ਬੀਬੀ ਦੇ ਘਰੇ | bibi de ghare

ਸਰੀ ਦੇ ਏਰੀਏ ਦੇ ਵਿੱਚ ਰਹਿ ਕੇ,ਮੈਂ ਪੰਜਾਬੀਆਂ ਨਾਲ ਕੰਮ ਨਾ ਕੀਤਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ | ਪੰਜਾਬੀਆਂ ਦਾ ਹਾਲੇ ਤੱਕ ਕੋਈ ਵੀ ਪਰਿਵਾਰ ਮੈਂ ਪਰਫੈਕਟ ਨਹੀਂ ਦੇਖਿਆ | ਕਿਉਂਕਿ ਜਹਾਜ ਦਾ ਸਫ਼ਰ ਤੁਹਾਡਾ ਮੁਲਕ ਬਦਲ ਸਕਦਾ ਹੈ ਤੁਹਾਡੀ ਸੋਚ ਨਹੀਂ | ਬਾਬਾ ਰਾਮਦੇਵ ਦੇ ਕਹਿਣ ਵਾਂਗ ਕਰਨੇ ਸੇ ਹੀ ਹੋਗਾ, ਸੋ ਇਹ ਤਾਂ ਤੁਹਾਨੂੰ ਆਪਣੀ ਸੋਚ ਬਦਲਣੀ ਹੀ ਪੈਣੀ ਹੈ ਤਾਂ ਹੀ ਇਹਨਾਂ ਮੁਲਕਾਂ ਦੇ ਵਿੱਚ ਆਉਣ ਦਾ ਫਾਇਦਾ ਤਾਂ ਹੀ ਹੈ | ਚਲੋ ਅੱਜ ਤੁਹਾਨੂੰ ਇਹ ਵੀ ਕਹਾਣੀ ਸੁਣਾਉਨੀ ਆ. ਮਾਈਕਲ ਜਿਹਦੇ ਬਾਰੇ ਮੈਂ ਪਹਿਲਾਂ ਦੱਸ ਚੁੱਕੀ ਆਂ ਉਹ ਮੇਰਾ ਸਭ ਤੋਂ ਪਹਿਲਾ ਤੇ ਸਵੇਰ ਦਾ ਕਲਾਇੰਟ ਸੀ ਤੇ ਇਹ ਪੰਜਾਬਣ ਬੀਬੀ ਨੰਬਰ ਦੋ ਦੀ ਤੇ ਦੁਪਹਿਰ ਦੀ ਕਲਾਇੰਟ ਸੀ. ਇਹ ਪੰਜਾਬਣ ਬੀਬੀ ਆਪਣੇ ਨੂੰਹ ਪੁੱਤ ਦੇ ਨਾਲ ਮਹਿਲਨੂੰਮਾ ਘਰ ਦੀ ਬੇਸਮੈਂਟ ਦੇ ਵਿੱਚ ਰਹਿੰਦੀ ਸੀ। ਉਹ ਹਾਲੇ ਘਰ ਇਹ ਪੂਰਾ ਕਰ ਹੀ ਰਹੇ ਸਨ. ਇਦਾਂ ਦਾ ਘਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਸੀ. ਪਰ ਬੀਬੀ ਜੀ ਨੂੰ ਕੰਮ ਕਰਨ ਦਾ ਕੋਈ ਬਾਲਾ ਸ਼ੌਂਕ ਨਹੀਂ ਸੀ ਇਸ ਕਰਕੇ ਬੀਬੀ ਜੀ ਨੇ ਆਪਣੀ ਮੈਡੀਕਲ ਫਾਈਲ ਦੇ ਉੱਤੇ 3600 ਬਿਮਾਰੀਆਂ ਪੁਆ ਰੱਖੀਆਂ ਸਨ. ਕਿਹੜੀ ਬਿਮਾਰੀ ਸੀ ਜੋ ਬੀਬੀ ਜੀ ਨੂੰ ਨਹੀਂ ਸੀ. ਫਾਈਲ ਪੜ੍ਹਦੇ ਪੜ੍ਹਦੇ ਸ਼ਾਮ ਹੋ ਜਾਂਦੀ ਸੀ.
ਬੀਬੀ ਜੀ ਦੀਆਂ ਖਾਣ ਪੀਣ ਦੀਆਂ ਆਦਤਾਂ ਵੀ ਕੁਝ ਖਾਸ ਨਹੀਂ ਸੀ. ਸਾਨੂੰ ਜੋ ਵੀ ਚੀਜ਼ ਚਾਹੀਦੀ ਹੁੰਦੀ ਸੀ ਅਸੀਂ ਉੱਪਰੋਂ ਲੈਣ ਚਲੀਆਂ ਜਾਂਦੀਆਂ ਸੀ. ਕਦੇ ਕਦੇ ਬੀਬੀ ਦੀ ਨੂੰਹ ਵੀ ਘਰੇ ਹੁੰਦੀ ਸੀ. ਬੀਬੀ ਦੇ ਨੂੰਹ ਪੁੱਤ ਵੀ ਉਮਰ ਦੇ ਵਿੱਚ ਸਾਡੇ ਤੋਂ ਥੋੜੇ ਜਿਹੇ ਵੱਡੇ ਹੋਣਗੇ.
ਬੀਬੀ ਦੀ ਨੂੰਹ ਦੇ ਨਾਲ ਮੇਰਾ ਸਿਰਫ ਸਤਿ ਸ਼੍ਰੀ ਅਕਾਲ ਦਾ ਹੀ ਰਿਸ਼ਤਾ ਸੀ.
ਬੀਬੀ ਦੀ ਨੂੰਹ ਨੂੰ ਕਿਤੇ ਨਾ ਕਿਤੇ ਇਹ ਗੱਲ ਲੱਗਦੀ ਸੀ ਕਿ ਜਾਂ ਤਾਂ ਬੀਬੀ ਨੇ ਮੈਨੂੰ ਉਹਦੇ ਖਿਲਾਫ ਕੋਈ ਪੱਟੀ ਪੜਾ ਦਿੱਤੀ ਹੈ ਜਾਂ ਮੈਂ ਬੀਬੀ ਦੀ ਨੂੰਹ ਨੂੰ ਜੱਜ ਕਰ ਰਹੀ ਆਂ .
ਇੱਕ ਦਿਨ ਉਹ ਮੇਰੇ ਪਿੱਛੇ ਪਿੱਛੇ ਹੀ ਥੱਲੇ ਉਤਰ ਆਈ. ਰਸਮੀ ਜੀ ਗੱਲਬਾਤ ਕਰਨ ਤੋਂ ਬਾਅਦ ਉਹਨੇ ਆਪਣੀ ਸਫਾਈ ਦੇਣੀ ਸ਼ੁਰੂ ਕੀਤੀ. ਉਹਨੇ ਦੱਸਿਆ ਕਿ ਜਦੋਂ ਉਹ ਨਵੀਂ ਨਵੀਂ ਕੈਨੇਡਾ ਦੇ ਵਿੱਚ ਆਈ ਸੀ ਤਾਂ ਬੀਬੀ ਨੇ ਬਥੇਰਾ ਲਹੂ ਪੀਤਾ ਸੀ.
ਇੱਕ ਦਿਨ ਜਦੋਂ ਉਹ ਡਰਾਈਵਿੰਗ ਲੈਸਨ ਲੈਣ ਵਾਸਤੇ ਬਾਹਰ ਗਈ ਤਾਂ ਉਦੋਂ ਉਹ ਪ੍ਰੈਗਨੈਂਟ ਸੀ. ਗੱਡੀ ਚਲਾਉਂਦੀ ਨੂੰ ਅਚਾਨਕ ਉਹਨੂੰ ਘਬਰਾਹਟ ਹੋਣ ਲੱਗੀ, ਤਾਂ ਗੱਡੀ ਦਾ ਮਾਲਕ ਉਹਨੂੰ ਘਰੇ ਛੱਡਣ ਆ ਗਿਆ. ਜਦੋਂ ਵਾਪਸ ਘਰੇ ਆਈ ਤਾਂ ਬੀਬੀ ਦੋ ਚਾਰ ਗੁਆਂਢਣਾਂ ਨੂੰ ਲੈ ਕੇ ਨੂੰਹ ਦੇ ਬੈਡਰੂਮ ਦੇ ਵਿੱਚ ਖੜੀ ਸੀ. ਉਹ ਗੁਆਂਢਣਾਂ ਨੂੰ ਨੂੰਹ ਦੇ ਬੈਡਰੂਮ ਦਾ ਜਲੂਸ ਦਿਖਾ ਰਹੀ ਸੀ। ਅਤੇ ਉੱਚੀ ਉੱਚੀ ਕਹਿ ਰਹੀ ਸੀ ਦੇਖ ਲਓ ਇੰਨੀ ਕ ਅਕਲ ਦਿੱਤੀ ਹੈ ਇਹਨੂੰ ਇਹਦੀ ਮਾਂ ਨੇ. ਤੇ ਨੂੰਹ ਕਹਿੰਦੀ ਮੇਰੀ ਉੱਥੇ ਹੀ ਧਾਹ ਨਿਕਲ ਗਈ. ਇਹ ਮੇਰੀ ਪਹਿਲੀ ਪ੍ਰੈਗਨੈਂਸੀ ਸੀ ਤੇ ਮੈਂ ਬਹੁਤ ਔਖੀ ਸੀ. ਕਿਸੇ ਨੂੰ ਮੇਰੀ ਔਖ ਨਹੀਂ ਨਜ਼ਰ ਆਈ, ਪਰ ਰਜਾਈ ਦੇ ਵੱਲ ਦਿਖ ਗਏ. ਅਤੇ ਮੈਂ ਉਹਦੇ ਨਾਲ ਬਿਲਕੁਲ ਸਹਿਮਤ ਸੀ
ਬੀਬੀ ਦੀ ਨੂੰਹ ਨੇ ਆਪਣੀ ਸਾਫ ਨਰਾਜ਼ਗੀ ਦਰਸਾ ਦਿੱਤੀ. ਉਹਨਾਂ ਨੇ ਬੀਬੀ ਇੱਥੇ ਆਪਣੇ ਜਵਾਕ ਸਾਂਭਣ ਨੂੰ ਸੱਦੀ ਸੀ, ਤੇ ਉਲਟਾ ਉਹਨਾਂ ਨੂੰ ਹੁਣ ਬੀਬੀ ਸਾਂਭਣੀ ਪੈ ਗਈ. ਬੀਬੀ ਨੂੰ ਕੋਈ ਵੀ ਬਿਮਾਰੀ ਨਹੀਂ ਸੀ ਪਰ ਬੀਬੀ ਨੇ ਡਾਕਟਰਾਂ ਦੀ ਬੱਸ ਕਰਾ ਛੱਡੀ ਸੀ. ਹੁਣ ਉਹ ਸੱਪ ਦੇ ਮੂੰਹ ਦੇ ਵਿੱਚ ਕੋੜ ਕਿਰਲੀ ਵਾਲੀ ਗੱਲ ਹੋ ਗਈ ਸੀ. ਮੈਡੀਕਲ ਕਾਰਨਾਂ ਕਰਕੇ ਨਾ ਤਾਂ ਬੀਬੀ ਜਹਾਜ਼ ਦੇ ਵਿੱਚ ਬੈਠ ਸਕਦੀ ਸੀ. ਤੇ ਨਾ ਹੀ ਉਨਾਂ ਨੂੰ ਬੀਬੀ ਇੱਥੇ ਸਾਂਭਣੀ ਸੌਖੀ ਸੀ. ਤਿੰਨ ਟਾਈਮ ਅਸੀਂ ਨਰਸਾਂ ਬੀਬੀ ਦੇ ਘਰੇ ਜਾਂਦੀਆਂ ਸੀ. ਪਰ ਬੀਬੀ ਕਿਸੇ ਨੂੰ ਟਿੱਚ ਨਹੀਂ ਸੀ ਜਾਣਦੀ.
ਕਦੇ ਕਦੇ ਬੀਬੀ ਦੇ ਕੰਮ ਕਰਨ ਦਾ ਕੀੜਾ ਵੀ ਉੱਠਦਾ ਸੀ. ਇੱਕ ਦਿਨ ਉਹਨੇ ਮਾਰਜਰਿਨ ਘਿਓ ਦੀ ਡੱਬੀ ਮਾਈਕਰੋਵੇਬ ਦੇ ਵਿੱਚ ਰੱਖ ਕੇ ਘਿਓ ਬਣਾਉਣ ਦੀ ਸੋਚੀ ਸੀ. ਰੱਬ ਜਾਣਦਾ ਕਿ ਬੀਬੀ ਨੇ ਮਾਈਕਰੋਵੇਵ ਤੇ ਕਿੰਨੇ ਕੁ ਨੰਬਰ ਘੁਮਾ ਦਿੱਤੇ. ਜਦੋਂ ਮੈਂ ਘਰੇ ਵੜੀ ਸਾਰੇ ਕਿਤੇ ਘਿੋ ਹੀ ਘਿਓ ਸੀ ਤੇ ਡੱਬੀ ਵੀ ਪੂਰੀ ਤਰ੍ਹਾਂ ਪਿਗਲ ਚੁੱਕੀ ਸੀ. ਘਰ ਨੂੰ ਬਸ ਅੱਗ ਲੱਗਦੀ ਹੀ ਬਚੀ ਸੀ ਸਾਰਾ ਘਰ ਪਲਾਸਟਿਕ ਦੇ ਧੂਏ ਦੇ ਮੁਸ਼ਕ ਨਾਲ ਭਰ ਗਿਆ ਸੀ। ਜਦੋਂ ਮੈਂ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਤਾਂ ਉਹਨਾਂ ਦੀ ਜਾਨ ਹੀ ਨਿਕਲ ਗਈ. ਉਹਨਾਂ ਨੇ ਤਾਂ ਹਾਲੇ ਘਰ ਦੇ ਵਿੱਚ ਪੂਰਾ ਸਮਾਨ ਵੀ ਨਹੀਂ ਸੀ ਰੱਖਿਆ ਤੇ ਬੀਬੀ ਜੀ ਨੇ ਸਾਰਾ ਘਰ ਘਿਓ ਦੀ ਬਲੀ ਚੜਾ ਦੇਣਾ ਸੀ। ਪਤਾ ਨਹੀਂ ਸਾਡੇ ਬਜ਼ੁਰਗਾਂ ਦੇ ਵਿੱਚੋਂ ਘਿਓ ਮੱਖਣ ਦਾ ਪਿਆਰ ਕਦੋਂ ਜਾਣਾ ਹੈ.
ਗੁਰਬਾਣੀ ਨੂੰ ਬਹੁਤ ਹੀ ਪਿਆਰ ਕਰਨ ਵਾਲਾ ਟੱਬਰ ਸੀ ਤੇ ਮੂੰਹ ਦੇ ਵੀ ਬਹੁਤ ਮਿੱਠੇ ਸਨ.
ਦਿਲਾਂ ਵਿੱਚ ਕੀ ਚੱਲਦਾ ਸੀ ਇਹ ਮੈਂ ਨਹੀਂ ਜਾਣਦੀ. ਬੀਬੀ ਦਾ ਮੁੰਡਾ ਵੀ ਹਰ ਵੇਲੇ ਲੱਕ ਦੀ ਬੈਲਟ ਦੇ ਨਾਲ ਫੋਨ ਬੰਨ ਕੇ ਰੱਖਦਾ ਸੀ ਉਹਦੇ ਤੇ ਹਰ ਵੇਲੇ ਗੁਰਬਾਣੀ ਹੀ ਚੱਲਦੀ ਸੀ. ਨਾਲ ਨਾਲ ਉਹ ਤੁਰਦਾ ਫਿਰਦਾ ਬੀਬੀ ਦੇ ਨਾਲ ਗੱਲਾਂ ਕਰਦਾ ਰਹਿੰਦਾ. ਜਦੋਂ ਕੋਈ ਬੀਬੀ ਦੇ ਕੋਲੇ ਆ ਜਾਂਦਾ ਬੀਬੀ ਸੀਆਈਡੀ ਵਾਲਿਆਂ ਵਾਂਗੂ ਸ਼ੁਰੂ ਹੋ ਜਾਂਦੀ ਸੀ ਅੱਜ ਕੌਣ ਆਇਆ, ਨੂੰਹ ਕਿੱਥੇ ਗਈ ਸੀ, ਤੁਸੀਂ ਕਿੱਥੇ ਚੱਲੇ ਹੋ ਵਗੈਰਾ ਵਗੈਰਾ.
ਬੀਬੀ ਟੀਵੀ ਦੇਖਦੀ ਦੇਖਦੀ ਕਈ ਵਾਰੀ ਇਨਾ ਸੀਰੀਅਸ ਹੋ ਜਾਂਦੀ ਸੀ , ਕਿ ਉਹਨਾਂ ਨੂੰ ਸਿੱਧੀਆਂ ਗਾਲਾਂ ਕੱਢਣ ਲੱਗ ਜਾਂਦੀ ਸੀ. ਜੇ ਤਾਂ ਅਸੀਂ ਬੀਬੀ ਦੇ ਹਿਸਾਬ ਨਾਲ ਕੰਮ ਕਰਦੇ ਸੀ ਫਿਰ ਤਾਂ ਅਸੀਂ ਠੀਕ ਸੀ ਨਹੀਂ ਫਿਰ ਬੀਬੀ ਦੀਆਂ ਗਾਲਾਂ ਦੀ ਤੋਪ ਸਾਡੇ ਵੱਲ ਵੀ ਹੋ ਜਾਂਦੀ ਸੀ. ਇੱਕ ਦਿਨ ਬੀਬੀ ਨੇ ਮੈਨੂੰ ਇਨੀਆਂ ਗਾਲਾਂ ਕੱਢੀਆਂ ਕਿ ਮੇਰੇ ਗੁੱਸੇ ਦੀ ਕੋਈ ਹੱਦ ਨਾ ਰਹੀ ਤੇ ਮੈਂ ਦਰਵਾਜ਼ਾ ਠਾਹ ਕਰਕੇ ਬੰਦ ਕਰਕੇ ਬਾਰੇ ਨਿਕਲ ਆਈ. ਬਾਹਰ ਆ ਕੇ ਮੈਂ ਕੰਪਨੀ ਨੂੰ ਫੋਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਦੁਬਾਰਾ ਇਸ ਘਰ ਵਿੱਚ ਨਹੀਂ ਜਾਣਾ.
ਪਹਿਲਾਂ ਪਹਿਲ ਤਾਂ ਮੇਰੀ ਸੁਪਰਵਾਈਜ਼ਰ ਨੇ ਮੈਨੂੰ ਵਡਿਆਉਣ ਦੀ ਕੋਸ਼ਿਸ਼ ਕੀਤੀ. ਫੇਰ ਉਹਨੇ ਮੈਨੂੰ ਮੇਰੇ ਨਰਸਾਂ ਵਾਲੇ ਫਰਜ਼ ਯਾਦ ਕਰਾਏ ਕਿ ਅਸੀਂ ਕਦੇ ਵੀ ਆਪਣਾ ਮਰੀਜ਼ ਨਹੀਂ ਚੁਣ ਸਕਦੇ ਜੋ ਆਵੇ ਸੋ ਰਾਜੀ ਕਹਿ ਕੇ ਅਸੀਂ ਸਿਰਫ ਸੇਵਾ ਕਰਨੀ ਹੈ.
ਪਰ ਮੈਂ ਆਪਣਾ ਪੱਖ ਮੂਹਰੇ ਰੱਖ ਦਿੱਤਾ. ਮੈਂ ਉਹਨੂੰ ਕਿਹਾ ਕਿ ਜਦੋਂ ਕੋਈ ਗੋਰਾ ਮੈਨੂੰ ਗਾਲ ਕੱਢਦਾ ਹੈ ਉਹ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ. ਪਰ ਜਦੋਂ ਕੋਈ ਪੰਜਾਬੀ ਗਾਲ ਕੱਢਦਾ ਹੈ ਤਾਂ ਉਹਦਾ ਮੈਂ ਮਤਲਬ ਕੱਢਣ ਲੱਗ ਜਾਨੀ ਆ. ਰੱਬ ਨਾ ਕਰੇ ਕਿਸੇ ਦਿਨ ਮੈਂ ਬੀਬੀ ਦੀ ਗਾਲ ਦਾ ਮੋੜਵਾਂ ਜਵਾਬ ਦੇ ਦਿੱਤਾ ਉਸ ਦਿਨ ਕਿਆਮਤ ਆ ਜਾਣੀ ਹੈ. ਮੈਂ ਉਹਨੂੰ ਦੱਸਿਆ ਕਿ ਬੀਬੀ ਦੀਆਂ ਗਾਲਾਂ ਮੇਰੀ ਮਾਤ ਭਾਸ਼ਾ ਵਿੱਚ ਹਨ ਤੇ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਸਮਝ ਸਕਦੀ ਆਂ ਤੇ ਉਹ ਮੇਰੇ ਦਿਮਾਗ ਦੇ ਵਿੱਚ ਗੋਲੀ ਵਾਂਗ ਲੱਗਦੀਆਂ ਹਨ.
ਹੁਣ ਮੇਰੀ ਨਰਸ ਸਪਰਵਾਈਜ਼ਰ ਮੇਰੀ ਸ਼ਿਕਾਇਤ ਸਮਝ ਗਈ ਸੀ. ਤੇ ਉਹਨੇ ਮੇਰੀ ਫਾਈਲ ਦੇ ਉੱਪਰ ਡੂ ਨੋਟ ਸੈਂਡ ਲਿਖ ਦਿੱਤਾ ਸੀ. ਉਸ ਤੋਂ ਬਾਅਦ ਮੈਂ ਬੀਬੀ ਦੇ ਘਰੇ ਕਦੇ ਨਹੀਂ ਗਈ.
ਪੁਨੀਤ ਕੌਰ
ਕੈਨੇਡਾ

Leave a Reply

Your email address will not be published. Required fields are marked *