ਕੁਦਰਤ ਦਾ ਸੁਨੇਹਾ | kudrat da suneha

ਸੁਪਨੇ ਸੱਚ ਹੁੰਦੇ ਨੇ ਕੋਈ ਮੰਨੇ ਭਾਵੇਂ ਨਾ। ਮੈ ਆਪਣੀ ਹੱਡ ਬੀਤੀ ਦੱਸਦਾ ਹਾਂ। ਮੈਂ ਤੇ ਸੁਖਪਾਲ ਇਕ ਹੀ ਜਮਾਤ ਵਿੱਚ ਪੜਦੇ ਸੀ। ਸਾਡੀ ਸ਼ਰੀਕਾ ਬਰਾਦਰੀ ਇਕ ਹੋਣ ਕਰਕੇ ਮੈਂ ਉਹਦਾ ਚਾਚਾ ਲੱਗਦਾ ਸੀ। ਉਹ ਮੇਰਾ ਹਾਣੀ ਸੀ ਪਰ ਮੈਨੂੰ ਚਾਚਾ ਹੀ ਕਹਿੰਦਾ ਹੁੰਦਾ ਸੀ।
ਸਾਡਾ ਬਹੁਤ ਪਿਆਰ ਸੀ। ਦਿਲ ਦੀ ਹਰ ਗੱਲ ਇਕ ਦੂਜੇ ਨਾਲ ਸਾਂਝੀ ਕਰਦੇ ਸੀ। ਅਸੀਂ ਛੁੱਟੀਆਂ ਵਿੱਚ ਕਈ ਕਈ ਦਿਨ ਗੁਰੂ ਘਰ ਸੇਵਾ ਲਈ ਚਲੇ ਜਾਂਦੇ ਸੀ। ਬਾਰ੍ਹਵੀਂ ਕਲਾਸ ਤੋਂ ਬਾਅਦ ਸਾਡੇ ਕਾਲਜ ਵਖਰੇ ਵਖਰੇ ਹੋ ਗਏ। ਮੈਂ ਦਿਆਲ ਸਿੰਘ ਕਾਲਜ ਤੇ ਉਹਨੇ ਖਾਲਸਾ ਕਾਲਜ ਕਰਨਾਲ ਵਿੱਚ ਦਾਖਲਾ ਲਿਆ। ਕਰਨਾਲ ਸਾਡੇ ਪਿੰਡ ਤੋਂ 25 ਕਿਲੋਮੀਟਰ ਦੂਰ ਸੀ ਤਾਂ ਰੋਜ ਸਵੇਰੇ ਬਸ ਸਟੈਂਡ ਤੇ ਸਾਡੀ ਮੁਲਾਕਾਤ ਹੋ ਜਾਂਦੀ ਸੀ।
ਇਹ ਗੱਲ 2006 ਦੀ ਹੈ। ਇਕ ਦਿਨ ਅਸੀਂ ਕਰਨਾਲ ਤੋਂ ਵਾਪਿਸ ਪਿੰਡ ਆਏ ਤਾਂ ਮੈ ਉਹਨੂੰ ਆਪਣੀ ਮੋਟਰਸਾਈਕਲ ਤੇ ਘਰ ਛੱਡਣ ਚਲਾ ਗਿਆ। ਅਸੀਂ ਅੰਦਰ ਬੈਠੇ ਤਾਂ ਛੋਟੀ ਭੈਣ ਚਾਹ ਲੈ ਆਈ। ਗੱਲਾਂ ਗੱਲਾਂ ਵਿੱਚ ਉਹਨੇ ਮੈਨੂੰ ਦੱਸਿਆ ਕਿ ਚਾਚਾ ਰਾਤ ਇਕ ਬਹੁਤ ਮਾੜਾ ਸੁਪਨਾ ਆਇਆ ਹੈ। ਮੇਰੇ ਪੁੱਛਣ ਤੇ ਉਹਨੇ ਦੱਸਿਆ ਕਿ ਸੁਪਨੇ ਵਿੱਚ ਸਾਡੀ ਕਿਸੇ ਨਾਲ ਲੜਾਈ ਹੋ ਗਈ ਹੈ ਤੇ ਲੜਾਈ ਵੀ ਬਹੁਤ ਜਿਆਦਾ ਹੋਈ ਹੈ। ਤੇ ਸੁਪਨਾ ਦੱਸਦਾ ਉਹ ਘਬਰਾ ਵੀ ਰਿਹਾ ਸੀ। ਮੈਂ ਸਾਰੀ ਗੱਲ ਸੁਣੀ ਤੇ ਉਹਨੂੰ ਕਿਹਾ ਕਿ ਐਸਾ ਕੁਝ ਨਹੀਂ ਹੁੰਦਾ ਸੁਪਨੇ ਕਦੇ ਸੱਚ ਨਹੀਂ ਹੁੰਦੇ ਐਵੇਂ ਨਾ ਡਰ ਤੇ ਮੈਂ ਹਸੇ ਵਿੱਚ ਗੱਲ ਟਾਲ ਦਿੱਤੀ।
ਇਸ ਗੱਲ ਨੂੰ ਦੋ ਦਿਨ ਹੀ ਹੋਏ ਸੀ ਕਿ ਮੈਨੂੰ ਸੁਖਪਾਲ ਦਾ ਫੋਨ ਆਇਆ ਕਿ ਚਾਚਾ ਛੇਤੀ ਪਿੰਡ ਆਜਾ ਸਾਡੀ ਲੜਾਈ ਹੋ ਗਈ ਹੈ। ਮੈਂ ਕਾਲਜ ਵਿੱਚ ਸੀ ਤੇ ਮੈਂ ਵੀ ਬੱਸ ਫੜਕੇ ਪਿੰਡ ਆ ਗਿਆ। ਤੇ ਸਿੱਧਾ ਸੁਖਪਾਲ ਕੋਲ ਗਿਆ ਜਿਥੇ ਉਹਨੇ ਦਸਿਆ ਸੀ। ਉਥੇ ਹੋਰ ਵੀ ਮੁੰਡੇ ਸੀ ਤੇ ਜਦੋਂ ਮੈਨੂੰ ਪਤਾ ਲੱਗਾ ਕਿ ਲੜਾਈ ਤਾਂ ਕਿਸੇ ਹੋਰ ਦੀ ਹੈ ਤੇ ਮੁੰਡਿਆਂ ਨੇ ਲੜਣ ਲਈ ਟਾਈਮ ਪਾਇਆ ਹੋਇਆ ਹੈ। ਮੈਂ ਉਹਨੂੰ ਸਮਝਿਆ ਕਿ ਆਪਾਂ ਕੀ ਲੈਣਾ ਬੇਗਾਨੀ ਲੜਾਈ ਤੋਂ ਤੇ ਉਹ ਮੇਰੀ ਗੱਲ ਮੰਨ ਗਿਆ।
ਸਾਡੇ ਨੇੜੇ ਹੀ ਗੁਰੂ ਘਰ ਦੀਵਾਨ ਸੱਜਿਆ ਹੋਇਆ ਸੀ ਮੈਂ ਉਹਨੂੰ ਉਥੇ ਲੈ ਗਿਆ। ਅਸੀਂ ਮੱਥਾ ਟੇਕ ਕੇ ਉਥੇ ਬੈਠ ਗਏ। ਕੁੱਝ ਸਮੇਂ ਬਾਅਦ ਉਹਨੂੰ ਕਿਹਾ ਕਿ ਮੈਨੂੰ ਘਰ ਛੱਡਕੇ ਆ ਉਹ ਕਹਿੰਦਾ ਚਾਚਾ ਦੀਵਾਨ ਦਾ ਭੋਗ ਪੈਣ ਵਾਲਾ ਹੈ ਲੰਗਰ ਛੱਕ ਕੇ ਹੀ ਜਾਂਦੇ ਹਾਂ। ਪਰ ਮੇਰੇ ਲੰਗਰ ਤੋਂ ਮਨਾ ਕਰਨ ਤੇ ਉਹ ਮੈਨੂੰ ਮੋਟਰਸਾਈਕਲ ਤੇ ਘਰ ਛੱਡਣ ਆ ਗਿਆ। ਤੇ ਇਕ ਮਿਠਾਈ ਵਾਲੀ ਦੁਕਾਨ ਅਗੇ ਰੋਕ ਕੇ ਕਹਿੰਦਾ ਚਾਚਾ ਇਥੋਂ ਕੁੱਝ ਖਵਾ ਦੇ। ਮੈਂ ਹਾਸੇ ਵਿੱਚ ਕਿਹਾ ਅੱਜ ਪੈਸੇ ਨਹੀਂ ਹੈ। ਉਹ ਥੋੜ੍ਹਾ ਗੁਸਾ ਕਰਕੇ ਮੈਨੂੰ ਘਰ ਵੱਲ ਲੈ ਆਇਆ। ਘਰ ਆ ਕੇ ਮੈਂ ਬਥੇਰਾ ਕਿਹਾ ਕਿ ਬੈਠ ਜਾ ਤੇ ਦੱਸ ਕੀ ਖਾਣਾ ਹੈ ਮੈਂ ਲੈ ਆਉਂਦਾ ਹਾਂ।ਪਰ ਉਹ ਕਹਿੰਦਾ ਹੁਣ ਕੁੱਝ ਨਹੀਂ ਖਾਣਾ ਹੁਣ ਤਾਂ ਗੁਰੂ ਘਰ ਲੰਗਰ ਹੀ ਛੱਕਣਾ ਹੈ ਮੈਨੂੰ ਛੱਡਕੇ ਉਹ ਗੁਰੂਘਰ ਵਾਪਿਸ ਚਲਾ ਗਿਆ।
ਇਕ ਘੰਟੇ ਬਾਅਦ ਖਬਰ ਆਈ ਕਿ ਸੁਖਪਾਲ ਨੂੰ ਗੋਲੀ ਲੱਗੀ ਹੈ। ਮੈਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਹ ਹੁਣੇ ਤਾਂ ਮੈਨੂੰ ਛੱਡਕੇ ਗੁਰੂਘਰ ਗਿਆ ਸੀ। ਘਰਦੇ ਮੈਨੂੰ ਪੁੱਛਣ ਕਿ ਗੱਲ ਦੱਸ ਕੀ ਹੋਈ ਹੈ ਅੱਜ ਉਹ ਤੇਰੇ ਨਾਲ ਸੀ ਕੀਹਦੇ ਨਾਲ ਲੜੇ ਹੋ। ਮੈਨੂੰ ਕੁੱਝ ਨਹੀਂ ਸੀ ਸਮਝ ਆ ਰਿਹਾ ਨਾ ਮੈਨੂੰ ਪਤਾ ਸੀ ਕਿ ਹੁਣ ਕੀਹਦੇ ਨਾਲ ਲੜਾਈ ਹੋ ਗਈ। ਮੈਂ ਕਈਆਂ ਨੂੰ ਫੋਨ ਕੀਤਾ ਪਰ ਸਾਰੀ ਗੱਲ ਕੋਈ ਨਾ ਦੱਸੇ।
ਫੇਰ ਕੁੱਝ ਦੇਰ ਬਾਅਦ ਪਤਾ ਲੱਗਿਆ ਕਿ ਲੜਾਈ ਕਿਸੇ ਹੋਰ ਦੀ ਸੀ ਇਹ ਤਾਂ ਰਾਹ ਜਾਂਦਾ ਨਾਲ ਗਿਆ ਸੀ। ਇਹ ਜਿਆਦਾ ਮੁੰਡੇ ਸੀ ਉਹ ਕੱਲਾ ਸੀ ਪਰ ਉਹਦੇ ਕੋਲ ਬੰਦੂਕ ਸੀ। ਅਗਲੇ ਨੇ ਪਹਿਲਾਂ ਹਵਾ ਵਿੱਚ ਤੇ ਪੈਰਾਂ ਵਿੱਚ ਫੈਰ ਕੀਤੇ ਕਿ ਵਾਪਿਸ ਚਲੇ ਜਾਵੋ। ਗੋਲੀ ਚਲੀ ਤੋਂ ਬਾਕੀ ਮੁੰਡੇ ਭੱਜ ਗਏ ਪਰ ਇਹ ਆਪਣੀ ਦਲੇਰੀ ਦਿਖੋਣ ਲੱਗਾ ਕੇ ਦੋ ਫੈਰ ਕੀਤੇ ਨੇ ਬੰਦੂਕ ਖਾਲੀ ਹੋ ਗਈ ਮੈਂ ਭੱਜ ਕੇ ਖੋਹ ਲੈਣਾ ਹਾਂ। ਪਰ ਉਹਨੇ ਵੀ ਸੁਖਪਾਲ ਨੂੰ ਆਪਣੇ ਵੱਲ ਆਉਂਦਾ ਦੇਖ ਭੱਜਦੇ ਨੇ ਬੰਦੂਕ ਵਿੱਚ ਕਾਰਤੂਸ ਭਰ ਲੈਏ ਤੇ ਸਿੱਧੀ ਕਰਕੇ ਚਲਾ ਦਿੱਤੀ। ਗੋਲੀ ਨੇ ਸੁਖਪਾਲ ਦੀ ਵੱਖੀ ਪਾੜ ਦਿੱਤੀ ਤੇ ਹਸਪਤਾਲ ਪਹੁੰਚਣ ਤੱਕ ਸੁਖਪਾਲ ਆਖਰੀ ਸਾਹ ਲੈ ਚੁੱਕਾ ਸੀ।
ਉਹਦੀ ਮੌਤ ਦੀ ਖਬਰ ਸੁਣਕੇ ਮੇਰਾ ਦਿਮਾਗ ਸੁੰਨ ਹੋ ਗਿਆ। ਰੋਣਾ ਵੀ ਨਹੀ ਸੀ ਆ ਰਿਹਾ। ਸੱਬ ਝੁੱਠ ਲੱਗ ਰਿਹਾ ਸੀ। ਪਰ ਇਹ ਸੱਭ ਕੁੱਝ ਓਦਾਂਸ਼ਹੀ ਵਾਪਰਿਆ ਜੀਂਵੇ ਸੁਖਪਾਲ ਨੇ ਸੁਪਨੇ ਵਿੱਚ ਵੇਖਿਆ ਸੀ। ਤੇ ਉਸ ਤੋਂ ਬਾਅਦ ਕਈ ਸਾਲ ਉਹ ਮੇਰੇ ਸੁਪਨੇ ਵਿੱਚ ਮੈਨੂੰ ਮਿਲਣ ਆਉਂਦਾ ਰਿਹਾ। ਪਰ ਸੁਪਨੇ ਵਿੱਚ ਮਿਲਦਾ ਗੁਰੂਘਰ ਹੀ ਸੀ। ਤੇ ਮੈਂ ਅੱਜ ਤੱਕ ਸੋਚਦਾ ਕਿ ਕੁਦਰਤ ਨੇ ਤਾਂ ਉਹਨੂੰ ਦੋ ਦਿਨ ਪਹਿਲਾਂ ਹੀ ਸੁਪਨਾ ਵਿਖਾ ਕੇ ਸੁਚੇਤ ਕੀਤਾ ਸੀ ਪਰ ਕਹਿੰਦੇ ਨੇ ਹੋਣੀ ਨਹੀ ਟਲਦੀ। ਇਹ ਹੱਡਬੀਤੀ ਕਦੇ ਨਹੀਂ ਭੁੱਲਣੀ।
ਵਰਿੰਦਰ ਸਿੰਘ ਬੱਬਰ

Leave a Reply

Your email address will not be published. Required fields are marked *