ਖ਼ੁਦਕੁਸ਼ੀ | khudkushi

ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋ ਮੈ ਨਵਾਂ ਨਵਾਂ ਬੈਂਕ ਚ ਭਰਤੀ ਹੋਇਆ ਸੀ I ਮੈ ਰੋਜ਼ ਘਰੋਂ ਦੁਪਹਿਰ ਦਾ ਖਾਣਾ ਟਿੱਫਣ ਵਿਚ ਪਾ ਕੇ ਘਰੋਂ ਤੁਰਦਾ ਸਰਕਾਰੀ ਬੱਸ ਲੈ ਕੇ ਬੈਂਕ ਵਿਚ ਸਮੇ ਸਿਰ ਪਹੁੰਚ ਜਾਂਦਾ I ਬੈਂਕ ਦਾ ਨਵਾਂ ਕਰਮਚਾਰੀ ਹੋਣ ਕਰ ਕੇ ਮੈਨੂੰ ਬੈਂਕ ਵਿਚ ਵੱਖਰੇ ਵੱਖਰੇ ਵਿਭਾਗ ਦੀ ਸਿਖਲਾਈ ਦਿਤੀ ਜਾ ਰਹੀ ਸੀ I
ਇਕ ਦਿਨ ਮੈ ਬੈਂਕ ਦੇ ਬੱਚਤ ਖਾਤੇ ਦੇ ਕਾਉੰਟਰ ਤੇ ਬੈਠਾ ਗਾਹਕਾਂ ਦਾ ਭੁਗਤਾਨ ਕਰ ਰਿਹਾ ਸੀ ਕਿ ਇਕ ਗਾਹਕ ਨੇ ਬੜੇ ਰੋਹਬ ਨਾਲ ਬੱਚਤ ਖਾਤੇ ਦੀ ਕਾਪੀ ਮੇਰੇ ਅਗੇ ਸੁੱਟਦਿਆਂ ਕਿਹਾ ਤਿੰਨ ਲਖ ਰੁਪਏ ਦੇ ਦਿਓ I ਮੈ ਉਹਦਾ ਫਾਰਮ ਭਰ ਕੇ ਫਾਰਮ ਤੇ ਦਸਤਖ ਕਰਨ ਨੂੰ ਕਿਹਾ I ਉਹਨੇ ਦਸਤਖ ਕਰ ਕੇ ਮੈਨੂੰ ਫਾਰਮ ਦਿੱਤਾ ਮੈ ਜਦੋ ਉਹਦਾ ਖਾਤਾ ਵੇਖਿਆ ਤਾ ਖਾਤੇ ਵਿਚ ਪੈਂਤੀ ਸੌ ਰੁਪਏ ਸਨ I ਮੈ ਕਿਹਾ ਪਾਖਰ ਸਿੰਘ ਜੀ ਤੁਹਾਡੇ ਖਾਤੇ ਵਿਚ ਪੈਸੇ ਨਹੀਂ ਹਨ I ਪਾਖਰ ਸਿੰਘ ਉੱਚੀ ਆਵਾਜ਼ ਚ ਬੋਲਿਆ ਕਹਿੰਦਾ ਕਾਕਾ ਹੋਸ਼ ਨਾਲ ਗੱਲ ਕਰ I
ਮੈ ਹੱਡ ਭੰਨਵੀਂ ਦੁਬਈ ਚ ਮੇਹਨਤ ਕਰ ਕੇ 8 ਲਖ ਭੇਜਿਆ ਤੂੰ ਕਹਿੰਦਾ ਖਾਤੇ ਚ ਪੈਸੇ ਹੈ ਨਹੀਂ I
ਪਿੱਛੇ ਬੈਠੇ ਅਫਸਰ ਨੇ ਕਿਹਾ ਪਾਖਰ ਸਿੰਘ ਜੀ ਤੁਸੀਂ ਮੇਰੇ ਕੋਲ ਆ ਜਾਓ ਇਹ ਨਵਾਂ ਕਰਮਚਾਰੀ ਇਹਨੂੰ ਭੁਲੇਖਾ ਲਗਾ ਹੋਣਾ I
ਸੀਸ਼ੇ ਵਾਲੇ ਕੈਬਿਨ ਚੋ ਬੈਂਕ ਮੈਨੇਜਰ ਉਠ ਕੇ ਬਾਹਰ ਆ ਗਿਆ I
ਪਿੱਛੇ ਬੈਠੇ ਅਫਸਰ ਨੇ ਕਿਹਾ ਪਾਖਰ ਸਿੰਘ ਜੀ ਤੁਹਾਡੇ ਖਾਤੇ ਚ ਸੱਚਮੁੱਚ ਪੈਸੇ ਨਹੀਂ ਹਨ ਉਹਦੇ ਨਾਲ ਆਈ ਉਹਦੀ ਪਤਨੀ ਕਸ਼ਮੀਰ ਕੌਰ ਉੱਚੀ ਉੱਚੀ ਰੌਲਾ ਪਾਉਣ ਲਗ ਪਈ ਬੈਂਕ ਵਾਲੇ ਖਾ ਗਏ ਬੈਂਕ ਵਾਲੇ ਖਾ ਗਏ I ਬੈਂਕ ਮੈਨੇਜਰ ਦੋਵਾਂ ਪਤੀ ਪਤਨੀ ਨੂੰ ਆਪਣੇ ਸੀਸ਼ੇ ਵਾਲੇ ਕੈਬਿਨ ਚ ਲੈ ਗਿਆ I ਬੈਂਕ ਮੈਨੇਜਰ ਨੇ ਜਿਹੜੀ ਜਿਹੜੀ ਤਰੀਕ ਨੂੰ ਪੈਸੇ ਕਢਾਏ ਸਨ ਉਹ ਸਾਰੇ ਫਾਰਮ ਮੰਗਾ ਲਏ I
ਸਾਰੇ ਫਾਰਮਾਂ ਤੇ ਕਸ਼ਮੀਰ ਕੌਰ ਦੇ ਪੈਸੇ ਕਢਾਉਣ ਲਈ ਦਸਤਖ ਸਨ I ਕਸ਼ਮੀਰ ਕੌਰ ਸਾਰੇ ਪੈਸੇ ਮੰਨ ਗਈ I ਪਾਖਰ ਸਿੰਘ ਨੇ ਗੁੱਸੇ ਵਿਚ ਕਾੜ ਕਰਦੀ ਚੁਪੇੜ ਕਸ਼ਮੀਰ ਕੌਰ ਦੇ ਮੂੰਹ ਤੇ ਜੜ੍ਹ ਦਿੱਤੀ I ਮੈਨੇਜਰ ਨੇ ਕਿਹਾ ਪਾਖਰ ਸਿੰਘ ਜੀ ਇਹ ਪਬਲਿਕ ਜਗਾ ਹੈ ਇਥੇ ਤੁਸੀਂ ਲੜ ਨਹੀਂ ਸਕਦੇ I
ਪਾਖਰ ਸਿੰਘ ਕਸ਼ਮੀਰ ਕੌਰ ਨੂੰ ਗੁੱਸੇ ਨਾਲ ਲੈ ਕੇ ਪਿੰਡ ਵਲ ਤੁਰ ਪਿਆ I
ਦੁਪਹਿਰ ਖਾਣੇ ਵੇਲੇ ਹਰ ਕਰਮਚਾਰੀ ਆਪਣੀ ਆਪਣੀ ਰਾਏ ਮੁਤਾਬਿਕ ਗੱਲ ਕਰ ਰਿਹਾ ਸੀ ਕਿ ਕੀ ਹੋਇਆ ਹੋਵੇਗਾ
ਅਗਲੇ ਦਿਨ ਇਕ ਗਾਹਕ ਪੈਸੇ ਕਢਾਉਣ ਬੈਂਕ ਆਇਆ ਜੋ ਪਾਖਰ ਸਿੰਘ ਦੇ ਪਿੰਡ ਦਾ ਸੀ I ਉਹਨੂੰ ਪਾਖਰ ਸਿੰਘ ਬਾਰੇ ਪੁੱਛਿਆ ਉਹ ਕਹਿੰਦਾ ਤੁਹਾਨੂੰ ਨਹੀਂ ਪਤਾ ਲਗਾ ਉਹਨੇ ਤਾ ਰਾਤ ਨੂੰ ਹੀ ਖ਼ੁਦਕੁਸ਼ੀ ਕਰ ਲਈ ਸੀ ਓਹਦੀ ਘਰਵਾਲੀ ਗਹਿਣਾ ਗੱਟਾ ਲੈ ਕੇ ਪਿੰਡ ਦੇ ਆਸ਼ਿਕ ਨਾਲ ਫਰਾਰ ਹੋ ਗਈ ਪੁਲਿਸ ਤਫਤੀਸ਼ ਕਰ ਰਹੀ ਪਰ ਅਜੇ ਕੋਈ ਸੁਰਾਗ ਹੱਥ ਨਹੀਂ ਲਗਾ I
ਸਾਰੇ ਬੈਂਕ ਕਰਮਚਾਰੀ ਇਕ ਦੂਜੇ ਵੱਲ ਤਕ ਰਹੇ ਸਨ ਇੰਜ ਲਗ ਰਿਹਾ ਸੀ ਜਿਵੇ ਸਾਰੇ ਕਰਮਚਾਰੀ ਇਕ ਦੂਜੇ ਨੂੰ ਕਹਿ ਰਹੇ ਹੋਣ ਬਹੁਤ ਮਾੜਾ ਹੋਇਆ
ਢਾਡੀ ਕੁਲਜੀਤ ਸਿੰਘ ਦਿਲਬਰ
+14255241828

Leave a Reply

Your email address will not be published. Required fields are marked *