ਲਾਕੂਲਾ | lakoola

ਹਾਸਾ ਠੱਠਾ 😁
“ਲਾਕੂਲਾ”
ਸਾਡੇ ਇਕ ਭੂਆ ਜੀ ਸਾਡੇ ਕੋਲ ਰਹਿੰਦੇ ਸਨ ਸਾਡੇ ਜਨਮ ਤੋ ਪਹਿਲਾਂ ਤੋ ਹੀ ਫੁੱਫੜ ਜੀ ਦੀ ਮੌਤ ਤੋ ਬਾਅਦ ਸਾਡੇ ਨੰਬਰਦਾਰ ਦਾਦਾ ਜੀ ਉਨਾਂ ਨੂ ਉਂਨਾਂ ਦੇ ਦੋ ਛੋਟੇ ਬਚਿਆਂ ਸਮੇਤ ਲੈ ਆਏ ਸਨ। ਭੂਆ ਜੀ ਪੂਰੇ ਧਾਰਮਿਕ ਤੇ ਪੁਰਾਣੇ ਰਿਵਾਜਾਂ ਵਿੱਚ ਯਕੀਨ ਰੱਖਦੇ ਸਨ।
ਮੇਰੇ ਨਾਲ ਬਹੁਤ ਮੋਹ ਤੇ ਪਿਆਰ ਕਰਦੇ ਸਨ। ਮੈ ਸੁਭਾਗਾ ਸਾਂ ਕਿ ਮੈਨੂੰ ਦੋ ਮਾਂਵਾਂ ਦਾ ਪਿਆਰ ਮਿਲਿਆਂ। ਜਦੋਂ ਕਿਤੇ ਡੈਡੀ ਜੀ ਹੋਰਾਂ ਨੇ ਮੇਰੀ “ਕਲਾਸ” ਲਾਉਣੀ ਤਾਂ ਹੋਰ ਕਿਸੇ ਦਾ ਹੌਸਲਾ ਨਹੀਂ ਸੀ ਪੈਂਦਾਂ ਵਿੱਚ ਪੈਣ ਦਾ। ਇਹ ਭੂਆ ਜੀ ਸਨ ਜੋ ਆ ਕੇ ਕਹਿੰਦੇ,” ਚਲ ਜਗੀਰ ਸਿੰਹਾਂ ਬੱਸ ਕਰ ਹੁਣ”।ਤਾਂ ਮੇਰੀ ਜਾਨ ਛੁੱਟਦੀ ਸੀ,ਇਸ ਤਰਾਂ ਭੂਆ ਜੀ ਮੇਰੇ ਲਈ ਸੰਕਟ ਮੋਚਨ ਵੀ ਸਨ। ਜਦੋਂ ਵੱਡੇ ਵੀਰ ਜੀ ਦੀ ਬਦਲੀ ਅੰਮ੍ਰਿਤਸਰ ਹੋ ਗਈ ਜੋ ਕਸਟਮ ਵਿੱਚ ਕਮਿਸ਼ਨਰ ਸਨ ਤਾਂ ਉਹਨਾਂ ਸ਼ਹਿਰ ਵਿਚਲੀ ਕੋਠੀ ਵਿੱਚ ਰਿਹਾਇਸ਼ ਕਰ ਲਈ। ਹੁਣ ਭੂਆ ਜੀ ਕਦੀ ਮੇਰੇ ਕੋਲ ਪਿੰਡ ਤੇ ਜਦੋਂ ਜੀਅ ਕਰਦਾ ਸ਼ਹਿਰ ਵੱਡੇ ਵੀਰ ਕੋਲ ਚਲੇ ਜਾਂਦੇ।
ਇਸੇ ਤਰਾਂ ਉਹ ਜਦੋਂ ਸ਼ਹਿਰ ਸਨ ਤਾਂ ਨੌਕਰ ਜਿਸ ਨਾਂ ਸਾਬਰ ਸੀ ਜੋ ਨਿਪਾਲੀ ਸੀ ਨੂੰ ਇਕ ਸ਼ਾਮ ਨੂੰ ਕਹਿੰਦੇ,”ਵੇ ਪੁੱਤ, ਸਾਬਰਾ ਜਾਅ ਫ਼ਰਿੱਜ ਚੋਂ ਮੇਰਾ ਦਾਰੂ ਲਿਆਈਂ”।
ਤਾਂ ਇਹ ਸੁਣਕੇ ਨਿਪਾਲੀ ਨੌਕਰ ਕਨਖਿਓਂ ਝਾਕਦਾ ਹੋਇਆਂ ਪੁੱਛਦਾ,”ਕਯਾ ਕਹਾ ਬੂਆ ਜੀ”?
ਤਾਂ ਭੂਆ ਜੀ ਕਹਿੰਦੇ,” ਵੇ ਬੋਲਾਂ ਤੂੰ? ਤੈਨੂੰ ਫ਼ਰਿੱਜ ਚੋ ਦਾਰੂ ਲਿਆਉਣ ਲਈ ਆਖਿਆਂ”।
ਤਾਂ ਸਾਬਰ ਨੋਕਰ ਫ਼ਰਿੱਜ ਚੋ ਵੇਖ ਆ ਕੇ ਕਹਿੰਦਾ ,” ਬੂਆ ਜੀ ਦਾਰੂ ਕਹਾਂ ਪੇ ਹੈ ਮੁਜ਼ੇ ਤੋਂ ਮਿਲਾ ਨਹੀਂ”।
ਤਾਂ ਭੂਆ ਜੀ ਕਹਿੰਦੇ ” ਵੇ ਤੇਰੀਆਂ ਅੱਖਾਂ ਨੇ ਕਿ ਕੌਲ ਡੋਡੇ?,ਜਿੱਥੇ ਪਾਣੀ ਵਾਲ਼ੀਆਂ ਬੋਤਲਾਂ ਪਈਆਂ ਹੁੰਦੀਆਂ ਉਹਦੇ ਉਤੇ ਤਾਂ ਪਿਆ”।
ਤਾਂ ਸਾਬਰ ਫਿਰ ਜਾ ਕੇ ਵੇਖਦਾ ਫ਼ਰਿੱਜ ਤਾਂ ਆ ਕੇ ਕਹਿੰਦਾ ਕਿ ਨਹੀਂ ਮਿਲਿਆ।
ਤਾਂ ਹਾਰ ਕੇ ਭੂਆ ਜੀ ਆਪ ਉਠ ਕੇ ਗਏ ਅਤੇ ਫ਼ਰਿੱਜ ਖੋਲ ਕੇ ਜਿੱਥੇ ਮੱਖਣ ਆਦਿ ਰੱਖਿਆਂ ਹੁੰਦਾ ਉੱਥੇ ਅੱਖਾਂ ਚਾ ਪਾਉਣ ਵਾਲਾ ਆਪਣਾ ਲਾਕੂਲਾ ਦਾਰੂ(Eye drops)ਉਨੂੰ ਵਿਖਾ ਕੇ ਗ਼ੁੱਸੇ ‘ਚ ਕਹਿੰਦੇ,” ਆ ਤੇਰੀ ਮਾਂ ਦਾ ਸਿਰ ਅੰਨ੍ਹਿਆਂ
ਜਦੋਂ ਨੋਕਰ ਨੇ ਅੱਖਾਂ ਦਾ ਦਾਰੂ ਵੇਖਿਆਂ ਤੇ ਵੇਖ ਕੇ ਹੱਸੀ ਜਾਵੇ ਤੇ ਫਿਰ ਕਹਿੰਦਾ ਆਹ ਸੀ ? ਕਹਿੰਦਾ ਮੈ ਤਾਂ ਹੀ ਸੋਚਾਂ ਕਿ ਅਬੀ ਤੋ ਛੇ ਕਾ ਟਾਇਮ ਹੀ ਹੂਆ ਹੈ ਔਰ ਬੂਆ ਜੀ ਦਾਰੂ ਮੰਗੀ ਜਾਂਦੇ ਨੇ ਔਰ ਪਤਾ ਨਹੀਂ ਕੱਬ ਸੇ ਦਾਰੂ ਪੀਨੇ ਲੱਗ ਗਏ। ਤੇ ਇਸੇ ਕਰਕੇ ਉਹ ਹੈਰਾਨ ਹੋਇਆਂ ਆ ਕੇ ਫ਼ਰਿੱਜ ਚੋ ਦਾਰੂ ਦੀ ਬੋਤਲ ਲੱਭੀ ਜਾਵੇ। ਦਰਅਸਲ ਨਿਪਾਲੀ ਅੱਖਾਂ ਵਾਲੇ ਦਾਰੂ ਨੂੰ ਸ਼ਰਾਬ ਸਮਝ ਰਿਹਾ ਸੀ। ਜਦੋਂ ਭੂਆ ਜੀ ਨੂੰ ਸਮਝ ਲੱਗਾ ਤਾਂ ਉਹਦੇ ਵੱਲ ਖੂੰਡੀ ਕਰਕੇ ਕਹਿੰਦੇ,”ਵੇ ਫਿੱਟ ਲਾਹਨਤ ਤੇਰੇ,ਉਰੇ ਹੋ ਖਾਂ ਬਾਂਦਰ ਮੂੰਹਿਆ ਜਿਹਿਆਂ, ਔਤਰਿਆ ਦਿਆਂ ਨਖੱਤਿਆਂ,ਮੈਂ ਤੇ ਤੇਰਾ ਉਹ ਕੀ ਕਹਿੰਦੇ ਹੁੰਨੇ ਆਂ ਆ “ਲਾਕੂਲਾ ਦਾਰੂ” ਅੱਖਾਂ ਚ ਪਾਉਣਾ ਵਾਲਾ ਕਿਹਾ ਸੀ। ਤੇ ਤੂੰ ਅਖੇ ਅੰਨੀ ਦੀ ਮਾਂ ਨਾਲ ਮਸ਼ਕਰੀਆਂ,ਵੇ ਮੈਂ ਤੇ ਹੁਣ ਤੱਕ ਮੀਟ ਆਂਡਾ ਖਾਣਾ ਤਾਂ ਦੂਰ ਰਿਹਾ,ਰਸੋਈ ‘ਚ ਨਹੀਂ ਵੜਨ ਦਿੱਤਾ ਤੇ ਤੂੰ ਸ਼ਰਾਬ ਦੀਆ ਗੱਲਾਂ ਕਰ ਰਿਹਾ। ਚਲਾ ਜਾ ਮੇਰੇ ਲਾਗੋਂ ਐਵੇਂ ਹੜਬਾਂ ਨਾ ਭੰਨਾਅ ਲਈ ਮੇਰੇ ਕੋਲੋਂ।
ਤੇ ਜਦੋਂ ਨੋਕਰ ਨੇ ਵੇਖਿਆਂ ਭੂਆ ਜੀ ਜ਼ਿਆਦਾ ਹੀ ਗਰਮ ਹੋ ਗਏ ਤਾਂ ਮਲਕੜੇ ਜਿਹੇ ਉੱਥੋਂ ਖਿਸਕ ਕੇ ਪਿੱਛੇ ਬਣੇ ਸਰਵੈਂਟ ਕਵਾਟਰ ਦੀਆ ਪੌੜੀਆਂ ਚੜ ਗਿਆ। 😁
ਜੇ.ਪੀ.ਐਸ.ਕਾਹਲੋਂ

Leave a Reply

Your email address will not be published. Required fields are marked *