ਝੂਠ ਨਾਲ ਲੜਾਈ | jhooth naal ladai

“ਸਤਿ ਸ੍ਰੀ ਆਕਾਲ, ਮੈਨੇਜਰ ਸਾਹਿਬ” ਕਰਮ ਸਿੰਘ ਨੇ ਬੈਂਕ ਮੈਨੇਜਰ ਦੇ ਕੈਬਿਨ ਵਿਚ ਵੜਦੇ ਨੇ ਬਹੁਤ ਪਿਆਰ ਨਾਲ ਹੱਥ ਜੋੜ ਕੇ ਫਤਹਿ ਬੁਲਾਈ। ਮੈਨੇਜਰ ਸਾਹਿਬ ਨੇ ਸਾਹਮਣੇ ਪਈਆਂ ਫਾਈਲਾਂ ਬੰਦ ਕਰਦੇ ਹੋਏ ਕਰਮ ਸਿੰਘ ਨਾਲ ਹੱਥ ਮਿਲਾਇਆ ਅਤੇ ਕੁਰਸੀ ਵੱਲ ਇਸ਼ਾਰਾ ਕਰਦੇ ਹੋਏ ਜਵਾਬ ਦਿੱਤਾ, “ਸਤਿ ਸ੍ਰੀ ਆਕਾਲ,ਆਓ ਕਰਮ ਸਿੰਘ ਜੀ ਬੈਠੋ। ਹੋਰ ਸੁਣਾਓ ਕੀ ਹਾਲ ਹੈ?” ਕਰਮ ਸਿੰਘ ਉਸ ਇਲਾਕੇ ਦਾ ਵੱਡਾ ਜਿਮੀਂਦਾਰ ਸੀ,ਬੈਂਕ ਵਿਚ ਉਸਦਾ ਕਾਫੀ ਪੈਸਾ ਜਮਾਂ ਸੀ ਅਤੇ ਰਾਜਨੀਤਿਕ ਨੇਤਾਵਾਂ ਨਾਲ ਕਾਫੀ ਪਹੁੰਚ ਸੀ। ਇਸ ਲਈ ਮੈਨੇਜਰ ਸਾਹਿਬ ਉਸ ਨੂੰ ਕਾਫੀ ਅਹਿਮੀਅਤ ਦੇ ਰਹੇ ਸਨ। ਉਨ੍ਹਾਂ ਨੇ ਘੰਟੀ ਵਜਾਈ ਅਤੇ ਚਪੜਾਸੀ ਦੇ ਆਉਣ ਉੱਤੇ ਹੁਕਮ ਦਿੱਤਾ, “ਦੇਖ ਕਰਮ ਸਿੰਘ ਜੀ ਆਏ ਨੇ, ਜਰਾ ਵਧੀਆ ਜਿਹੀ ਚਾਹ ਲਿਆ ਕੇ ਪਿਲਾ। ” ਕਰਮ ਸਿੰਘ ਨੇ ਕੁਰਸੀ ਮੇਜ਼ ਦੇ ਨੇੜੇ ਖਿੱਚਦੇ ਹੋਏ ਗੱਲ ਤੋਰੀ, ” ਮੈਨੇਜਰ ਸਾਹਿਬ, ਜਦੋਂ ਦੇ ਤੁਸੀਂ ਇੱਥੇ ਆਏ ਹੋ ਲੋਕ ਬਹੁਤ ਖੁਸ਼ ਹਨ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਤੁਹਾਡੀ ਇਮਾਨਦਾਰੀ ਦੀਆਂ ਸਾਰੇ ਇਲਾਕੇ ਵਿਚ ਬਹੁਤ ਗੱਲਾਂ ਹੁੰਦੀਆਂ ਹਨ ਬਈ ਤੁਸੀਂ ਤਾਂ ਕਿਸੇ ਤੋਂ ਚਾਹ ਦਾ ਕੱਪ ਵੀ ਨਹੀਂ ਪੀਂਦੇ”। ਮੈਨੇਜਰ ਸਾਹਿਬ ਜਾਣਦੇ ਸਨ ਕਿ ਅਜਿਹੇ ਲੋਕਾਂ ਵੱਲੋਂ ਤਾਰੀਫ਼ ਵੀ ਬਹੁਤ ਮਹਿੰਗੀ ਪੈਂਦੀ ਹੈ ਇਸ ਲਈ ਗੱਲ ਟਾਲਦੇ ਹੋਏ ਬੋਲੇ, ” ਬਸ ਜੀ, ਬੈਂਕ ਨੇ ਅਤੇ ਰੱਬ ਨੇ ਬਹੁਤ ਕੁਝ ਦਿੱਤਾ ਹੈ ਹੋਰ ਕਿਸੇ ਤੋਂ ਕੀ ਲੈਣਾ ” । ਨਹੀਂ ਜੀ, ਅੱਜ ਕੱਲ ਤਾਂ ਮੁਲਾਜ਼ਮਾਂ ਦਾ ਬਹੁਤ ਬੁਰਾ ਹਾਲ ਹੈ। ਹੁਣੇ ਮੈਂ ਪਟਵਾਰੀ ਕੋਲੋਂ ਆ ਰਿਹਾ ਹਾਂ ਉਸ ਨੂੰ ਇਕ ਕੰਮ ਲਈ ਕਿਹਾ ਤਾਂ ਕਹਿੰਦਾ ਸਾਡਾ ਸੇਵਾ ਪਾਣੀ ਤਾਂ ਕਰੋ। ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਕੋਲੋਂ ਜਿਸਦਾ ਵੀ ਕੰਮ ਕਰਵਾਉਂਦਾ ਹਾਂ ਤੈਨੂੰ ਵਥੇਰੀ ਕਮਾਈ ਕਰਵਾਈਦੀ ਹੈ, ਹੁਣ ਮੈਤੋਂ ਵੀ ਪੈਸੇ ਭਾਲਦੈਂ। ਜਦੋਂ ਕਿਤੇ ਫਸ ਗਿਆ ਫਿਰ ਸਾਡੀਆਂ ਹੀ ਮਿਨਤਾਂ ਕਰੇਂਗਾ। ਫੇਰ ਉਹ ਹੀਂ ਹੀਂ ਕਰਨ ਲੱਗ ਪਿਆ।”
ਐਨੇ ਚਾਹ ਆ ਗਈ। ਮੈਨੇਜਰ ਸਾਹਿਬ ਦਾ ਸਮਾਂ ਖਰਾਬ ਹੋ ਰਿਹਾ ਸੀ ਇਸ ਲਈ ਉਸ ਤੋਂ ਜਲਦੀ ਖਹਿੜਾ ਛੁਡਾਉਣਾ ਚਾਹੁੰਦੇ ਸਨ, ਬਿਸਕੁਟਾਂ ਦਾ ਡੱਬਾ ਉਸ ਅੱਗੇ ਕਰਦੇ ਬੋਲੇ “ਲਓ ਜੀ ਚਾਹ ਪਿਓ”। ਕਰਮ ਸਿੰਘ ਇਕ ਬਿਸਕੁਟ ਖਾ ਕੇ ਚਾਹ ਦੀ ਘੁੱਟ ਭਰਦਾ ਬੋਲਿਆ, “ਪਹਿਲਾਂ BDO ਵੀ ਬਹੁਤ ਨਖਰੇ ਕਰਦਾ ਸੀ। ਉਸ ਉਤੇ ਰਿਸ਼ਵਤ ਦਾ ਪਰਚਾ ਹੋ ਗਿਆ ਸੀ ਤਾਂ ਮੈਂ ਹੀ ਬਚਾਇਆ ਸੀ। ਫਿਰ ਉਸ ਨੂੰ ਮੰਤਰੀ ਜੀ ਨੂੰ ਕਹਿ ਕੇ ਕਾਫੀ ਫੰਡ ਵੀ ਦਿਲਵਾਏ । ਤੁਹਾਨੂੰ ਪਤਾ ਹੀ ਮੇਰੇ ਸਾਰੇ ਨੇਤਾਵਾਂ ਨਾਲ ਚੰਗੇ ਸਬੰਧ ਹਨ ਅਤੇ ਉਹ ਵੀ ਵਿਚੋਂ ਹਿੱਸਾ ਪੱਤੀ ਭਾਲਦੇ ਨੇ। ਸਭ ਦਾ ਮੂੰਹ ਬੰਦ ਕਰਨਾ ਪੈਂਦੈ। ਮੈਨੇਜਰ ਸਾਹਿਬ ਫੋਨ ਸੁਣਨ ਲਗੇ ਤਾਂ ਕਰਮ ਸਿੰਘ ਨੇ ਬਿਸਕੁਟ ਅਤੇ ਚਾਹ ਦਾ ਕੰਮ ਮੁਕਾ ਲਿਆ।” ਮੈਨੇਜਰ ਸਾਹਿਬ ਨੇ ਫੋਨ ਰੱਖਦੇ ਹੋਏ ਕਰਮ ਸਿੰਘ ਤੋਂ ਛੁੱਟੀ ਲੈਣ ਲਈ ਕਿਹਾ ਕਿ ਹੋਰ ਦਸੋ ਕਿਵੇਂ ਆਏ ਸੀ।” ਕਰਮ ਸਿੰਘ ਗਲਾ ਸਾਫ਼ ਕਰਦੇ ਹੋਏ ਮਤਲਬ ਦੀ ਗੱਲ ਉਤੇ ਆਇਆ। ਬੋਲਿਆ, “ਬਸ ਜੀ ਉਹ BDO ਸਾਹਿਬ ਕਹਿੰਦੇ ਸੀ ਕਿ ਮੱਝਾਂ ਲਈ ਕੋਈ ਸਬਸਿਡੀ ਵਾਲੀ ਸਕੀਮ ਆਈ ਹੈ ਤੁਸੀਂ ਲੋਨ ਕਰਵਾ ਲਵੋ। ਤੁਹਾਨੂੰ ਪਤੈ ਮੱਝਾਂ ਤਾਂ ਆਪਣੇ ਕੋਲ ਬਥੇਰੀਆਂ ਨੇ। ਤੁਹਾਡੇ ਕੋਲ ਫਾਈਲ ਆਈ ਹੋਵੇਗੀ, ਤੁਸੀਂ ਦੇਖ ਲੈਣਾ। ਮੈਨੇਜਰ ਸਾਹਿਬ ਨੇ ਉਸਨੂੰ ਟੋਕਦੇ ਹੋਏ ਕਿਹਾ ਕਿ ਉਹ ਸਕੀਮ ਤਾਂ ਛੋਟੇ ਕਿਸਾਨਾਂ ਅਤੇ ਗਰੀਬਾਂ ਲਈ ਹੈ। ਤਾਂ ਕਰਮ ਸਿੰਘ ਨੇ ਦੱਸਿਆ ਕਿ ਮੇਰੇ ਨਾਮ ਉਤੇ ਨਹੀਂ ਆਪਾਂ ਓਹ ਕੰਮ ਤਾਂ ਮੇਰੇ ਨੌਕਰ ਗਰੀਬੂ ਦੇ ਨਾਮ ਉਤੇ ਕਰਨਾ ਹੈ। ਮੈਨੇਜਰ ਸਾਹਿਬ ਥੋੜ੍ਹਾ ਹਿਚਕਾਹਟ ਨਾਲ ਬੋਲੇ, ਤੁਸੀਂ ਤਾਂ ਵੱਡੇ ਬੰਦੇ ਹੋ ਇਨ੍ਹਾਂ ਚੱਕਰਾਂ ਵਿਚ ਕਿਉਂ ਪੈਂਦੇ ਹੋ। ਕਰਮ ਸਿੰਘ ਤੇਵਰ ਬਦਲਦੇ ਹੋਏ ਬੋਲਿਆ, “ਕੋਈ ਗੱਲ ਨਹੀਂ ਮੈਨੇਜਰ ਸਾਹਿਬ ਤੁਹਾਡਾ ਵੀ ਖਿਆਲ ਰੱਖਾਂਗੇ, ਤੁਹਾਡਾ ਬਣਦਾ ਹਿੱਸਾ ਤੁਹਾਨੂੰ ਮਿਲ ਜਾਉਗਾ।” ਮੈਨੇਜਰ ਸਾਹਿਬ ਉਸ ਦੀ ਗੱਲ ਸੁਣ ਕੇ ਹੱਕੇ ਬੱਕੇ ਰਹਿ ਗਏ ਲੇਕਿਨ ਆਪਣੇ ਗੁੱਸੇ ਨੂੰ ਲੁਕਾਉਂਦੇ ਹੋਏ ਨਿਮਰਤਾ ਨਾਲ ਕਿਹਾ ਕਿ ਮੁਆਫ਼ ਕਰਨਾ ਇਹ ਗਲਤ ਕੰਮ ਮੇਰੇ ਕੋਲੋਂ ਨਹੀਂ ਹੋਣਾ। ਕਰਮ ਸਿੰਘ ਗੁੱਸੇ ਵਿਚ ਇਹ ਕਹਿੰਦਾ ਹੋਇਆ ਬਾਹਰ ਨਿਕਲ ਗਿਆ ਕਿ ਕੰਮ ਤਾਂ ਮੈਨੂੰ ਕਰਵਾਉਣੇ ਆਉਂਦੇ ਨੇ।
ਕੁਝ ਦਿਨਾਂ ਬਾਦ ਮੈਨੇਜਰ ਸਾਹਿਬ ਨੂੰ ਗਰੀਬੂ ਦੇ ਨਾਮ ਉਤੇ ਉਨ੍ਹਾਂ ਵਿਰੁੱਧ ਬੈਂਕ ਦੇ ਚੇਅਰਮੈਨ ਨੂੰ ਲਿਖੀ ਸ਼ਿਕਾਇਤ ਦੀ ਕਾਪੀ ਮਿਲੀ ਜਿਸ ਵਿਚ ਲਿਖਿਆ ਸੀ ਕਿ ਉਹ ਅਨੁਸ਼ੂਚਿਤ ਜਾਤੀ ਨਾਲ ਸਬੰਧਿਤ ਗਰੀਬ ਆਦਮੀ ਹੈ ਅਤੇ ਉਸਨੇ ਰੁਜ਼ਗਾਰ ਵਾਸਤੇ ਬੈਂਕ ਤੋਂ ਕਰਜ਼ਾ ਲੈਣ ਲਈ ਦਰਖਾਸਤ ਦਿੱਤੀ ਸੀ। ਮੈਨੇਜਰ ਸਾਹਿਬ ਨੇ ਉਸ ਕੋਲੋਂ ਕਰਜ਼ਾ ਦੇਣ ਲਈ ਪੰਜ ਹਜ਼ਾਰ ਰੁਪਏ ਮੰਗੇ ਹਨ। ਮੈਂ ਗਰੀਬ ਬੰਦਾ ਪੈਸੇ ਨਹੀਂ ਦੇ ਸਕਦਾ। ਮੈਨੂੰ ਕਰਜ਼ਾ ਦਿਲਵਾਇਆ ਜਾਵੇ। ਅਗਲੇ ਦਿਨ ਬੈਂਕ ਦਾ ਇਨਕੁਆਰੀ ਅਫਸਰ ਪੜਤਾਲ ਲਈ ਬੈਂਕ ਵਿਚ ਆ ਗਿਆ। ਮੈਨੇਜਰ ਸਾਹਿਬ ਨੇ ਉਸਨੂੰ ਕਰਮ ਸਿੰਘ ਵਾਲੀ ਸਾਰੀ ਗੱਲ ਦੱਸੀ। ਲੇਕਿਨ ਉਸਨੇ ਆਪਣੀ ਕਾਰਵਾਈ ਤਾਂ ਕਰਨੀ ਹੀ ਸੀ ਇਸ ਲਈ ਉਸ ਨੇ ਸ਼ਿਕਾਇਤ ਕਰਨ ਵਾਲੇ ਗਰੀਬੂ ਨੂੰ ਬੈਂਕ ਵਿਚ ਬੁਲਾਇਆ। ਗਰੀਬੂ ਕਰਮ ਸਿੰਘ ਨੂੰ ਨਾਲ ਲੈ ਕੇ ਆਇਆ। ਅਫਸਰ ਦੇ ਪੁੱਛਣ ਉੱਤੇ ਜੋ ਵੀ ਉਸਨੂੰ ਕਰਮ ਸਿੰਘ ਨੇ ਸਿਖਾਇਆ ਸੀ ਉਸ ਨੇ ਸ਼ਿਕਾਇਤ ਮੁਤਾਬਕ ਬੋਲ ਦਿੱਤਾ। ਜਦ ਮੈਨੇਜਰ ਸਾਹਿਬ ਨੇ ਉਸਨੂੰ ਕਿਹਾ ਕਿ ਤੂੰ ਤਾਂ ਕਦੀ ਬੈਂਕ ਆਇਆ ਹੀ ਨਹੀਂ ਤਾਂ ਉਹ ਨੀਵੀਂ ਪਾ ਕੇ ਕਹਿੰਦਾ ਕਿ ਮੈਨੂੰ ਕੁਝ ਨਹੀਂ ਪਤਾ, ਤੁਸੀਂ ਕਰਮ ਸਿੰਘ ਨਾਲ ਗੱਲ ਕਰੋ। ਕਰਮ ਸਿੰਘ ਉਸ ਵੇਲੇ ਉੱਚੀ ਆਵਾਜ਼ ਵਿਚ ਬੋਲਿਆ, “ਮੈਨੇਜਰ ਸਾਹਿਬ ਗਰੀਬ ਨੂੰ ਡਰਾਉਣ ਦੀ ਕੋਸ਼ਿਸ਼ ਨਾਂ ਕਰੋ, ਇਹ ਤਾਂ ਅਨਪੜ੍ਹ ਹੈ, ਤੁਸੀਂ ਮੇਰੇ ਨਾਲ ਗੱਲ ਕਰੋ। ਮੇਰੇ ਸਾਹਮਣੇ ਤੁਸੀਂ ਇਸ ਤੋਂ ਪੈਸੇ ਮੰਗੇ ਨੇ।” ਮੈਨੇਜਰ ਸਾਹਿਬ ਦੇ ਹੋਸ਼ ਉੱਡ ਗਏ ਅਤੇ ਉਹ ਹੈਰਾਨ ਸਨ ਕਿ ਉਹ ਕਿੰਨੀਂ ਬੇਸ਼ਰਮੀ ਅਤੇ ਹਿੰਮਤ ਨਾਲ ਝੂਠ ਬੋਲ ਰਿਹਾ ਸੀ। ਹੁਣ ਇਨਕੁਆਰੀ ਅਫਸਰ ਵੀ ਮੈਨੇਜਰ ਸਾਹਿਬ ਨੂੰ ਸਮਝਾ ਰਿਹਾ ਸੀ ਕਿ ਇਹ ਅਨੁਸੂਚਿਤ ਜਾਤੀ ਨਾਲ ਅਤੇ ਸਰਕਾਰੀ ਸਕੀਮ ਨਾਲ ਸਬੰਧਿਤ ਗੰਭੀਰ ਮਾਮਲਾ ਹੈ। ਤੁਸੀਂ ਇਹ ਮਾਮਲਾ ਇਥੇ ਹੀ ਸੁਲਝਾ ਲਵੋ ਵਰਨਾ ਤੁਹਾਡੇ ਲਈ ਮੁਸ਼ਕਲ ਖੜ੍ਹੀ ਹੋ ਜਾਵੇਗੀ। ਮੈਨੇਜਰ ਸਾਹਿਬ ਲਈ ਝੂਠ ਨਾਲ ਲੜਨ ਦੀ ਇਹ ਵੱਡੀ ਚਨੌਤੀ ਸੀ।
(ਪੋਸਟ ਕਾਫੀ ਲੰਬੀ ਹੋ ਗਈ ਹੈ, ਇਸ ਲਈ ਬਾਕੀ ਅਗਲੀ ਪੋਸਟ ਵਿੱਚ)
ਸੁਖਜੀਤ ਸਿੰਘ ਨਿਰਵਾਨ

Leave a Reply

Your email address will not be published. Required fields are marked *