ਮਜ਼ਬੂਰੀ | majboori

ਇਹ ਗੱਲ ਕੋਈ ਸੰਨ 1915-20 ਦੇ ਸਮੇਂ ਦੀ ਹੋਣੀ ਏ ਜਿਹੜੀ ਮੈਨੂੰ ਤਾਇਆ ਜੀ ,ਸਰਦਾਰ ਗੁਰਬਚਨ ਸਿੰਘ ਹੁਣਾਂ ਨੇ ਸੁਣਾਈ ਸੀ।
ਤਾਇਆ ਜੀ ਨੇ ਦੱਸਿਆ ਕਿ ਉਹਨਾਂ ਸਮਿਆਂ ਚ ਹੁਣ ਵਾਂਗ ਰੁਪਿਆ ਪੈਸਾ ਲੋਕਾਂ ਕੋਲ ਆਮ ਨਹੀਂ ਸੀ ਹੁੰਦਾ। ਮਸਾਂ ਰੁਪਈਆਂ ਧੇਲਾ ਲੋਕ ਸਾਂਭ-ਸਾਂਭ ਰੱਖਦੇ ਘਰਾਂ ਦੇ ਜ਼ਰੂਰੀ ਸਮਾਨ ਲਈ। ਅਸਲ ਵਿੱਚ ਉਦੋਂ ਸਮੇਂ ਮੁਤਾਬਿਕ ਲੋੜਾਂ ਵੀ ਘੱਟ ਸਨ ਤੇ ਬਹੁਤੀਆਂ ਲੋੜਾਂ ਘਰੋਂ ਹੀ ਪੂਰੀਆਂ ਹੋ ਜਾਂਦੀਆਂ ਸਨ। ਗੱਲ ਇੱਥੋਂ ਹੀ ਤੁਰਦੀ ਏ।
ਪੜਦਾਦਾ ਜੀ ਸ੍ਰ ਜੁਆਲਾ ਸਿੰਘ ਜੀ ਬਰਨਾਲੇ ਸ਼ਹਿਰ ਕਦੇ-ਕਦੇ ਵਰ੍ਹੇ ਛਿਮਾਹੀ ਗੱਡਾ ਲੈ ਕੇ ਜਾਂਦੇ ਤੇ ਪਿੰਡ ਦੇ ਘਰਾਂ ਦੀਆਂ ਮੋਢੀ ਔਰਤਾਂ ਉਹਨਾਂ ਨੂੰ ਰੁਪਈਆਂ-ਰੁਪਈਆ ਦੇ ਕੇ ਆਪਣਾ-ਆਪਣਾ ਘਰੇਲੂ ਵਰਤੋਂ ਦਾ ਜਰੂਰੀ ਸਮਾਨ ਦੱਸ ਜਾਂਦੀਆਂ ਜੋ-ਜੋ ਮੰਗਵਾਉਣਾ ਹੁੰਦਾ ਤੇ, ਪੜਦਾਦਾ ਜੀ ਉਹ ਸਾਰਾ ਸਮਾਨ ਲਿਆ ਕੇ ਘਰੋ ਘਰ ਵੰਡ ਦਿੰਦੇ। ਕਿਉਂਕਿ ਸਾਡਾ ਪਿੰਡ ਛੋਟਾ ਹੀ ਸੀ ਤੇ ਸਾਰੇ ਪਿੰਡ ਦਾ ਸਮਾਨ ਪੜਦਾਦਾ ਜੀ ਲੈ ਆਉਂਦੇ ਸਨ।
ਇਸੇ ਤਰ੍ਹਾਂ ਇੱਕ ਵਾਰ ਜਦੋਂ ਬਰਨਾਲੇ ਸਮਾਨ ਲੈਣ ਜਾਣਾ ਸੀ ਤਾਂ ਲੱਗਭਗ ਸਾਰੇ ਪਿੰਡ ਚੋਂ 50-55 ਰੁਪਏ ਇਕੱਠੇ ਹੋ ਗਏ ਤੇ ਸਾਰੇ ਘਰਾਂ ਨੇ ਆਪਣਾ-ਆਪਣਾ, ਜੋ-ਜੋ ਸਮਾਨ ਚਾਹੀਂਦਾ ਸੀ ਦੱਸ ਦਿੱਤਾ। ਪੜਦਾਦਾ ਜੀ ਨੇ ਗੱਡਾ ਜੋੜ ਲਿਆ ਤੇ ਨਾਲ ਆਪਣੇ ਵੱਡੇ ਸਪੁੱਤਰ ਸ੍ਰ ਸਾਉਣ ਸਿੰਘ ਨੂੰ ਬਿਠਾ ਲਿਆ ਜਿਹੜੇ ਕਿ ਉਸ ਸਮੇਂ ਮੁੱਛ ਫੁੱਟ ਗੱਭਰੂ ਸਨ। ਇਸ ਤਰ੍ਹਾਂ ਦੋਵੇਂ ਪਿਉ ਪੁੱਤ ਸ਼ਹਿਰ ਨੂੰ ਚੱਲ ਪਏ।
50-55 ਰੁਪਏ ਉਹਨਾਂ ਸਮਿਆਂ ਚ ਬਹੁਤ ਵੱਡੀ ਰਕਮ ਹੁੰਦੀ ਸੀ ਤੇ ਕਿਸੇ ਸੇਠ ਸ਼ਾਹੂਕਾਰ ਜਾਂ ਕਹਿੰਦੇ ਕਹਾਉਂਦੇ ਜੰਗੀਰਦਾਰ ਜਾ ਜੈਲਦਾਰ ਕੋਲ ਹੀ ਪੈਸੇ ਹੁੰਦੇ ਸਨ। ਆਮ ਲੋਕ ਤਾਂ ਮਸਾਂ ਆਨੇ ਧੇਲੀਆਂ ਤੱਕ ਸੀਮਤ ਹੁੰਦੇ ਸਨ।
ਰਸਤੇ ਚ ਜਾਂਦੇ ਦੋਵੇਂ ਪਿਉ ਪੁੱਤ ਗੱਲਾਂ ਕਰਦੇ ਜਾ ਰਹੇ ਸਨ। ਦਾਦਾ ਜੀ ਸ੍ਰ ਸਾਉਣ ਸਿੰਘ ਨੇ ਕਿਤੋਂ ਇਹ ਸੁਣ ਰੱਖਿਆ ਸੀ ਕਿ ਹੋਤੀ- ਮਰਦਾਨ ਫ਼ੌਜ ਦੀ ਭਰਤੀ ਹੋ ਰਹੀ ਹੈ। ਦਾਦਾ ਜੀ ਕਹਿੰਦੇ,” ਬਾਪੂ ,ਹੋਤੀ ਮਰਦਾਨ ਫੌਜ ਦੀ ਭਰਤੀ ਹੋ ਰਹੀ ਹੈ,ਜੇਕਰ ਮੈਨੂੰ ਕੁਝ ਰੁਪਏ ਮਿਲ ਜਾਣ ਤਾਂ ,ਮੈਂ ਬਰਨਾਲੇ ਤੋਂ ਰੇਲ ਫੜਕੇ ਉਥੇ ਜਾ ਕੇ ਭਰਤੀ ਹੋ ਜਾਵਾਂ।”
ਪੜਦਾਦਾ ਜੀ ਕਹਿੰਦੇ,”ਸਾਉਣ ਸਿਆਂ ਗੱਲ ਤਾਂ ਤੇਰੀ ਠੀਕ ਹੈ ਪਰ ਆਪਣੇ ਕੋਲ ਜੋ ਰੁਪਏ ਨੇ ਉਹ ਸਾਰੇ ਲੋਕਾਂ ਦੇ ਨੇ, ਤੇ ਇਸ ਵਿੱਚ ਆਪਣੇ ਤਾਂ ਮਸਾਂ ਇੱਕ -ਦੋ ਰੁਪਏ ਹੀ ਹਨ। ਮੈਂ ਲੋਕਾਂ ਨੂੰ ਕੀ ਜਵਾਬ ਦੇਵਾਂਗਾ..!”
ਕਸ਼ਮਕਸ਼ ਵਿੱਚੋਂ ਇਹ ਹੱਲ ਨਿਕਲਿਆ ਕਿ ਪੜਦਾਦਾ ਜੀ ਨੇ ਰੁਪਏ ,ਦਾਦਾ ਜੀ ਨੂੰ ਦੇ ਦਿੱਤੇ ਤੇ ਕਹਿ ਦਿੱਤਾ ਪੁੱਤਰਾ ਤੇਰੀ ਵੀ ਮਜ਼ਬੂਰੀ ਏ, ਤੇ ਤੂੰ ਜਾ ਕੇ ਫ਼ੌਜ ਵਿੱਚ ਭਰਤੀ ਹੋ ਤੇ ਛੇਤੀ ਤੋਂ ਛੇਤੀ ਇਹ ਰੁਪਏ ਮੈਨੂੰ ਭੇਜੀਂ ਤਾਂ ਜੋ ਉਹਨਾਂ ਲੋਕਾਂ ਨੂੰ ਮੋੜ ਸਕਾਂ ਜਿੰਨਾ ਨੇ ਰਾਸ਼ਨ ਲਿਆਉਣ ਲਈ ਦਿੱਤੇ ਹਨ।
ਸਾਉਣ ਸਿੰਘ ਨੇ ਰੇਲ ਫੜੀ ਤੇ ਹੋਤੀ-ਮਰਦਾਨ ਨੂੰ ਚਾਲੇ ਪਾ ਦਿੱਤੇ ਤੇ, ਪੜਦਾਦਾ ਜੀ ਉਸ ਰਾਤ ਬਰਨਾਲੇ ਹੀ ਕਿਤੇ ਰਹੇ ਤੇ ਦੂਸਰੇ ਦਿਨ ਸ਼ਾਮ ਤੱਕ ਪਿੰਡ ਵਾਪਿਸ ਆਏ।
ਘਰ ਗੱਡਾ ਆਇਆ ਦੇਖ ਜਿੰਨਾਂ-ਜਿੰਨਾਂ ਘਰਾਂ ਨੇ ਸਮਾਨ ਮੰਗਵਾਇਆ ਸੀ। ਉਹਨਾਂ ਘਰਾਂ ਦੀਆਂ ਮਾਈਆਂ ਬੀਬੀਆਂ ਸਮਾਨ ਲੈਣ ਆਈਆਂ ਤੇ ਕਹਿੰਦੀਆਂ,”ਲਿਆ ਭਾਈ ਜੁਆਲਾ ਸਿਆਂ ਸਾਡਾ ਸਮਾਨ।” ਅੱਗੋਂ ਪੜਦਾਦਾ ਜੀ ਕਹਿੰਦੇ,”ਤੁਸੀ ਸਮਾਨ ਨੂੰ ਛੱਡੋ ਸਾਡਾ ਤਾਂ ਸਾਉਣ ਸਿੰਘ ਕਿੱਧਰੇ ਗੁਆਚ ਗਿਆ, ਕੱਲ ਦਾ ਲੱਭਿਆ ਨਹੀਂ, ਮੈਂ ਤਾਂ ਖਾਲੀ ਹੱਥ ਆ ਗਿਆਂ ਤੇ ਸਾਰੇ ਪੈਸੇ ਉਸ ਕੋਲ ਸਨ।”
ਇੰਨੀ ਗੱਲ ਸੁਣਕੇ ਸਾਰੇ ਜਣੇ ਅਫਸੋਸ ਪ੍ਰਗਟ ਕਰਦੇ ਆਪਣੇ-ਆਪਣੇ ਘਰਾਂ ਨੂੰ ਚਲੇ ਗਏ ਕਿ ਜਿਸਦਾ ਜੁਆਨ ਪੁੱਤਰ ਗੁਆਚ ਗਿਆ, ਉਸ ਵਿਚਾਰੇ ਨੂੰ ਕਿਉਂ ਤੰਗ ਕਰਨਾ। ਜਦੋਂ ਮੁੰਡਾ ਲੱਭ ਗਿਆ ਪੈਸੈ ਆਪੇ ਮਿਲ ਜਾਣਗੇ। ਪੜਦਾਦਾ ਜੀ ਨੇ ਘਰ ਵੀ ਕਿਸੇ ਨੂੰ ਨਾ ਦੱਸਿਆ ਕਿ ਸਾਉਣ ਸਿਉਂ ਤਾਂ ਫੌਜ ਦੀ ਭਰਤੀ ਲਈ ਗਿਆ।
ਇਸ ਤਰ੍ਹਾਂ ਲੱਗਭੱਗ ਮਹੀਨੇ ਬਾਅਦ ਦਾਦਾ ਜੀ ਦੀ ਚਿੱਠੀ ਪਿੰਡ ਆਈ ਤੇ ਉਹਨਾਂ ਨੇ ਦੱਸਿਆ ਕਿ ਉਹ ਫੌਜ ਵਿੱਚ ਭਰਤੀ ਹੋ ਗਏ ਹਨ ਤੇ ਠੀਕ-ਠਾਕ ਹਨ ਤੇ ਛੇਤੀ ਹੀ ਛੁੱਟੀ ਲੈ ਕੇ ਪਿੰਡ ਆਉਣਗੇ।
ਚਿੱਠੀ ਆਈ ਸੁਣਕੇ ਸਾਰੇ ਪਰਿਵਾਰ ਤੇ ਪਿੰਡ ਨੇ ਸੁੱਖ ਮਨਾਈ ਕਿ ਮੁੰਡਾ ਮਿਲ ਗਿਆ ਹੈ ਤੇ ਠੀਕ-ਠਾਕ ਹੈ।
ਇਸ ਤਰ੍ਹਾਂ ਭਰਤੀ ਹੋਣ ਤੋਂ ਕੋਈ ਦੋ ਕੁ ਮਹੀਨੇ ਬਾਅਦ ਦਾਦਾ ਜੀ ਹੁਣਾਂ ਦਾ ਅਫਸਰ ਸਾਰੇ ਜੁਆਨਾਂ ਨੂੰ ਕਹਿੰਦਾ,”ਜੁਆਨੋ ਦੱਸੋ ਜੇ ਕਿਸੇ ਦੀ ਕੋਈ ਮਜ਼ਬੂਰੀ ਹੈ।” ਤਾਂ ਦਾਦਾ ਜੀ ਕਹਿੰਦੇ,” ਸਾਬ ਜੀ ਮੈਂਨੂੰ 60 ਰੁਪਏ ਚਾਹੀਂਦੇ ਹਨ ,ਜੋ ਮੈਂ ਪਿੰਡ ਦੇ ਲੋਕਾਂ ਦੇ ਮੋੜਨੇ ਹਨ।”
ਅਫਸਰ ਖੁਸ਼ ਹੋ ਕੇ ਕਹਿੰਦਾ,” ਜੁਆਨ,ਬੱਸ 60 ਰੁਪਏ, ਮੈਂ ਤੁਹਾਨੂੰ 120 ਰੁਪਏ ਦੇਵਾਂਗਾ ਤੇ ਤੁਸੀਂ ਖੁਦ ਪਿੰਡ ਜਾ ਕੇ ਪੈਸੇ ਵਾਪਿਸ ਕਰਕੇ ਆਓ।”
ਇਸ ਤਰ੍ਹਾਂ ਲੱਗਭੱਗ ਢਾਈ-ਤਿੰਨ ਮਹੀਨੇ ਬਾਅਦ ਦਾਦਾ ਜੀ ਛੁੱਟੀ ਆਏ ਤੇ ਉਹਨਾਂ ਨੇ ਸਾਰੇ ਪੈਸੇ ਆਪਣੇ ਬਾਪੂ ਸ੍ਰ ਜੁਆਲਾ ਸਿੰਘ ਨੂੰ ਦੇ ਦਿੱਤੇ ਤੇ ਕਿਹਾ, “ਬਾਪੂ ਜਿੰਨਾਂ ਲੋਕਾਂ ਦੇ ਪੈਸਿਆਂ ਨੇ ਆਪਣਾ ਡੰਗ ਸਾਰਿਆ ਉਹਨਾਂ ਸਭ ਦੇ ਪੈਸੇ ਮੋੜ ਦਿਓ।”
ਇਸ ਤਰ੍ਹਾਂ ਪੜਦਾਦਾ ਜੀ ਹੁਣਾਂ ਨੇ ਸਾਰਿਆਂ ਨੂੰ ਉਹਨਾਂ ਦੇ ਪੈਸੇ ਵਾਪਿਸ ਕੀਤੇ ਤੇ ਨਾਲੇ ਮੁਆਫੀ ਮੰਗੀ ਕਿ ਮਜ਼ਬੂਰੀ ਵਿੱਚ ਉਹਨਾਂ ਨੂੰ ਇਹ ਸਭ ਕਰਨਾ ਪਿਆ ਤੇ ਨਾਲੇ ਧੰਨਵਾਦ ਕੀਤਾ ਕਿ ਉਹਨਾਂ ਦੇ ਪੈਸੇ ਸਦਕਾ ਸਾਉਣ ਸਿੰਘ ਨੌਕਰ ਹੋ ਸਕਿਆ।
ਇਹ ਨੇ ਸਾਡੇ ਬਾਬਿਆਂ ਦੇ ਜੀਵਨ। ਜਿਹੜੇ ਇੱਕ ਦੂਜੇ ਦੀ ਮਜ਼ਬੂਰੀ ਸਮਝਦੇ ਸਨ ਤੇ ਇੱਕ ਦੂਜੇ ਦੇ ਸੁੱਖ ਦੁੱਖ ਦੇ ਸਾਂਝੀ ਸਨ।
ਪਹਿਲੀ ਗੱਲ ਸਾਡੇ ਚ ਉਹਨਾਂ ਜਿੰਨੀ ਸਹਿਣਸ਼ੀਲਤਾ ਹੀ ਨਹੀਂ,ਹੁਣ ਕੋਈ ਛੇਤੀ ਕੀਤਿਆਂ ਕਿਸੇ ਤੇ ਵਿਸ਼ਵਾਸ ਹੀ ਕਰਦਾ। ਜੇ ਕਰਦਾ ਵੀ ਹੈ ਤਾਂ ਸਿਰੇ ਕਿਸੇ-ਕਿਸੇ ਦਾ ਚੜਦਾ। ਸਿਜਦਾ ਉਹਨਾਂ ਰੂਹਾਂ ਅੱਗੇ।।
ਹਰਜੀਤ ਸਿੰਘ ਖੇੜੀ
30-07-23

Leave a Reply

Your email address will not be published. Required fields are marked *