ਫਲਾਈਟ ਨੂੰ ਅਜੇ ਡੇਢ ਘੰਟਾ ਸੀ..ਸਾਮਣੇ ਅਫ਼੍ਰੀਕਨ ਮੂਲ ਦਾ ਇੱਕ ਵੀਰ ਆਣ ਬੈਠਾ..ਸ਼ਾਇਦ ਥੱਕਿਆ ਹੋਇਆ ਸੀ..ਬੈਗ ਸਿਰਹਾਣੇ ਹੇਠ ਧਰ ਦੋਵੇਂ ਪੈਰ ਜਮੀਨ ਤੇ ਲਾ ਲਏ ਤੇ ਗੂੜੀ ਨੀਂਦਰ ਸੌਂ ਗਿਆ..!
ਫੇਰ ਅਚਾਨਕ ਹੀ ਉੱਠ ਸਿਰ ਹੇਠ ਦਿੱਤੇ ਬੈਗ ਅੰਦਰੋਂ ਇੱਕ ਸੇਬ ਕੱਢਿ ਹੱਥ ਵਿਚ ਫੜ ਲਿਆ..ਸ਼ਾਇਦ ਸਿਰ ਵਿਚ ਚੁੱਭ ਰਿਹਾ ਸੀ..!
ਮਗਰੋਂ ਸੁੱਤੇ ਪਿਆਂ ਓਹੀ ਸੇਬ ਹੱਥੋਂ ਛੁੱਟ ਭੋਏਂ ਤੇ ਜਾ ਡਿੱਗਾ..!
ਕੋਲੋਂ ਲੰਘਦੇ ਗੋਰੇ ਨੇ ਹੱਸਦਿਆਂ ਹੋਇਆ ਚੁੱਕ ਹੌਲੀ ਜਿਹੀ ਮੁੜ ਉਸਦੇ ਨਾਲ ਰੱਖ ਦਿੱਤਾ..!
ਏਨੇ ਨੂੰ ਚੈੱਕ ਇੰਨ ਦੀ ਵਾਜ ਪੈ ਗਈ..ਨੀਂਦਰ ਕਰਕੇ ਲੇਟ ਸੀ..ਆਪਣਾ ਨਾਮ ਸੁਣ ਕਾਹਲੀ ਨਾਲ ਉੱਠ ਬੈਗ ਚੁੱਕ ਲਾਈਨ ਵਿਚ ਜਾ ਲੱਗਿਆ..!
ਏਨੀ ਦੇਰ ਤੋਂ ਸਾਂਭ ਸਾਂਭ ਰਖਿਆ ਸੇਬ ਓਥੇ ਹੀ ਪਿਆ ਰਹਿ ਗਿਆ..ਕੱਲਮ-ਕੱਲਾ!
ਮੇਰਾ ਚੈਕ ਇੰਨ ਵੀਹਾਂ ਮਿੰਟਾਂ ਬਾਅਦ ਸੀ..ਓਦੋਂ ਤੱਕ ਕੱਲੇ ਪਏ ਉਸ ਸੇਬ ਵੱਲ ਹੀ ਧਿਆਨ ਜਾਈ ਜਾਵੇ..!
ਫੇਰ ਖਿਆਲ ਆਇਆ ਇੱਕ ਸਦੀਵੀਂ ਸਫ਼ਰ ਐਸਾ ਵੀ ਹੁੰਦਾ ਜਦੋਂ ਚਿਰਾਂ ਤੋਂ ਸਾਂਭ ਸਾਂਭ ਰੱਖੇ ਇੰਝ ਦੇ ਕਿੰਨੇ ਸਾਰੇ ਸੇਬ ਇੰਝ ਹੀ ਕੱਲਿਆਂ ਛੱਡਣੇ ਪੈਂਦੇ..ਕਿਓੰਕੇ ਉਸ ਸਫ਼ਰ ਤੇ ਬੰਦੇ ਨੂੰ ਕੋਈ ਵਾਜ ਨਹੀਂ ਪੈਂਦੀ..ਸਿਰਫ ਇੱਕ ਦਸਤਕ ਹੀ ਹੁੰਦੀ ਏ..ਉਹ ਦਸਤਕ ਜਿਸਦੇ ਕੰਨੀ ਪੈਣ ਤੀਕਰ ਬੱਸ ਇਹੋ ਭੁਲੇਖਾ ਬਣਿਆ ਰਹਿੰਦਾ ਏ ਕੇ ਸਾਰੇ ਦੁਨਿਆਵੀ ਸੇਬ ਅਤੇ ਸੇਬਾਂ ਦੇ ਸਾਰੇ ਬਾਗ ਮੇਰੇ ਹੀ ਹਨ!
ਖੈਰ ਦੁਆਵਾਂ ਜਰੂਰ ਦਿਓ ਕਿਓੰਕੇ ਸੇਬਾਂ ਦੇ ਇੱਕ ਹੋਰ ਬਾਗ ਦੇ ਸਿਲਸਿਲੇ ਵਿਚ ਹੀ ਦੂਜੇ ਸ਼ਹਿਰ ਜਾਣ ਦਾ ਸਬੱਬ ਬਣਿਆ!
ਹਰਪ੍ਰੀਤ ਸਿੰਘ ਜਵੰਦਾ