ਮੁਆਫ਼ੀਆਂ ਮੰਗ ਰਹੀ ਸੀ।
“ਬਾਬਾ ਜੀ”, ਦੇਬੋ ਨੇ ਮੁਜਰਮ ਵਾਂਗ ਏਧਰ ਓਧਰ ਝਾਕਦਿਆਂ ਸਾਰੀ ਕਹਾਣੀ ਬਿਆਨ ਕਰ ਦਿੱਤੀ।
“ਗੁਰੂ ਸਭ ਜਾਣਦੈ ਭਾਈ, ਸਭ ਨਬੇੜੇ ਏਥੇ ਹੀ ਹੋਣੇ ਐ। ਭਾਈ ਤੂੰ ਲੱਸੀ ਭੇਜੀ ਸੀ, ਲੱਸੀ ਪਹੁੰਚ ਗਈ। ਘਿਓ ਤਾਂ ਦਰਗਾਹੀਂ ਸੰਤਾਂ ਕੋਲ ਪਹੁੰਚ ਗਿਆ ਭਾਈ। ਤੇਰੇ ਪਾਪ ਧੋਤੇ ਗਏ। ਤੇਰੇ ਲੇਖੇ ਸੰਤਾਂ ਨੇ ਇਥੇ ਹੀ ਨਬੇੜ ਦਿੱਤੇ, ਤੇਰੀ ਚੁਰਾਸੀ ਕੱਟੀ ਗਈ ਭਾਈ। ਜਾਹ ਜਾ ਕੇ ਗਿਆਰਾਂ ਦਿਨ ਡੇਰੇ ਚ ਰਹਿ ਕੇ ਸੇਵਾ ਕਰ, ਗੁਰੂ ਭਲੀ ਕਰੇਗਾ।”, ਕਹਿ ਕੇ ਸੰਤਾਂ ਨੇ ਦੇਬੋ ਦੇ ਸਿਰ ਤੇ ਹੱਥ ਫੇਰਿਆ ਅਤੇ ਦੇਬੋ ਨੀਵੀਂ ਪਾਈ ਚੁੱਪ ਚਾਪ ਉੱਠ ਕੇ ਲੰਗਰ ਹਾਲ ਵੱਲ ਤੁਰ ਗਈ।
ਸਮਾਂ ਆਪਣੀ ਚਾਲੇ ਤੁਰਦਾ ਗਿਆ। ਦੇਬੋ ਰੱਬ ਨੂੰ ਪਿਆਰੀ ਹੋ ਗਈ ਸੀ।ਸੰਤ ਆਪ ਆ ਕੇ ਸਾਰੇ ਕਾਰਜਾਂ ਚ ਸ਼ਾਮਲ ਹੋਏ ਸਨ ਅਤੇ ਦੇਬੋ ਦੀ ਨਿਸ਼ਕਾਮ ਸੇਵਾ ਦੀ ਵਡਿਆਈ ਕੀਤੀ ਸੀ। ਅੱਜ ਦੇਬੋ ਪੋਤੇ ਦਾ ਵਿਆਹ ਸੀ। ਸਾਰਾ ਪਿੰਡ ਖੁਸ਼ੀਆਂ ਚ ਸ਼ਾਮਿਲ ਹੋਣ ਆਇਆ ਹੋਇਆ ਸੀ। ਕੰਮ ਸਾਰਾ ਭਾਵੇਂ ਵੈਸ਼ਨੋ ਸੀ ਪਰ ਨੱਕ ਰੱਖਣ ਲਈ ਪਸ਼ੂਆਂ ਵਾਲੇ ਵਾੜੇ ਚ ਮੂੰਹ ਕੌੜਾ ਵੀ ਕਰਵਾਇਆ ਜਾ ਰਿਹਾ ਸੀ। ਲੰਬੜਾਂ ਦਾ ਗੁਰਦੇਵ ਤਾਂ ਸੰਤਾਂ ਦੇ ਕੌਤਕ ਸੁਣਾ ਰਿਹਾ ਸੀ। ਸਾਰੇ ਹੀ ਵੱਧ ਚੜ ਕੇ ਇਸ ਜੱਗ ਚ ਆਪਣੀ ਆਪਣੀ ਅਹੁਤੀ ਪਾ ਰਹੇ ਸਨ। “ਬਾਕੀ ਤਾਂ ਸੁਣੀਆਂ ਸੁਣਾਈਆਂ ਗੱਲਾਂ ਨੇ ਭਾਈ, ਆਹ ਦੇਬੋ ਆਲਾ ਕੌਤਕ ਤਾਂ ਸਭ ਨੇ ਡਿੱਠਾ, ਆਪਣੇ ਪਿੰਡ ਦੀ ਹੀ ਤਾਂ ਗੱਲ ਹੈ।”, ਗੁਰਦੇਵ ਪਕੌੜਾ ਮੂੰਹ ਚ ਪਾਉਂਦਿਆਂ ਬੋਲਿਆ।
“ਦੇਬੋ ਦੀਆਂ ਕੁਰਬਾਨੀਆਂ ਦਾ ਮੁੱਲ ਵੀ ਤਾਂ ਤਾਰਿਆ ਸੰਤਾਂ ਨੇ, ਨਹੀਂ ਤਾਂ ਇਹਨਾਂ ਨੰਗਾ ਦੀ ਕੀ ਔਕਾਤ ਸੀ ਕਿ ਪਿੰਡ ਨੂੰ ਨਿਉਂਦਾ ਦੇ ਜਾਂਦੇ।”, ਇੱਕ ਜਣੇ ਨੇ ਗਲਾਸ ਖਾਲੀ ਕਰਕੇ ਮੂੰਹ ਦੀ ਕੜਵਾਹਟ ਨੂੰ ਸ਼ਬਦਾਂ ਰਾਹੀਂ ਕੱਢਿਆ।
“ਚਲੋ ਭਾਈ ਆਪਾਂ ਕਾਹਨੂੰ ਪਾਪ ਚੜਾਉਣਾ ਆ, ਕਿਤੇ ਸਾਡੇ ਘਿਓ ਦੀ ਵੀ ਲੱਸੀ ਹੋ ਜਾਵੇ।”, ਇੱਕ ਹੋਰ ਬੁੜਕਿਆ।
ਆਹੋ ਭਾਈ ਸੰਤ ਹੈ ਤਾਂ ਕਰਨੀ ਆਲਾ , ਐਵੇਂ ਤਾਂ ਨੀ ਦੁਨੀਆ ਪੈਰੀਂ ਆ ਆ ਡਿੱਗਦੀ। ਹੋਰ ਨਾ ਕੋਈ ਬਣਾ ਸਕਿਆ ਘਿਓ ਦੀ ਲੱਸੀ।”, ਗੁਰਦੇਵ ਸਾਰਿਆਂ ਤਾੜਦਾ ਹੋਇਆ ਬੋਲਿਆ।
ਸੰਤ ਢੇਕਾ ਲੱਗਦਾ ਕਰਾਮਾਤ ਦਾ, ਇਸ ਬਾਬੇ ਦੀ ਕਰਾਮਾਤ ਆ ਸਾਰੀ”, ਪਿੱਛੋਂ ਆਵਾਜ਼ ਆਈ ਅਤੇ ਸਾਰਿਆਂ ਦੀਆਂ ਨਜ਼ਰਾਂ ਓਧਰ ਘੁੰਮ ਗਈਆਂ। ਪਿੱਛੇ ਨਾਜ਼ਰ ਛੜਾ ਤੇਰ੍ਹਵੇਂ ਰਤਨ ਦੀ ਲੋਰ ਚ ਝੂਮਦਾ ਹੋਇਆ ਛਾਤੀ ਉੱਤੇ ਹੱਥ ਮਾਰ ਰਿਹਾ ਸੀ।
“ਕਿਉਂ ਭਕਾਈ ਮਾਰਦੈਂ ਨਾਜਰਾ, ਅੱਗੇ ਕਿਹੜਾ ਤੂੰ ਸੁਖੀ ਐਂ। ਸੰਤਾਂ ਨੂੰ ਇਉਂ ਨਹੀਂ ਬੋਲੀਦਾ।”, ਗੁਰਦੇਵ ਸਿਉਂ ਝਿੜਕਣ ਵਾਲੇ ਅੰਦਾਜ਼ ਚ ਬੋਲਿਆ।
ਮੈਂ ਹੁਣ ਵੀ ਕਹਿਨਾ ਅਖੇ ਮੈਂ ਬਣਾਇਆ ਸੀ ਘਿਓ ਨੂੰ ਲੱਸੀ, ਉਰੇ ਆਓ ਦੱਸਾਂ ਥੋਨੂੰ ਸਾਰੀ ਕਰਾਮਾਤ।”, ਨਾਜਰ ਇਸ਼ਾਰੇ ਨਾਲ ਸਭ ਨੂੰ ਆਪਣੇ ਕੋਲ ਬੁਲਾਉਂਦਿਆ ਪੂਰੀ ਲੋਰ ਵਿੱਚ ਬੋਲੀ ਜਾ ਰਿਹਾ ਸੀ। ਸਾਰੇ ਉਤਸੁਕਤਾ ਵੱਸ ਕੁਰਸੀਆਂ ਘੜੀਸ ਉਸ ਕੋਲ ਜਾ ਬੈਠੇ।
“ਹੁਣ ਭੌਂਕ ਕੀ ਭੌਂਕਦਾ ਏਂ।”, ਗੁਰਦੇਵ ਗੁੱਸੇ ਅਤੇ ਉਤਸੁਕਤਾ ਭਰੇ ਲਹਿਜ਼ੇ ਚ ਬੋਲਿਆ।
“ਲਓ ਸੁਣੋ ਫੇਰ”, ਗਲਾਸ ਵਿਚਲੀ ਪੰਜਰਤਨੀ ਅੰਦਰ ਸੁੱਟਦਾ ਨਾਜਰ ਬੋਲਿਆ,” ਸਭ ਨੂੰ ਪਤੈ ਕਿ ਦੇਬੋ ਬੁੜੀ ਨੇ ਘੀ ਵਾਲੀ ਕੈਨੀ ਮੈਨੂੰ ਫੜਾਈ ਸੀ ਘਰ ਦੇਣ ਲਈ। ਮੈਂ ਕੈਨੀ ਲੈ ਕੇ ਪਿੰਡ ਆਇਆ ਤਾਂ ਮਨ ਚ ਲਾਲਚ ਆਇਆ ਕਿ ਕਿਉਂ ਨਾ ਸੇਰ ਲੱਸੀ ਕੱਢ ਕੇ ਪਾਣੀ ਪਾ ਦੇਵਾਂ, ਕਿਹੜਾ ਕਿਸੇ ਨੂੰ ਪਤਾ ਲੱਗਣਾ। ਭਾਈ ਜਦੋਂ ਮੈਂ ਕੈਨੀ ਦਾ ਢੱਕਣ ਲਾਹਿਆ ਤਾਂ ਵੇਖਿਆ ਉਹ ਨੱਕੋ ਨੱਕ ਘੀ ਨਾਲ ਭਰੀ ਹੋਈ ਸੀ। ਮੇਰਾ ਦਿਮਾਗ ਘੁੰਮ ਗਿਆ ਬਾਈ ਜੀ। ਮੈਂ ਸਕੀਮ ਲੜਾਈ। ਸਾਰਾ ਘੀ ਪਤੀਲੇ ਚ ਉਲੱਦ ਲਿਆ ਅਤੇ ਕੈਨੀ ਮਾਂਜ ਸਵਾਰ ਕੇ ਥੋਡੇ ਘਰੋਂ ਲੱਸੀ ਮੰਗ ਕੇ ਦੇਬੋ ਦੇ ਘਰ ਦੇ ਆਇਆ।”,ਗੁਰਦੇਵ ਵੱਲ ਹੱਥ ਕਰਦਿਆਂ ਨਾਜਰ ਨੇ ਗੱਲ ਮੁਕਾਈ। ਸਭ ਨੂੰ ਜਿਵੇਂ ਸੱਪ ਸੁੰਘ ਗਿਆ ਹੋਵੇ।
“ਦੇਬੋ ਦਾ ਨੁਕਸਾਨ ਦੋ ਜਣਿਆ ਦਾ ਫੈਦਾ ਕਰ ਗਿਆ।”,ਨਾਜਰ ਮੂੰਹ ਚ ਪਕੌੜਾ ਪਾਉਂਦਾ ਹੋਇਆ ਬੋਲਿਆ।
“ਘੀ ਤੈਂ ਖਾ ਲਿਆ ਦੂਜਾ ਫੈਦਾ ਕੀਹਦਾ ਹੋ ਗਿਆ।”, ਗੁਰਦੇਵ ਬੋਲਿਆ।
“ਸੰਤਾਂ ਦਾ, ਹੋਰ ਕੀਹਦਾ।”, ਆਖ ਨਾਜਰ ਨੇ ਗਲਾਸ ਭਰ ਕੇ ਅੰਦਰ ਸੁੱਟ ਲਿਆ।
ਗੁਰਵਿੰਦਰ ਸਿੰਘ
ਸਰਹਿੰਦ
9041110412

Leave a Reply

Your email address will not be published. Required fields are marked *