ਚਾਹ ਦਾ ਇੱਕ ਕੱਪ | chah da ikk cup

ਲਗਭਗ ਪਿਛਲੇ ਤਿੰਨ ਸਾਲਾਂ ਤੋਂ ਮੈਂ ਪਿੰਡ ਛੱਡ ਸ਼ਹਿਰ ਰਿਹਾਇਸ਼ ਕਰ ਲਈ ਸੀ।ਪਿੰਡ ਦੀਆਂ ਯਾਦਾਂ ਦਿਲੋਂ ਭੁਲਾਇਆਂ ਨਹੀਂ ਭੁਲਦੀਆਂ ਸਨ..ਪਰੰਤੂ ਹੁਣ ਪਿੰਡ ਕਿਸੇ ਖਾਸ ਕੰਮ ਹੀ ਜਾਣ ਹੁੰਦਾ ਸੀ।ਕਲ੍ਹ ਜਰੂਰੀ ਕੰਮ ਕਰਕੇ ਇੱਕ ਸੱਜਣ ਨੂੰ ਮਿਲਣ ਪਿੰਡ ਜਾਣਾ ਪਿਆ।ਗਲੀ ਚੋਂ ਲੰਘ ਰਿਹਾ ਸੀ ਤਾਂ ਵੇਖਿਆ ਮੇਰੇ ਜਿਗਰੀ ਯਾਰ ਬਲਵੰਤ ਦੇ ਮਾਤਾ ਜੀ ਜੋ ਆਪਣੇ ਬੂਹੇ ਅੱਗੇ ਮੰਜਾ ਡਾਹ ਬੈਠੇ ਸੀ..ਬਾਇਕ ਰੋਕ ਕੇ ਮੈਂ ਉਨ੍ਹਾਂ ਨੂੰ ਰਾਮ ਰਾਮ ਕੀਤੀ ਅਤੇ ਆਪਣਾ ਸਿਰ ਨਿਵਾ ਕੇ ਮੱਥਾ ਟੇਕਿਆ।ਉਨ੍ਹਾਂ ਨੇ ਮੇਰੇ ਸਿਰ ਤੇ ਹੱਥ ਧਰ ਮੇਰਾ ਮੱਥਾ ਚੁੰਮਿਆ ਤੇ ਲਗਾਤਾਰ..ਅਸੀਸਾਂ ਹੀ ਦੇਈ ਗਏ ਕਹਿਣ ਲੱਗੇ,,, “ਪੁੱਤਰਾ,ਬੜੇ ਚਿਰਾਂ ਬਾਅਦ ਆਇਯੈਂ..ਮਾਂ ਕੋਲੋਂ ਇੱਕ ਕੱਪ ਚਾਹ ਤਾਂ ਪੀਦਾਂ ਜਾਈਂ,,ਫੇਰ ਪਤਾ ਨਹੀਂ ਮੇਲ ਹੋਵੇ ਜਾਂ ਨਾ”ਮੈਂ ਕਿਹਾ “ਮਾਂ ਏਂਵੇ ਕਿਉਂ ਕਹਿ ਰਹੇ ਹੋ? ਤੁਹਾਨੂੰ ਕੁੱਝ ਨਹੀਂ ਹੋਣ ਲਗਾ।ਕਹਿਣ ਲਗੀ (ਜੇ ਤੂੰ ਮਾ ਕੰਨੂ ਏਕ ਕੱਪ ਚਾਹ ਪੀ ਲੈ ਗਿਉ ਤੋ ਮੇਰੋ ਜੀ ਸੋਹਰੋ ਹੋਜੈਗੋ) ਭਾਵ ਜੇ ਤੂੰ ਮਾਂ ਕੋਲੋਂ ਇੱਕ ਕੱਪ ਚਾਹ ਪੀ ਲਵੇਂਗਾ ਤਾਂ ਮਾਂ ਦਾ ਦਿਲ ਖੁਸ਼ ਹੋ ਜਾਵੇਗਾ। ਮੈਂ ਕਿਹਾ “ਤੁਸੀਂ ਤਾਂ ਸੋ ਤੋਂ ਵੀ ਵੱਧ ਜਿਉਂਗੇ।”ਉਨ੍ਹਾਂ ਦੇ ਦਰਦ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ..ਮਾਂ ਨੇ ਮੈਨੂੰ ਵਚਨਾਂ ‘ਚ ਬੰਨ੍ਹ ਲਿਆ ਸੀ..ਪਰੰਤੂ ਉਨ੍ਹਾਂ ਦਾ ਏਨਾ ਪਿਆਰ ਵੇਖ ਮੈਂ ਚਾਹ ਲਈ ਹਾਮੀ ਭਰ ਦਿੱਤੀ।
ਮਾਤਾ ਕਹਿਣ ਲਗੀ ,”ਨੌਂਹ ਅਤੇ ਪੋਤਰਿਉ ਨੌਂਹ ਤਾਂ ਘਰ ਆਲੇ ਖੇਤ ਨਰਮਾ ਚੁੱਗਣ ਗਈਆਂ ਨੇ..ਦੋਵੇਂ ਪੋਤਰੇ ਘਰ ਨੇ ਮੈਂ ਉਨ੍ਹਾਂ ਨੂੰ ਕਹਿਨੀ ਹਾਂ ਚਾਹ ਬਣਾ ਦੇਣ”।
ਵੱਡੇ ਪੋਤਰੇ ਨੇ ਸਾਡੇ ਚਾਰਾਂ ਲਈ ਚਾਹ ਬਣਾ ਲਿਆਂਦੀ..ਅਸੀਂ ਰਲ ਬੈਠ ਚਾਹ ਪੀਤੀ ਨਾਲੇ ਦੁੱਖ ਸੁੱਖ ਸਾਂਝਾ ਕੀਤਾ।ਮਾਤਾ ਦੇ ਚਿਹਰੇ ਤੇ ਏਨੀ ਖੁਸ਼ੀ ਦੇਖ ਮੈਂ ਭਾਵੁਕ ਹੋ ਗਿਆ ਸੀ..ਬਲਵੰਤ ਉਨ੍ਹਾਂ ਦਾ ਸਭ ਤੋਂ ਵੱਡਾ ਪੁੱਤਰ ਸੀ ਜੋ ਮੇਰਾ ਸੱਚਾ ਮਿਤਰ ਸੀ..ਅਸੀਂ ਇਕੱਠੇ ਨੌਕਰੀ ਕਰਦੇ ਸੀ..ਸਾਡਾ ਖਾਣ ਪੀਣ, ਦੁੱਖ ਸੁੱਖ ਸਾਂਝੇ ਸੀ।ਅੱਜ ਕੱਲ ਚਿਰਾਗ ਲੈ ਕੇ ਲਭੋ ਤਾਂ ਅਜਿਹਾ ਮਿਤਰ ਨਹੀਂ ਲਭਦਾ।ਰੱਬ ਦਾ ਅਜਿਹਾ ਭਾਣਾ ਵਰਤਿਆ ਮੇਰੇ ਦੋਸਤ ਬਲਵੰਤ ਦੇ ਦੋਵੇਂ ਗੁਰਦੇ ਖਰਾਬ ਹੋ ਗਏ…ਬਹੁਤ ਇਲਾਜ ਕਰਵਾਇਆ ਇਥੋਂ ਤੱਕ ਕਿ ਡੀ.ਐਮ.ਸੀ ਅਤੇ ਪੀ.ਜੀ.ਆਈ.ਹਸਪਤਾਲਾਂ ਵਿੱਚ ਵੀ ਉਹ ਠੀਕ ਨਾ ਹੋਇਆ ..ਤੇ ਆਖਰ ਉਹ ਇਹ ਨਸ਼ਵਰ ਸੰਸਾਰ ਛੱਡ ਗਿਆ।ਪਰਿਵਾਰ ਨੂੰ ਬਹੁਤ ਵੱਡਾ ਧੱਕਾ ਲਗਾ।ਬੱਚੇ ਛੋਟੇ ਸੀ..ਥੋੜ੍ਹੀ ਬਹੁਤੀ ਜ਼ਮੀਨ ਸੀ ਗੁਜ਼ਾਰਾ ਚਲਦਾ ਰਿਹਾ…ਦੋ ਕੁ ਸਾਲਾਂ ਬਾਅਦ ਦੂਜਾ ਤੇ ਫੇਰ ਤੀਜਾ ਭਰਾ ਵੀ ਏਸੇ ਬਿਮਾਰੀ ਨਾਲ ਮਰ ਗਏ..ਮਾਂ ਬਾਪ ਲਈ ਸਦਮਾ ਬਰਦਾਸਤ ਤੋਂ ਬਾਹਰ ਸੀ…ਤਿਨ੍ਹਾਂ ਪੁੱਤਰਾਂ ਦੀ ਮੋਤ ਤੋਂ ਬਾਅਦ ਪਿਤਾ ਵੀ ਬਿਮਾਰ ਰਹਿਣ ਲਗ ਪਿਆ…ਤੇ ਕੁੱਝ ਸਮੇਂ ਬਾਅਦ ਉਹ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।ਘਰ ਖਾਲੀ ਹੋ ਗਿਆ ਸੀ।
ਸਾਰਾ ਘਰ ਦਾ ਬੋਝ ਅਤੇ ਜੁਮੇਵਾਰੀ ਮਾਤਾ ਤੇ ਸੀ ਪੋਤਰੇ ਛੋਟੇ ਸੀ…ਜਿਵੇਂ ਤਿਵੇਂ ਹੌਂਸਲਾ ਬਣਾਈ ਰਖਿਆ..ਘਰ ਨੂੰ ਸੰਭਾਲਿਆ..ਅੱਜ ਪੋਤਰੇ ਜਵਾਨ ਹੋ ਗਏ ਹਨ ..ਘਰ ਬਾਰ..ਕੰਮਕਾਰ ਜ਼ਮੀਨ ਸਾਂਭ ਰਹੇ ਹਨ ..ਸਭ ਕੁੱਝ ਠੀਕ ਠਾਕ ਹੈ।
ਅਸੀਆਂ ਦੇ ਨੇੜੇ ਤੇੜੇ ਹੋਉਗੀ ਮਾਤਾ ਉਸ ਦੇ ਚਿਹਰੇ ਦੀ ਖੁਸ਼ੀ ਦੇਖ ਲਗਦਾ ਨਹੀਂ ਕਿ ਏਨੀਆਂ ਸੱਟਾਂ ਖਾਣ ਦੇ ਬਾਵਜੂਦ ਵੀ ਉਹ ਖੁਸ਼ ਹੈ..ਸੈਲੂਟ ਹੈ ਉਹਦੇ ਜ਼ਿਗਰੇ ਨੂੰ ਜੋ ਅੰਦਰ ਦੇ ਦੁੱਖ ਨੂੰ ਆਪਣੇ ਚਿਹਰੇ ਤੇ ਝਲਕਣ ਨਹੀਂ ਦਿੰਦੀ।
ਰੱਬ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਮਾਤਾ ਤੰਦਰੁਸਤ ਰਹੇ ਅਤੇ ਲੰਮੀ ਉਮਰ ਜੀਵੇ।ਅਤੇ ਅਜਿਹੇ ਦੁੱਖ ਪ੍ਰਮਾਤਮਾ ਕਿਸੇ ਨੂੰ ਵੀ ਨਾ ਦਿਖਾਏ।
ਸੁਨੀਲ ਕੁਮਾਰ
ਫਾਜ਼ਿਲਕਾ।

Leave a Reply

Your email address will not be published. Required fields are marked *