ਸਭ ਤੋਂ ਪਹਿਲਾਂ ਤਾਂ ਮੈਂ ਸਾਫ ਕਰ ਦਿਆਂ ਕਿ ਮੈਂ ਪੰਜਾਬੀ ਕਮੇਡੀ ਐਕਟਰ ਮੇਹਰ ਮਿਤਲ ਦੀ ਨਹੀਂ ,ਬਲਕਿ ਸਾਡੇ ਪਿੰਡ ਰਹਿੰਦੇ ਇਕ ਰਮਤੇ ਅਤਿ ਦੇ ਗਪੀ ਦੀ ਗਲ ਕਰ ਰਿਹਾਂ ।ਬਹੁਤ ਸਾਲਾਂ ਤੋਂ ਇਹ ਸਾਡੇ ਪਿੰਡ ਹੀ ਰਹਿੰਦਾ ਸੀ,ਕਿਥੋਂ ਆਇਆ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਵੈਸੇ ਕਦੇ ਕਦੇ ਕਹਿੰਦਾ ਸੀ ਕਿ ਮੇਰਾ ਪਿਛਾ ਬਾੜੀਆਂ ਕਲਾਂ(ਸਾਡਾ ਗੁਆਂਢੀ ਪਿੰਡ)ਹੈ ਪਰ ਨਾਂ ਤਾਂ ਇਹ ਕਦੇ ਜਾਂਦਾ ਦੇਖਿਆ ਸੀ ਤੇ ਨਾਂ ਕਦੇ ਬਾੜੀਆਂ ਜਾਂ ਹੋਰ ਕਿਤੋਂ ਇਸਨੂੰ ਕੋਈ ਮਿਲਣ ਆਇਆ ਦੇਖਿਆ ਸੀ ।ਬੜੀਆਂ ਲੰਮੀਆਂ ਲੰਮੀਆਂ ਪੂਛਾਂ ਵਾਲੀਆਂ ਗਪਾਂ ਮਾਰ ਕੇ ਸਭ ਦਾ ਦਿਲ ਖੁਸ਼ ਰਖਦਾ ਸੀ ਤਾਂ ਹੀ ਅਸੀਂ ਇਸਦਾ ਨਾਂ ਮੇਹਰ ਮਿਤਲ ਰਖਿਆ ਸੀ ।ਸਾਡੇ ਪਿੰਡ ਦੇ ਬਸ ਅਡੇ ਦੀ ਚੌਕੀਦਾਰਾ ਵੀ ਕਰਦਾ ਸੀ ਜਿਸ ਕਰਕੇ ਅਸੀਂ ਕੁਝ ਪੈਸੇ ਤੇ ਬਾਕੀ ਦੁਕਾਨਾਂ ਵਾਲੇ ਕੁਝ ਨਾਂ ਦੇ ਦਿੰਦੇ ਤੇ ਇਸਦਾ ਤੋਰੀ ਫੁਲਕਾ ਚਲਦਾ ਰਹਿੰਦਾ ,ਮਜਮਾ ਲਗਾਉਣ ਲਈ ਦੁਕਾਨਦਾਰ ਇਸਨੂੰ ਬਿਠਾ ਲੈਂਦੇ ਤੇ ਗਈਆਂ ਸੁਣ ਸੁਣ ਮਜੇ ਲੈਂਦੇ ਹਸਦੇ ਰਹਿੰਦੇ ।
ਮਹਿਰ ਮਿਤਲ ਦੀ ਉਮਰ ਪੁਛਣ ਤੇ ਉਹ ਹਮੇਸ਼ਾ 85-90 ਸਾਲ ਦਸਦਾ ਤੇ ਜਿਵੇਂ ਤੀਵੀਆਂ ਦੀ ਉਮਰ 26 ਸਾਲ ਤੋਂ ਸ਼ੁਰੂ ਹੋ ਕੇ ਮਰਨ ਤਕ 38 ਸਾਲ ਹੀ ਰਹਿੰਦੀ ਆ ,ਉਹ ਵੀ 20-25 ਸਾਲ ਬਾਅਦ ਵੀ 90 ਤੇ ਹੀ ਟਿਕਿਆ ਰਿਹਾ ।ਇਕ ਵਾਰ ਮੈਂ ਕਿਹਾ ਮੇਹਰ ਮਿਤਲ ਕੋਈ 47 ਦੇ ਰੌਲਿਆਂ ਵੇਲੇ ਦੀ ਗਲ ਸੁਣਾ ।ਕਹਿੰਦਾ ਰੌਲਿਆਂ ਵੇਲੇ ਮੈਂ 20-22 ਸਾਲ ਦਾ ਸੀ ।ਮੈਂ ਰੌਣਕ ਮੇਲਾ ਦੇਖਣ ਹੁਸ਼ਿਆਰਪੁਰ ਬਸ ਅਗੇ ਵਲ ਚਲਾ ਗਿਆ ।ਮੈਂ ਕਿਹਾ ਗਿਆ ਤੁਰ ਕੇ ਸੀ ? ਕਹਿੰਦਾ ਨਾਂ ਮੈਂ ਆਪਣੇ ਬੁਲਟ ਤੇ ,ਹਾਲਾਂਕਿ ਆਉਂਦਾ ਉਸਨੂੰ ਸਾਈਕਲ ਵੀ ਨਹੀਂ ਸੀ।ਮੈਂ ਕਿਹਾ ਫਿਰ ,ਕਹਿੰਦਾ ,ਉਹ ਹੋ ਹੋ ,ਉਥੇ ਕਿਤੇ ਰਸ਼ ,ਬਹੁਤ ਬੁਰਾ ਹਾਲ ,ਬੰਦੇ ਤੇ ਬੰਦਾ ਚੜਿਆ ਫਿਰੇ ,ਕਹਿੰਦਾ ਮੈਂ ਕਿਹਾ ਉਹ ਲੋਕੋ ਚਲੋ ਤੁਹਾਨੂੰ ਮਾਤਾ ਚਿੰਤਪੁਰਨੀ ਦੇ ਦਰਸ਼ਣ ਕਰਾ ਕੇ ਲਿਆਵਾਂ,,ਮੈਂ ਕਿਹਾ ਮੇਹਰ ਮਿਤਲ ਸਾਰਿਆਂ ਨੂੰ ਮੋਟਰ ਸਾਈਕਲ ਤੇ ? ਕਹਿੰਦਾ ਨਾਂ ਮੈਂ ਆਪਣੇ ਭਰਾ ਨੂੰ ਫੋਨ ਕਰ ਦਿਤਾ ਸੀ ਬਈ ਇਥੇ ਬਹੁਤ ਸਵਾਰੀ ਆ ,ਰੁਪਿਆ 2-4 ਲਖ ਲੈ ਕੇ ਛੇਤੀਂ ਆ ਮੈਂ ਮਿੰਨੀ ਬਸ ਦਾ ਸੌਦਾ ਮਾਰਨ ਲਗਾਂ, ਮੈਂ ਕਿਹਾ ਮਹਿਰ ਮਿਤਲ ਫੋਨ ਕੀਤਾ ਮੋਬਾਈਲ ਤੇਰੇ ਕੋਲ ਹੀ ਹੋਣਾ,ਕਹਿੰਦਾ ਮੋਬਾਈਲ ਮੈਂ ਦੋ ਦੋ ਰਖਦਾ ਸੀ ,ਇਕ ਚਾਰਜ ਖਤਮ ਵੀ ਹੋਵੇ ਤਾਂ ਦੂਜਾ । ਕਹਿੰਦਾ ਭਰਾ ਪੈਸੇ ਲੈ ਕੇ ਆਇਆ ,ਅਸੀਂ ਬਸ ਖਰੀਦੀ ,150-200 ਸਵਾਰੀ ਇਕ ਗੇੜੇ ਚ ,ਮੈਂ ਕਿਹਾ ਮਹਿਰ ਮਿਤਲ ਮਿੰਨੀ ਬਸ ਚ 150-200 ? ਕਹਿੰਦਾ ਕਿਸੇ ਤੋਂ ਟਰਾਲੀ ਮੰਗ ਕੇ ਮਗਰ ਟੋਚਨ ਪਾ ਕੇ ਲੈ ਜਾਂਦੇ ਸੀ । ਪੂਰੇ ਦਿਨ ਚ ਅਸੀਂ 20-25 ਗੇੜੇ ਲਾਏ ,ਰੁਪਈਆ 3-4 ਲਖ ਕਮਾਇਆ ,ਕਹਿੰਦਾ ਮੈਂ ਭਰਾ ਨੂੰ ਕਿਹਾ ਆਹ ਚਕ ਆਪਣਾ 2 ਲਖ ਰੁਪਈਆ, ਬਾਕੀ ਕਹਿੰਦਾ ਮੈਂ ਜੇਬ ਚ ਪਾਇਆ ,ਬੁਲਟ ਦੀ ਕਿਕ ਮਾਰੀ ,ਹਨੇਰਾ ਹੁੰਦੇ ਨੂੰ ਪਿੰਡ ਆ ਗਿਆ ।ਮੈਂ ਕਿਹਾ ਮਹਿਰ ਮਿਤਲ ਉਹ ਬਸ ,,ਕਹਿੰਦਾ ਉਹ ਬਸ ਮੈਂ ਜਿਹੜੇ ਪਾਕਿਸਤਾਨ ਵਲ ਚਲੇ ਸੀ ਉਨਾਂ ਨੂੰ ਦੇ ਦਿਤੀ ,ਕਹਿੰਦਾ ਮੈਂ ਕਿਹਾ ,ਸਾਡੇ ਪੈਸੇ ਪੂਰੇ ਹੋ ਗਏ, ਇਹ ਤੁਸੀਂ ਲੈ ਜਾਵੋ ।
ਸੋ ਅਜਿਹਾ ਸੀ ਸਾਡਾ ਮਹਿਰ ਮਿਤਲ, ਉਸ ਨਾਲ ਜਿਸ ਮਰਜੀ ਵਿਸ਼ੇ ਤੇ ਗਲ ਛੇੜ ਲਵੋ ,ਇਹ ਵੀ ਨਹੀਂ ਸੋਚਦਾ ਸੀ ਕਿ ਕਿੰਨੀ ਕੁ ਲੰਮੀ ਗਪ ਮਾਰਨਾ ਆ ,1947 ਵਿਚ 2-2 ਮੋਬਾਈਲ ਰਖਣ ਵਰਗੀਆਂ ਗਪਾਂ ਦਾ ਬਾਦਸ਼ਾਹ ਆਖਰ 2006 ਵਿਚ ਇਕ ਰਾਤ ਚੁਪ ਚੁਪੀਤੇ ਸਾਨੂੰ ਅਲਵਿਦਾ ਕਹਿ ਗਿਆ ।ਅਸੀਂ ਸਾਰੇ ਦੁਕਾਨਦਾਰਾਂ ਨੇ ਉਸਦਾ ਸੰਸਕਾਰ ਕੀਤਾ ਤੇ ਮੈਂ ਤੀਜੇ ਦਿਨ ਆਪ ਆਪਣੀ ਗਡੀ ਵਿਚ ਉਸਦੇ ਅਸਤ ਅਨੰਦਪੁਰ ਸਾਹਿਬ ਪਾ ਕੇ ਹਸਦੇ ਖੇਡਦੇ ਆਪਣੇ ਯਾਰ ਨੂੰ ਵਿਦਾਇਗੀ ਦਿਤੀ ।
ਹਮੇਸ਼ਾ ਯਾਦ ਰਹੇਗਾ ਤੂੰ ਮਹਿਰ ਮਿਤਲਾ।
ਸੁਰਿੰਦਰ ਸਿੰਘ ਜੱਲੋਵਾਲ
30 ਅਗਸਤ 2023