ਮੈਂ ਕੌਣ ਹਾਂ ? | mai kaun aa?

ਸ਼ਾਇਦ ਮੇਰੀ ਜ਼ਿੰਦਗੀ ਚੰਗੀ ਹੈ ਅਤੇ ਬਾਕੀ ਵੀ ਇਸੇ ਤਰ੍ਹਾਂ ਲੰਘ ਜਾਣੀ ਹੈ। ਪਰ ਮੈਂਨੂੰ ਕਿਉਂ ਲੱਗ ਰਿਹਾ ਹੈ ਕਿ ਮੈਂ ਬਾਕੀ ਲੋਕਾਂ ਨਾਲੋਂ ਅਲੱਗ ਹਾਂ। ਕਿਹੜੀ ਚੀਜ਼ ਮੈਂਨੂੰ ਬਾਕੀਆਂ ਨਾਲੋਂ ਅਲੱਗ ਕਰ ਰਹੀ ਹੈ, ਸ਼ਾਇਦ ਇਹ ਸਵਾਲ ਹਰ ਰੋਜ਼ ਮੇਰੇ ਦਿਮਾਗ ਵਿੱਚ ਖੱਟਕਦਾ ਹੈ ਕਿ ਮੈਂ ਹੈ ਤਾਂ ਹੋਰਾਂ ਵਰਗਾ ਹੀ, ਫਿਰ ਇਹ ਕਿਉਂ ਮੈਨੂੰ ਵਾਰ-ਵਾਰ ਕਹਿ ਰਹੇ ਹਨ, ਕਿ ਤੂੰ ਹੁਣ ਪਹਿਲਾ ਵਰਗਾ ਨਹੀ ਰਿਹਾ। ਮੈਂਨੂੰ ਸਮਝ ਨਹੀ ਆ ਰਿਹਾ ਕਿ ਹੋਇਆ ਕੀ? ਸ਼ਾਇਦ ਮੇਰੇ ਘਰ ਦਿਆਂ ਦਾ ਦਿਮਾਗ ਖਰਾਬ ਹੋ ਗਿਆ ਜਾਂ ਲੋਕਾਂ ਦਾ ਜੋ ਮੈਂਨੂੰ ਐਂਵੇ ਹੀ ਬੋਲ੍ਹੀ ਜਾਂਦੇ ਨੇ, ਮੈਨੂੰ ਤਾਂ ਕੁਝ ਬਦਲਾਅ ਨਜ਼ਰ ਨਹੀਂ ਆ ਰਿਹਾ। ਸਾਰੇ ਕੰਮ ਤਾਂ ਕਰ ਰਿਹਾ ਹਾਂ ਪਰ ਫਿਰ ਵੀ ਮੈਂਨੂੰ ਬੋਲੀ ਜਾ ਰਹੇ ਹਨ। ਮੈਂਨੂੰ ਸਮਝ ਨਹੀ ਆ ਰਹੀ ਇਹ ਮੇਰੇ ਨਾਲ ਕਿਉਂ ਹੋ ਰਿਹਾ ? ਘਰਦਿਆਂ ਦੀ ਹਰ ਰੋਜ਼ ਇੱਕੋ ਰੱਟ ਜਰੂਰ ਹੁੰਦੀ ਹੈ ਕੇ ਆਹ ! ਕਲੇਸ਼ ਦਾ ਘਰ ਛੱਡ ਦੇ, ਪਰ ਇਹ ਹੈ ਕੀ ਚੀਜ਼ ਜੋ ਮੈਂ ਛੱਡ ਦਾ ਸ਼ਾਇਦ ! ਇਹ ਨਸ਼ਾ ਹੈ। ਮੈਂਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਮੈਂ ਕਿਉਂ ਛੱਡਾਂ ਜਦ ਮੈਨੂੰ ਕੋਈ ਦਿੱਕਤ ਤਾਂ ਹੈ ਨਹੀਂ। ਤੁਸੀਂ ਆਪਣਾ ਕੰਮ ਕਰੋ ਮੈਂਨੂੰ ਆਪਣਾ ਕਰਨ ਦਿਉ ਨਾਲੇ ਇਹ ਪ੍ਰਵੱਚਨ ਕਿਸੇ ਹੋਰ ਨੂੰ ਦਿਉ। ਬੁੜ-ਬੁੜ ਕਰਦਾ ਬਾਹਰ ਆ ਜਾਂਦਾ ਹਾਂ। ਟਾਇਮ ਕਿੰਨਾ ਹੋ ਗਿਆ ਲੈ ਵੀ ਅੱਜ ਦਾ ਤਾਂ ਸਾਰਾ ਹੀ ਸਰੂਰ ਉੱਤਰ ਗਿਆ, ਇਸ ਰੋਜ਼ ਦੀ ਕਿਚ-ਕਿਚ ਨੇ ਮੇਰਾ ਦਿਮਾਗ ਖਰਾਬ ਕਰ ਕੇ ਰੱਖਤਾ। ਸੋਚਦਾਂ ਅੱਜ ਕਰ ਲੈਣਾਂ ਕੱਲ੍ਹ ਦੀ ਕੱਲ੍ਹ ਨਾਲ ਰਹੀ। ਪਰ ਮੈਂ ਤਾਂ ਸੋਚਦਾਂ ਸੀ ਕਿ ਕੱਲ੍ਹ ਤੋਂ ਸਭ ਬੰਦ ਕਰ ਦੇਣਾ ਪਰ ਕੱਲ੍ਹ ਤਾਂ ਅੱਜ ਫੇਰ ਆ ਗਈ। ਸ਼ਾਇਦ ਇਹ ਉਹ ਕੱਲ੍ਹ ਨੀ ਆਈ ਜੋ ਮੈਂ ਸੋਚ ਰਿਹਾ ਸੀ। ਸਮਝ ਨੀ ਆ ਰਹੀ ਕਰਾਂ ਕੀ ? ਪਰ ਕਿਉਂ ਦਿਮਾਗ ਖਰਾਬ ਕਰਾਂ । ਸਵੇਰੇ ਉੱਠ ਕੇ ਪਹਿਲਾ ਵਿਚਾਰ ਸ਼ਾਇਦ ਮੇਰਾ ਨਸ਼ੇ ਬਾਰੇ ਤਾਂ ਹੀ ਨਹੀਂ? ਪਰ ਇਸ ਨਾਲ ਕੀ ਹੁੰਦਾ ਸੋਚ ਤਾਂ ਕੋਈ ਵੀ ਸਕਦਾ। ਫਿਰ ਮੈਂ ਬੇਚੈਨ ਕਿਉਂ ਹੋ ਜਾਂਦਾ ਹਾਂ ਤੇ ਮੇਰੇ ਮਨ ਅੰਦਰ ਕਾਹਲ ਕਿਉਂ ਹੈ ਮੈਂਨੂੰ ਇੱਕ ਇੱਕ ਪਲ ਕੱਟਣਾ ਮੁਸ਼ਕਿਲ ਕਿਉਂ ਹੁੰਦਾ? ਜਦ ਨਸ਼ਾ ਮੇਰੇ ਤੋਂ ਦੂਰ ਹੁੰਦਾ ਹੈ ਤਾਂ ਮੈਨੂੰ ਸਭ ਬੁਰਾ ਬੁਰਾ ਕਿਉਂ ਮਹਿਸੂਸ ਹੁੰਦਾ? ਮੈਂ ਕੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹਾਂ ? ਸਵੇਰੇ ਉੱਠਦੇ ਹੀ ਲੱਤਾਂ ਵਿੱਚ ਦਰਦ ਕਿਉਂ ਮਹਿਸੂਸ ਕਰਦਾ ਹਾਂ? ਮੇਰਾ ਸਿਰ ਕਿਉਂ ਚੱਕਰ ਖਾ ਰਿਹਾ ਹੁੰਦਾ ਹੈ? ਮੈਨੂੰ ਇਕੱਲਾਪਣ ਕਿਉਂ ਮਹਿਸੂਸ ਹੋ ਰਿਹਾ ਹੁੰਦਾ ਹੈ? ਮੈਂ ਕਿਸ ਚੀਜ਼ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹਾਂ। ਮੇਰੇ ਅੰਦਰ ਡਰ ਕਿਸ ਚੀਜ਼ ਲਈ ਹੈ, ਮੈਂ ਇਹ ਸੋਚ-ਸੋਚ ਬੇਚੈਨ ਕਿਉਂ ਹਾਂ? ਸ਼ਾਇਦ ਇਹ ਬਿਨਾਂ ਵਜਹ ਹੀ ਹੋ ਰਿਹਾ ਹੈ ਮੈਂ ਤਾਂ ਠੀਕ ਆਂ ਘਰ ਦਿਆਂ ਦਾ ਤਾਂ ਦਿਮਾਗ ਖਰਾਬ ਹੋ ਗਿਆ ਸ਼ਾਇਦ ਇਹਨਾਂ ਨੂੰ ਹਰ ਰੋਜ਼ ਡਰਾਮਾ ਕਰਨ ਦੀ ਆਦਤ ਪੈ ਗਈ ਮੈਨੂੰ ਲੱਗਦਾ ਇਹਨਾਂ ਦੇ ਡਰਾਮੇ ਵਾਲੇ ਭੂਤ ਕੱਢਣੇ ਹੀ ਪੈਣੇ ਨੇ। ਲੈ ਮੈਂ ਇਹ ਨਸ਼ਾ ਨਹੀ ਕਰਦਾ ਫਿਰ ਦੇਖਦਾ ਕਿਹੜਾ ਪਹਾੜ ਗਿਰਦਾ। ਮੈਂ ਠਾਣ ਲਿਆ ਅੱਜ ਨਹੀ ਕਰਦਾ ਜੋ ਮਰਜ਼ੀ ਹੋ ਜਾਵੇ, ਪਰ ਮੈਨੂੰ ਬੇਚੈਨੀ ਤਾਂ ਹੈ ਕਿਤੇ ਨਾ ਕਿਤੇ ਮਨ ਵੀ ਕਾਹਲਾ ਪੈ ਰਿਹਾ ਜਿਉਂ-ਜਿਉਂ ਦਿਨ ਗੁਜਰ ਰਿਹਾ ਮੈਨੂੰ ਗੁੱਸਾ ਵੀ ਆ ਰਿਹਾ ਚੰਗੀ/ਮਾੜੀ ਚੀਜ਼ ਤੇ ਭੁੱਖ ਵੀ ਨਹੀ ਲੱਗ ਰਹੀ ਕੰਮ ਕਰਨ ਨੂੰ ਦਿਲ ਵੀ ਨਹੀ ਕਰ ਰਿਹਾ ਤੇ ਹੁਣ ਸਰੀਰ ਵੀ ਦਰਦ ਮਹਿਸੂਸ ਕਰ ਰਿਹਾ ਉਫ! ਆਹ ਪੇਟ ਕਿਉਂ ਖਰਾਬ ਹੋ ਗਿਆ, ਕੁਝ ਗਲਤ ਖਾ ਲਿਆ ਹੋਣਾ, ਪਰ ਨਹੀਂ ਕੁਝ ਖਾਧਾ ਤਾਂ ਨਹੀਂ ਚੱਲ ਕੋਈ ਨੀ ਅੱਜ ਬਿਲਕੁਲ ਕੋਈ ਨਸ਼ਾ ਨਹੀਂ। ਮਨ ਬੇਚੈਨ ਕਿਉਂ ਹੈ, ਆ ਕੀ ਹੋ ਰਿਹਾ ਮੇਰੇ ਨਾਲ ? ਅਰਾਮ ਕਰਨ ਦੀ ਸੋਚ ਰਿਹਾਂ ਪਰ ਮੈਂਨੂੰ ਨੀਂਦ ਵੀ ਨਹੀਂ ਆ ਰਹੀ। ਮੈਂ ਬੇਵੱਸ ਹੋ ਕੇ ਸ਼ਾਮ ਤਾਂ ਕੱਟ ਲਈ ਰਾਤ ਦਾ ਕੀ ਬਣੂ? ਕਿਤੇ ਸਾਰੀ ਰਾਤ ਏਦਾਂ ਹੀ ਦੁੱਖੀ ਨਾਂ ਹੋਈ ਜਾਵਾਂ। ਮੈਂ ਬੇਵੱਸ ਹੋ ਕੇ ਜਿਸ ਚੀਜ਼ ਨੂੰ ਸਵੇਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਤਾਂ ਮੇਰੇ ਹੱਥ ਵਿੱਚ ਸੀ ਤੇ ਫਟਾ ਫੱਟ ਮੈਂ ਆਪਣਾ ਨਸ਼ਾ ਪੂਰਾ ਕੀਤਾ ਤੇ ਲੋਕਾਂ ਤੇ ਆਪਣੇ ਲਈ ਨਸ਼ੇੜੀ ਹੋ ਗਿਆ। ਮੈਂ ਗਲਤ ਤਾਂ ਨਹੀਂ ! ਇਹ ਸਾਰੇ ਜੋ ਵਾਪਰੇ ਦਿਮਾਗ ਤੇ ਸਰੀਰ ਦੇ ਲੱਛਣ ਸੀ। ਨਸ਼ਾ ਤਾਂ ਕਿਤੇ ਹੈ ਹੀ ਨਹੀ ਸੀ, ਮੈਂ ਤਾਂ ਸਰੀਰਕ ਦੇ ਦਿਮਾਗੀ ਲੱਛਣਾਂ ਨਾਲ ਲੜ ਰਿਹਾ ਸੀ ਤੇ ਅੰਤ ਮੈਂ ਬੇਵੱਸ ਹੋ ਕੇ ਹਾਰ ਗਿਆ ਇਹਨਾਂ ਲੱਛਣਾਂ ਨੇ ਮੈਨੂੰ ਨਸ਼ੇ ਅੱਗੇ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ। ਫਿਰ ਅਚਾਨਕ ਅੰਦਰੋਂ ਅਵਾਜ਼ ਆਈ ਕਿ ਇਹ ਤਾਂ ਕੋਈ ਬਿਮਾਰੀ ਹੈ, ਜੋ ਮੇਰੇ ਨਾਲ ਹਰ ਵਕਤ ਚੱਲ ਰਹੀ ਹੈ। ਜੇ ਇਹ ਬਿਮਾਰੀ ਹੈ ਤਾਂ ਇਲਾਜ਼ ਵੀ ਜਰੂਰ ਹੋਣਾਂ ਪਰੰਤੂ ਕਿਵੇਂ ਤੇ ਕਿੱਥੇ ? ਹੁਣ ਕਿਸ ਨਾਲ ਗੱਲ ਕਰਾਂ ਮੇਰੇ ਘਰ ਦੇ ਕੀ ਸੋਚਣਗੇ ? ਮੇਰੀ ਪਤਨੀ ਮੇਰੇ ਬੱਚੇ ਮੇਰੇ ਦੋਸਤ ਮੇਰੇ ਰਿਸ਼ਤੇਦਾਰ ਸਾਰੇ ਮੈਨੂੰ ਨਸ਼ੇੜੀ ਕਹਿਣਗੇ ਤੇ ਮੇਰੇ ਤੇ ਸ਼ੱਕ ਕਰਨਾ ਸ਼ੁਰੂ ਕਰ ਦੇਣਗੇ। ਮੈਨੂੰ ਪੁਲਿਸ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ। ਜੇ ਮੈਂ ਇਹ ਗੱਲ ਕਿਸੇ ਨੂੰ ਦੱਸੀ ਇਸ ਨਾਲ ਮੇਰੀ ਇੱਜਤ ਘੱਟ ਜਾਣੀ ਹੈ। ਮੈਨੂੰ ਰਿਸ਼ਤੇਦਾਰ ਵੀ ਚੰਗਾ ਨਹੀਂ ਸਮਝਣਗੇ। ਹੁਣ ਮੈਂ ਕੀ ਕਰਾਂ? ਪਰ ਮੈਨੂੰ ਸਮਝ ਤਾਂ ਆ ਗਈ ਕਿ ਇਹ ਕੋਈ ਬਿਮਾਰੀ ਤਾਂ ਹੈ ਜੋ ਮੇਰਾ ਪਿੱਛਾ ਨਹੀ ਛੱਡ ਰਹੀ, ਮੈਂ ਹੁਣ ਕਿਸ ਨੂੰ ਪੁੱਛਾਂ ਤੇ ਕਿਸ ਨੂੰ ਦੱਸਾਂ ਕਿ ਮੈਂ ਸ਼ਾਇਦ ਨਸ਼ੇ ਦੀ ਬਿਮਾਰੀ ਦਾ ਰੋਗੀ ਹਾਂ। ਲੱਗਦਾ ਹਰ ਇੱਕ ਰੋਗੀ ਦੀ ਇਸ ਤਰ੍ਹਾਂ ਦੀ ਹੀ ਕਹਾਣੀ ਹੈ। ਇਥੇ ਸਮਝਣਾ ਜਰੂਰੀ ਹੈ ਕਿ ਜਿਸ ਨਾਲ ਇਹ ਬੀਤ ਰਹੀ ਹੈ, ਉਹ ਨਸ਼ੇੜੀ ਨਹੀਂ “ਰੋਗੀ” ਹੈ। ਉਹ ਇਲਾਜ਼ ਦੇ ਰਸਤੇ ਦੀ ਖੋਜ ਵਿੱਚ ਬੈਠਾ ਉਡੀਕ ਕਰ ਰਿਹਾ ਕਿ ਕਦ ਕੋਈ ਆਵੇ ਤੇ ਆਪਣੇ ਰੋਗ ਦੀ ਦਾਸਤਾਂ ਬਿਆਨ ਕਰੇ ਅਤੇ ਉਹ ਆਪਣੇ ਰੋਗ ਦੇ ਇਲਾਜ਼ ਲਈ ਮਦਦ ਲੈ ਸਕੇ। ਉਪਰੋਕਤ ਲੱਛਣ ਸਰੀਰ ਤੇ ਦਿਮਾਗੀ ਬਿਮਾਰੀ ਦੇ ਹਨ ਸੋ ਰੋਗੀ ਦੇ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਰੋਗੀ ਨੂੰ ਸਮਝਣ ਅਤੇ ਉਸਦੀ ਵੱਧ ਰਹੀ ਬਿਮਾਰੀ ਨੂੰ ਦੇਖਦੇ ਹੋਏ, ਰੋਗੀ ਦਾ ਇਲਾਜ਼ ਕਰਵਾਉਣ ਵਿੱਚ ਮਦਦ ਕਰਨ। ਰੋਗੀ ਨੂੰ ਖੁਦ ਵੀ ਚਾਹੀਦਾ ਹੈ ਕਿ ਉਹ ਨਸ਼ੇ ਦੇ ਰੋਗ ਦੇ ਇਲਾਜ਼ ਲਈ ਪਰਿਵਾਰ ਤੋਂ ਸਾਥ ਮੰਗੇ। ਰੋਗੀ ਦੀ ਇੱਛਾ ਸ਼ਕਤੀ, ਪਰਿਵਾਰ ਤੇ ਸਮਾਜ ਦੇ ਸਾਥ, ਡਾਕਟਰੀ ਸਹਾਇਤਾ ਤੇ ਤਜਾਰਬੇਕਾਰ ਕਾਉਂਸਲਰ, ਅਲਕੋਹਲਿਕ ਅਨਾਨਮਸ ਅਤੇ ਨਾਰਕੋਟਿਕਸ ਅਨਾਨਮਸ ਫੈਲੋਸ਼ਿਪ ਪ੍ਰੋਗਰਾਮਾਂ ਦੀ ਮਦਦ ਨਾਲ ਇਲਾਜ਼ ਸੰਭਵ ਹੋ ਸਕਦਾ ਹੈ। ਇਥੇ ਪਰਿਵਾਰ ਤੇ ਸਮਾਜ ਨੂੰ ਆਪਣੀ ਸੋਚ ਬਦਲ ਕੇ ਪੀੜਿਤ ਵਿਅਕਤੀ ਨੂੰ ਨਸ਼ੇ ਦਾ ਰੋਗੀ ਮੰਨਣਾ ਪਵੇਗਾ ਅਸੀਂ ਇਸ ਰੋਗੀ ਨੂੰ ਨਸ਼ੇੜੀ, ਨਸ਼ੇਬਾਜ,ਕਲੰਕ ਆਦਿ ਨਾਮਾਂ ਨਾਲ ਸੰਬੋਧਿਤ ਕਰਕੇ ਉਸ ਨੂੰ ਭਿਆਨਕ ਬਿਮਾਰੀ ਦੇ ਹਾਲ ਉੱਪਰ ਛੱਡ ਉਸਦੀ ਨਸ਼ੇ ਦੀ ਵਰਤੋਂ ਮਗਰ ਪੈ ਗਏ ਹਾਂ ਪਰ ਇਹ ਸਮੱਸ਼ਿਆ ਦਾ ਹੱਲ ਨਹੀ ਹੈ ਨਸ਼ੇ ਦੇ ਰੋਗੀ ਨੂੰ ਸਾਥ ਦੀ ਜਰੂਰਤ ਹੈ ਤੁਸੀਂ ਇੱਕ ਵਾਰ ਨਸ਼ੇ ਦੇ ਰੋਗੀ ਨੂੰ ਰੋਗੀ ਮੰਨ੍ਹ ਕੇ ਗੱਲ ਸ਼ੁਰੂ ਕਰਕੇ ਤਾਂ ਦੇਖੋ ਸ਼ਾਇਦ ਉਹ ਇਸ ਉਮੀਦ ਵਿੱਚ ਹੀ ਬੈਠਾ ਹੋਵੇ ਕਿ ਕੋਈ ਆਵੇ ਤੇ ਉਸ ਨੂੰ ਸਮਝੇ ਤੇ ਇਸ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰ ਸਕੇ।
ਭੁਪਿੰਦਰ ਕੁਮਾਰ ਭਾਰਦਵਾਜ

Leave a Reply

Your email address will not be published. Required fields are marked *