ਸਾਕ | saak

1966-67 ਨੰਬਰਦਾਰ ਸਰਦਾਰਾ ਸਿਓਂ ਬੈਠਕ ਵਿੱਚ ਬੈਠਾ ਸੀ ਉਸ ਦੀ ਰਿਸ਼ਤੇਦਾਰੀ ਵਿੱਚੋਂ ਕੋਈ ਰਿਸ਼ਤੇਦਾਰ ਬਿਸ਼ਨ ਸਿੰਘ ਆਇਆ ਹੋਇਆ ਸੀ।
ਬੈਠੇ ਕਬੀਲਦਾਰੀ ਫਸਲਵਾੜੀ ਦੀਆਂ ਗੱਲਾਂ ਕਰ ਰਹੇ ਸਨ।
ਬਿਸ਼ਨ ਸਿਓਂ ਕਹਿਣ ਲੱਗਿਆ ਨੰਬਰਦਾਰਾ ਕੁੜੀ ਦਾ ਸਾਕ ਕਰਨਾ ਹੈ ਮੇਚ ਦਾ ਕੋਈ ਘਰ ਦੀ ਦੱਸ ਪਾ।
ਬੰਦੇ ਆਪਣੇ ਵਰਗੇ ਹੋਣ ਕੋਈ ਚਾਰ ਸਿਆੜ ਪੈਲੀ ਦੇ ਵੈਲੀ ਐਬੀ ਨਾ ਹੋਣ।
ਸਰਦਾਰਾ ਸਿਓਂ ਬੋਲਿਆ ਵੇਖਦੇ ਹਾਂ
ਏਨੇ ਨੂੰ ਗੱਲ ਕੱਟਦਿਆਂ ਬਿਸ਼ਨ ਸਿਓਂ ਬੋਲਿਆ ਪਰ ਮੁੰਡਾ ਮੇਰੇ ਮੁੰਡਿਆਂ ਵਰਗਾ ਹੋਵੇ।
ਐਥੇ ਸੱਥ ਚ ਰੁਪ‌ਈਆ ਰੱਖ ਦੂੰ ਚੱਕ ਲਵੇ।
ਸਰਦਾਰਾ ਸਿੰਘ ਨੂੰ ਤਲਖੀ ਆਈ ਕਹਿੰਦਾ ਏਹ ਕੀ ਗੱਲ ਕਰਤੀ ਬਿਸ਼ਨ ਸਿੰਹਾਂ ਘੜੀ ਕ ਰੁਕ।
ਸਰਦਾਰਾ ਸਿਓ ਨੇ ਆਪਣੇ ਮੁੰਡੇ ਨੂੰ ਵਾਜ ਮਾਰੀ ਪਾਲਿਆ
ਜਾਹ ਬਲਵੀਰ ਸਿਓ ਕੇ ਮੇਜਰ ਫੌਜੀ ਛੁੱਟੀ ਆਇਆ ਹੋਇਆ ਓਹਨੂੰ ਸੱਦ ਕੇ ਲਿਆ।
ਪਾਲਾ ਮੇਜਰ ਨੂੰ ਸੱਦ ਲਿਆਇਆ ਜੋ ਦਰਸ਼ਨੀ ਜੁਆਨ ਛੇ ਫੁੱਟ ਦਾ ਫੌਜੀ ਨਾਲ ਦੀ ਨਾਲ ਖਿਡਾਰੀ।
ਬਿਸ਼ਨ ਸਿਓ ਵੇਖ ਕੇ ਦੰਗ ਰਹਿ ਗਿਆ।
ਸਰਦਾਰਾ ਸਿਓਂ ਕਹਿੰਦਾ ਵੇਖਦਾ ਕੀ ਹੈਂ ਹੁਣ ਕੱਢ ਰੁਪ‌ਈਆ!
ਬਿਸ਼ਨ ਸਿਓ ਨੇ ਰੁਪ‌ਈਆ ਕੱਢਿਆ ਤੇ ਮੇਜਰ ਫੌਜੀ ਨੂੰ ਫੜਾਉਣ ਲੱਗਿਆ ਪਰ ਉਸ ਨੇ ਨਾਂਹ ਕਰ ਦਿੱਤੀ ਫੇਰ ਨੰਬਰਦਾਰ ਨੇ ਫ਼ੜ ਕੇ ਮੇਜਰ ਨੂੰ ਫੜਾਇਆ।
ਸਾਰੇ ਉੱਠ ਕੇ ਮੇਜਰ ਕੇ ਘਰ ਚਲੇ ਗਏ।
ਜਾਂਦਿਆਂ ਨੰਬਰਦਾਰ ਨੇ ਵਾਜ ਮਾਰੀ
ਤੇਜ ਕੁਰੇ ਵਧਾਈਆਂ ਚਾਹ ਧਰੋ।
ਅਗੋਂ ਬਲਵੀਰ ਸਿਓ ਆ ਗਿਆ ਸਤਿ ਸ੍ਰੀ ਆਕਾਲ ਬੁਲਾਈ ਕਿ ਵਧਾਈਆਂ ਕਾਹਦੀਆਂ।
ਤਾਂ ਨੰਬਰਦਾਰ ਸਰਦਾਰਾ ਸਿਓ ਨੇ ਦੱਸਿਆ ਮੇਜਰ ਮੰਗ ਦਿੱਤਾ ਆਹ ਬਿਸ਼ਨ ਸਿਓਂ ਹਰੀ ਕਿਆਂ ਵਾਲੇ ਦੀ ਕੁੜੀ ਨਾਲ।
ਤੇ ਸਾਕ ਪੱਕਾ ਹੋ ਗਿਆ ਵਿਆਹ ਜਦੋਂ ਮੇਜਰ ਫੇਰ ਛੁੱਟੀ ਆਊ ਓਦੋਂ ਕਰਾਂਗੇ।
ਨਰ ਸਿੰਘ ਫਾਜ਼ਿਲਕਾ
1-7-2023

Leave a Reply

Your email address will not be published. Required fields are marked *