ਨਮਸਕਾਰ | namaskar

ਪੰਜਾਬ ਵਿੱਚ ਇੱਕ ਛੋਟਾ ਜਿਹਾ ਤੇ ਸ਼ਾਂਤੀ ਪੂਰਵਕ ਸ਼ਹਿਰ ਫਰੀਦਕੋਟ ਦੀ ਗੱਲ ਹੈ ਕਿ ਇੱਕ ਹਿੰਦੂ ਭਾਈਚਾਰੇ ਨਾਲ ਸਬੰਧਤ ਬਜ਼ੁਰਗ ਬਾਬੂ ਮਨੋਹਰ ਲਾਲ ਰਹਿੰਦੇ ਸਨ। ਉਹ ਹਰ ਰੋਜ਼ ਸ਼ਾਮ ਨੂੰ ਸ਼ਹਿਰ ਵਿੱਚ ਪੈਦਲ ਚੱਕਰ ਲਾਇਆ ਕਰਦੇ ਸਨ । ਰਸਤੇ ਵਿੱਚ ਮਿਲਣ ਵਾਲੇ ਲੋਕ ਉਹਨਾਂ ਨੂੰ ਬੜੇ ਪਿਆਰ ਤੇ ਅਦਬ ਨਾਲ ਨਮਸਕਾਰ ਕਰਦੇ ਤੇ ਮਨੋਹਰ ਲਾਲ ਜੀ ਜਵਾਬ ਵਿੱਚ ਕਹਿੰਦੇ ਕੇ “ਕਹਿ ਦਿਆਂਗੇ”। ਇਸੇ ਤਰਾਂ ਸਮਾਂ ਬੀਤਦਾ ਗਿਆ । ਇੱਕ ਦਿਨ ਕਿਸੇ ਸਖ਼ਸ਼ ਨੇ ਹਰ ਰੋਜ਼ ਦੀ ਤਰ੍ਹਾਂ ਨਮਸਕਾਰ ਕੀਤੀ ਤੇ ਬਾਬੂ ਜੀ ਨੇ ਉਸੇ ਤਰ੍ਹਾਂ ਹੀ ਜਵਾਬ ਦਿੱਤਾ ਕੇ “ਕਹਿ ਦਿਆਗੇ”। ਉਸ ਸਖ਼ਸ਼ ਨੇ ਕਿਹਾ ਕਿ ਬਾਬੂ ਜੀ ਅਸੀ ਬੜੇ ਅਦਬ ਨਾਲ ਤੁਹਾਨੂੰ ਨਮਸਕਾਰ ਕਰਦੇ ਹਾਂ ਤੁਸੀ ਕਦੇ ਸਹੀ ਜਵਾਬ ਨਹੀਂ ਦਿੱਤਾ। ਤੁਸੀ ਕਹਿੰਦੇ ਓ ਕਿ ਕਹਿ ਦਿਆਗੇ , ਇਸ ਦਾ ਕੀ ਮਤਲਬ ਹੈ ? ਬਾਬੂ ਮਨੋਹਰ ਲਾਲ ਕਹਿੰਦੇ ਕਿ ਸ਼ਾਮ ਨੂੰ ਘਰ ਆ ਜਾਵੀਂ , ਇਸ ਦਾ ਮਤਲਬ ਸਮਝਾ ਦੇਵਾਂਗੇ। ਉਹ ਸ਼ਖ਼ਸ਼ ਸ਼ਾਮ ਨੂੰ ਉਹਨਾਂ ਦੇ ਘਰ ਚਲਾ ਗਿਆ ਤੇ ਬਾਬੂ ਜੀ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਏ ਜਿੱਥੇ ਉਹਨਾਂ ਦੀ ਮਾਇਆ ਵਾਲੀ ਤਿਜੋਰੀ ਪਈ ਸੀ ਤੇ ਤਿਜੋਰੀ ਖੋਲ ਕੇ ਉਸ ਨੂੰ ਕੋਲ ਬੁਲਾ ਲਿਆ ਤੇ ਕਿਹਾ ਕਿ ਮੈਂ ਤੇਰਾ ਤੇ ਹੋਰਨਾ ਦਾ ਸੁਨੇਹਾ ਇਸ ਨੂੰ ਹਰ ਰੋਜ਼ ਦੇ ਦਿੰਦਾ ਹਾਂ , ਇਸ ਲਈ ਮੈਂ ਕਹਿੰਦਾ ਹਾਂ ਕਿ ਕਹਿ ਦਿਆਗੇ। ਤਾਂ ਉਹ ਸ਼ਖ਼ਸ਼ ਬੋਲਿਆ ਕਿ ਤੁਸੀ ਸਾਡਾ ਸੁਨੇਹਾ ਇਸ ਨੂੰ ਕਿਉਂ ਦਿੰਦੇ ਹੋ ਅਸੀ ਤਾਂ ਤੁਹਾਨੂੰ ਇਜੱਤ ਮਾਣ ਨਾਲ ਬੁਲਾਉਂਦੇ ਹਾਂ ਤਾਂ ਬਾਬੂ ਜੀ ਆਖਣ ਲੱਗੇ ਕਿ ਜਿਸ ਸਮੇਂ ਇਹ ਮੇਰੇ ਕੋਲ ਨਹੀ ਸੀ ਮੈਂ ਉਦੋ ਵੀ ਹਰ ਰੋਜ਼ ਇਸ ਤਰ੍ਹਾਂ ਸ਼ਾਮ ਨੂੰ ਜਾਂਦਾ ਸੀ ਪਰ ਮੈਨੂੰ ਕੋਈ ਵੀ ਨਮਸਕਾਰ ਨਹੀਂ ਕਰਦਾ ਸੀ । ਜਦੋ ਦੀ ਇਹ ਮੇਰੇ ਕੋਲ ਆਈ ਹੈ ਸਾਰੇ ਨਮਸਕਾਰ ਕਰਦੇ ਨੇ । ਤੁਸੀ ਮੈਨੂੰ ਨਹੀਂ ਨਮਸਕਾਰ ਕਰਦੇ, ਇਸ ਨੂੰ ਹੀ ਕਰਦੇ ਹੋ , ਸਾਰਾ ਇਸ ਦਾ ਹੀ ਪਰਤਾਪ ਹੈ ।
ਨੋਟਃ- ( ਇਹ ਨਾਮ ਸ਼ਹਿਰ ਮਿਥਹਾਸਿਕ ਹਨ ਜੀ )

One comment

  1. ਬਹੁਤ ਹੀ ਸੋਹਣੀ ਕਹਾਣੀ ਹੈ ਜੀ ਕੁਜੇ ਵਿਚ ਸੁਮਾਦਰ ਬੰਦ ਕੀਤਾ ਹੈ ਜੀ🙏🙏

Leave a Reply

Your email address will not be published. Required fields are marked *