ਸੁਪਨਿਆਂ ਦਾ ਰਾਜਕੁਮਾਰ | supneya da rajkumar

ਗੁਰਨਾਮ ਸਿੰਘ ਅਤੇ ਪਰਿਵੰਦਰ ਕੌਰ ਬਹੁਤ ਖੁਸ਼ ਸਨ। ਪਰਿਵੰਦਰ ਕੌਰ ਦੇ ਤਾਂ ਧਰਤੀ ਤੇ ਨਹੀਂ ਸੀ ਲੱਗ ਰਹੇ। ਉਹਨਾਂ ਦੇ ਪੁੱਤਰ ਦੀਪ ਦਾ ਵਿਆਹ ਜੋ ਸੀ। ਧੀ ਪੁੱਤਰ ਦੇ ਵਿਆਹ ਦੀ ਖੁਸ਼ੀ ਕਿਸ ਨੂੰ ਨਹੀਂ ਹੁੰਦੀ। ਪਰ ਦੀਪ ਤਾਂ ਮੌਤ ਦੇ ਮੂੰਹ ਚੋਂ ਮੁੜਕੇ ਆਇਆ ਸੀ। ਦੀਪ ਮਾਂ ਪਿਓ ਦਾ ਹੋਣਹਾਰ ਤੇ ਬੀਬਾ ਪੁੱਤਰ, ਸੋਹਣਾ ਸੁਨੱਖਾ, ਸਰੀਰ ਦਾ ਤਕੜਾ, ਪੜ੍ਹਾਈ ਦੇ ਨਾਲ਼ ਖੇਤੀ ਬਾੜੀ ਦਾ ਕੰਮ ਧੰਦਾ ਵੀ ਸੰਭਾਲਦਾ ਸੀ। ਇਕੱਲਾ ਜਣਾ ਦੋ ਬੰਦਿਆਂ ਜਿੰਨਾ ਕੰਮ ਕਰ ਦਿੰਦਾ ਸੀ।
ਦੀਪ ਅਜੇ ਕਾਲਜ ਵਿੱਚ ਬੀ.ਏ ਦੀ ਪੜ੍ਹਾਈ ਕਰ ਰਿਹਾ ਸੀ ਕਿ ਨੂਰੀ ਉਸ ਦੀ ਜਿੰਦਗੀ ‘ਚ ਆ ਗਈ। ਨੂਰੀ ਐਨੀ ਸੋਹਣੀ ਸੁਨੱਖੀ ਜਿਵੇਂ ਲਗਦਾ ਜਿਵੇਂ ਕੋਈ ਮੂਰਤ ਹੋਵੇ, ਰੱਬ ਨੇ ਵਿਹਲੇ ਬੈਠ ਬਣਾਈ ਹੋਵੇ। ਚਿਹਰਾ ਗੁਲ਼ਾਬੀ, ਮੋਟੀ ਮੋਟੀ ਅੱਖ, ਛਟੀ ਵਰਗਾ ਸਰੀਰ, ਜਦੋਂ ਹੱਸਦੀ ਹਰ ਕਿਸੇ ਦਾ ਮਨ ਮੋਹ ਲੈਂਦੀ। ਜੋ ਨੂਰੀ ਦੇ ਚਿਹਰੇ ਤੇ ਨੂਰ ਸੀ ਦੇਖਣ ਵਾਲਾ ਬਸ ਦੇਖਦਾ ਹੀ ਰਹਿ ਜਾਂਦਾ।
ਦੀਪ ਤੇ ਨੂਰੀ ਇਕ ਹੀ ਕਾਲਜ਼ ਵਿੱਚ ਪੜ੍ਹਦੇ ਸਨ ਤੇ ਦੋਨਾਂ ਵਿਚਕਾਰ ਦੋਸਤੀ ਹੋ ਗਈ। ਫਿਰ ਪਤਾ ਹੀ ਨਾ ਲੱਗਾ ਕਿ ਪਿਆਰ ਵਿੱਚ ਕਦੋਂ ਬਦਲਗੀ। ਦੋਨੋਂ ਪਿਆਰ ਦੀਆਂ ਪੀਘਾਂ ਝੂਟਣ ਲੱਗੇ। ਇੱਕ ਦੂਜੇ ਤੋਂ ਬਿਨ੍ਹਾਂ ਰਹਿ ਨਾ ਸਕਦੇ। ਪਰ ਦੋਨਾਂ ਨੂੰ ਇੱਕੋ ਗੱਲ ਦੀ ਚਿੰਤਾ ਖਾਈ ਜਾ ਰਹੀ ਸੀ, ਉਹ ਸੀ ਧਰਮ। ਦੀਪ ਜੱਟ ਸਿੱਖ ਮੁੰਡਾ ਤੇ ਨੂਰੀ ਮੁਸਿਲਮ ਘਰ ਤੋਂ ਸੀ। ਦੋਹਾਂ ਦੇ ਪਰਿਵਾਰਾਂ ਵਿੱਚ ਬਹੁਤ ਅੰਤਰ ਸੀ। ਉਹਨਾਂ ਨੂੰ ਡਰ ਸੀ ਕਿਤੇ ਧਰਮ ਦਾ ਵਖਰੇਵਾਂ ਪਿਆਰ ਦਾ ਦੁਸ਼ਮਣ ਨਾ ਬਣਜੇ। ਦੋਨਾਂ ਇਕੱਠੇ ਜੀਣ ਮਰਨ ਦੀਆਂ ਕਸਮਾਂ ਖਾਦੀਆਂ।
ਜਿਓ ਹੀ ਕਾਲਜ ਦੀ ਪੜ੍ਹਾਈ ਖਤਮ ਹੋਈ ਨੂਰੀ ਘਰ ਬੈਠ ਗਈ। ਹੁਣ ਉਹ ਘਰ ਤੋਂ ਜਿਆਦਾ ਬਾਹਰ ਨਾ ਜਾ ਸਕਦੀ। ਦੀਪ ਕਦੇ ਕਦਾਈ ਕਿਸੇ ਬਹਾਨੇ ਉਸਦੇ ਘਰ ਅੱਗੇ ਚੱਕਰ ਲਗਾਉਦਾ ਇਸ ਤਰ੍ਹਾਂ ਨੂਰੀ ਉਸਨੂੰ ਦੇਖ ਲੈਂਦੀ। ਨੂਰੀ ਦੇ ਚਿਹਰੇ ਤੇ ਇੱਕ ਰੌਣਕ ਜਿਹੀ ਆ ਜਾਂਦੀ। ਪਰ ਇਹ ਰੌਣਕ ਕਦੋਂ ਤੱਕ, ਹੁਣ ਨੂਰੀ ਦੇ ਅੰਮੀ ਅੱਬੂ ਉਸ ਲਈ ਸ਼ੌਹਰ ਲੱਭਣ ਲੱਗੇ। ਨੂਰੀ ਦੀ ਤੜਫਣ ਦਿਨੋ ਦਿਨ ਵਧਦੀ ਗਈ। ਉਹ ਬਹੁਤ ਉਦਾਸ ਰਹਿਣ ਲੱਗੀ। ਅੰਮੀ ਜਾਨ ਉਸਨੂੰ ਪੁਛਦੀ, “ਕੋਈ ਤਾਂ ਗੱਲ ਹੈ ਤੂੰ ਖੋਈ-ਖੋਈ ਕਿਉਂ ਰਹਿੰਦੀ ਏ ਅੱਜ ਕਲ੍ਹ।” “ਕੁਝ ਨਹੀਂ,” ਕਹਿ ਕੇ ਨੂਰੀ ਗੱਲ ਟਾਲ ਦਿੰਦੀ। ਪਰ ਇੱਕ ਦਿਨ ਡਰਦੀ ਡਰਦੀ ਨੇ ਅੰਮੀ ਜਾਨ ਨੂੰ ਸਾਰੀ ਗੱਲ ਦੱਸ ਦਿੱਤੀ,”ਦੀਪ ਜੋ ਮੇਰੇ ਨਾਲ਼ ਕਾਲਜ਼ ਪੜ੍ਹਦਾ ਸੀ, ਮੈਂ ਉਸ ਨੂੰ ਚਾਹੁੰਦੀ ਆਂ, ਮੈਂ ਕਿਸੇ ਹੋਰ ਨਾਲ਼ ਨਿਕਾਹ ਨਹੀਂ ਕਰਾ ਸਕਦੀ। ਮੈਂ ਦੀਪ ਨਾਲ਼ ਜੀਣ ਮਰਨ ਵਾਅਦੇ ਕੀਤੇ ਹਨ।” ਅੰਮੀ ਜਾਨ ਨੇ ਇਹ ਰਿਸ਼ਤਾ ਕਬੂਲ ਨਾ ਕੀਤਾ। ਅੱਗੇ ਅਜਿਹੀ ਗੱਲ ਨਾ ਕਰਨ ਲਈ ਕਹਿਕੇ ਨੂਰੀ ਨੂੰ ਚੁੱਪ ਕਰਾ ਦਿੱਤਾ। ਇਸ ਤਰ੍ਹਾਂ ਨੂਰੀ ਅੰਦਰੋ ਅੰਦਰੀ ਮੁਹੱਬਤ ਦਾ ਗਮ ਪੀ ਰਹੀ ਸੀ। ਇੱਕ ਪਾਸੇ ਉਹਨਾਂ ਦੀ ਪਾਕ ਮੁਹੱਬਤ ਦੂਜੇ ਪਾਸੇ ਮਜ਼ਹਬ ਦੀ ਦੀਵਾਰ। ਉਹ ਸੋਚਦੀ ਰਹਿੰਦੀ ਕਿ ਇਹ ਮਜ਼ਹਬ ਇਹ ਧਰਮ ਕਿਸ ਨੇ ਬਣਾਏ ਹਨ? ਜੋ ਮਨੁੱਖ ਨੂੰ ਮਨੁੱਖ ਤੋਂ ਹੀ ਦੂਰ ਕਰਦੇ ਹਨ। ਇੱਕ ਸੱਚੀ ਮੁਹੱਬਤ ਕਰਨ ਵਾਲੇ ਨੂੰ ਵੀ ਬੂਰੀ ਨਜਰ ਨਾਲ਼ ਦੇਖਿਆ ਜਾਂਦਾ ਹੈ। ਨੂਰੀ ਦਾ ਗੁਲਾਬ ਦੇ ਫੁੱਲ਼ ਜਿਹਾ ਚਿਹਰਾ ਮੁਰਝਾ ਰਿਹਾ ਸੀ।
ਦੀਪ ਵੀ ਪਿਆਰ ਦਾ ਵਿਛੋੜਾ ਨਾ ਸਹਿ ਸਕਿਆ, ਪਿਆਰ ਦਾ ਗਮ ਦੂਰ ਕਰਨ ਲਈ ਸ਼ਰਾਬ ਦਾ ਸਹਾਰਾ ਲੈਣ ਲੱਗਾ। ਦੋਸਤਾਂ ਨੂੰ ਮਿਲਦਾ ਤਾਂ ਬਸ ਅਪਣੇ ਵਿਛੜੇ ਪਿਆਰ ਦੇ ਵਿਰਾਗ਼ ਨੂੰ ਸੁਣਾਉਂਦਾ ਰਹਿੰਦਾ। ਉਸਦਾ ਦੋਸਤ ਕਰਮਾ ਨੂਰੀ ਨੂੰ ਭੁੱਲ ਕੇ ਇੱਕ ਨਵੀਂ ਜਿੰਦਗੀ ਜੀਣ ਲਈ ਵਰਜਦਾ ਤਾਂ ਉਹ ਕਹਿੰਦਾ,
“ਕੋਸਿਸ਼ ਕਰਤਾ ਹੂੰ ਕਹੀਂ ਦੂਰ ਚਲਾ ਜਾਉਂ ਇਸ ਮੁਹੱਬਤ ਕੇ ਬਗ਼ੀਚੇ ਸੇ,
ਲੇਕਿਨ ਉਸ ਗੁਲ਼ਾਬ ਕੀ ਖੁਸ਼ਬੂ ਇਤਨੀ ਕਿ ਮੂਝੇ ਜਾਨੇ ਨ ਦੇ।”
ਦੀਪ ਸ਼ਰਾਬ ਪੀਣ ਤਾਂ ਕਦੋਂ ਦਾ ਲੱਗ ਗਿਆਾ ਸੀ, ਪਰ ਉਸ ਰਾਤ ਤਾਂ ਉਸਨੂੰ ਪੀਕੇ ਹੋਸ਼ ਨਹੀਂ ਸੀ। ਕਰਮਾ ਉਸਨੂੰ ਘਰ ਛੱਡਣ ਆਇਆ ਦੇਖਕੇ ਪਰਵਿੰਦਰ ਕੌਰ ਦੰਗ ਰਹਿ ਗਈ। ਉਹ ਸੋਚ ਰਹੀ ਸੀ ਕਿ ਕੀ ਕਮੀ ਰਹਿ ਗਈ ਸੀ ਉਸਦੀ ਪਰਵਰਿਸ਼ ‘ਚ, ਪੜ੍ਹਾਇਆ ਲਿਖਾਈਆ, ਮੂੰਹ ਮੰਗੀ ਹਰ ਚੀਜ਼ ਉਸਨੂੰ ਦਿੱਤੀ, ਫਿਰ ਵੀ ਆਹ ਦਿਨ ਦੇਖਣੇ ਪੈ ਗਏ। ਕਰਮੇ ਨੇ ਦੀਪ ਨੂੰ ਬੈਡ ਤੇ ਪਾ ਦਿੱਤਾ ਤੇ ਦੂਸਰੇ ਕਮਰੇ ਵਿੱਚ ਜਾ ਕੇ ਉਸ ਨੇ ਪਰਵਿੰਦਰ ਕੌਰ ਅਤੇ ਗੁਰਨਾਮ ਸਿੰਘ ਨੂੰ ਸਾਰੀ ਗੱਲ ਦੱਸੀ। ਸੁਣਕੇ ਪਰਵਿੰਦਰ ਕੌਰ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਉਸਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ, ਸੁੰਨ ਜਿਹੀ ਹੋ ਗਈ, ਜਿਵੇਂ ਦੀਪ ਨੇ ਪਿਆਰ ਨਹੀਂ, ਕਿਸੇ ਦਾ ਕਾਤਲ ਕਰ ਦਿੱਤਾ ਹੋਵੇ।
ਪਰਵਿੰਦਰ ਕੌਰ ਜਲਦੀ ਬਰਾਬਰ ਦੇ ਖਾਨਦਾਨ ਦੀ ਕੁੜੀ ਲੱਭਕੇ ਦੀਪ ਦਾ ਵਿਆਹ ਕਰ ਦੇਣਾ ਚਾਹੁੰਦੀ ਸੀ। ਉਸ ਨੇ ਅੰਗੀ ਸਾਕੀ ਸਾਰਿਆਂ ਨੂੰ ਕਹਿ ਦਿੱਤਾ ਕਿ ਦੀਪ ਲਈ ਕੋਈ ਕੁੜੀ ਦੱਸੋ। ਕਹਿਣ ਦੀ ਦੇਰ ਸੀ ਕਿ ਰਿਸ਼ਤਿਆਂ ਦੀਆਂ ਲਾਈਨਾਂ ਲੱਗ ਗੀਆਂ, ਲੱਗਦੀਆਂ ਵੀ ਕਿਉਂ ਨਾ ਦੀਪ ਪੜ੍ਹਿਆ ਲਿਖਿਆ ਮਾਪਿਆ ਦਾ ਇੱਲੌਤਾ ਪੁੱਤਰ, ਖੁੱਲੀ ਜ਼ਮੀਨ ਜਾਇਦਾਦ ਅਤੇ ਮਹਿਲ ਵਰਗੀ ਕੋਠੀ। ਲੋਕੀ ਇੱਕ ਦੂਜੇ ਤੋਂ ਵਧਕੇ ਦਾਜ਼ ਦੇਣ ਲਈ ਤਿਆਰ। ਇੱਕ ਦੂਜੇ ਤੋਂ ਵੱਡੀਆਂ ਕਾਰਾਂ ਦੇ ਨਾਂ ਲੈਣ। ਇੱਕ ਦੂਜੇ ਤੋਂ ਵਧਕੇ ਚੜਕੇ ਬੋਲੀ ਲਾਉਣ ਦੀਪ ਦੀ। ਦਾਜ਼ ਹੀ ਤਾਂ ਹੈ ਜੋ ਮਾਪਿਆਂ ਦੀਆਂ ਅੱਖਾਂ ਤੇ ਪੱਟੀ ਬੰਨ ਦਿੰਦਾ ਹੈ। ਮਾਂ ਪਿਓ ਧੀਆਂ-ਪੱਤਰਾਂ ਦੇ ਗੁਣ ਔਗੁਣ ਨਹੀਂ ਦੇਖਦੇ। ਮੁੰਡੇ ਵਾਲੇ ਦਾਜ਼ ਰੂਪੀ ਧਨ ਦੋਲ਼ਤ ਅਤੇ ਕੁੜੀ ਵਾਲੇ ਧਨ ਦੇ ਜੋਰ ਤੇ ਆਪ ਤੋਂ ਵੱਡਾ ਘਰ ਵਾਰ ਲੱਭਦੇ ਹਨ ਤੇ ਅੱਗੇ ਉਹਨਾਂ ਦੀ ਕਿਸਮਤ ਤੇ ਛੱਡ ਦਿੰਦੇ ਹਨ। ਪਰ ਇਥੇ ਅਜਿਹਾ ਨਹੀਂ ਹੋਇਆ, ਹਰਨਾਮ ਸਿੰਘ ਨੇ ਸਾਫ ਕਹਿ ਦਿੱਤਾ, “ਦਾਜ਼ ਤਾਂ ਮੈਂ ਘਰ ਵਿੱਚ ਨਹੀਂ ਵੜਨ ਦੇਣਾ, ਬਸ ਕੁੜੀ ਪੜ੍ਹੀ-ਲਿਖੀ ਤੇ ਹੋਣਹਾਰ ਹੋਵੇ ਜੋ ਸਾਡਾ ਘਰ ਸੰਭਾਲ ਸਕੇ।”
ਪਰਵਿੰਦਰ ਕੌਰ ਨੂਰੀ ਦੇ ਨੂਰ ਨੂੰ ਦੇਖਦੀ ਹੀ ਰਹਿ ਗਈ। ਮਨ ਹੀ ਮਨ ਕਹਿ ਰਹੀ ਸੀ,” ਇਹ ਤਾਂ ਕੋਈ ਅੰਬਰੋਂ ਉੱਤਰੀ ਪਰੀ ਲਗਦੀ ਏ।” ਅਚਾਨਕ ਨੂਰੀ ਦੇ ਨਾਮ ਤੋਂ ਉਸਨੂੰ ਮਜ਼ਹਬ ਚੇਤੇ ਆਇਆ ਤੇ ਫਿਰ ਮਜ਼ਹਬ ਨੇ ਉਸਨੂੰ ਯਾਦ ਕਰਾਇਆ ਜੋ ਉਹ ਕਹਿਣ ਆਈ ਸੀ। ਨੂਰੀ ਨੂੰ ਵੀ ਉਸ ਨੇ ਹੀ ਫੋਨ ਕਰਕੇ ਬੁਲਾਇਆ ਸੀ। ਨੂਰੀ ਦਾ ਫੋਨ ਨੰਬਰ ਤਾਂ ਉਸੇ ਰਾਤ ਦੀਪ ਦੇ ਮੋਬਾਇਲ ਚੋਂ ਨੋਟ ਕਰ ਲਿਆ ਸੀ। “ਅੱਛਾ ਤੂੰ ਹੈ ਜਿਸਨੇ ਮੇਰੇ ਹੀਰੇ ਵਰਗੇ ਪੱਤ ਨੂੰ ਬਰਬਾਦ ਕੀਤਾ। ਦੀਪ ਨੂੰ ਭੁੱਲ ਜਾ, ਕਿਤੇ ਹੋਰ ਵਿਆਹ ਕਰਾ ਲੈ, ਸਾਡੇ ਘਰ ਦੇ ਸੁਪਨੇ ਦੇਖਣੇ ਛੱਡਦੇ। ਆਪਣੇ ਖਾਨਦਾਨ ਦਾ ਕੋਈ ਮੇਲ ਨਹੀਂ। ਜੇ ਤੂੰ ਦੀਪ ਨਾਲ਼ ਵਿਆਹ ਕਰਾ ਲਿਆ ਤਾਂ ਉਸ ਦਾ ਅੰਜਾਮ ਬਹੁਤ ਬੂਰਾ ਹੋਵੇਗਾ। ਹੁਣ ਉਸ ਨੂੰ ਮਿਲਣ ਜਾਂ ਫੋਨ ਕਰਨ ਦੀ ਕੋਸਿਸ਼ ਨਾ ਕਰੀਂ।” ਉਸ ਨੇ ਨੂਰੀ ਨੂੰ ਖ਼ਬਰਦਾਰ ਕੀਤਾ।
ਵਿਚੋਲਾ ਰਿਸ਼ਤਾ ਦੇਖਣ ਆਏ ਬੰਦੇ ਨੂੰ ਡਰਇੰਗਰੂਮ ਚ ਮੱਧਮ ਜਿਹੀ ਅਵਾਜ਼ ‘ਚ ਕਹਿ ਰਿਹਾ ਸੀ, ” ਕੁੜੀ ਤਾਂ ਜੀ ਤੁਹਾਡੀ ਰਾਜ ਕਰੂਗੀ ਇਥੇ, ਕੁਝ ਸੋਚਣ ਦੀ ਲੋੜ ਨਹੀਂ । ਇਹ ਕੋਈ ਆਮ ਘਰ ਨਹੀਂ ਇਹ ਤਾਂ ਸਵਰਗ ਏ ਕੋਈ। ਬਸ ਰਿਸ਼ਤਾ ਪੱਕਾ ਕਰਜੋ ਅੱਜ। ਉਹੋ ਜੇ ਰਿਸ਼ਤੇ ਰੋਜ਼ ਰੋਜ਼ ਨਹੀ ਲੱਭਦੇ।” ਉਸ ਦੇ ਚਲੇ ਜਾਣ ਪਿਛੋਂ ਪਰਵਿੰਦਰ ਕੌਰ ਨੂੰ ਕਹਿਣ ਲੱਗਿਆ,”ਭਾਬੀ ਜੀ! ਪਾਧਾ ਨਾ ਪੁਛੋ, ਕੁੜੀ ਸਵਰਗ ਬਣਾਦੂ ਇਸ ਘਰ ਨੂੰ। ਦੀਪ ਨੂੰ ਕੀ ਪੁੱਛਣਾ, ਦੀਪ ਤਾਂ ਅਪਣਾ ਭੋਲ਼ਾ। ਬਸ ਦਿਨ ਪੱਕਾ ਕਰਦੋ ਸ਼ਗਨ ਦਾ। ਦੀਪ ਤਾਂ ਆਪੇ ਮੰਨਜੂ।” ਪਰ ਦੀਪ ਮਨਣਾ ਤਾਂ ਕੀ ਕੁੜੀ ਦੀ ਫੋਟੋ ਦੇਖਣ ਲਈ ਵੀ ਤਿਆਰ ਨਹੀਂ ਸੀ। “ਪੁੱਤਰਾ ਤੈਨੂੰ ਐਨੀ ਖੁੱਲ ਦਿੱਤੀ ਇਸਦਾ ਇਹ ਮਤਲਬ ਨਹੀਂ ਕਿ ਤੂੰ ਸਾਡੀ ਸਮਾਜ ‘ਚ ਨੱਕ ਕਟਵਾ ਦੇਵੇਂ, ਲੋਕੀ ਕੀ ਕਹਿਣਗੇ। ਤੇਰੇ ਅੱਗੇ ਹੱਥ ਜੋੜਦੀਆਂ ਮੈਂ, ਭੁੱਲ ਜਾ ਉਸਨੂੰ,” ਪਰਵਿੰਦਰ ਨੇ ਦੀਪ ਅੱਗੇ ਤਰਲਾ ਕੀਤਾ। ਦੀਪ ਮਾਂ ਨਾਲ਼ ਅੱਖ ਨਾ ਮਿਲਾ ਸਕਿਆ, ਨੀਵੀਂ ਪਾਈ ਕਹਿਣ ਲੱਗਿਆ,”ਮਾਂ! ਮੈਨੂੰ ਮਾਫ਼ ਕਰਦੇ, ਮੈਂ ਹੁਣ ਨੂਰੀ ਨੂੰ ਨਹੀਂ ਭੁੱਲ ਸਕਦਾ। ਮੈਂ ਤਾਂ ਜਿੰਦਗੀ ਉਸ ਦੇ ਨਾਂ ਲਿਖ ਦਿੱਤੀ ਏ।” “ਦੀਪ! ਤੂੰ ਸਾਡਾ ਇਕਲੌਤਾ ਪੁੱਤਰ ਏ, ਅਸੀਂ ਤੇਰਾ ਵਿਆਹ ਸਾਨੋ ਸੌਕਤ ਨਾਲ਼ ਕਰਨਾ, ਸਾਡੇ ਬੜੇ ਚਾਅ ਨੇ ਤੇਰੇ ਤੇ, ਪਰ ਸਾਨੂੰ ਤੇਰਾ ਇਹ ਰਿਸ਼ਤਾ ਮਨਜੂਰ ਨਹੀਂ। ਅਸੀਂ ਇੱਕ ਮੁਸਲਿਮ ਕੁੜੀ ਨੂੰਹ ਅਪਣੀ ਨੂੰਹ ਨਹੀਂ ਬਣਾ ਸਕਦੇ,” ਪਰਵਿੰਦਰ ਕੌਰ ਨੇ ਸਮਝਾਉਂਦੇ ਹੋਏ ਅਪਣਾ ਫੈਸਲ਼ਾ ਸੁਣਾਇਆ। ਪਰ ਭੁੱਲਣਾ ਦੀਪ ਨੂੰ ਮਨਜ਼ੂਰ ਨਹੀਂ ਸੀ। “ਮਰ ਜਾਵਾਂਗਾ ਪਰ ਵਿਆਹ ਨੂਰੀ ਤੋਂ ਇਲਾਵਾ ਕਿਸੇ ਹੋਰ ਨਾਲ਼ ਨਹੀਂ ਕਰਾ ਸਕਦਾ,” ਦੀਪ ਨੇ ਵੀ ਅਪਣਾ ਫੈਸਲਾ ਸੁਣਾਇਆ।
ਕਰਮੇ ਨੇ ਦੀਪ ਨੂੰ ਦੱਸਿਆ ਕਿ ਹੁਣ ਵਾਕਿਆ ਹੀ ਨੂਰੀ ਨੂੰ ਭੁੱਲ ਜਾਣਾ ਚਾਹਿਦਾ, ਨੂਰੀ ਦਾ ਨਿਕਾਹ ਕਨੈਡਾ ਰਹਿੰਦੇ, ਉਸ ਦੀ ਭੂਆ ਦੇ ਮੂੰਡੇ ਨਾਲ਼ ਪੱਕਾ ਹੋ ਗਿਆ। ਪਰ ਦੀਪ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਉਸਦੀ ਨੂਰੀ ਉਸ ਤੋਂ ਬਿਨ੍ਹਾਂ ਨਹੀਂ ਜੀਅ ਸਕਦੀ, ਫਿਰ ਉਹ ਕਿਵੇਂ ਕਿਸੇ ਨਾਲ਼ ਜਿੰਦਗੀ ਬਿਤਾਉਣ ਦਾ ਫੈਸਲਾ ਲੈ ਸਕਦੀ ਏ। “ਮੈਂ ਉਸਨੂੰ ਮਿਲਣਾ ਚਾਹੁੰਦਾ। ਕਰਮੇ ਤੂੰ ਹੀ ਮੈਨੂੰ ਇੱਕ ਵਾਰ ਨੂਰੀ ਨਾਲ਼ ਮਿਲ਼ਾ ਦੇ,” ਦੀਪ ਨੇ ਕਰਮੇ ਨੂੰ ਬੇਨਤੀ ਕੀਤੀ।
ਦੀਪ ਹੁਣ ਨਾ ਠੀਕ ਤਰ੍ਹਾਂ ਖਾਂਦਾ ਪੀਂਦਾ ਨਾ ਕਿਸੇ ਨਾਲ਼ ਬਹੁਤੀ ਗੱਲ ਕਰਦਾ, ਸ਼ਰਾਬ ਦੇ ਨਸ਼ੇ ਚ ਡੁੱਬਿਆ ਰਹਿੰਦਾ ਤੇ ਨੂਰੀ ਦੀ ਤਸਵੀਰ ਨਾਲ਼ ਗੱਲਾਂ ਕਰਦਾ ਰਹਿੰਦਾ।
“ਮੂਝੇ ਹੈ ਪਿਆਰੀ ਮੌਤ, ਮੌਤ ਸੇ ਪਿਆਰੀ ਤੂੰ,
ਅਬ ਜਿੰਦਗੀ ਹੈ ਤੇਰੇ ਹਾਥ ਮੇਂ, ਵਾਪਸ ਦੇਨੀ ਹੈ ਤੋ ਦੇਹ,
ਵਰਨਾ ਮੌਤ ਕੋ ਤੇਰੀ ਸੌਤਨ ਬਨਾਦੂੰ।”
ਪਰਵਿੰਦਰ ਕੌਰ ਤੇ ਗੁਰਨਾਮ ਸਿੰਘ ਤੋਂ ਉਸਦੀ ਹਾਲਤ ਦੇਖੀ ਨਾ ਜਾਂਦੀ। ਉਹਨਾਂ ਕੋਲ ਦੀਪ ਨੂੰ ਨੂਰੀ ਨਾਲ਼ ਮਿਲਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਉਹਨਾਂ ਨਾ ਚਾਹੁੰਦੇ ਹੋਏ ਵੀ ਦੀਪ ਨੂੰ ਨੂਰੀ ਨਾਲ਼ ਮਿਲਣ ਦਿੱਤਾ।
ਪਰਵਿੰਦਰ ਕੌਰ ਦੇ ਮਿਲਣ ਤੋਂ ਬਾਅਦ ਨੂਰੀ ਨੇ ਅਪਣੇ ਆਪ ਨੂੰ ਕੈਦ ਕਰ ਲਿਆ ਸੀ। ਰਾਤਾਂ ਦੀ ਨੀਂਦ ਖੰਭ ਲਾਕੇ ਉੱਡਗੀ। ਖਾਣਾ ਪੀਣਾ ਛੱਡ ਦਿੱਤਾ, ਚਿਹਰੇ ਦਾ ਰੰਗ ਪਿਲ਼ਾ ਪੈਣ ਲੱਗਿਆ ਸੀ। ਉਸਨੂੰ ਅਪਣੇ ਪਿਆਰ ਦੀ ਹਾਰ ਦਿਖਾਈ ਦੇ ਰਹੀ ਸੀ। ਸੋਚਦੀ ਰਹਿੰਦੀ, “ਦੀਪ ਤੋਂ ਬਿਨ੍ਹਾਂ ਮੈਂ ਕਿਸੇ ਹੋਰ ਨਾਲ਼ ਵਿਆਹ ਕਿਵੇਂ ਕਰਾ ਸਕਦੀ ਹਾਂ। ਜੋ ਪਿਆਰ ਦੀਪ ਨੇ ਮੈਨੂੰ ਹੁਣ ਤੱਕ ਦਿੱਤਾ, ਸ਼ਾਇਦ ਹੀ ਕਿਸੇ ਨੇ ਕਿਸੇ ਨੂੰ ਦਿੱਤਾ ਹੋਣਾ। ਕੀ ਕਰਾਂ ਮੇਰੇ ਅੱਲ਼ਾ……।”
ਦੀਪ ਨੂੰ ਪੂਰੀ ਆਸ ਸੀ ਕਿ ਅੱਜ ਉਸਦੇ ਪਿਆਰ ਦੀ ਜਿੱਤ ਹੋਵੇਗੀ। ਸੋਚ ਜਿਹਾ ਸੀ,” ਅੱਜ ਪੰਜ ਮਹੀਨਿਆਂ ਬਾਅਦ ਇੱਕ ਦੂਜੇ ਨੂੰ ਮਿਲਾਂਗੇ।” ਪੰਜ ਮਹੀਨੇ ਪੰਜ ਸਾਲਾਂ ਵਰਗੇ ਜਾਪਦੇ ਸਨ। ਮਨ ਹੀ ਮਨ ਉਸ ਨੂਰੀ ਨਾਲ਼ ਗੱਲਾਂ ਕਰੀ ਜਾ ਰਿਹਾ ਸੀ। ਉਸਦੇ ਚਿਹਰੇ ਤੇ ਵੱਖ ਵੱਖ ਹਾਵ ਭਾਵ ਆ ਰਹੇ ਸਨ, ਕਦੇ ਮੁਸਕਾਨ ਤੇ ਕਦੇ ਘਬਰਾਹਟ ਹੋ ਜਾਂਦੀ। ਸੋਚ ਰਿਹਾ ਸੀ,”ਨੂਰੀ ਵੀ ਅੱਜ ਬਹੁਤ ਖੁਸ਼ ਹੋਵੇਗੀ, ਉਹ ਵੀ ਬੇਸਬਰੀ ਨਾਲ਼ ਉਡੀਕ ਰਹੀ ਹੋਵੇਗੀ। ਉਸਦੇ ਸਾਹਮਣ ਕਿਵੇਂ ਜਾਵਾਂਗਾ, ਉਹ ਮੇਰੇ ਨਾਲ਼ ਨਰਾਜ ਤਾਂ ਨਹੀਂ ਹੋਵੇਗੀ। ਨਹੀਂ ਨਹੀਂ ਉਹ ਮੇਰੀ ਮਜ਼ਬੂਰੀ ਸਮਝਦੀਆ। ਮੈਂ ਉਸ ਨੂੰ ਸਭ ਦੱਸ ਦੇਵਾਂਗਾ ਕਿ ਮੈਂ ਉਸ ਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਿਲ ਨਾ ਸਕਿਆ। ਘਰ ਅੱਗੇ ਵੀ ਚੱਕਰ ਲਾਉਦਾਂ ਸੀ ਪਰ ਉਹ ਕਦੇ ਵੀ ਦਿਖਾਈ ਨਾ ਦਿੱਤੀ। ਫੋਨ ਕਰਨ ਦੀ ਵੀ ਕੋਸਿਸ਼ ਕਰਦਾ ਸੀ ਫੋਨ ਹਮੇਸ਼ਾ ਅੰਮੀ ਹੀ ਚੁੱਕਦੀ। ਫਿਰ ਦੁਆਰਾ ਫੋਨ ਨਾ ਕੀਤਾ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਵਜ਼ਾਅ ਕਰਕੇ ਉਸ ਨੂੰ ਕੋਈ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।” ਅੱਜ ਵੀ ਕਰਮੇ ਨੇ ਨੂਰੀ ਦੀ ਸਹੇਲੀ ਅਮਨ ਤੋਂ ਫੋਨ ਕਰਵਾਇਆ ਸੀ। ਫੋਨ ਚੁੱਕਿਆ ਤਾਂ ਅੰਮੀ ਨੇ ਹੀ ਸੀ ਪਰ ਉਸ ਨੇ ਅਮਨ ਦੀ ਨੂਰੀ ਨਾਲ਼ ਗੱਲ ਕਰਵਾ ਦਿੱਤੀ। ਇਸ ਤਰ੍ਹਾਂ ਅਮਨ ਦੁਅਰਾ ਕਰਮੇ ਨੇ ਨੂਰੀ ਨਾਲ਼ ਸਾਰੀ ਗੱਲ ਕੀਤੀ। ਨੂਰੀ ‘ਚ ਹਿੰਮਤ ਤਾਂ ਨਹੀਂ ਸੀ ਕਿਉਹ ਦੀਪ ਦਾ ਸਾਹਮਣਾ ਕਰ ਸਕੇ। ਉਹ ਅੰਦਰੋਂ ਟੁੱਟੀ ਪਈ ਸੀ, ਫਿਰ ਵੀ ਉਸ ਨੇ ਦੀਪ ਨੂੰ ਮਿਲਣਾ ਚਾਹਿਆ। ਇਸ ਸਭ ਲਈ ਅੰਮੀ ਦੀ ਇਜ਼ਾਜਤ ਤਾਂ ਲੈਣੀ ਹੀ ਪੈਣੀ ਸੀ। ਪਹਿਲਾਂ ਤਾਂ ਅੰਮੀ ਨਾ ਮੰਨੀ, ਪਰ ਬਹੁਤ ਜ਼ੋਰ ਦੇਣ ਤੇ ਕਿ ਉਹ ਦੀਪ ਨੂੰ ਆਪਣਾ ਫੈਸਲ਼ਾ ਸੁਣਾਉਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਕੋਈ ਗਲਤਫਹਿਮੀ ਨਾ ਰਹੇ। ਨੂਰੀ ਨੇ ਅੰਮੀ ਨਾਲ਼ ਵਾਅਦਾ ਕੀਤਾ ਕਿ ਉਹ ਹੁਣ ਅਜਿਹਾ ਕੋਈ ਕੰਮ ਨਹੀਂ ਕਰੇਗੀ ਜੋ ਉਹਨਾਂ ਦੀ ਮਰਜ਼ੀ ਦੇ ਉਲਟ ਹੋਵੇ। ਇਸ ਤਰ੍ਹਾਂ ਅੰਮੀ ਮੰਨਗੀ ਪਰ ਉਸ ਨੇ ਆਪ ਖੁਦ ਨਾਲ਼ ਜਾਣ ਦਾ ਫੈਸਲਾ ਕੀਤਾ। ਅੰਦਰ ਹੀ ਅੰਦਰ ਨੂਰੀ ਵੀ ਬਹੁਤ ਉਤੇਜਿਤ ਸੀ ਦੀਪ ਨੂੰ ਮਿਲ਼ਣ ਲਈ। ਉਹ ਦੀਪ ਨੂੰ ਦਿਲ ਭਰ ਕੇ ਦੇਖਣਾ ਚਾਹੁੰਦੀ ਸੀ।
ਸੋਚਾਂ ਵਿੱਚ ਡੁੱਬੇ ਦੀਪ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਗੱਡੀ ਕਰਮੇ ਦੇ ਘਰ ਅੱਗੇ ਜਾ ਪਾਹੁੰਚੀ। ਉਹ ਅੰਦਰ ਗਿਆ। ਕਰਮੇ ਨੇ ਉਸਨੂੰ ਡਰਇੰਗਰੂਮ ‘ਚ ਬਿਠਾ ਦਿੱਤਾ। ਐਨੇ ਨੂੰ ਨੂਰੀ ਤੇ ਅੰਮੀ ਵੀ ਆ ਗਈਆਂ। ਦੀਪ ਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ। ਨੂਰੀ ਨੂੰ ਦੇਖ ਦੀਪ ਖੜਾ ਹੋ ਗਿਆ। ਅਚਾਨਕ ਮੂਹੋਂ ਨਿਕਲਿਆ, “ਨੂਰੀ!” ਇੰਞ ਲੱਗਿਆ ਜਿਵੇਂ ਉਸਦੀ ਵਿਛੜੀ ਰੂਹ ਮਿਲ ਗਈ ਹੋਵੇ। ਉਸਦਾ ਦਿਲ ਕੀਤਾ ਕਿ ਨੂਰੀ ਨੂੰ ਘੁੱਟ ਕੇ ਗਲ਼ ਲਾ ਲਵੇ ਪਰ ਉਹ ਅਜਿਹਾ ਨਾ ਕਰ ਸਕਿਆ। ਨੂਰੀ ਦੀ ਅੰਮੀ ਉਥੇ ਮੌਜੂਦ ਸੀ ਜੋ ਦੀਪ ਨੂੰ ਕੋੜ੍ਹੀ ਨਜ਼ਰ ਨਾਲ਼ ਦੇਖ ਰਹੀ ਸੀ ਕਿ ਕਦੋਂ ਇਹ ਨੂਰੀ ਦੀ ਜਿੰਦਗੀ ਚੋਂ ਚਲਿਆ ਜਾਵੇ। “ਨੂਰੀ!”, ਦੀਪ ਨੇ ਫਿਰ ਕਿਹਾ। ਨੂਰੀ ਖਾਮੋਸ਼ ਖੜੀ ਸੀ। ਉਸ ਦੀ ਅੰਦਰ ਦੀ ਹਾਲਤ ਬਹੁਤ ਖ਼ਰਾਬ ਸੀ। ਉਹ ਦੋਰਾਹੇ ਤੇ ਖੜੀ ਸੀ ਜਿਸਦੇ ਇਕ ਰਾਹ ਦੀਪ ਅਤੇ ਦੂਜੇ ਰਾਹ ਅੰਮੀ-ਅੱਬੂ। ਨੂਰੀ! ਮੈਂ ਇਹ ਕੀ ਸੁਣ ਰਿਹਾ ਹਾਂ ਕਿ ਤੂੰ ਮੈਨੂੰ ਭੁੱਲਣਾ ਚਾਹੁੰਦੀ ਏ, ਤੂੰ ਜਿੰਦਗੀ ਕਿਸੇ ਹੋਰ ਦੇ ਨਾਂ ਕਰਨ ਜਾ ਰਹੀ ਏ। ਕਹਿਦੇ ਇਹ ਸਭ ਝੂਠ ਏ, ਤੂੰ ਸਿਰਫ ਮੇਰੀ ਏ, ਨੂਰੀ! ਤੂੰ ਕਿਸੇ ਹੋਰ ਦੀ ਨਹੀਂ ਹੋ ਸਕਦੀ।”
ਨੂਰੀ ਬਸ ਰੋਈ ਜਾ ਰਹੀ ਸੀ। ਅੱਖਾਂ ‘ਚ ਹੰਝੂਆਂ ਦੀ ਝੜੀ ਲੱਗ ਰਹੀ ਸੀ। ਉਸ ਦੇ ਹੱਥ ਕੰਬ ਰਹੇ ਸਨ, ਉਹ ਮਜਬੂਰ ਸੀ, ਉਸਦੇ ਅੱਗੇ ਦੀਪ ਦੀ ਮਾਂ ਦੇ ਕਹੇ ਲਫ਼ਜ ਗੂੰਜਣ ਲੱਗੇ ਅਤੇ ਅੱਬੂ ਜਾਨ ਦੀਆਂ ਮਿੰਨਤਾਂ,” ਸਾਡੀ ਲਾਜ਼ ਰਖਲੈ, ਨੂਰੀ! ਮੈਂ ਤੇਰੇ ਪੈਰ ਫੜ੍ਹਦਾ। ਦੇਖੀ ਕਿਤੇ ਸਾਡੀ ਇਜ਼ਤ ਨਾ ਰੋਲ ਦੇਵੀਂ। ਸਮਾਜ ਵਿੱਚ ਕੋਈ ਵੀ ਇਸ ਰਿਸ਼ਤੇ ਨੂੰ ਕਬੂਲ ਨਹੀਂ ਕਰੂਗਾ।” ਅੰਮੀ ਨੇ ਵੀ ਅਲੱਗ ਬੈਠ ਸਮਝਾਇਆ, “ਦੀਪ ਨੂੰ ਭੁੱਲ ਜਾ, ਨਹੀਂ ਤਾਂ ਤੇਰੇ ਅੱਬੂ ਨੇ ਤੈਨੂੰ ਜੀਂਦਾ ਹੀ ਦਫਨਾ ਦੇਣਾ। ਤੇਰਾ ਨਿਕਾਹ ਕਨੈਡਾ ਵਾਲੀ ਭੂਆ ਦੇ ਮੁੰਡੇ ਨਾਲ਼ ਪੱਕਾ ਕਰ ਦਿੱਤਾ ਤੇਰੇ ਅੱਬੂ ਨੇ, ਤੂੰ ਉਥੇ ਵਧੇਰੇ ਖੁਸ਼ ਰਹੇਗੀ”
“ਕੀ ਸੋਚਦੀ ਏ ਨੂਰੀ! ਕੁਝ ਤਾਂ ਬੋਲ। ਤੂੰ ਮੇਰੀ ਏ ਤੇ ਹਮੇਸ਼ਾ ਮੇਰੀ ਹੀ ਰਹੇਗੀ। ਅੱਜ ਮੈਂ ਤੈਨੂੰ ਲੈਣ ਆਇਆਂ,” ਦੀਪ ਦੇ ਬੋਲਾਂ ਨੇ ਨੂਰੀ ਦੀ ਸੋਚਾਂ ਦੀ ਲੜੀ ਤੋੜੀ। ਦੀਪ ਦੇ ਸਾਹਮਣੇ ਖੜੀ ਨੂਰੀ, ਦੀਪ ਨਾਲ਼ ਅੱਖ ਨਾ ਮਿਲਾਅ ਸਕੀ। ਮੂੰਹ ਘੁੰਮਾਇਆ ਤੇ ਚਾਰ ਕਦਮ ਦੂਰ ਹੋ ਕੇ ਖਲੋਗੀ।
“ਦੀਪ ਮੈਨੂੰ ਮਾਫ਼ ਕਰਦੇ, ਹੁਣ ਮੈਂ ਤੇਰੀ ਨਹੀਂ ਹੋ ਸਕਦੀ। ਮੇਰਾ ਨਿਕਾਅ ਕਿਤੇ ਹੋਰ ਤੈ ਹੋ ਗਿਆ। ਦੀਪ ਮੈਨੂੰ ਭੁੱਲ ਜਾ, ਵਿਆਹ ਕਰਾਕੇ ਤੂੰ ਵੀ ਅਪਣਾ ਘਰ ਵਸਾ ਲੈ। ਸ਼ਾਇਦ ਅੱਲ਼ਾ ਨੇ ਆਪਣੇ ਸੰਜੋਗ ਨਹੀਂ ਲਿਖੇ,” ਬੇਵਸ ਨੂਰੀ ਕੰਬਦੀ ਅਵਾਜ਼ ‘ਚ ਬੋਲੀ। ਸੋਚ ਰਹੀ ਸੀ, “ਕਿਤੇ ਮੇਰੇ ਕਾਰਨ ਦੀਪ ਦੀ ਜਿੰਦਗੀ ਬਰਬਾਦ ਨਾ ਹੋ ਜਾਏ ਕਿਉਂਕਿ ਉਸ ਦੇ ਮਾਂ ਪਿਓ ਨੇ ਵੀ ਸਾਡਾ ਰਿਸ਼ਤਾ ਹਰਗਿਜ਼ ਪ੍ਰਵਾਨ ਨਹੀਂ ਕਰਨਾ। ਹੇ ਖ਼ੁਦਾ ਇਹ ਕਿਹੋ ਜਿਹਾ ਇਮਤਿਹਾਨ ਲੈ ਰਿਹਾ ਏ…
ਦੀਪ ਦੀ ਜਿਵੇਂ ਉਸਦੀ ਦੁਨੀਆ ਉਜੜ ਗਈ ਹੋਵੇ। ਉਸ ਨੂੰ ਜ਼ਕੀਨ ਨਹੀਂ ਹੋ ਰਿਹਾ ਸੀ ਕਿ ਨੂਰੀ ਇਹ ਵੀ ਕਹਿ ਸਕਦੀ ਸੀ। “ਨੂਰੀ ਇੰਨਾ ਵੱਡਾ ਮਜ਼ਾਕ ਨਾ ਕਰ ਮੇਰੇ ਨਾਲ਼,” ਉਸਨੇ ਭਰੇ ਮਨ ਨਾਲ਼ ਤਰਲਾ ਕੀਤਾ। “ਨਹੀਂ, ਦੀਪ ਇਹ ਕੋਈ ਮਜ਼ਾਕ ਨਹੀਂ, ਹਕੀਕਤ ਏ। ਤੇਰੇ ਅੱਗੇ ਹੱਥ ਜੋੜਦੀ ਆਂ, ਦੀਪ! ਚਲਿਆ ਜਾਹ,” ਦੋਵੇਂ ਹੱਥ ਜੋੜਦੀ ਨੂਰੀ ਨੇ ਦੀਪ ਅੱਗੇ ਮਿੰਨਤ ਕੀਤੀ।
ਦੀਪ ਕੰਧ ਦਾ ਸਹਾਰਾ ਲੈਕੇ ਨਾਲ ਪਈ ਕੁਰਸੀ ਤੇ ਬੈਠ ਗਿਆ। ਉਸ ਦੇ ਤਾਂ ਸਾਰੇ ਸੁਪਨੇ ਟੁੱਟ ਗਏ ਸਨ, ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਜੋ ਉਸਨੂੰ ਨੂਰੀ ਤੋਂ ਸਨ। ਐਨੇ ਨੂੰ ਕਰਮਾ ਅੰਦਰ ਆਇਆ। ਦੀਪ ਉਸਦੇ ਗਲ਼ ਲੱਗ ਭੁੱਬਾਂ ਮਾਰ ਰੋਣ ਲੱਗਾ। ਨੂਰੀ ਦੀਪ ਨੂੰ ਰੋਂਦੇ ਹੋਏ ਨਾ ਦੇਖ ਸਕੀ, ਅਪਣੇ ਆਪ ਨੂੰ ਵੀ ਰੋਣ ਤੌਂ ਰੋਕਦੀ ਹੋਈ, ਮੂੰਹ ਤੇ ਹੱਥ ਰੱਖ ਕਾਹਲ਼ੀ ਨਾਲ਼ ਕਮਰੇ ਤੋਂ ਬਾਹਰ ਚਲੀ ਗਈ।
ਦੀਪ ਦੀ ਮਾਨਿਸਕ ਹਾਲਤ ਦਿਨੋ ਦਿਨ ਵਿਗੜਨ ਲੱਗੀ। ਇਕੱਲਾ ਹੀ ਬੋਲਦਾ ਰਹਿੰਦਾ। ਕਦੇ ਹਸਦਾ ਤੇ ਕਦੇ ਰੋਣ ਲੱਗ ਜਾਂਦਾ। ਨੂਰੀ ਦੀ ਤਸਵੀਰ ਨਾਲ਼ ਗੱਲਾਂ ਕਰਦਾ ਰਹਿੰਦਾ ਜੋ ਉਹ ਪਰਸ ‘ਚ ਰੱਖਦਾ ਸੀ।
“ਹੇ ਬੇਵਫਾ! ਅਗਰ ਕਰਨੀ ਥੀ ਬੇਵਫਾਈ, ਮੇਰੀ ਜਿੰਦਗੀ ਮੇ ਕਿਓਂ ਆਈ।
ਬੇਦਿਲ! ਤੁਨੇ ਇਤਨਾ ਦਰਦ ਦਿਆ ਮੇਰੇ ਦਿਲ ਕੋ, ਅਬ ਜੀਨੇ ਕੀ ਨਾ ਤਮੰਨਾ।
ਤੁਨੇ ਕਹਿ ਦਿਆ ਅਲਵਿਦਾ ਮੁਝੇ, ਅਬ ਮੈਂ ਚਾਹਤਾ ਹੂੰ ਅਲਵਿਦਾ ਇਸ ਜਹਾਂ ਸੇ।”
ਇਹ ਤਾਂ ਦੀਪ ਨੇ ਇੱਕ ਦਿਨ ਕਰ ਹੀ ਦਿਖਾਇਆ। ਵੈਸੇ ਤਾਂ ਪਰਵਿੰਦਰ ਕੌਰ ਦੀਪ ਦਾ ਬਹੁਤ ਧਿਆਨ ਰੱਖਦੀ। ਹਰ ਸਮੇਂ ਕੋਲ ਰਹਿੰਦੀ। ਫਿਰ ਵੀ ਪਤਾ ਨਹੀਂ ਕਿਹੜੇ ਵੇਲੇ ਦੀਪ ਨੇ ਮੌਕਾ ਪਾਕੇ, ਘਰ ਪਿਆ ਫਸਲਾਂ ਤੇ ਕਰਨ ਵਾਲਾ ਸਪਰੇਅ ਪੀ ਲਿਆ, ਪਰ ਰੱਬ ਨੂੰ ਉਸਦੀ ਅਜੇ ਮੌਤ ਮਨਜੂਰ ਨਹੀਂ ਸੀ, ਉਸਦੀ ਲੰਬੀ ਲਿਖੀ ਸੀ। ਅਚਾਨਕ ਗੁਰਨਾਮ ਸਿੰਘ ਨੇ ਉਸ ਨੂੰ ਦੇਖ ਲਿਆ। ਛੇਤੀ ਗੱਡੀ ‘ਚ ਪਾਕੇ ਐਮਰਜੈਂਸੀ ਹਸਪਤਾਲ ਲੈ ਗਏ। ਭਾਵੇਂ ਪੈਸੇ ਤਾਂ ਬਹੁਤ ਲੱਗ ਗਏ ਪਰ ਡਾਕਟਰਾਂ ਨੇ ਉਸਨੂੰ ਬਚਾ ਲਿਆ।
ਜਦੋਂ ਅਮਨ ਤੋਂ ਨੂਰੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਕੰਧਾਂ ਨਾਲ਼ ਟੱਕਰਾਂ ਮਾਰ ਰੋਣ ਲੱਗੀ। ਰੋ-ਰੋ ਹਾਲੋ ਬੇਹਾਲ ਹੋਈ। ਅੰਮੀ ਨੇ ਉਸ ਨੂੰ ਮਸਾਂ ਹੀ ਸੰਭਾਲਿਆ। ਡਾਕਟਰ ਨੂੰ ਬੁਲਾਕੇ ਦਿਵਾਈ ਦਿੱਤੀ ਤਾਂ ਜੋ ਉਸਨੂੰ ਨੀਂਦ ਆ ਜਾਵੇ। ਉਸਦਾ ਦਿਲ ਕਰਦਾ ਸੀ ਕਿ ਕਾਸ਼ ਉਹ ਦੀਪ ਕੋਲ ਜਾ ਸਕੇ ਤੇ ਹਮੇਸ਼ਾ ਲਈ ਉਸਦੀ ਹੋ ਜਾਵੇ। ਅੰਮੀ ਅੱਬੂ ਉਸਦੀ ਰਾਖੀ ਰੱਖਦੇ। ਅੰਮੀ ਡਰਦੀ ਹੋਈ ਕਹਿੰਦੀ,”ਪਤਾ ਨਹੀਂ ਇਹ ਸਿੱਖਾਂ ਦਾ ਮੁੰਡਾ ਕੀ ਕਰ ਦੇਵੇ।” ਉਹਨਾਂ ਛੇਤੀ ਹੀ ਨੂਰੀ ਦਾ ਨਿਕਾਹ ਕਰ ਦਿੱਤਾ ਤੇ ਕਨੈਡਾ ਭੇਜਣ ਦੀ ਤਿਅਰੀ ਕਰਨ ਲੱਗੇ।
ਗੁਰਨਾਮ ਸਿੰਘ ਤੇ ਪਰਵਿੰਦਰ ਕੌਰ ਦੀਪ ਨੂੰ ਖੁਸ਼ ਰੱਖਣ ਦੀ ਬਹੁਤ ਕੋਸਿਸ਼ ਕਰਦੇ। ਕਰਮਾ ਅਤੇ ਹੋਰ ਦੋਸਤ ਦੀਪ ਨੂੰ ਮਿਲਣ ਆਉਂਦੇ। ਗੁਰਨਾਮ ਸਿੰਘ ਪੁੱਤਰ ਨੂੰ ਅਜਿਹੀ ਸਥਿਤੀ ਚੋਂ ਕੱਢਣ ਲਈ ਉਸ ਨੂੰ ਦੋਸਤਾਂ ਨਾਲ਼ ਟੂਰ ਤੇ ਭੇਜਦਾ। ਦਿਨ ਲੰਘਦੇ ਗਏ, ਮਹੀਨੇ ਲੰਘਦੇ ਗਏ ਤੇ ਫਿਰ ਸਾਲ ਹੋ ਗਿਆ। ਭਾਵੇਂ ਦੀਪ ਬਹੁਤ ਖੁਸ਼ ਤਾਂ ਨਹੀਂ ਸੀ ਪਰ ਫਿਰ ਵੀ ਉਸ ਦੀ ਹਾਲਤ ‘ਚ ਕਾਫੀ ਸੁਧਾਰ ਆ ਗਿਆ ਸੀ। ਦੋਸਤਾਂ ਨੇ ਉਸ ਨੂੰ ਅੱਗੇ ਪੜ੍ਹਾਈ ਕਰਨ ਦੀ ਸਲਾਹ ਦਿੱਤੀ। ਗੁਰਨਾਮ ਸਿੰਘ ਤਾਂ ਪਹਿਲਾਂ ਹੀ ਚਾਹੁੰਦਾ ਸੀ ਕਿ ਦੀਪ ਅੱਗੇ ਪੜ੍ਹੇ। ਦੀਪ ਦੀ ਬੀ. ਏ. ਦੀ ਪੜ੍ਹਾਈ ਤਾਂ ਪੂਰੀ ਹੋ ਗਈ ਸੀ। ਹੁਣ ਉਸ ਨੇ ਐਮ. ਏ. ਪੰਜਾਬੀ ਭਾਗ ਪਹਿਲਾ ‘ਚ ਦਾਖਲਾ ਲਿਆ।
ਉਹ ਜੋ ਕਦੇ ਬਹੁਤ ਖੁਸ਼ ਰਹਿੰਦਾ ਸੀ। ਯਾਰਾਂ ਦਾ ਯਾਰ ਸੀ, ਮੁਸਿਬਤ ਸਮੇਂ ਦੋਸਤਾਂ ਦੇ ਮੋਢੇ ਨਾਲ਼ ਮੋਢਾ ਜੋੜ ਕੇ ਖੜਦਾ ਸੀ, ਕਬੱਡੀ ਦਾ ਹੋਣਹਾਰ ਖਿਡਾਰੀ ਸੀ ਅਤੇ ਕਾਲਜ ਦੇ ਹਰ ਪ੍ਰੋਗਰਾਮ ਵਿੱਚ ਭਾਗ ਲੈਂਦਾ ਸੀ, ਹੁਣ ਉਹ ਖਿੜਿਆ ਫੁੱਲ ਮੁਰਝਾ ਚੁੱਕਾ ਸੀ। ਹੱਸਣਾ ਤਾਂ ਉਹ ਕਦੋਂ ਦਾ ਭੁੱਲ ਚੁੱਕਾ ਸੀ। ਕਲਾਸ ‘ਚ ਪਿਛਲੇ ਬੈਂਚ ਤੇ ਬੈਠਦਾ ਸੀ। ਕਿਸੇ ਨਾਲ਼ ਜਿਆਦਾ ਗੱਲ ਨਹੀਂ ਕਰਦਾ ਸੀ। ਚਿਹਰੇ ਤੇ ਉਦਾਸੀ ਸਟੈਂਪ ਲੱਗ ਚੁੱਕੀ ਸੀ ਪਰ ਉਸ ਦੀ ਇਹ ਉਦਾਸੀ ਕਿਸੇ ਨੂੰ ਬੇਚੈਨ ਕਰੀ ਜਾਦੀਂ ਸੀ, ਉਹ ਸੀ ਨਰਿੰਦਰ ਕੌਰ ਨਿੰਦੀ ਜੋ ਉਸ ਨਾਲ਼ ਪੜ੍ਹਦੀ ਸੀ। ਉਹ ਅਕਸਰ ਦੀਪ ਨੂੰ ਦੇਖਦੀ ਤੇ ਉਸ ਨਾਲ਼ ਗੱਲ ਕਰਨ ਦੀ ਤਾਂਘ ਵਿੱਚ ਰਹਿੰਦੀ ਸੀ। ਦੋਨਾਂ ਦੇ ਪਿੰਡ ਨਾਲ਼ ਨਾਲ਼ ਸਨ। ਉਸਨੇ ਹੋਲ਼ੀ ਹੋਲ਼ੀ ਦੀਪ ਨਾਲ਼ ਜਾਣ ਪਛਾਣ ਵਧਾਈ। ਨਿੰਦੀ ਜਦੋਂ ਵੀ ਉਸ ਨੂੰ ਦੇਖਦੀ ਉਹ ਸੋਚਾਂ ਵਿੱਚ ਡੁੱਬਿਆ ਹੁੰਦਾ। ਉਹ ਜਾਨਣਾ ਚਾਹੁੰਦੀ ਸੀ ਕਿ ਆਖਿਰ ਉਸ ਦੀ ਉਦਾਸੀ ਦਾ ਕਾਰਨ ਕੀ ਹੈ।
ਦੀਪ ਕੰਟਟੀਨ ਵਿੱਚ ਬੈਠਾ ਸੀ ਅਚਾਨਕ ਨਿੰਦੀ ਉਸ ਕੋਲ ਆਕੇ ਬੈਠੀ ਤੇ ਦੋ ਕੱਪ ਚਾਹ ਦੇ ਆਉਡਰ ਕੀਤੇ। ਦੋਨਾਂ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ, ਕੁਝ ਇੱਧਰ ਉਧਰ ਦੀਆਂ ਗੱਲਾਂ ਤੋਂ ਬਾਅਦ ਨਿੰਦੀ ਨੇ ਪੁੱਛਿਆ, ਦੀਪ ਜੇ ਬੂਰਾ ਨਾ ਮੰਨੇ ਤਾਂ ਇੱਕ ਗੱਲ ਪੁੱਛ ਸਕਦੀਆਂ?”
“ਹਾਂ ਪੁਛੋ। ਕੀ ਪੁੱਛਣਾ?”
“ਇਹੀ ਕਿ ਤੂਸੀਂ ਹਰ ਸਮੇਂ ਉਦਾਸ ਕਿਓ ਦਿਖਾਈ ਦਿੰਦੇ ਹੋ?” ਦੀਪ ਝੂਠਾ ਜਿਹਾ ਹੱਸਦਿਆ ਹੋਇਆ ਗੱਲ ਟਾਲ ਦਿੰਦਾ। ਐਨੇ ਨੂੰ ਘੰਟੀ ਵਜੀ। ਦੋਨੋਂ ਉਠੇ ਤੇ ਕਲਾਸ ‘ਚ ਚਲੇ ਗਏ।
ਨਿੰਦੀ ਬਸ ਸਟੈਂਡ ਤੇ ਬਸ ਦਾ ਇੰਤਜਾਰ ਕਰ ਰਹੀ ਸੀ। ਉਸੇ ਰਾਹ ਹੀ ਦੀਪ ਪਿੰਡ ਜਾਂਦਾ ਸੀ। ਦੀਪ ਨਿੰਦੀ ਨੂੰ ਬੈਠੀ ਦੇਖਕੇ ਗੱਡੀ ਚੋਂ ਉੱਤਰ ਕੇ ਕੋਲ ਗਿਆ ਤੇ ਬੋਲਿਆ, “ਨਿੰਦੀ!” ਨੀਵੀਂ ਪਾਈ ਬੈਠੀ ਨਿੰਦੀ ਨੇ ਇੱਕਦਮ ਉਪਰ ਦੇਖਿਆ ਤੇ ਬੋਲੀ, “ਦੀਪ! ਤੁਸੀਂ ਇਥੇ?”
ਇਹੀ ਤਾਂ ਮੈਂ ਪੁੱਛਦਾ,”ਕਿ ਤੁਸੀਂ ਹੁਣ ਤੱਕ ਇਥੇ?”
“ਮੇਰੀ ਬਸ ਮਿਸ ਹੋ ਗਈ। ਅਗਲੀ ਬਸ ਆਉਣ ‘ਚ ਕਾਫੀ ਟਾਇਮ ਹੈ।” ਨਿੰਦੀ ਨੇ ਦੁਖੀ ਜਿਹਾ ਮੂੰਹ ਬਣਾਕੇ ਕਿਹਾ।
“ਜੇ ਤੁਸੀਂ ਬੂਰਾ ਨਾ ਮੰਨੋ ਤਾਂ ਮੈਂ ਗੱਡੀ ‘ਚ ਛੱਡ ਦਿੰਦਾ ਹਾਂ।” ਦੀਪ ਨੇ ਪੁੱਛਿਆ।
“ਨਹੀਂ, ਕੋਈ ਗੱਲ ਨਹੀਂ ਥੈਂਕਸ,”ਨਿੰਦੀ ਨੇ ਕਿਹਾ।
“ਗਰਮੀ ਬਹੁਤ ਹੈ ਤੇ ਇਥੇ ਇਕੱਲਿਆ ਬੈਠਣਾ ਵੀ ਠੀਕ ਨਹੀਂ,” ਦੀਪ ਨੇ ਸਾਹਮਣੇ ਖੜੇ ਮੁਸ਼ਟੰਡਿਆਂ ਜੋ ਉਸ ਨੂੰ ਘੂਰ ਰਹੇ ਸਨ ਵਲ ਦੇਖਦੇ ਹੋਏ ਕਿਹਾ।
ਦੀਪ ਦੇ ਬਹੁਤ ਕਹਿਣ ਤੇ ਉਹ ਗੱਡੀ ਵਿੱਚ ਬੈਠ ਗਈ। ਦੀਪ ਉਸ ਨੂੰ ਘਰ ਛੱਡ ਦਿੰਦਾ ਹੈ। ਉਸਨੇ ਦੀਪ ਨੂੰ ਮਾਂ ਨਾਲ਼ ਮਿਲਾਇਆ।
ਦੀਪ ਤੇ ਨਿੰਦੀ ਵਿੱਚ ਗਹਿਰੀ ਦੋਸਤੀ ਹੋ ਗਈ ਸੀ। ਪਰ ਅਜੇ ਵੀ ਨਿੰਦੀ ਜਦੋਂ ਦੀਪ ਨੂੰ ਇਕੱਲਿਆਂ ਬੈਠੇ ਦੇਖਦੀ ਤਾਂ ਉਸ ਦਾ ਚਿਹਰਾ ਮੁਰਝਾਇਆ ਜਿਹਾ ਹੁੰਦਾ। ਉਹ ਸੋਚਦੀ ਕਿ ਜਰੂਰ ਕੋਈ ਖਾਸ ਗੱਲ ਹੈ ਤੇ ਉਸਨੂੰ ਪੁੱਛੇ ਬਿਨਾਂ ਨਾ ਰਹਿ ਸਕੀ, “ਦੀਪ ਤੁਸੀਂ ਅਜੇ ਤੱਕ ਮੈਨੂੰ ਦਸਿਆ ਨਹੀਂ ਕਿ ਅਖਿਰ ਕਾਰਨ ਕੀ ਹੈ?”
“ਕਾਹਦਾ?”
“ਤੇਰੀ ਉਦਾਸੀ ਦਾ। ਤੁਸੀਂ ਸੋਚਦੇ ਹੋਵੋਂਗੇ ਕਿ ਮੈਂ ਤਾਂ ਹੱਥ ਧੋਕੇ ਪਿੱਛੇ ਪੈ ਗਈ। ਪਰ ਅੱਜ ਤਾਂ ਤੁਹਾਨੂੰ ਦੱਸਣਾ ਹੀ ਪੈਣਾ।”
“ਬਸ, ਨਿੰਦੀ! ਰਹਿਣ ਦਿਓ, ਕੀ ਮਿਲਣਾ ਮੇਰੇ ਅਤੀਤ ਬਾਰੇ ਜਾਣਕੇ,” ਦੀਪ ਨੇ ਗੱਲ ਦਵਾਉਣ ਦੀ ਕੋਸਿਸ਼ ਕੀਤੀ। “ਠੀਕ ਆ ਜੇ ਤੁਸੀਂ ਨਹੀਂ ਦਸਣਾ ਚਾਹੁੰਦੇ। ਮੈਂ ਕੋਣ ਹੁੰਦੀ ਹਾਂ ਪੁੱਛਣ ਵਾਲੀ? ਅੱਜ ਤੋਂ ਬਾਅਦ ਮੈਂ ਕਦੇ ਨਹੀਂ ਪੁੱਛਾਗੀ” ਨਿੰਦੀ ਨੇ ਸਿਕਵਾ ਕੀਤਾ।
“ਨਹੀਂ, ਅਜੀਹੀ ਤਾਂ ਕੋਈ ਗੱਲ ਨਹੀਂ। ਜੱਗ ਜਾਣਦਾ ਮੇਰੇ ਬਾਰੇ। ਇਹ ਇੱਕ ਲੰਬੀ ਕਹਾਣੀ ਹੈ, ਮੇਰੇ ਗਮਾਂ ਦੀ ਕਹਾਣੀ।” ਦੀਪ ਹੈਰਾਨ ਸੀ ਕਿ ਉਹ ਐਨੀ ਦਿਲਚਪਸੀ ਕਿਉਂ ਲੈਦੀਂ ਆ ਉਸ ਬਾਰੇ ਜਾਣਨ ਲਈ। ਫਿਰ ਵੀ ਦੀਪ ਨੇ ਉਸ ਨਾਲ਼ ਸ਼ੇਅਰ ਕਰਨਾ ਚਾਹਿਆ। ਉਸ ਨੇ ਅਪਣੇ ਜ਼ਖਮਾਂ ਨੂੰ ਖਿਰੇਲਣਾ ਸ਼ੁਰੂ ਕੀਤਾ, “ਇਸ ਸਭ ਦਾ ਕਾਰਨ ਹੈ ਮੇਰਾ ਵਿਛੜਿਆ ਪਿਆਰ ਨੂਰੀ, ਨੂਰੀ ਖਾਨ।” “ਨੂਰੀ ਖਾਨ? ਪਰ ਇਹ ਤਾਂ……”ਨਿੰਦੀ ਵਿੱਚੋ ਹੀ ਬੋਲੀ। “ਹਾਂ ਮੁਸਲਿਮ ਨਾਂ ਹੈ, ਨੂਰੀ ਖਾਨ। ਇਹੀ ਤਾਂ ਕਸੂਰ ਸੀ ਸਾਡਾ ਕਿ ਅਸੀਂ ਇੱਕ ਧਰਮ ਵਿੱਚ ਜਨਮ ਨਹੀਂ ਲਿਆ ਸੀ,” ਦੀਪ ਨੇ ਨਿੰਦੀ ਨੂੰ ਅਪਣੀ ਸਾਰੀ ਪ੍ਰੇਮ ਕਥਾ ਸੁਣਾਈ। ਨਮ ਅੱਖਾਂ ਪੂੰਜਦਾ ਹੋਇਆ ਦੱਸਦਾ ਹੈ,” ਇਸ ਤਰ੍ਹਾਂ ਸਮਾਜ ਨੇ ਸਾਡੇ ਪਿਆਰ ਦਾ ਗਲਾ ਘੁੱਟ ਦਿੱਤਾ।”
ਸੌਰੀ ਹਰਦੀਪ! ਮੈਂ ਤੁਹਾਡੇ ਦੁੱਖਦੀ ਰਗ ਤੇ ਹੱਥ ਰੱਖ ਦਿੱਤਾ। ਪਰ ਮੈਂ ਤੁਹਾਡੇ ਬਾਰੇ ਜਾਣੇ ਬਿਨ੍ਹਾਂ ਨਹੀਂ ਰਹਿ ਸਕਦੀ ਸੀ।
ਜਦੋਂ ਵੀ ਦੀਪ ਦੇ ਮਨ ‘ਚ ਕੋਈ ਦੁੱਖ ਸੁੱਖ ਹੁੰਦਾ ਤਾਂ ਉਹ ਨਿੰਦੀ ਨਾਲ਼ ਸਾਂਝਾ ਕਰਦਾ। ਉਹ ਅਕਸਰ ਕੋਈ ਨਾ ਕੋਈ ਗੱਲ਼ ਨਿੰਦੀ ਨੂੰ ਸੁਣਾਉਂਦਾ ਰਹਿੰਦਾ। ਨਿੰਦੀ ਵੀ ਉਸ ਨਾਲ਼ ਪੂਰੀ ਹਮਦਰਦੀ ਰੱਖਦੀ। ਹਰ ਰੋਜ਼ ਇੱਕ ਦੂਜੇ ਨੂੰ ਮਿਲਣ ਲੱਗੇ। ਨਿੰਦੀ ਉਸ ਨੂੰ ਅਤੀਤ ਚੋ ਕੱਢਣ ਦੀ ਕੋਸ਼ਿਸ਼ ਕਰਦੀ, ਉਸਨੂੰ ਨਵਾਂ ਜੀਵਨ ਸ਼ੁਰੂ ਕਰਨ ਦੀ ਪ੍ਰੇਰਣਾ ਦਿੰਦੀ। ਦੀਪ ਨੂੰ ਨਿੰਦੀ ਦੀਆਂ ਗੱਲਾਂ ਚੰਗੀਆਂ ਲੱਗਦੀਆਂ। ਉਹ ਜਦੋਂ ਵੀ ਨਿੰਦੀ ਨਾਲ਼ ਹੁੰਦਾ, ਸਾਰੇ ਗਮ ਭੁੱਲ ਜਾਂਦਾ। ਹੁਣ ਦੀਪ ਖੁਸ਼ ਰਹਿਣ ਲੱਗਿਆ ਤੇ ਉਸ ਨੇ ਸ਼ਰਾਬ ਪੀਣੀ ਬਿਲਕੁਲ ਛੱਡ ਦਿੱਤੀ ਸੀ ਅਤੇ ਅਤੀਤ ਨੂੰ ਭੁੱਲਣ ਦੀ ਕੋਸ਼ਿਸ਼ ਕਰਨ ਲੱਗਿਆ।
“ਹਮੇਸ਼ਾ ਮੈਨੂੰ ਹੀ ਪੁੱਛਦੀ ਰਹਿੰਦੀ ਏ, ਅਪਣੇ ਬਾਰੇ ਵੀ ਦੱਸ।” ਦੀਪ ਨੇ ਨਿੰਦੀ ਨੂੰ ਪੁੱਛਿਆ।
“ਮੈਂ ਕੀ ਦਸਾਂ?”
“ਕਦੇ ਕਿਸੇ ਨਾਲ਼ ਮੁਹੱਬਤ ਕੀਤੀ ਏ?”
“ਹਾਂ ਕੀਤੀ ਏ, ਪਰ ਇੱਕ ਤਰਫ਼ੀ ਮੁਹੱਬਤ।”
“ਮਤਲਬ?” ਦੀਪ ਨੇ ਹੈਰਾਨ ਹੋਕੇ ਪੁੱਛਿਆ।
” ਜਦੋਂ ਮੈਂ ਕਾਲਜ ਵਿੱਚ ਦਾਖਲ਼ ਹੋਈ ਹੀ ਸੀ ਕਿ ਮੈਨੂੰ ਮਨ ਹੀ ਮਨ ਇੱਕ ਮੁੰਡੇ ਨਾਲ਼ ਪਿਆਰ ਹੋ ਗਿਆ। ਸਾਡੇ ਅਲੱਗ ਅਲੱਗ ਸਬਜ਼ੈਕਟਜ਼ ਸਨ ਤਾਂ ਸ਼ਾਇਦ ਉਸ ਨੇ ਤਾਂ ਮੈਨੂੰ ਕਦੇ ਦੇਖਿਆ ਵੀ ਨਹੀਂ ਸੀ। ਸਵੇਰੇ ਇੱਕ ਵਾਰ ਮੈਂ ਉਸਨੂੰ ਕਾਲਜ ‘ਚ ਆਉਂਦੇ ਨੂੰ ਦੇਖਦੀ ਉਸ ਤੋਂ ਬਾਅਦ ਉਹ ਕਾਲਜ ਦੀ ਭੀੜ ‘ਚ ਖੋ ਜਾਂਦਾ ਤੇ ਸਾਰਾ ਦਿਨ ਮੈਂ ਉਸ ਨੂੰ ਦੇਖ ਨਾ ਪਾਉਂਦੀ। ਮੇਰੀ ਹਿੰਮਤ ਨਹੀਂ ਹੁੰਦੀ ਸੀ ਕਿ ਮੈਂ ਉਸਦੇ ਸਾਹਮਣੇ ਆਵਾਂ ਤੇ ਅਪਣੇ ਮਨ ਦੀ ਗੱਲ ਕਹਿ ਸਕਾਂ।
ਅਜੇ ਮੈਨੂੰ ਕਾਲਜ ਆਉਦੀ ਨੂੰ ਚਾਰ ਮਹਿਨੇ ਹੀ ਹੋਏ ਸਨ ਕਿ ਮੇਰਾ ਭਿਆਨਕ ਐਕਸੀਡੈਂਟ ਹੋ ਗਿਆ ਤੇ ਮੈਨੂੰ ਅਪਣੀ ਪੜ੍ਹਾਈ ਵਿੱਚ ਹੀ ਛੱਡਣੀ ਪਈ। ਸਮਾਂ ਪਾਕੇ ਮੈਂ ਕੁਝ ਠੀਕ ਤਾਂ ਹੋ ਗਈ ਪਰ ਸੱਟਾਂ ਐਨੀਆਂ ਗਹਿਰੀਆਂ ਲੱਗੀਆਂ ਸਨ ਕਿ ਅਜੇ ਵੀ ਮੈਂ ਜਿਆਦਾ ਚਲ ਫਿਰ ਨਹੀਂ ਸਕਦੀ ਸੀ, ਇਸ ਲਈ ਡੈਡੀ ਨੇ ਮੈਨੂੰ ਹੋਸਟਲ ਭੇਜ ਦਿੱਤਾ ਤੇ ਹੋਸਟਲ ਰਹਿ ਕੇ ਮੈਂ ਬੀ.ਏ. ਦੀ ਪੜ੍ਹਾਈ ਪੂਰੀ ਕੀਤੀ। ਪਰ ਇਸ ਸਭ ਦੇ ਬਾਵਜੂਦ ਮੈਂ ਉਸ ਨੂੰ ਨਹੀਂ ਭੁਲਾ ਸਕੀ। ਦਿਨ ਪਰ ਦਿਨ ਮੈਨੂੰ ਉਸਦੀ ਯਾਦ ਹੋਰ ਤੜਫਾਉਂਦੀ ਰਹੀ। ਮੈਨੂੰ ਪਛਤਾਵਾ ਸੀ ਕਿ ਪਿਆਰ ਦਾ ਇਜ਼ਹਾਰ ਤਾਂ ਨਹੀਂ, ਮੈਂ ਤਾਂ ਉਸ ਨਾਲ਼ ਜਾਣ ਪਛਾਣ ਵੀ ਨਹੀਂ ਕਰਾ ਸਕੀ। ਨੇੜੇ ਆਉਣ ਤੋਂ ਪਹਿਲਾਂ ਹੀ ਅਸੀਂ ਦੂਰ ਹੋ ਗਏ। ਪਰ ਉਹ ਮੇਰੇ ਸੁਪਨਿਆਂ ‘ਚ ਆਂਉਦਾ ਰਿਹਾ ਜਿਵੇਂ ਕੋਈ ਪਿਛਲੇ ਜਨਮ ਦੀ ਸਾਂਝ ਹੋਵੇ। ਪਤਾ ਨਹੀਂ ਕਿਉਂ ਮੈਨੂੰ ਲਗਦਾ ਸੀ ਕਿ ਇੱਕ ਦਿਨ ਉਹ ਮੈਨੂੰ ਜਰੂਰ ਮਿਲੂਗਾ। ਅੱਜ ਵੀ ਮੈਂ ਉਸਦੀ ਉਡੀਕ ‘ਚ ਹਾਂ ਤੇ ਉਹੀ ਮੇਰੇ ਸੁਪਨਿਆਂ ਦਾ ਰਾਜਕੁਮਾਰ ਹੈ।
ਦੀਪ ਪੂਰੀ ਤਰ੍ਹਾਂ ਬਦਲ ਚੁੱਕਾ ਸੀ। ਉਹ ਇੱਕ ਦੂਜੇ ਨੂੰ ਹਾਸਾ ਮਜ਼ਾਕ ਕਰਦੇ ਰਹਿੰਦੇ। ਨਿੰਦੀ ਉਸਨੂੰ ਦੇਵਦਾਸ ਕਹਿ ਕੇ ਛੇੜਦੀ ਰਹਿੰਦੀ। ਇੱਕ ਦਿਨ ਦੀਪ ਨੇ ਵੀ ਮਜ਼ਾਕ ‘ਚ ਕਹਿ ਦਿੱਤਾ,”ਰੱਬ ਕਰੇ ਤੇਰੇ ਸੁਪਨਿਆਂ ਦਾ ਰਾਜਕੁਮਾਰ ਕਦੇ ਨਾ ਆਵੇ।” ਨਿੰਦੀ ਨੇ ਇੱਕਦਮ ਉਸਦੇ ਮੂੰਹ ਤੇ ਹੱਥ ਰੱਖਿਆ ਤੇ ਬੋਲੀ,”ਨਾ ਇੰਞ ਨਾ ਕਹਿ ਕਮਲਿਆ।” ਸ਼ਾਇਦ ਇਹ ਉਹਨਾਂ ਦਾ ਪਹਿਲਾ ਸਪਰਸ਼ ਸੀ, ਦੋਨੋਂ ਸਹਿਮ ਗਏ। ਨਿੰਦੀ ਨੇ ਹੱਥ ਹਟਾਇਆ ਤੇ ਉਥੋਂ ਚਲੀ ਗਈ।
ਅਚਾਨਕ ਨਿੰਦੀ ਦੀ ਮਾਂ ਦੀ ਤਬੀਅਤ ਬਹੁਤ ਖਰਾਬ ਹੋ ਗਈ, ਨਿੰਦੀ ਕਈ ਦਿਨਾਂ ਤੋੰ ਯੂਨੀਵਰਸਟੀ ਨਹੀਂ ਆ ਰਹੀ ਸੀ। ਮਾਂ ਦੀ ਦੇਖਭਾਲ ‘ਚ ਉਹ ਦੀਪ ਨੂੰ ਫੋਨ ਵੀ ਨਾ ਕਰ ਸਕਦੀ। ਨਿੰਦੀ ਤੋਂ ਬਿਨ੍ਹਾਂ ਦੀਪ ਇੱਕ ਵਾਰ ਫਿਰ ਇਕੱਲਾ ਮਹਿਸੂਸ ਕਰਨ ਲੱਗਿਆ। ਦੀਪ ਬੇਚੈਨ ਹੋ ਗਿਆ ਜਿਵੇਂ ਕਿਸੇ ਨੇ ਉਸ ਦਾ ਕੁਝ ਖੋ ਲਿਆ ਹੋਵੇ। ਉਸਦਾ ਨਿੰਦੀ ਨੂੰ ਮਿਲਣ ਨੂੰ ਦਿਲ ਕਰਦਾ ਸੀ। ਨਿੰਦੀ ਦਾ ਚਿਹਰਾ ਉਸਦੇ ਅੱਗੇ ਘੂੰਮਦਾ ਰਹਿਦਾ ਸੀ। ਉਹ ਅਪਣੀ ਮਾਂ ਨੂੰ ਲੈਕੇ ਨਿੰਦੀ ਦੇ ਘਰ ਉਸਦੀ ਮਾਂ ਦੀ ਖ਼ਬਰ ਲੈਣ ਗਿਆ।
ਬਹੁਤ ਹੀ ਖੂਬਸੂਰਤ ਨਿੰਦੀ ਨਿੱਘੇ ਸੁਭਾਅ ਦੀ ਕੁੜੀ, ਕੰਮ ਕਾਜ ‘ਚ ਫੁਰਤੀਲੀ, ਪਰਵਿੰਦਰ ਕੌਰ ਦੇ ਮਨ ਅੰਦਰ ਵਸ ਗਈ। ਪਰਵਿੰਦਰ ਕੌਰ ਉਸਨੂੰ ਨੂੰਹ ਬਣਾਉਣ ਦੀ ਸੋਚਣ ਲੱਗੀ। ਨਿੰਦੀ ਨੂੰ ਮਿਲਕੇ ਦੀਪ ਨੂੰ ਚੈਨ ਆ ਗਿਆ। ਉਸਨੂੰ ਅਹਿਸਾਸ ਹੋਣ ਲੱਗਿਆ ਕਿ ਉਸਨੂੰ ਨਿੰਦੀ ਨਾਲ਼ ਪਿਆਰ ਹੋ ਗਿਆ। ਪਰ ਉਹ ਡਰਦਾ ਸੀ ਕਿ ਕਿਤੇ ਉਹ ਫਿਰ ਪਿਆਰ ‘ਚ ਹਾਰ ਨਾ ਜਾਵੇ। ਪਰ ਫਿਰ ਵੀ ਉਹ ਰਹਿ ਨਾ ਸਕਿਆ ਅਪਣੇ ਮਨ ਦੀ ਗੱਲ ਕਹੇ ਬਿਨ੍ਹਾਂ। ਦੀਪ ਨੇ ਨਿੰਦੀ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਉਸ ਨੇ ਲਿਖਿਆ,” ਨਿੰਦੀ ਤੂੰ ਮੈਨੂੰ ਮੇਰੇ ਅਤੀਤ ਚੋਂ ਕੱਢਿਆ। ਕੀ ਤੂੰ ਅਪਦਾ ਅਤੀਤ ਨਹੀਂ ਭੁਲਾ ਸਕਦੀ? ਤੂੰ ਮੈਨੂੰ ਵਰਤਮਾਨ ਜੀਉਣਾ ਸਿਖਾਇਆ। ਕੀ ਤੂੰ ਹੁਣ ਮੇਰਾ ਭਵਿਖ ਨਹੀਂ ਬਣ ਸਕਦੀ? ਜੇ ਤੈਨੂੰ ਮਨਜੂਰ ਹੋਵੇ ਤਾਂ ਮੈਂ ਤੇਰੇ ਨਾਲ਼ ਪੂਰੀ ਜਿੰਦਗੀ ਬਿਤਾਉਣਾ ਚਾਹੁੰਦਾ ਹਾਂ।”
ਦੀਪ।
ਕਈ ਦਿਨ ਲੰਘ ਗਏ ਨਿੰਦੀ ਦਾ ਕੋਈ ਜਵਾਬ ਨਾ ਆਇਆ। ਦੀਪ ਨੇ ਵੀ ਉਸ ਨੂੰ ਕੋਈ ਫੋਨ ਨਾ ਕੀਤਾ ਉਹ ਸੋਚਦਾ ਸੀ ਕਿ ਸ਼ਾਇਦ ਨਿੰਦੀ ਨੂੰ ਉਸ ਦਾ ਪਿਆਰ ਮਨਜੂਰ ਨਹੀਂ। ਉਹ ਫਿਰ ਤੋਂ ਉਦਾਸ ਰਹਿਣ ਲੱਗਿਆ।
ਫਿਰ ਇੱਕ ਦਿਨ ਦੀਪ ਨੂੰ ਇੱਕ ਚਿੱਠੀ ਮਿਲੀ ਜਿਸ ਤੇ ਭੇਜਣ ਵਾਲੇ ਦਾ ਨਾਮ ਪਤਾ ਕੋਈ ਨਹੀਂ ਸੀ ਲਿਖਿਆ ਹੋਇਆ। ਉਹ ਕਾਹਲ਼ੀ ਨਾਲ਼ ਚਿੱਠੀ ਵਾਲਾ ਲਫਾਫਾ ਖੋਲਿਆ ਜਿਸ ਵਿਚੋਂ ਇੱਕ ਫੋਟੋ ਮਿਲੀ। ਫੋਟੋ ਤੇ ਕਾਫੀ ਸਾਰੇ ਸਟੂਡੈਂਟਸ ਕੁਰਸੀਆਂ ਤੇ ਬੈਠੇ ਹੋਏ ਸਨ, ਉਹਨਾਂ ਚੋਂ ਇੱਕ ਦੇ ਚਿਹਰੇ ਤੇ ਸਰਕਲ ਕੀਤਾ ਹੋਇਆ ਸੀ ਤੇ ਉਥੋਂ ਉਪਰ ਵਲ ਨੂੰ ਇੱਕ ਤੀਰ ਖਿੱਚਿਆ ਹੋਇਆ ਸੀ ਜਿਥੇ ਲਿਖੀਆ ਸੀ, “ਮੇਰੇ ਸੁਪਨਿਆਂ ਦਾ ਰਾਜਕੁਮਾਰ”। ਦੀਪ ਨੇ ਨੇੜੇ ਕਰਕੇ ਉਸ ਚਿਹਰੇ ਨੂੰ ਧਿਆਨ ਨਾਲ਼ ਦੇਖਿਆ, ਇਹ ਤਾਂ ਉਸ ਦਾ ਅਪਣਾ ਹੀ ਚਿਹਰਾ ਸੀ। ਫੋਟੋ ਦੇ ਦੂਜੇ ਪਾਸੇ ਲਿਖਿਆ ਸੀ,”ਨਿੰਦੀ”। ਦੀਪ ਦੀਆਂ ਅੱਖਾਂ ਚੋਂ ਟਪ ਟਪ ਹੰਝੂ ਡਿੱਗ ਰਹੇ ਸਨ।
ਇਹ ਫੋਟੋ ਨਿੰਦੀ ਨੇ ਭੇਜੀ ਸੀ ਜੋ ਪਹਿਲੇ ਕਾਲਜ ‘ ਜਿਥੇ ਦੀਪ ਵੀ ਪੜ੍ਹਦਾ ਸੀ, ਇੱਕ ਫੰਕਸ਼ਨ ਦੋਰਾਨ ਖਿੱਚੀ ਗਈ ਸੀ ਤੇ ਨਿੰਦੀ ਨੇ ਸੰਭਾਲਕੇ ਰੱਖੀ ਹੋਈ ਸੀ। ਅਸਲ ‘ਚ ਉਹ ਦੀਪ ਹੀ ਸੀ ਜਿਸ ਨੂੰ ਨਿੰਦੀ ਪਾਉਣ ਤੋਂ ਪਹਿਲਾਂ ਹੀ ਖੋ ਚੁੱਕੀ ਸੀ।
“ਇੱਕ ਉਹ ਮਹੱਬਤ ਜਿਸ ਨੂੰ ਮੈਂ ਨਾ ਪਾ ਸਕਿਆ,
ਇੱਕ ਇਹ ਮੁਹੱਬਤ ਜੋ ਮੈਨੂੰ ਨਾ ਭੁਲਾ ਸਕੀ।”
ਲੇਖਕ-ਗੁਰਜੀਤ ਕੌਰ ਸਿੱਧੂ ( ਆਸਟ੍ਰੇਲਿਆ )

Leave a Reply

Your email address will not be published. Required fields are marked *