ਸੰਜੀਵ ਭੱਟ | sanjeev bhatt

ਸੰਜੀਵ ਭੱਟ..ਫਰਵਰੀ ਦੋ ਹਜਾਰ ਦੋ ਨੂੰ ਗੁਜਰਾਤ ਅਹਿਮਦਾਬਾਦ ਡੀ.ਆਈ.ਜੀ ਵਜੋਂ ਤਾਇਨਾਤ ਸੀ..!
ਉੱਪਰੋਂ ਹੁਕਮ ਆ ਗਿਆ ਕੇ ਇੱਕ ਖਾਸ ਫਿਰਕੇ ਦੇ ਬਾਸ਼ਿੰਦਿਆਂ ਨੂੰ ਇੱਕ ਖਾਸ ਕਾਰੇ ਕਰਕੇ ਬੰਦੇ ਦਾ ਪੁੱਤ ਬਣਾਉਣਾ..ਪੁਲਸ ਛੱਤੀ ਘੰਟੇ ਦੰਗਾ ਕਾਰੀਆਂ ਨੂੰ ਕਿਸੇ ਗਲੋਂ ਰੋਕੇ ਟੋਕੇ ਨੇ..!
ਬਾਕੀ ਦੇ ਛੇ ਅਫਸਰ ਤਾਂ ਮੰਨ ਗਏ ਪਰ ਇਹ ਅੱਗਿਓਂ ਅੜ੍ਹ ਗਿਆ..ਅਖ਼ੇ ਮੈਨੂੰ ਆਈ.ਪੀ.ਐੱਸ ਦੀ ਟਰੇਨਿੰਗ ਵੇਲੇ ਦੱਸਿਆ ਗਿਆ ਸੀ ਕੇ ਕਨੂੰਨ ਸਾਮਣੇ ਸਭ ਬਰੋਬਰ ਨੇ..ਸੋ ਜਿਹੜਾ ਵੀ ਇਸਨੂੰ ਤੋੜੂ ਉਸਦੀ ਖੈਰ ਨਹੀਂ..ਬਾਕੀ ਥਾਵਾਂ ਤੇ ਵੱਡੀ ਕੱਟ ਵੱਢ ਹੁੰਦੀ ਰਹੀ ਪਰ ਇਸ ਨੇ ਵਾਹ ਲੱਗਦੀ ਕਿੰਨੇ ਸਾਰੇ ਆਮ ਨਾਗਰਿਕ ਬਚਾ ਲਏ..!
ਮਗਰੋਂ ਹੁਕਮ ਅਦੂਲੀ ਕਰਕੇ ਨਿਜ਼ਾਮ ਦੀਆਂ ਅੱਖਾਂ ਵਿੱਚ ਸੁਰਮਚੂ ਵਾਂਙ ਚੁੱਭਣ ਲੱਗਾ..ਪਹਿਲੋਂ ਉਂਝ ਤੰਗ ਪ੍ਰੇਸ਼ਾਨ ਕੀਤਾ ਫੇਰ ਬੱਤੀ ਸਾਲ ਪੁਰਾਣਾ ਕਸਟੋਡੀਅਲ ਕਿਲਿੰਗ ਦਾ ਇੱਕ ਕੇਸ ਲੱਭ ਅੰਦਰ ਕਰ ਦਿੱਤਾ..ਅਖ਼ੇ ਅਖਬਾਰਾਂ ਵਿਦੇਸ਼ੀ ਪ੍ਰੈਸ ਅਤੇ ਸੁਪ੍ਰੀਮ ਕੋਰਟ ਸਾਮਣੇ ਮੂੰਹ ਬੰਦ ਰੱਖਣਾ ਪਵੇਗਾ ਵਰਨਾ ਜਾਨ ਦੀ ਖੈਰ ਨਹੀਂ..!
ਫੇਰ ਅੰਦਰ ਹੀ ਰਿਟਾਇਰਮੈਂਟ ਦੀ ਡੇਟ ਵੀ ਲੰਘ ਗਈ..ਵੱਡੀ ਪੱਧਰ ਤੇ ਧਮਕੀਆਂ ਦਬਕੇ ਤਸ਼ੱਦਤ ਮਾਨਸਿਕ ਸਰੀਰਕ ਤਸੀਹੇ..ਜਲਾਲਤ ਬੇਇੱਜਤੀ ਅਤੇ ਹੋਰ ਵੀ ਕਿੰਨਾ ਕੁਝ..ਪਰ ਅਜੇ ਤੀਕਰ ਚਟਾਨ ਵਾਂਙ ਡਟਿਆ ਹੋਇਆ..ਸਿਸਟਮ ਅੱਗੇ ਝੁਕਣਾ ਮਨਜੂਰ ਨਹੀਂ..ਸੱਚ ਤੇ ਪਹਿਰਾ ਦਿੰਦਿਆਂ ਭਾਵੇਂ ਸਭ ਕੁਝ ਗਵਾ ਦਿੱਤਾ..ਪਰ ਕੋਈ ਸ਼ਿਕਨ ਨਹੀਂ ਕੋਈ ਅਫਸੋਸ ਨਹੀਂ..!
ਘਰ ਵਾਲੀ ਸ਼ਵੇਤਾ ਭੱਟ ਅਕਸਰ ਰੋ ਪੈਂਦੀ ਏ ਪਰ ਫੇਰ ਛੇਤੀ ਸੰਭਲ ਕੇ ਆਖਦੀ ਮੇਰੇ ਸ਼ੇਰ ਨੇ ਕੁਝ ਗਲਤ ਨਹੀਂ ਕੀਤਾ..ਬੱਸ ਸੱਚ ਦੀਆਂ ਬਰੂਹਾਂ ਤੇ ਪਹਿਰਾ ਦਿੱਤਾ..ਜਿਸਦੀ ਸਜਾ ਦਿੱਤੀ ਜਾ ਰਹੀ ਏ..!
ਸੋ ਭਾਈ ਖਾਲੜੇ ਸਾਡੀ ਕੌਂਮ ਵਿੱਚ ਹੀ ਨਹੀਂ ਸਗੋਂ ਬਾਹਰ ਵੀ ਬਹੁਤ ਹੋਏ ਨੇ ਪਰ ਕੋਈ ਪ੍ਰੈਸ ਕੋਈ ਅਖਬਾਰ ਮੀਡਿਆ ਹਾਊਸ ਗੱਲ ਕਰਨ ਲਈ ਰਾਜੀ ਨਹੀਂ..ਸਬੱਬ ਇਹ ਹੈ ਕੇ ਭਾਈ ਖਾਲੜਾ 6 ਸਤੰਬਰ ਪੰਚਨਵੇਂ ਨੂੰ ਸ਼ਹੀਦੀ ਮਾਰਗ ਤੇ ਤੋਰ ਦਿੱਤਾ ਗਿਆ ਸੀ ਤੇ ਸੰਜੀਵ ਭੱਟ ਪੰਜ ਸਤੰਬਰ ਅਠਾਰਾਂ ਦਾ ਸਲਾਖਾਂ ਪਿੱਛੇ ਡੱਕਿਆ..!
ਐਸੀਆਂ ਰੂਹਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਕੌਂਮ ਦਾ ਫਰਜ ਬਣਦਾ ਏ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *