ਚਿੱਠੀ | chithi

ਉਹ ਵੀ ਇੱਕ ਵੇਲਾ ਹੁੰਦਾ ਸੀ ਜਦੋੰ ਲੋਕ ਆਪਣੇ ਮਿੱਤਰ ਪਿਆਰਿਆਂ ਨੂੰ ਚਿੱਠੀਆਂ ਭੇਜਦੇ ਸਨ। ਪੜ੍ਹਨ ਲਿਖਣ ਦਾ ਬਾਹਲਾ ਚਲਨ ਨਾ ਹੋਣ ਕਰਕੇ ਪਿੰਡ ਦਾ ਕੋਈ ਪਾੜ੍ਹਾ ਜਾਂ ਡਾਕੀਆ ਹੀ ਚਿੱਠੀ ਲਿਖਣ-ਪੜ੍ਹਨ ਦੀ ਜ਼ੁੰਮੇਵਾਰੀ ਵੀ ਨਿਭਾਉਂਦਾ ਹੁੰਦਾ ਸੀ। ਕੁਝ ਲੋਕਾਂ ਲਈ ਤਾਂ ਇਹ ਕੰਮ ਰੋਜ਼ਗਾਰ ਵੀ ਹੁੰਦਾ ਸੀ ਜੋ ਚਿੱਠੀ ਲਿਖਣ ਪੜ੍ਹਨ ਦੇ ਪੈਸੇ ਵਸੂਲਦੇ ਸਨ, ਪਰ ਆਮ ਤੌਰ ‘ਤੇ ਅਜਿਹੇ ਲੋਕ ਬਹੁਤ ਘੱਟ ਹੁੰਦੇ ਸਨ। ਕਿਸੇ ਲਈ ਲਿਖਣਾ/ਪੜ੍ਹਨਾ ਇੱਕ ਨੈਤਿਕ ਕੰਮ ਵੀ ਹੁੰਦਾ ਸੀ। ਬਹੁਤ ਗੁਪਤ ਜਾਂ ਪਰਿਵਾਰਿਕ ਚਿੱਠੀਆਂ ਲਿਖਣ ਵੇਲੇ ਪਰਿਵਾਰਾਂ ਦੇ ਬਹੁਤ ਸਾਰੇ ਭੇਦ ਹੁੰਦੇ ਸਨ ਜੋ ਸਿਰਫ ਚਿੱਠੀ ਲਿਖਣ ਤੇ ਲਿਖਵਾਉਣ ਵਾਲਾ ਹੀ ਜਾਣਦਾ ਹੁੰਦਾ ਸੀ ਪਰ ਉਹਨਾਂ ਵਿੱਚ ਨੈਤਿਕਤਾ ਬਰਕਰਾਰ ਰਹਿੰਦੀ ਸੀ ਅਤੇ ਕਿਸੇ ਇੱਕ ਦੇ ਘਰ ਦੀ ਗੱਲ, ਦੂਜੇ ਥਾਂ ਸਾਂਝੀ ਨਹੀਂ ਕੀਤੀ ਜਾਂਦੀ ਸੀ, ਸ਼ਾਇਦ ਸਮੇਂ ਚੰਗੇ ਹੁੰਦੇ ਸਨ ਨਹੀਂ ਤਾਂ ਹੁਣ ‘ਵਾਇਰਲ’ ਕਰਨ ਦਾ ਝੱਸ ਜਿਸ ਤਰ੍ਹਾਂ ਸਾਡੇ ਸਿਰ ਚੜ੍ਹ ਬੋਲ ਰਿਹਾ ਹੈ, ਅਜਿਹਾ ਕੁਝ ਬੀਤੇ ਸਮੇਂ ਵਿੱਚ ਨਹੀਂ ਸੀ ਮਿਲਦਾ, ਜਿਸਦਾ ਵੱਡਾ ਕਾਰਨ ਜ਼ਿੰਦਗੀ ਵਿੱਚ ਸਹਿਜ, ਸੁਭਾਅ ਵਿੱਚ ਠਰ੍ਹੰਮੇ ਦਾ ਹੋਣਾ ਅਤੇ ਆਪਸੀ ਕਦਰ ਸਾਡੇ ਮਨਾਂ ਵਿੱਚ ਹੋਣਾ ਸੀ, ਜਿਸਤੋੰ ਹੁਣ ਅਸੀਂ ਵਿਰਵੇਂ ਹੋ ਰਹੇ ਹਾਂ।
ਖ਼ੈਰ ਗੱਲ ਚਿੱਠੀ ਲਿਖਣ/ਲਿਖਾਉਣ ਦੀ ਕਰ ਰਹੇ ਸਾਂ ਤਾਂ ਚਿੱਠੀ ਲਿਖਣ ਵਾਲਾ ਵਾਕਿਆ ਹੀ ਪੜ੍ਹਿਆ ਲਿਖਿਆ ਅਤੇ ਗੁੜ੍ਹਿਆ ਵਿਆ ਹੁੰਦਾ ਹੋਵੇਗਾ ਜੋ ਕਿਸੇ ਦੇ ਘਰ ਦੀ ਨਿੱਜੀ ਜਾਣਕਾਰੀ ਨੂੰ ਬੜੇ ਸਹਿਜ ਨਾਲ ਪਚਾ ਜਾਂਦਾ ਹੋਵੇਗਾ। ਉਸ ਵਿੱਚ ਵੱਡਾ ਸਬਰ ਅਤੇ ਸਹਿਜਤਾ ਹੁੰਦੀ ਹੋਵੇਗੀ ਜੋ ਕਿਸੇ ਦੀਆਂ ਮਨ ਦੀਆਂ ਉਲਝਣਾ-ਸੁਲਝਣਾ, ਭਾਵਨਾਵਾਂ, ਦੁੱਖ-ਤਕਲੀਫ਼ਾਂ ਨੂੰ ਸੁਣ ਕੇ ਪਚਾਉਣ ਦਾ ਮਾਦਾ ਰੱਖਦਾ ਹੋਵੇਗਾ। ਜ਼ਰਾ ਤਸੱਵਰ ਕਰੋ ਐਸੇ ਮਨੁੱਖ ਦਾ ਕਿ ਉਹ ਦਿਮਾਗੀ ਅਤੇ ਭਾਵਨਾਤਮਿਕ ਤੌਰ ‘ਤੇ ਕਿੱਡਾ ਸ਼ਕਤੀਸ਼ਾਲੀ ਹੋਵੇਗਾ।
ਅਜਿਹੇ ਵਿਸ਼ੇ ‘ਤੇ ਸਾਹਿਤਕ ਕ੍ਰਿਤਾਂ ਵਿੱਚੋਂ ਮੈਨੂੰ ਮੋਹਨ ਭੰਡਾਰੀ ਦੀ ਕਹਾਣੀ ‘ਬਾਕੀ ਸਭ ਸੁੱਖ ਸਾਂਦ ਹੈ’ ਯਾਦ ਆ ਗਈ ਜਿਸ ਵਿੱਚ ਚਿੱਠੀ ਲਿਖਵਾਉਣ ਆਈ ਬੀਬੀ ਆਪਣੇ ਆਰ ਪਰਿਵਾਰ-ਪਸ਼ੂ ਢਾਂਡੇ ਦੀਆਂ ਦੁੱਖ ਤਕਲੀਫ਼ਾਂ ਲਿਖਵਾਉਣ ਮਗਰੋੰ ਜਦੋੰ ਅੰਤ ਵਿੱਚ ਲਿਖਵਾਉਂਦੀ ਹੈ ਕਿ ‘ਬਾਕੀ ਸਭ ਸੁੱਖ ਸਾਂਦ ਹੈ’ ਤਾਂ ਲਿਖਣ-ਪੜ੍ਹਨ ਵਾਲੇ ਦਾ ਵੀ ਹਿਰਦਾ ਕੁਰਲਾ ਉੱਠਦਾ ਹੈ।
ਖ਼ੈਰ ਚਿੱਠੀਆਂ ਲਿਖਣ ਦੇ ਖਤਮ ਹੋਏ ਚਲਨ ਨੇ ਕਿਤੇ ਨਾ ਕਿਤੇ ਸਾਡੇ ਅੰਦਰੋਂ ਸੁਹਜ, ਕਲਪਨਾ ਦੇ ਨਾਲ ਨਾਲ ਭਾਵਨਾਵਾਂ ਦੇ ਪ੍ਰਗਟਾਵੇ ਦਾ ਢੰਗ ਵੀ ਖਤਮ ਕਰਕੇ ਸਾਨੂੰ ਮਕੈਨੀਕਲ ਜਿਹਾ ਬਣਾ ਕੇ ਮੰਡੀ ਦੇ ਵੱਸ ਪਾ ਦਿੱਤਾ ਹੈ। ਹੁਣ ਸਾਨੂੰ ਆਪਣੀਆਂ ਭਾਵਨਾਵਾਂ ਦੇ ਪ੍ਰਗਟਾਅ ਲਈ ਖਾਣ ਪੀਣ ਦੀਆਂ ਚੀਜ਼ਾਂ, ਗਰੀਟਿੰਗ ਕਾਰਡਾਂ ਜਾਂ ਤੋਹਫ਼ਿਆਂ ਦਾ ਸਹਾਰਾ ਲੈਣਾ ਪੈਂਦਾ ਹੈ।
ਚਿੱਠੀ ਤੋਂ ਤੁਹਾਨੂੰ ਵੀ ਕੁਝ ਨਾ ਕੁਝ ਜ਼ਰੂਰ ਯਾਦ ਆਇਆ ਹੋਵੇਗਾ, ਕੁਮੈਟਾਂ ਵਿੱਚ ਜ਼ਰੂਰ ਸਾਂਝਾ ਕਰਨਾ।
– ਸ਼ਿਵਜੀਤ ਸਿੰਘ

Leave a Reply

Your email address will not be published. Required fields are marked *