ਛੇਵਾਂ ਦਰਿਆ | chenva darya

ਸਾਰਾ ਵਰਤਾਰਾ ਤਰਕ ਵਾਲੀ ਪੋਣੀ ਅੰਦਰੋਂ ਲੰਘਾਇਆ ਤਾਂ ਸਿਰਫ ਦੋ ਚੀਜਾਂ ਹੀ ਬਾਕੀ ਬਚੀਆਂ..ਨਸ਼ੇ ਛੱਡ ਗੁਰੂ ਦੇ ਲੜ ਲੱਗੋ ਦੀ ਭਾਵਨਾ ਤੇ ਹੁੰਦੀਆਂ ਬੇਇਨਸਾਫੀਆਂ ਨੂੰ ਜ਼ਿਹਨ ਵਿਚ ਵਸਾਈ ਰੱਖਣ ਦੀ ਅਪੀਲ..!
ਗੋਲੀ ਅਤੇ ਸਭਿਆਚਾਰਿਕ ਅੱਤਵਾਦ ਮਗਰੋਂ ਸਦੀਵੀ”ਪਰਵਾਸ” ਵੱਲ ਧੱਕ ਦਿੱਤੇ ਗਏ ਧੀਆਂ ਪੁੱਤਰ ਤੇ ਫੇਰ ਮਗਰ ਰਹਿ ਗਿਆਂ ਲਈ ਵਗਾ ਦਿੱਤਾ ਚਿੱਟੇ ਦਾ ਛੇਵਾਂ ਦਰਿਆ..!
ਇਹ ਆਇਆ ਤਾਂ ਹਾਹਾਕਾਰ ਮੱਚ ਗਈ..ਬਣੀ ਬਣਾਈ ਤੇ ਸਵਾਹ ਭੁੱਕ ਦੇਵੇਗਾ..ਫੇਰ ਮਾਰਨ ਤੋਂ ਪਹਿਲੋਂ ਚੰਗੀ ਤਰਾਂ ਭੰਡਿਆ..ਭੰਡਣ ਲਈ ਵੀ ਪੱਗਾਂ ਵਾਲੇ ਹੀ ਲੱਭੇ..ਮਹੀਨੇ ਦੋ ਮਹੀਨੇ ਖੂਬ ਹੋ ਹੱਲਾ ਮਚਾਇਆ..ਫੜ ਲਓ ਮਾਰ ਦਿਓ ਆਤੰਕਵਾਦੀ ਦਹਿਸ਼ਤਗਰਦ ਦੇਸ਼ ਤੋੜੂ..ਬਲਦੀ ਦੇ ਬੁੱਥੇ ਦੇਣ ਵਾਲਾ!
ਪੰਛੀ ਕੱਲਾ ਸੀ ਓਦੇ ਮਗਰ ਸ਼ਿਕਾਰੀ ਬਹੁਤੇ..ਅੱਸੀ ਦੀ ਅੱਸੀ ਹਜਾਰ ਮਗਰ ਲੱਗ ਤੁਰੀ ਤੇ ਫੇਰ ਹਜਾਰਾਂ ਕਿਲੋਮੀਟਰ ਦੂਰ ਇੱਕ ਆਧੁਨਿਕ ਕਾਲੇ ਪਾਣੀ ਅੰਦਰ ਡੱਕ ਦਿੱਤਾ..!
ਓਹੀ ਨਸ਼ਾ ਉਂਝ ਦਾ ਉਂਝ ਹੀ ਕਾਇਮ ਜਿਸਨੂੰ ਤਿੰਨ ਹਫਤਿਆਂ ਵਿਚ ਮੁਕਾਉਣ ਦਾ ਲਾਰਾ ਲਾ ਕੇ ਸੱਤਾ ਵਿਚ ਆਏ ਅੱਜ ਦਿੱਲੀ ਦੇ ਗਲਿਆਰਿਆਂ ਅੰਦਰ ਹੁੰਦੇ ਵਿਆਹਾਂ ਦੇ ਲਾਗੀ ਵੇਟਰ ਦਰਬਾਨ ਬਣ ਲਾਗ ਇਕੱਠਾ ਕਰਨ ਵਿਚ ਰੁੱਝ ਗਏ..”ਗਏ ਥੇ ਕੋਠੇ ਪੇ ਮੁਜਰਾ ਬੰਦ ਕਰਵਾਨੇ..ਸਿੱਕੋ ਕੀ ਖਣਕ ਦੇਖੀ ਤੋਂ ਖੁਦ ਹੀ ਝੂਮਨੇ ਲਗ ਪੜੇ”
ਅਖਬਾਰਾਂ ਭਰੀਆਂ ਨੇ..ਨਾੜਾਂ ਵਿਚ ਟੀਕੇ..ਸ਼ਰੇਆਮ ਡਿਲੀਵਰੀ..ਠੀਕਰੀ ਪਹਿਰੇ..ਅਣਗਿਣਤ ਫੋਟੋਆਂ ਪਰ ਮਜਾਲ ਏ ਉੱਚੀ ਸਾਹ ਵੀ ਲੈ ਲੈਣ..ਅੰਨਾ ਹਜਾਰੇ ਬਣ ਸਦੀਵੀਂ ਨੀਂਦਰ ਸੋਂ ਗਏ!
ਸੰਘਰਸ਼ ਸ਼ੀਲਾਂ ਦੀਆਂ ਮਾਵਾਂ..ਕਦੇ ਚੋਰੀ ਛੁੱਪੇ ਰੋਟੀ ਟੁੱਕ ਖਾਣ ਆ ਜਾਂਦੇ..ਤਸੱਲੀ ਹੋ ਜਾਂਦੀ..ਚੱਲ ਜਿਉਂਦਾ ਤੇ ਹੈ ਫੇਰ ਅਚਾਨਕ ਖਬਰ ਆ ਜਾਂਦੀ..”ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ..ਨੀ ਮੈਂ ਫੇਰ ਤਾਰੀ ਲਾਊਂ ਸਿਵਿਆਂ ਚ ਸੜ ਕੇ”..ਮਗਰੋਂ ਸਿਵੇ ਵੀ ਨਸੀਬ ਨਾ ਹੋਏ..ਸਿਰਫ ਕੱਚ ਭੁੰਨ ਕਰ ਰੋੜ ਦਿੱਤਿਆਂ ਦੀ ਸਵਾਹ ਹੀ ਮਿਲੀ..!
ਅੱਜਕੱਲ ਸਿੱਧਿਆਂ ਨਹੀਂ ਮਾਰਦੀ ਰੌਲਾ ਜੂ ਪੈ ਜਾਂਦਾ..ਸਗੋਂ ਤਿਲ ਤਿਲ ਕਰਕੇ ਤੋੜਦੀ..ਮਾਨਸਿਕ ਅਤੇ ਸਰੀਰਕ ਤੌਰ ਤੇ..
“ਵੋ ਜਹਿਰ ਦੇਤਾ ਤੋ ਦੁਨੀਆ ਕੀ ਨਜਰ ਮੇਂ ਆ ਜਾਤਾ..ਫੇਰ ਉਸਨੇ ਦਵਾ ਦੇਨੀ ਹੀ ਛੋੜ ਦੀ..”
ਭਾਈ ਅਮ੍ਰਿਤਪਾਲ ਸਿੰਘ ਦੀ ਮਾਤਾ ਜੀ ਵੀ ਸ਼ਾਇਦ ਇਹੋ ਅਰਜੋਈ ਕਰ ਰਹੀ ਏ ਕੇ ਉਸਨੂੰ ਤਿਲ ਤਿਲ ਕਰਕੇ ਤੋੜਿਆ ਜਾ ਰਿਹਾ..ਟੁੱਟਣੋਂ ਤੇ ਬੇਸ਼ੱਕ ਬਚ ਜਾਵੇ ਪਰ ਓਦੋਂ ਮਰ ਜਰੂਰ ਜਾਊ ਜਦੋਂ ਤੁਸੀਂ ਉਸਨੂੰ ਤੇ ਉਸਦੇ ਨਾਲਦਿਆਂ ਨੂੰ ਭੁੱਲ ਗਏ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *