ਵੱਡੇ ਬਾਈ | vadde bai

ਸਵੇਰ ਦੇ ਤਿੰਨ ਵਜੇ ਮੋਬਾਇਲ ਦੀ ਸਕਰੀਨ ਜਗਦੀ ਵੇਖ ਚਾਚੇ ਨੇ ਉਸਨੂੰ ਕਿਹਾ ਓਏ ! ਦਿਨ ਚੜ੍ਹ ਲੈਣ ਦੇ ਮੂੰਹ ਹਨ੍ਹੇਰੇ ਕੀ ਭਾਲਦਾ ਇਸ ‘ ਚੋਂ ? ਤਾਂ ਉਸਨੂੰ ਚਾਚੇ ਦੇ ਢਿੱਡ ਉੱਤੇ ਸਿਰ ਧਰਕੇ ਜੁਆਬ ਦਿੱਤਾ। ਜਰੂਰੀ ਨਹੀ ਕਿ ਮੂੰਹ ਹਨ੍ਹੇਰੇ ਜਾਗਣ ਵਾਲੇ ਆਸ਼ਕ ਹੀ ਹੋਣ , ਅਨੋਖੇ ਆਸ਼ਕ ਵੀ ਹੋ ਸਕਦੇ। ਮੋਹ ਮੋਬਾਇਲ ਦਾ ਨਹੀ , ਮੈਂ ਵੱਡੇ ਬਾਈ ਨੂੰ ਯਾਦ ਕਰ ਰਿਹਾ ਸੀ।
ਬਾਈ ਕਿਸੇ ਦਾ ਭਰਾ, ਕਿਸੇ ਦਾ ਪਤੀ , ਕਿਸੇ ਦਾ ਪੁੱਤ ਅਤੇ ਦੋਸਤ ਸੀ ਪਰ ਮੇਰੇ ਲਈ ਮੇਰਾ ਵੱਡਾ ਭਰਾ ਅਤੇ ਪਿਓ ਸੀ। ਮੈਂ ਉਸ ਦਿਨ ਦੋ ਇਨਸਾਨ ਖੋਹੇ ਦੋ ਨਹੀ ਤਿੰਨ। ਜਿਸ ਦਿਨ ਬਾਈ ਦਾ ਵਿਆਹ ਹੋਇਆ ਮਾਂ ਨਾ ਹੋਣ ਕਰਕੇ ਮੈਂ ਕਿਹਾ ਸੀ। ਪਹਿਲਾਂ ਮੇਰਾ ਪਿਓ ਸੀ ਅੱਜ ਮਾਂ ਵੀ ਮਿਲ ਗਈ। ਪਰ ਬਾਈ ਦੀ ਮੌਤ ਤੋਂ ਬਾਅਦ ਰਸਮ ਪੱਗ ਨੇ ਸਭ ਕੁੱਝ ਬਦਲ ਦਿੱਤਾ, ਜਿਵੇਂ ਪਿਓ ਦੀ ਵਸੀਅਤ ਸਭ ਕੁੱਝ ਬਦਲ ਦਿੰਦੀ।
ਜਿਸਨੂੰ ਮਾਂ ਦਾ ਦਰਜਾ ਦਿੱਤਾ ਹੋਵੇ ਉਸੇ ਨੂੰ ਅਪਣਾਉਣਾ ਕਿੰਨਾ ਔਖਾ ਉਹੀ ਸਮਝ ਸਕਦਾ ਜਿਸ ਉਤੇ ਗੁਜਰਦੀ। ਤੂੰਬੇ ‘ ਚੋਂ ਨਿਕਲਦੀ ਅਵਾਜ ਸਭ ਨੂੰ ਚੰਗੀ ਲਗਦੀ। ਪਰ ਜਿਹੜੀ ਤਾਰ ਉੱਤੇ ਗੁਜਰਦੀ ਕੋਈ ਨਹੀ ਵੇਖਦਾ। ਮੈਨੂੰ ਲਗਦਾ ਜਿਵੇਂ ਮੇਰਾ ਮੇਰੀ ਮਾਂ ਨਾਲ ਹੀ ਵਿਆਹ ਹੋ ਗਿਆ ਹੋਵੇ।
ਚਾਚਾ ਜੀ ਕਹਿੰਦੇ ਕਈ ਵਾਰ ਸਮਾਂ ਬੰਦੇ ਨੂੰ ਬੇਸ਼ਰਮ ਕਰ ਦਿੰਦਾ ਪੁੱਤ , ਇੱਕ ਵਾਰ ਕੋਈ ਔਰਤ ਜਿਸਦਾ ਪਤੀ ਮਰ ਚੁੱਕਾ ਹੁੰਦਾ। ਕਿਸੇ ਆਪਣੇ ਤੋਂ ਛੋਟੀ ਉਮਰ ਦੇ ਮੁੰਡੇ ਨਾਲ ਵਿਆਹ ਕਰਵਾ ਲੈਂਦੀ। ਪਰ ਉਹ ਔਰਤ ਉਸ ਨੂੰ ਆਪਣਾ ਪਤੀ ਸਵੀਕਾਰ ਨਹੀਂ ਕਰ ਸਕਦੀ। ਇੱਕ ਦਿਨ ਕਿਸੇ ਸੰਤ ਮਹਾਤਮਾਂ ਨੂੰ ਪੁੱਛਦੀ , ਕਿ ਮੈਂ ਇਸ ਨੂੰ ਆਪਣਾ ਪਤੀ ਕਿਉ ਨਹੀਂ ਸਵੀਕਾਰ ਸਕਦੀ।
ਸੰਤ ਮਹਾਤਮਾਂ ਕਹਿੰਦੇ ਤੂੰ ਜ਼ਿੰਦਗੀ ‘ ਚ ਕੋਈ ਗਲਤੀ ਕੀਤੀ ਹੈ। ਉਹ ਕਹਿੰਦੀ ਹਾਂ , ਮੈਂ ਇੱਕ ਬੱਚੇ ਨੂੰ ਜਨਮ ਦਿੱਤਾ। ਫਿਰ ਮੈਂ ਅਤੇ ਮੇਰੇ ਪਤੀ ਨੇ ਉਸ ਬੱਚੇ ਨੂੰ ਕਿਸੇ ਹੋਰ ਨੂੰ ਦੇ ਦਿੱਤਾ ਸੀ। ਸੰਤ ਕਹਿੰਦੇ ਇਹ ਉਹੀ ਬੱਚਾ ਹੈ। ਕਈ ਵਾਰ ਹਾਲਾਤ ਰਿਸ਼ਤਿਆਂ ਦੀ ਕੁਰਬਾਨੀ ਮੰਗਦੇ ਹੁੰਦੇ ਹਨ।
ਪਰ ਤੂੰ ਗਲਤੀਆਂ ਜਿੰਨੀਆਂ ਮਰਜ਼ੀ ਕਰੀਆਂ ਹੋਣ ਤੇਰੀ ਮੁਆਫੀ ਗੁਰੂ ਅੱਗੇ ਵੱਡੀ ਹੈ ਪੁੱਤ। ਕਿਸੇ ਉੱਤੇ ਇਜ਼ਤ ਦੀ ਫੁਲਕਾਰੀ ਪਾਉਣਾ ਸਭ ਤੋਂ ਪੁੰਨ ਦਾ ਕੰਮ ਹੈ। ਬਾਕੀ ਪੁੱਤ ਮੱਕੇ ਤੋਂ ਪਰੇ ਹੋਕੇ ਹਮੇਸ਼ਾ ਉਜਾੜ ਹੀ ਮਿਲਦਾ ਹੈ। ਹੁਣ ਪਿੱਛੇ ਨਹੀ ਅੱਗੇ ਵੱਲ ਵੇਖ ਪੁੱਤਰਾ।
ਜਗਤਾਰ ਸਿੰਘ ਧਾਲੀਵਾਲ
ਭਗਵਾਨ ਗੜ੍ਹ ਭੁੱਖਿਆਂ ਵਾਲੀ {ਬਠਿੰਡਾ}

Leave a Reply

Your email address will not be published. Required fields are marked *