ਆਜ਼ਾਦੀਆਂ | azadiyan

ਪੁਲੀ ਹੇਠ ਚਾਰ ਕਤੂਰੇ ਦਿੱਤੇ ਸਨ..ਮੈਂ ਰੋਜ ਲੰਘਦਾ ਤਾਂ ਦੁੰਮ ਹਿਲਾਉਂਦੀ ਬਾਹਰ ਨਿੱਕਲ ਆਉਂਦੀ..!
ਮੈਂ ਬੇਹੀ ਰੋਟੀ ਨਾਲ ਖੜਨੀ ਸ਼ੁਰੂ ਕਰ ਦਿੱਤੀ..ਅੱਗੇ ਪਾਉਂਦਾ ਤਾਂ ਆਪ ਨਾ ਖਾਂਦੀ..ਧੀਆਂ ਪੁੱਤਰਾਂ ਅੱਗੇ ਕਰ ਦਿੰਦੀ..ਆਪ ਭੁੱਖਣ-ਭਾਣੀ ਪੂਛਲ ਹਿਲਾ ਸ਼ੁਕਰਾਨਾ ਜਰੂਰ ਕਰਦੀ..!
ਇੱਕ ਦਿਨ ਵੇਖਿਆ ਹਰ ਆਉਂਦੇ ਜਾਂਦੇ ਤੇ ਭੌਂਕ ਰਹੀ ਸੀ..ਕੋਲ ਅੱਪੜ ਵੇਖਿਆ ਪਾਸੇ ਜਿਹੇ ਇੱਕ ਪੁੱਤ ਮਰਿਆ ਪਿਆ ਸੀ..ਸ਼ਾਇਦ ਕਿਸੇ ਵਾਹਨ ਦੀ ਲਪੇਟ ਵਿਚ ਆ ਕੇ..ਕੋਲ ਗਿਆ ਤਾਂ ਮੇਰੇ ਤੇ ਨਹੀਂ ਭੌਂਕੀ..ਸਗੋਂ ਮੂੰਹ ਉਤਾਂਹ ਨੂੰ ਕਰ ਰੋ ਪਈ..ਫੇਰ ਥੱਲੇ ਪਏ ਨੂੰ ਸੁੰਘਿਆ ਚੱਟਿਆ ਤੇ ਫੇਰ ਦੋਬਾਰਾ ਮੂੰਹ ਉੱਪਰ ਕਰ ਭੌਂਕਣ ਲੱਗ ਪਈ..ਉੱਦਣ ਮਹਿਸੂਸ ਹੋਇਆ ਸ਼ਾਇਦ ਜਨੌਰਾਂ ਦਾ ਰੱਬ ਵੀ ਉੱਪਰ ਵੱਲ ਹੀ ਰਹਿੰਦਾ..!
ਮਾਂ ਦੀ ਮਮਤਾ ਵੈਰਾਗ ਵਿਛੋੜਾ ਲਾਡ ਪਿਆਰ ਅਤੇ ਹੋਰ ਵੀ ਕਿੰਨਾ ਕੁਝ ਮੇਰੇ ਸਾਮਣੇ ਵਾਪਰ ਰਿਹਾ ਸੀ ਤੇ ਮੈਂ ਪੱਥਰ ਬਣਿਆ ਸਭ ਕੁਝ ਵੇਖੀ ਜਾ ਰਿਹਾ ਸਾਂ..!
ਇਕ ਹੋਰ ਮਾਂ..ਇੱਕ ਸੌ ਸਤਰ ਵਰੇ ਪਹਿਲੋਂ..ਰਾਣੀ ਜਿੰਦਾਂ..ਸ਼ੇਰ-ਏ-ਪੰਜਾਬ ਦੀ ਸਭ ਤੋਂ ਛੋਟੀ ਲਾਡਲੀ ਸੁੱਖਾਂ ਸਹੂਲਤਾਂ ਨਾਲ ਪਲੀ..!
ਅੱਜ ਯਾਨੀ ਉੱਨੀ ਅਗਸਤ ਅਠਾਰਾਂ ਸੌ ਸੰਤਾਲੀ ਨੂੰ ਅੱਠਾਂ ਸਾਲਾਂ ਦੇ ਪੁੱਤ ਦਲੀਪ ਸਿੰਘ ਨਾਲੋਂ ਵੱਖ ਕਰ ਦਿੱਤੀ ਗਈ..ਸ਼ੇਖੂਪੁਰੇ ਜੇਲ ਘੱਲ ਦਿੱਤਾ..!
ਅਗਲਿਆਂ ਚੂੰਢੀ ਵੱਡ ਵੇਖਿਆ ਭਲਾ ਕੌਂਮ ਕਿੰਨੀ ਕੂ ਪੀੜ ਮਨਾਉਂਦੀ..ਉਹ ਰੋਂਦੀ ਰਹੀ ਮੇਰੇ ਦਲੀਪ ਨੂੰ ਮੈਥੋਂ ਵੱਖ ਨਾ ਕਰੋ..ਪਰ ਉਹ ਪਾਲਣ ਪੋਸ਼ਣ ਦੇ ਨਾਂ ਹੇਠ ਉਸਨੂੰ ਫਤਹਿਪੁਰ ਲੈ ਗਏ..ਸਾਮਣੇ ਕੀਮਤੀ ਖਿਡੌਣੇ ਖਿਲਾਰ ਦਿੱਤੇ..ਨਿਆਣਾ ਉਲਝ ਗਿਆ..ਮਾਂ ਜਿੰਦਾ ਭੁੱਲ ਗਈ..ਰੰਗੀਨੀਆਂ ਐਸ਼ੋ-ਇਸ਼ਰਤ ਵਾਲਾ ਆਲਾ ਦਵਾਲਾ..!
ਅਖੀਰ ਵੱਡਾ ਹੋਇਆ ਤਾਂ ਸੰਨ ਤਰਵੰਜਾ ਨੂੰ ਵਲੈਤ ਲੈ ਗਏ..ਜਿੰਦਾ ਵੈਰਾਗ ਵਿਚ ਰੋ ਰੋ ਅੰਨੀ ਹੋ ਗਈ..ਕਦੀ ਚੁਨਾਰ ਦਾ ਕਿਲਾ ਅਤੇ ਕਦੇ ਨੇਪਾਲ ਦੀ ਸ਼ਰਨ..ਅਖੀਰ ਸੰਨ ਤ੍ਰੇਹਠ ਨੂੰ ਕਲਕੱਤੇ ਦੋਹਾਂ ਦੀ ਮਿਲਣੀ ਹੋਈ..ਕਲਪ ਕਲਪ ਕੇ ਨਿਗਾਹ ਘਟ ਗਈ ਸੀ..ਦਲੀਪ ਮਿਲਿਆ ਤਾਂ ਸਭ ਤੋਂ ਪਹਿਲੋਂ ਸਿਰ ਤੇ ਹੱਥ ਫੇਰਿਆ..ਜੂੜਾ ਹੈ ਨਹੀਂ ਸੀ..ਧਾਹ ਨਿੱਕਲ ਗਈ..ਸ਼ੇਰ-ਏ-ਪੰਜਾਬ ਅੱਜ ਮੋਇਆ..!
ਅੱਗਿਓਂ ਦੱਸਣ ਲੱਗਾ ਮਾਂ ਮੈਂ ਵਲੈਤ ਵਿਚ ਬਹੁਤ ਜਾਇਦਾਤ ਬਣਾਈ..ਆਖਣ ਲੱਗੀ ਕਮਲਿਆ ਇਹ ਤੇ ਉਸ ਗਵਾ ਲਈ ਦਾ ਪਾਸਕੂ ਵੀ ਨਹੀਂ..ਅਖੀਰ ਇਲਾਜ ਲਈ ਆਪਣੇ ਨਾਲ ਲੰਡਨ ਲੈ ਗਿਆ..ਤਾਂ ਵੀ ਇੱਕਠੇ ਨਹੀਂ ਰਹਿਣ ਦਿੱਤੇ..ਵੱਖੋ ਵੱਖ..ਹਫਤੇ ਵਿਚ ਦੋ ਦਿਨ ਮਿਲਣ ਦੀ ਆਗਿਆ ਸੀ..ਕੱਲੀ ਬੈਠੀ ਉਡੀਕ ਰਹੀ ਹੁੰਦੀ..ਫੇਰ ਲਾਡ ਪਿਆਰ ਕਰਦੀ..ਦੋਵੇਂ ਘੰਟਿਆਂ ਬੱਦੀ ਗੁੰਮਸੁੰਮ ਬੈਠੇ ਰਹਿੰਦੇ..ਸਿਰਫ ਚਾਰੇ ਪਾਸੇ ਪੱਸਰੀ ਚੁੱਪ ਹੀ ਬੋਲਦੀ..ਫੇਰ ਖੁੱਸੇ ਰਾਜ ਫੌਜਾਂ ਦਰਬਾਰ-ਏ-ਖਾਲਸਾ ਜਮਰੌਦ ਅੱਟਕ ਦੀਆਂ ਬਾਤਾਂ ਪਾਉਂਦੀ..ਸ਼ਾਹੀ ਦਰਬਾਰ ਦੀ ਸ਼ਾਨੋ ਸ਼ੋਕਤ ਅਤੇ ਕੋਹੇਨੂਰ ਦੀ ਚਮਕ ਯਾਦ ਕਰਵਾਉਂਦੀ..ਲੋਗਨ ਨਾਮ ਦਾ ਜਸੂਸ ਜਿੰਦਾ ਨੂੰ ਨਫਰਤ ਕਰਿਆ ਕਰਦਾ..ਸੂੱਤੀਆਂ ਕਲਾਵਾਂ ਕਿਓਂ ਜਗਾ ਰਹੀ ਏ..ਹੁਣ ਇਸਨੂੰ ਮਰ ਜਾਣਾ ਚਾਹੀਦਾ..ਫੇਰ ਇੱਕ ਦਿਨ ਵਾਕਿਆ ਹੀ ਮੁੱਕ ਗਈ..ਦਲੀਪ ਗਿਆ ਤਾਂ ਹਨੇਰੇ ਕਮਰੇ ਵਿਚ ਕੱਲੀ ਲੇਟੀ ਹੋਈ ਸੀ..!
ਦਲੀਪ ਆਖਣ ਲੱਗਾ ਸੰਸਕਾਰ ਪੰਜਾਬ ਕਰਨਾ..ਪਰ ਉਹ ਨਾ ਮੰਨੇ..ਫੇਰ ਗੋਦਾਵਰੀ ਕੰਢੇ ਫੂਕ ਦਿੱਤੀ..ਪੰਜਾਬੋਂ ਹਜਾਰਾਂ ਕਿਲੋਮੀਟਰ ਦੂਰ..ਪਰ ਜਾਂਦਿਆਂ ਦਲੀਪ ਅੰਦਰ ਖੁੱਸੇ ਰਾਜ ਦੀ ਪ੍ਰਾਪਤੀ ਦੀ ਚਿਣਗ ਜਰੂਰ ਜਗਾ ਗਈ ਸੀ..ਫੇਰ ਮੱਛੀ ਪੱਥਰ ਚੱਟ ਕੇ ਵਾਪਿਸ ਪ੍ਰਤੀ..ਖੰਡੇ ਦੀ ਪਾਹੁਲ ਲਈਂ..ਫੇਰ ਖੁੱਸਿਆ ਵਾਪਿਸ ਲੈਣ ਲਈਂ ਫਰਾਂਸ ਰੂਸ ਤੀਕਰ ਹੱਥ ਪੈਰ ਮਾਰੇ..ਮਾਸਕੋ ਜਾਰ ਨਾਲ ਮਿਲਣੀ ਤਹਿ ਹੋਈ ਪਰ ਉਹ ਦਸ ਪੰਦਰਾਂ ਦਿਨ ਲਾਰੇ ਲਾਈ ਗਿਆ..ਨਿਥਾਵਿਆਂ ਲਈਂ ਇੰਗਲੈਂਡ ਦੀ ਦੁਸ਼ਮਣੀ ਮੁੱਲ ਕੌਣ ਲਵੇ..ਅਖੀਰ ਵਾਪਿਸ ਫਰਾਂਸ ਪਰਤ ਆਇਆ ਤੇ ਸੰਨ 1893 ਦੀ ਇੱਕ ਠੰਡੀ ਰਾਤ ਨੂੰ ਪੈਰਿਸ ਦੇ ਗੁੰਮਨਾਮ ਹੋਟਲ ਵਿਚ ਮਾਂ ਦੇ ਦੇਸ਼ ਰਵਾਨਗੀ ਪੈ ਗਈ..ਜਿੰਦਾ ਦਲੀਪ ਸਦੀਵੀਂ ਇੱਕਠੇ ਹੋ ਗਏ..!
ਉੱਜੜ ਗਿਆਂ ਦਾ ਦੇਸ਼ ਨਾ ਕੋਈ..ਮਰਿਆਂ ਦੀ ਨਾ ਥਾਂ..ਨਾ ਵੇ ਰੱਬਾ ਨਾ..ਨਾ ਵੇ ਰੱਬਾ ਨਾ..!
ਦਲੀਪ ਦੀ ਵੱਡੀ ਧੀ ਬੰਬਾਂ ਦਲੀਪ ਸੁਦੇਰਲੈਂਡ ਪੱਕੀ ਲਾਹੌਰ ਆ ਗਈ..ਮਾਡਲ ਟਾਊਨ ਬੰਗਲਾ ਖਰੀਦ ਲਿਆ..ਸਾਰਾ ਸਾਰਾ ਦਿਨ ਲਾਹੌਰ ਦੀਆਂ ਸੜਕਾਂ ਕੱਛਦੀ..ਦਾਦੇ ਦੀਆਂ ਖ਼ੁਸ਼ਬੋਈਆਂ ਦੀ ਟੋਹ ਲੈਂਦੀ ਕਦੇ ਰਾਵੀ ਕੰਢੇ ਅੱਪੜ ਜਾਂਦੀ ਤੇ ਕਦੀ ਸ਼ਾਹੀ ਕਿਲੇ ਦੀ ਫਸੀਲ ਤੇ..ਅਤੇ ਕਦੇ ਉਸਦੀ ਮੜੀ ਤੇ..ਉਹ ਸਿਰ ਪਲੋਸਦਾ ਪਿਆਰ ਦਿੰਦਾ..ਹੋਏ ਧੋਖਿਆਂ ਦੀ ਦਾਸਤਾਨ ਸੁਣਾਉਂਦਾ ਤੇ ਅਖੀਰ ਵਿਚ ਤਰਲਾ ਪਾਉਂਦਾ ਤੇ ਆਖਦਾ ਜਿੰਦਾ ਨੂੰ ਮਿਲਣ ਨੂੰ ਜੀ ਕਰਦਾ..!
ਫੇਰ ਇੱਕ ਦਿਨ ਲੋਰ ਵਿਚ ਆਈ ਬੰਬਾਂ ਨਾਸਿਕ ਤੋਂ ਦਾਦੀ ਦੀ ਮੜੀ ਵਿਚੋਂ ਬਚੀ ਖੁਚੀ ਜਿੰਦਾ ਕੱਢ ਲਿਆਈ ਤੇ ਲਾਹੌਰ ਦਾਦੇ ਕੋਲ ਦੱਬ ਦਿੱਤੀ..ਦਹਾਕਿਆਂ ਦਾ ਵਛੋੜਾ ਖਤਮ ਹੋ ਗਿਆ..!
ਫੇਰ ਸੰਤਾਲੀ ਦੀ ਵੰਡ ਵੇਲੇ ਇੱਕ ਪਾਸੇ ਅਮ੍ਰਿਤਸਰ ਸੀ ਤੇ ਦੂਜੇ ਪਾਸੇ ਲਾਹੌਰ..ਦੁਬਿਧਾ ਮੁੱਕ ਗਈ..ਇਹ ਓਥੇ ਲਾਹੌਰ ਹੀ ਰਹੀ..ਦਾਦੇ ਦਾਦੀ ਅਤੇ ਬਾਪ ਦੀ ਕੀਮਤੀ ਵਿਰਾਸਤ ਦੀ ਪਹਿਰੇਦਾਰ..!
ਲਾਹੌਰੀਏ ਆਖਿਆ ਕਰਦੇ ਪਤਾ ਨਹੀਂ ਇਹ ਗੋਰੀ ਕੀ ਲੱਭਦੀ ਫਿਰਦੀ ਏ..ਕੁਝ ਆਖਦੇ ਕਮਲੀ ਹੋ ਗਈ ਏ..ਅਖੀਰ ਇੱਕ ਦਿਨ ਇਹ ਕਮਲੀ ਵੀ ਮੁੱਕ ਗਈ..ਸੰਨ ਉੱਨੀ ਸੌ ਸਤਵੰਜਾ ਨੂੰ..ਉਸ ਦੁਨੀਆ ਵੱਲ ਕੂਚ ਕਰ ਗਈ ਜਿਥੇ ਸਾਰੇ ਉਡੀਕ ਰਹੇ ਸਨ..ਪਰ ਅਖੀਰ ਤੀਕਰ ਵਫਾ ਪਾਲੀ..ਰਾਖ਼ੀ ਕੀਤੀ..ਉਸ ਸਿਧਾਂਤ ਦੀ ਜਿਹੜਾ ਆਖਦਾ ਖਾਲਸਾ ਜਾਂ ਤੇ ਬਾਗੀ ਹੋ ਸਕਦਾ ਤੇ ਜਾਂ ਫੇਰ ਬਾਦਸ਼ਾਹ..ਗੁਲਾਮ ਤਾਂ ਕਦੇ ਵੀ ਨਹੀਂ!
ਅੱਜ ਵੀ ਲਾਹੌਰ ਦੀਆਂ ਗਲੀਆਂ ਸੜਕਾਂ ਵਿਚੋਂ ਕੰਸੋਵਾਂ ਲੈਂਦੀ ਇੱਕ ਇਤਿਹਾਸਿਕ ਹੂਕ ਇੰਝ ਆਖ ਰਹੀ ਪ੍ਰਤੀਤ ਹੁੰਦੀ ਏ..ਬਰਬਾਦੀਆਂ ਵੀ ਵੇਖੀਆਂ..ਅਬਾਦੀਆਂ ਵੀ ਵੇਖੀਆਂ..ਸ਼ੇਰ-ਏ-ਪੰਜਾਬ ਦੀ ਮੜੀ ਪਈ ਸੀ ਆਖਦੀ..ਇਹਨਾਂ ਗੁਲਾਂਮਾਂ ਨੇ ਕਦੀ ਆਜ਼ਾਦੀਆਂ ਵੀ ਵੇਖੀਆਂ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *