ਪੈਸਾ ਵੀ ਖੁਸ਼ੀ ਨਹੀਂ ਦੇ ਸਕਦਾ | paisa vi khushi nahi de sakda

ਚਲੋ ਅੱਜ ਇੱਕ ਆਖਰੀ ਪੰਜਾਬੀ ਘਰ ਦੀ ਕਹਾਣੀ ਸੁਣਾਉਦੀ ਆ. ਹੋਰ ਜਿਆਦਾ ਪੰਜਾਬੀਆਂ ਦੇ ਨਾਲ ਮੈਂ ਕੰਮ ਨਹੀਂ ਕੀਤਾ. ਇਹ ਉਹ ਘਰ ਸੀ ਜਿਹਦੇ ਤੋਂ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਕਿਸੇ ਕਿਸੇ ਬੰਦੇ ਨੂੰ ਪੈਸਾ ਵੀ ਖੁਸ਼ੀ ਨਹੀਂ ਦੇ ਸਕਦਾ. ਜਦੋਂ ਮੈਂ ਇੱਕ ਸਧਾਰਨ ਜੀ ਨੌਕਰੀ ਕਰ ਰਹੀ ਸੀ ਤਾਂ ਉਦੋਂ ਇਹ ਪਰਿਵਾਰ ਵਾਈਟ ਰੋਕ ਦਾ ਕਹਿੰਦਾ ਕਹਾਉਂਦਾ ਪਰਿਵਾਰ ਸੀ.
ਇਹ ਪਰਿਵਾਰ ਵੀ ਦੁਆਬੇ ਦਾ ਹੀ ਸੀ. ਪੈਸਾ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਆਪਣਾ ਨਰਕ ਆਪਣੇ ਆਲੇ ਦੁਆਲੇ ਆਪ ਹੀ ਉਸਾਰ ਰੱਖਿਆ ਸੀ। ਇਹਨਾਂ ਦੀ ਬੀਬੀ ਨੂੰ ਦੇਖਣ ਮੈਂ ਜਾਂਦੀ ਸੀ. ਕਾਗਜਾਂ ਚ ਬੀਬੀ 103 ਸਾਲਾਂ ਦੀ ਸੀ. ਇਹ ਰੱਬ ਜਾਣਦਾ ਕਿ ਉਹ ਸੱਚੀ 103 ਸਾਲਾਂ ਦੀ ਸੀ ਜਾਂ ਫਿਰ 90 ਤੋਂ ਉੱਤੇ ਤਾਂ ਉਹ ਜਰੂਰੀ ਹੋਣੀ ਆ ਕਿਉਂਕਿ 70 ਤੋਂ ਉੱਤੇ ਤਾਂ ਉਹਦਾ ਬੇਟਾ ਵੀ ਸੀ. ਕਿਉਂਕਿ ਪਹਿਲੇ ਪੰਜਾਬੀਆਂ ਦੇ ਵਿੱਚ ਇਹ ਗੱਲ ਬਹੁਤ ਪ੍ਰਚਲਿਤ ਸੀ ਕਿ ਉਹ ਕਾਹਦਾ ਪੰਜਾਬੀ ਜਿਹਦੀਆਂ ਦੋ ਜਨਮ ਤਰੀਕਾਂ ਨਹੀਂ.
ਇਹ ਬੀਬੀ ਪੁਰਾਣੀਆਂ ਖੁਰਾਕਾਂ ਖਾਧੇ ਹੋਏ ਬਜ਼ੁਰਗਾਂ ਦੀ ਉਦਾਹਰਨ ਸੀ. ਤੁਰਨ ਲੱਗੀ ਦੀ ਖੂੰਡੀ ਠੱਕ ਠੱਕ ਵੱਜਦੀ ਸੀ. ਡਾਕਟਰਾਂ ਨੇ ਅੱਖਾਂ ਦੀ ਰੌਸ਼ਨੀ ਘੱਟ ਦੱਸੀ ਹੋਈ ਸੀ ਪਰ ਉਹ ਅੱਖਾਂ ਦੇ ਕੋਇਆ ਵਿੱਚ ਦੀ ਸਭ ਕੁਝ ਦੇਖ ਲੈਂਦੀ ਸੀ. ਬਹੁਤ ਸਾਫ ਸੁਥਰੀ ਸੁਘੜ ਸਿਆਣੀ ਤੇ ਕੱਦ ਦੀ ਬਸ ਪੰਜ ਕੁ ਫੁੱਟ ਦੀ ਸੀ ਤੇ ਕੁਛ ਕੁੱਬ ਪੈ ਕੇ ਹੋਰ ਵੀ ਛੋਟੀ ਹੋ ਗਈ ਸੀ.
ਬੀਬੀ ਦਾ ਘਰ ਵਾਲਾ ਬਾਬਾ ਉਹ ਹਾਲੇ ਲੰਮਾ ਲੰਝਾ ਸੀ. ਉਹ ਬਾਬਾ ਜਿੱਦਾਂ ਕਹਿ ਦਈਏ ਨਾ ਹਾੜ ਸੁੱਕਿਆ ਨਾ ਸਾਉਣ ਹਰਾ…. ਕਦੇ ਉਹਦੇ ਮੂੰਹ ਤੇ ਹਾਸਾ ਨਹੀਂ ਸੀ ਆਉਂਦਾ.
ਜਦੋਂ ਵੀ ਬੀਬੀ ਨੇ ਬਾਬੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਤਾਂ ਬਾਬੇ ਨੇ ਗਾਲ ਕੱਢ ਕੇ ਕਹਿ ਦੇਣਾ “ਕਮਲੀ ਬੁੜੀ”.
ਇਨਾ ਵੱਡਾ ਘਰ ਸੀ ਕਿ ਬੰਦਾ ਆਪ ਹੀ ਗੁਆਚ ਜਾਂਦਾ ਸੀ. ਪਰ ਸੱਚੀ ਹੀ ਸਾਰੇ ਜੀਅ ਆਪਸ ਵਿੱਚ ਗਵਾਚੇ ਹੀ ਹੋਏ ਸਨ। ਕਿਸੇ ਨੂੰ ਇੱਕ ਦੂਜੇ ਦਾ ਕੋਈ ਪਤਾ ਨਹੀਂ ਸੀ. ਨਾ ਹੀ ਕੋਈ ਇੱਕ ਦੂਜੇ ਨੂੰ ਬੁਲਾਉਂਦਾ ਸੀ. ਇਹ ਬੀਬੀ ਨੂੰ ਡਮੈਨਸ਼ੀਆ ਹੋ ਗਿਆ ਸੀ. ਪਤਾ ਨਹੀਂ ਰੱਬ ਜਾਣਦਾ ਕਿ ਟੱਬਰ ਨੇ ਕਹਿ ਕਹਿ ਕੇ ਬੀਬੀ ਪਾਗਲ ਕਰਾਰ ਕਰ ਦਿੱਤੀ ਸੀ ਹਾਲਾਂਕਿ ਜਾਣ ਦੀ ਉਹ ਸਭ ਕੁਝ ਸੀ। ਪਰ ਅਸੀਂ ਆਪਣੀ ਮੈਡੀਕਲ ਫਾਈਲ ਦੇ ਹਿਸਾਬ ਨਾਲ ਚੱਲਣਾ ਸੀ।
ਬੀਬੀ ਦੀ ਦਿਮਾਗੀ ਹਾਲਤ ਤੋਂ ਮੈਨੂੰ ਇਹ ਲੱਗਿਆ ਕਿ ਜਦੋਂ ਵੀ ਕਿਸੇ ਬੰਦੇ ਨੂੰ ਸੱਟ ਲੱਗਦੀ ਹੈ ਤਾਂ ਉਹ ਆਪਣੀ ਉਮਰ ਦੇ ਉਹਨਾਂ ਸਾਲਾਂ ਵਿੱਚ ਚਲਿਆ ਜਾਂਦਾ ਹੈ ਜਿੱਥੇ ਉਹਨੇ ਸਭ ਤੋਂ ਜਿਆਦਾ ਤਪੱਸਿਆ ਕੀਤੀ ਹੁੰਦੀ ਹੈ. ਬੀਬੀ ਚਾਹੇ ਉਮਰ ਦੇ ਵਿੱਚ ਮੈਥੋਂ 70 ਸਾਲ ਵੱਡੀ ਸੀ ਪਰ ਮੈਨੂੰ ਭੈਣ ਜੀ ਕਹਿੰਦੀ ਹੁੰਦੀ ਸੀ. ਕਹਿੰਦੀ ਸੀ ਭੈਣ ਜੀ ਮੇਰੇ ਤਾਂ ਭਾਈਆਂ ਨੇ ਮੈਨੂੰ ਇਸ ਘਰ ਚ ਫੂਕਤਾ, ਨਹੀਂ ਮੈਂ ਨਾ ਕਦੇ ਇਹਨਾਂ ਮਲੰਗਾਂ ਦੇ ਘਰੇ ਜਾਂਦੀ. ਇਹਨਾਂ ਨੇ ਮੇਰੀਆਂ ਸੋਨੇ ਦੀਆਂ ਚੂੜੀਆਂ ਲਾ ਲਈਆਂ, ਨਾਲੇ ਮੇਰੀਆਂ ਕੰਨਾਂ ਦੀਆਂ ਵਾਲੀਆਂ ਲਾਹ ਲਈਆਂ. ਇਹਨਾਂ ਨੇ ਮੈਂ ਸਰਦਾਰਾਂ ਦੀ ਧੀ ਰੋਲ ਦਿੱਤੀ….. ਕਦੇ ਕਦੇ ਮੈਨੂੰ ਬੀਬੀ ਦੀਆਂ ਗੱਲਾਂ ਤੇ ਹਾਸਾ ਵੀ ਆ ਜਾਂਦਾ ਸੀ…. ਕਿਉਂਕਿ ਸਾਰੀਆਂ ਧੀਆਂ ਵਾਸਤੇ ਪੇਕੇ ਤਾਂ ਘੋੜੀਆਂ ਵਾਲੇ ਸਰਦਾਰ ਹੁੰਦੇ ਹਨ ਅਤੇ ਸਹੁਰੇ ਨੰਗ.
ਜਦੋਂ ਬੀਬੀ ਨੇ ਮੇਰੇ ਪੈਸੇ ਮੇਰਾ ਬਟੂਆ ਮੇਰੀਆਂ ਬਾਲੀਆਂ ਮੇਰੀਆਂ ਚੂੜੀਆਂ ਮੇਰਾ ਆਹਾ ਮੇਰਾ ਉਹ ਕਰਨੋ ਹਟਣਾ ਹੀ ਨਾ ਤਾਂ ਉਹਦਾ ਬੇਟਾ ਵੀ ਕਦੇ ਕਦੇ ਅੱਕ ਜਾਂਦਾ ਸੀ. ਉਹਨੇ ਕਹਿਣਾ ਬੀਬੀ ਹੁਣ ਤਾਂ ਤੇਰੀ ਗਾਹਾਂ ਜਾਣ ਦੀ ਉਮਰ ਆ ਕੋਈ ਰੱਬ ਦਾ ਨਾਂ ਲੈ ਲਾ, ਤੈ ਵੀ ਧਰਮਰਾਜ ਨੂੰ ਕੋਈ ਲੇਖਾ ਦੇਣਾ. ਪਰ ਬੀਬੀ ਕਿੱਥੇ.
ਬੀਬੀ ਦੀ ਨੂੰਹ ਜੀਤੋ ਆਂਟੀ, ਉਹ ਸਭ ਤੋਂ ਪਹਿਲਾਂ ਆਈ ਸੀ ਇਥੇ. ਉਹਨੇ ਅੰਕਲ ਦੇ ਨਾਲ ਵਿਆਹ ਕਰਾ ਕੇ ਉਹਨੂੰ ਸੱਦਿਆ. ਅਤੇ ਫਿਰ ਅੰਕਲ ਨੇ ਆਪਦੇ ਭਾਈਆਂ ਨੂੰ ਤੇ ਬੀਬੀ ਤੇ ਬਾਬੇ ਨੂੰ. ਤੇ ਫਿਰ ਇਦਾਂ ਹੀ ਭਾਈਆਂ ਨੇ ਵਿਆਹ ਕਰਾ ਕੇ ਗਾਹਾਂ ਘਰ ਵਾਲੀਆਂ. ਤੇ ਜੀਤੋ ਆਂਟੀ ਹੁਣ ਉਸ ਵੇਲੇ ਨੂੰ ਪਛਤਾਉਂਦੀ ਸੀ ਜਦੋਂ ਉਹਨੇ ਅੰਕਲ ਦੇ ਨਾਲ ਵਿਆਹ ਕਰਾਇਆ ਸੀ. ਅੰਕਲ ਤੇ ਆਂਟੀ ਇੱਕ ਛੱਤ ਥੱਲੇ ਤਾਂ ਰਹਿੰਦੇ ਸੀ ਪਰ ਉਹਨਾਂ ਦੇ ਕਮਰੇ ਵੱਖ-ਵੱਖ ਸਨ. ਬਾਹਰੋਂ ਆ ਕੇ ਵੀ ਕਦੇ ਅੰਕਲ ਨੇ ਨਹੀਂ ਦੇਖਿਆ ਕਿ ਆਂਟੀ ਕਿੱਥੇ ਹੈ. ਅਤੇ ਆਂਟੀ ਨੂੰ ਇਹ ਟੱਬਰ ਹੁਣ ਇਨਾ ਕੁ ਬੁਰਾ ਲੱਗਦਾ ਸੀ ਕਿ ਆਂਟੀ ਨੇ ਆਪਣਾ ਆਪ ਇਨਾ ਕ ਮਚਾ ਲਿਆ ਸੀ ਕਿ ਹੁਣ ਉਹਨੂੰ ਬਲੱਡ ਕੈਂਸਰ ਹੋ ਗਿਆ ਸੀ. ਉਹ ਪਾਣੀ ਪੀ ਪੀ ਕੇ ਇਸ ਟੱਬਰ ਨੂੰ ਗਾਲਾਂ ਕੱਢਦੀ ਰਹਿੰਦੀ ਸੀ. ਬੀਬੀ ਵਾਂਗੂ ਉਹ ਵੀ ਇਹੀ ਕਹਿੰਦੀ ਸੀ ਕਿ ਮੈਂ ਕਿੱਥੇ ਨੰਗਾਂ ਦੇ ਘਰੇ ਫਸ ਗਈ. ਇਸ ਗੱਲ ਤੇ ਦੋਵੇਂ ਨੂੰ ਸੱਸ ਦੀ ਸੋਚ ਇੱਕੋ ਜਿਹੀ ਸੀ…. ਪਰ ਉਦਾਂ ਇੱਕ ਦੂਜੇ ਦੇ ਦਰਸ਼ਨ ਵੀ ਕਰਕੇ ਨਹੀਂ ਸੀ ਰਾਜੀ. ਜੀਤੋ ਆਂਟੀ ਦਾ ਇੱਕ ਮੁੰਡਾ ਤੇ ਇੱਕ ਨੂੰ ਦੋ ਬੱਚਿਆਂ ਦੇ ਨਾਲ ਉਹਨਾਂ ਦੇ ਨਾਲ ਉਸੇ ਘਰ ਵਿੱਚ ਰਹਿੰਦੇ ਸਨ , ਤੇ ਉਸ ਨੂੰਹ ਦੇ ਨਾਲ ਜੀਤੋ ਆਂਟੀ ਦੀ ਬਿਲਕੁਲ ਵੀ ਬੋਲ ਚਾਲ ਨਹੀਂ ਸੀ. ਤੇ ਜਿਹੜੇ ਮੁੰਡੇ ਦੇ ਨਾਲ ਜੀਤੋ ਆਂਟੀ ਦਾ ਸਭ ਤੋਂ ਜਿਆਦਾ ਪਿਆਰ ਸੀ ਉਹ ਚੜਦੀ ਜਵਾਨੀ ਵਿੱਚ ਰੱਬ ਨੂੰ ਪਿਆਰਾ ਹੋ ਗਿਆ. ਤੇ ਜੀਤੋ ਆਂਟੀ ਨੇ ਮਾਂ ਬਣ ਕੇ ਆਪਣੀ ਨੂੰਹ ਦਾ ਦੂਜਾ ਵਿਆਹ ਕਰ ਦਿੱਤਾ ਸੀ. ਤੇ ਦੋਵੇਂ ਬੱਚੇ ਵੀ ਨੂੰਹ ਦੇ ਨਾਲ ਹੀ ਵੈਨਕੂਵਰ ਚਲੇ ਗਏ ਸਨ. ਜੀਤੋਂ ਆਂਟੀ ਰੋਂਦੀ ਧਾ ਨੀ ਸੀ ਧਰਦੀ.
ਬਾਕੀ ਕੱਲ ਨੂੰ
ਪੁਨੀਤ ਕੌਰ
ਕੈਨੇਡਾ

Leave a Reply

Your email address will not be published. Required fields are marked *