ਰੋਂਗ-ਨੰਬਰ | wrong number

ਅੱਧੀ ਰਾਤ ਫੋਨ ਦੀ ਘੰਟੀ ਵੱਜੀ..
ਮੈਂ ਅੱਖਾਂ ਮਲਦੇ ਹੋਏ ਨੇ ਫੋਨ ਚੁੱਕ “ਹੈਲੋ” ਆਖ ਦਿੱਤਾ..!
ਬੁਰੀ ਤਰਾਂ ਘਬਰਾਈ ਹੋਈ ਇੱਕ ਅਣਜਾਣ ਕੁੜੀ ਨੇ ਇਕਦੰਮ ਬੋਲਣਾ ਸ਼ੁਰੂ ਕਰ ਦਿੱਤਾ..”ਪਾਪਾ ਆਈ ਐਮ ਸੋਰੀ..ਮੈਥੋਂ ਵੱਡੀ ਗਲਤੀ ਹੋ ਗਈ..ਮੈਂ ਤੁਹਾਡਾ ਵਿਚਵਾਸ਼ ਤੋੜਿਆ..ਭਟਕ ਗਈ ਸਾਂ..ਉਸਦੀਆਂ ਗੱਲਾਂ ਵਿਚ ਆ ਗਈ..ਉਸਨੇ ਮੈਨੂੰ ਏਨੀ ਦੂਰ ਲਿਆ ਕੇ ਇੱਕਲਿਆਂ ਛੱਡ ਦਿੱਤਾ..ਹੁਣ ਸਮਝ ਨਹੀਂ ਆ ਰਿਹਾ ਕਿਥੇ ਜਾਵਾਂ..ਸੋਰੀ ਪਾਪਾ..ਅੱਗੋਂ ਤੋਂ ਜੋ ਆਖੋਗੇ ਕਰਾਂਗੀ..ਤੁਸੀਂ ਠੀਕ ਆਖਦੇ ਸੋ ਮੈਂ ਹੀ ਗਲਤ ਸਾਂ..ਹੁਣ ਇਹਸਾਸ ਹੋਇਆ..ਤੁਸੀਂ ਦੁਨੀਆਂ ਦੇ ਸਭ ਤੋਂ ਬੇਹਤਰੀਨ ਪਾਪਾ ਹੋ..ਮੈਨੂੰ ਪਤਾ ਹੈ ਕੇ ਮੇਰੇ ਕਾਰਣ ਤੁਹਾਨੂੰ ਕਿੰਨੀ ਬੇਇੱਜਤੀ ਤੇ ਸ਼ਰਮਿੰਦਗੀ ਸਹਿਣੀਂ ਪਈ ਹੋਵੇਗੀ..ਮੈਨੂੰ ਇਸ ਵਾਰ ਮੁਆਫ ਕਰ ਦੇਵੋ..ਪਾਪਾ ਪਲੀਜ..ਪਾਪਾ..ਸਿਰਫ ਇੱਕ ਵਾਰੀ”!
ਏਨਾ ਕੁਝ ਆਖਦੀ ਹੋਈ ਉਹ ਜ਼ਾਰੋ ਜਾਰ ਰੋਣ ਲੱਗ ਪਈ!
ਫੋਨ ਤੇ ਲਾਗੋਂ ਲੰਘਦੀ ਰੇਲ ਗੱਡੀ ਦੀ ਇੱਕ ਭਾਰੀ ਭਰਕਮ ਅਵਾਜ ਸੁਣ ਮੇਰੇ ਮਨ ਵਿੱਚ ਪਤਾ ਨਹੀਂ ਕੀ ਆਇਆ ਕੇ ਮੇਰੇ ਮੂਹੋਂ ਆਪ ਮੁਹਾਰੇ ਹੀ ਨਿੱਕਲ ਗਿਆ..”ਬੇਟਾ ਘਰ ਪਰਤ ਆ..ਤੈਨੂੰ ਕੁਝ ਨੀ ਕਹਾਂਗਾ”
ਅੱਗੋਂ ਡੁਸਕਦੀ ਹੋਈ ਨੇ “ਥੈਂਕ-ਯੂ ਪਾਪਾ” ਆਖ ਕਾਹਲੀ ਨਾਲ ਫੋਨ ਹੇਠਾਂ ਰੱਖ ਦਿੱਤਾ!
ਮੈਂ ਸੋਚੀਂ ਪੈ ਗਿਆ ਕੇ ਇੱਕ ਬਿਨਾ ਔਲਾਦ ਦੇ ਇੱਕਲੇ ਰਹਿੰਦੇ ਇਨਸਾਨ ਨੂੰ ਇੱਕ ਅਣਜਾਣ ਕੁੜੀ ਨੇ ਪਤਾ ਨਹੀਂ ਕੀ ਸਮਝ ਇਸ ਵੇਲੇ ਫੋਨ ਕਰ ਦਿੱਤਾ ਸੀ?
ਪਰ ਇਹ ਸਮਝਣ ਵਿਚ ਵੀ ਦੇਰ ਨਾ ਲੱਗੀ ਕੇ ਵਕਤੀ ਤੌਰ ਤੇ ਭਟਕ ਗਈ ਇੱਕ ਧੀ ਨੇ ਔਖੇ ਵੇਲੇ ਆਪਣੇ ਬਾਪ ਦੀ ਬੁੱਕਲ ਦਾ ਆਸਰਾ ਤੱਕਦਿਆਂ ਕਾਹਲੀ ਵਿੱਚ ਸ਼ਾਇਦ ਗਲਤ ਨੰਬਰ ਹੀ ਮਿਲਾ ਦਿੱਤਾ ਸੀ ਤੇ ਕਰਮਾਂ ਮਾਰੀ ਸ਼ਾਇਦ ਆਪਣੇ “ਬਾਪ” ਦੀ ਅਵਾਜ ਵੀ ਨਹੀਂ ਸੀ ਪਛਾਣ ਸਕੀ ਤੇ ਜਾਂ ਫੇਰ ਧੋਖੇ ਦੇ ਸਮੁੰਦਰ ਵਿੱਚ ਫਸ ਗਈ ਨੂੰ ਇੱਕ ਬੇਗਾਨੇ ਇਨਸਾਨ ਦੀ ਆਵਾਜ਼ ਵੀ ਆਪਣੇ ਬਾਪ ਵਰਗੀ ਹੀ ਲੱਗੀ!
ਅੱਜ ਪਹਿਲੀ ਵੇਰ ਸ਼ਾਇਦ ਨਿੱਤਨੇਮ ਵਿੱਚ ਪੂਰਾ ਧਿਆਨ ਨਹੀਂ ਸੀ ਲੱਗ ਰਿਹਾ ਤੇ ਮੈਂ ਵਾਰ ਵਾਰ ਬਸ ਏਹੀ ਗੱਲ ਸੋਚ ਉਸ ਵਾਹਿਗੁਰੂ ਦਾ ਅਨੇਕਾਂ ਵੇਰ ਸ਼ੁਕਰਾਨਾ ਕਰੀ ਜਾ ਰਿਹਾ ਸਾਂ ਕੇ ਕਿੰਨਾ ਚੰਗਾ ਹੋਇਆ ਕੇ ਮੈਂ “ਰੋਂਗ-ਨੰਬਰ” ਆਖ ਅਣਜਾਣ ਥਾਂ ਤੋਂ ਆਇਆ ਇੱਕ ਫੋਨ ਬੰਦ ਨਹੀਂ ਸੀ ਕਰ ਦਿੱਤਾ ਵਰਨਾ ਸ਼ੂਕਦੀਆਂ ਜਾਂਦੀਆਂ ਅਣਗਿਣਤ ਰੇਲ ਗੱਡੀਆਂ ਦੇ ਬੇਰਹਿਮ ਸਮੁੰਦਰ ਵਿੱਚ ਅੱਜ ਪਤਾ ਨੀ ਕੀ ਭਾਣਾ ਵਾਪਰ ਗਿਆ ਹੁੰਦਾ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *