ਸਾਡੇ ਗੀਤ | sade geet

ਅੱਜ ਬਿਲਕੁਲ ਹੀ ਇੱਕ ਸਧਾਰਨ ਗੱਲ ਕਰਨ ਲੱਗੀ ਆਂ ਤੁਹਾਡੇ ਸਾਰਿਆਂ ਦੇ ਨਾਲ. ਕਈ ਦਿਨਾਂ ਦਾ ਇਹ ਵਲਵਲਾ ਮੇਰੇ ਮਨ ਦੇ ਵਿੱਚ ਚੱਲ ਰਿਹਾ ਸੀ. ਕਿਸੇ ਮਸ਼ਹੂਰ ਆਦਮੀ ਨੇ ਕਿਹਾ ਹੈ ਕਿ ਜਦੋਂ ਕਿਤੇ ਦੇਖਣਾ ਹੋਵੇ ਕਿ ਕੋਈ ਕੌਮ ਕਿਸ ਰਾਹ ਵੱਲ ਚੱਲ ਰਹੀ ਹੈ ਤਾਂ ਉਸਦੇ ਦਸ ਕ ਗਾਣੇ ਸੁਣ ਲੈਣੇ ਚਾਹੀਦੇ ਹਨ. ਦਸਾਂ ਕੁ ਗੀਤਾਂ ਦੇ ਵਿੱਚ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਕੀ ਚੱਲ ਰਿਹਾ ਹੈ ਸਭ ਸਮਝ ਆ ਜਾਂਦਾ ਹੈ.
. ਮੈਂ ਇਸ ਬਹਿਸ ਦੇ ਵਿੱਚ ਨਹੀਂ ਪਵਾਂਗੀ ਕਿ ਕਿੱਥੇ ਕੀ ਵਧੀਆ ਹੈ. ਜਿੱਥੇ ਤੁਸੀਂ ਵਧੀਆ ਹੋ ਉਹੀ ਥਾਂ ਵਧੀਆ ਹੈ. ਜਿੱਥੇ ਸਾਡਾ ਆਪਣਾ ਮਨ ਹੀ ਨਹੀਂ ਸਾਫ ਤਾਂ ਅਸੀਂ ਚਾਹੇ ਜਿੱਥੇ ਮਰਜ਼ੀ ਚਲੇ ਜਾਈਏ ਅਸੀਂ ਉਸ ਸਮਾਜ ਨੂੰ ਗੰਧਲੇ ਕਰ ਹੀ ਦਵਾਂਗੇ. ਕਨੇਡਾ ਦੇ ਵਿੱਚੋਂ ਆਉਂਦੀਆਂ ਹੋਈਆਂ ਅੱਜ ਕੱਲ ਦੀਆਂ ਖਬਰਾਂ ਦੇ ਨਾਲ ਤੁਸੀਂ ਸਾਰੇ ਹੀ ਭਲੀ ਭਾਂਤ ਵਾਕਫ ਹੋ. ਇਹ ਚੰਗੀ ਤਰ੍ਹਾਂ ਉਸ ਚੀਜ਼ ਦਾ ਸਬੂਤ ਹੈ ਕਿ ਅਸੀਂ ਸਾਰੇ ਹੀ ਇੱਥੇ ਸ਼ਾਂਤੀ ਤੇ ਚੰਗੇ ਮਾਹੌਲ ਦੀ ਭਾਲ ਵਿੱਚ ਆਏ ਸੀ ਤੇ ਅਸੀਂ ਅੱਜ ਇਸ ਮੁਲਕ ਦੀ ਸ਼ਾਂਤੀ ਅਤੇ ਚੰਗਾ ਮਾਹੌਲ ਚੰਗੀ ਤਰ੍ਹਾਂ ਭੰਗ ਕਰ ਚੁੱਕੇ ਹਾਂ.
. ਮੇਰਾ ਬੇਟਾ ਜਦੋਂ ਸਵੇਰੇ ਆਪਣਾ ਸਕੂਲ ਸ਼ੁਰੂ ਕਰਦਾ ਹੈ ਤਾਂ ਸਕੂਲ ਦੇ ਵਿੱਚ ਗੀਤ ਚਲਦੇ ਹੁੰਦੇ ਹਨ . ਇੱਥੇ ਸਾਡੇ ਵਾਂਗ ਪ੍ਰਾਰਥਨਾ ਸਭਾ ਨਹੀਂ ਹੁੰਦੀ. ਕਦੇ ਕਦੇ ਮੈਂ ਆਪਣੇ ਬੱਚੇ ਨੂੰ ਇਹ ਕਰਕੇ ਦਿਖਾਉਦੀ ਆ ਕਿ ਅਸੀਂ ਸਵੇਰ ਦੀ ਪ੍ਰਾਥਨਾ ਸਭਾ ਦੇ ਵਿੱਚ ਕੀ ਕਰਦੇ ਹੁੰਦੇ ਸੀ. ਪਿਛਲੇ ਸਾਲ ਜਦੋਂ ਮੈਂ ਇੰਡੀਆ ਗਈ ਸੀ ਮੇਰੀ ਇਹ ਪੁਰਜ਼ੋਰ ਕੋਸ਼ਿਸ਼ ਸੀ ਕਿ ਬੱਚਾ ਦੇਖ ਕੇ ਆਵੇ ਕਿ ਉੱਥੇ ਸ਼ੁਰੂ ਸ਼ੁਰੂਆਤ ਕਿੱਦਾਂ ਹੁੰਦੀ ਹੈ ਦਿਨ ਦੀ. ਪਰ ਮੈਂ ਇਦਾਂ ਕਰ ਨਾ ਸਕੀ.
ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇਣਾ ਚਾਹੁੰਦੀ ਆਂ ਕਿ ਸਕੂਲ ਦੇ ਵਿੱਚ ਕਿੱਦਾਂ ਦੇ ਗੀਤ ਚਲਦੇ ਹਨ. ਅਤੇ ਬਾਅਦ ਦੇ ਵਿੱਚੋਂ ਆਪਣੇ ਆਪ ਨੂੰ ਇਹ ਸਵਾਲ ਪੁੱਛ ਕੇ ਦੇਖਣਾ ਕਿ ਜੇ ਅਸੀਂ ਸਕੂਲ ਦੇ ਵਿੱਚ ਗੀਤ ਚਲਾਉਣੇ ਹੋਣ ਜਾਂ ਜਿੱਦਾਂ ਦੇ ਗੀਤਾਂ ਦੇ ਉੱਤੇ ਅਸੀਂ ਅੱਜ ਕੱਲ ਆਪਣੇ ਬੱਚਿਆਂ ਨੂੰ ਨੱਚਦੇ ਟੱਪਦੇ ਹੋਏ ਦੇਖ ਸਕਦੇ ਹਾਂ ਕੀ ਲੱਗਦਾ ਹੈ ਕਿ ਕੀ ਸੇਧ ਮਿਲਦੀ ਹੈ ਸਾਡੇ ਬੱਚਿਆਂ ਨੂੰ ਇੱਥੋਂ?
. ਗੀਤ ਚੱਲਦਾ ਹੈ…… ਹਰ ਕਿਸੇ ਨੂੰ ਲੱਗਦਾ ਹੈ ਕਿ ਹਰ ਕੋਈ ਸੌਖਾ ਹੈ,
ਦੁਨੀਆਂ ਤੇ ਸਿਰਫ ਮੈਂ ਔਖਾ ਹਾਂ,
ਜਦ ਕਿ ਕੋਈ ਬੰਦਾ ਕਿਸੇ ਸਥਿਤੀ ਨੂੰ ਹੱਸ ਕੇ ਸਾਰ ਲੈਂਦਾ ਹੈ ਅਤੇ ਕੋਈ ਰੋ ਕੇ,
ਰੋਣ ਵਾਲੇ ਬੰਦੇ ਨੂੰ ਕੋਈ ਨਹੀਂ ਚੰਗਾ ਸਮਝਦਾ ਉੱਠੋ ਅਤੇ ਹੱਸਣਾ ਸਿੱਖੋ,
ਗਰੀਬ ਬੰਦੇ ਨੂੰ ਲੱਗਦਾ ਹੈ ਕਾਸ਼ ਮੇਰੇ ਕੋਲ ਪੈਸਾ ਹੋਵੇ ਅਤੇ ਮੈਂ ਉਹ ਸਾਰਾ ਕੁਝ ਆਪਣੇ ਪਰਿਵਾਰ ਲਈ ਕਰਕੇ ਰੱਖਦਿਆਂ ਜੋ ਇੱਕ ਅਮੀਰ ਬੰਦਾ ਕਰਦਾ ਹੈ,
ਅਮੀਰ ਬੰਦੇ ਨੂੰ ਲੱਗਦਾ ਹੈ ਕਿ ਕਾਸ਼ ਮੇਰੇ ਕੋਲ ਥੋੜਾ ਜਿਹਾ ਸਮਾਂ ਹੋਵੇ ਜੋ ਮੈਂ ਆਪਣੇ ਪਰਿਵਾਰ ਦੇ ਨਾਲ ਗੁਜ਼ਾਰ ਲਵਾਂ,
ਦੇਖਿਆ ਜਾਵੇ ਤਾਂ ਗਰੀਬ ਬੰਦਾ ਗਰੀਬ ਹੋ ਕੇ ਵੀ ਅਮੀਰ ਹੈ,
ਅਤੇ ਅਮੀਰ ਬੰਦਾ ਅਮੀਰ ਹੋ ਕੇ ਵੀ ਗਰੀਬ.
ਜਦੋਂ ਵੀ ਤੁਹਾਨੂੰ ਇਹ ਲੱਗਦਾ ਹੈ ਕਿ ਮੇਰੇ ਮਾਂ ਪਿਓ ਮੈਨੂੰ ਕੁਝ ਲੈ ਕੇ ਨਹੀਂ ਦਿੰਦੇ
ਤਾਂ ਸੋਚਿਆ ਕਰੋ ਕਿ ਜੇ ਮੇਰੇ ਮਾਂ ਪਿਓ ਨੂੰ ਮੈਨੂੰ ਇਹ ਚੀਜ਼ ਲੈ ਕੇ ਦੇਣੀ ਪੈ ਜਾਵੇ ਤਾਂ ਉਹ ਡਬਲ ਸ਼ਿਫਟ ਕੰਮ ਕਰਨਗੇ ਜਿਸ ਦੇ ਨਾਲ ਮੈਂ ਆਪਣੇ ਮਾਂ ਪਿਓ ਦਾ ਚਿਹਰਾ ਨਹੀਂ ਦੇਖ ਸਕਾਂਗਾ.
ਸ਼ੁਕਰ ਕਰਿਆ ਕਰੋ ਕਿ ਤੁਹਾਡੇ ਸਿਰ ਦੇ ਉੱਪਰ ਛੱਤ ਹੈ ਤੇ ਤੁਹਾਡੇ ਟੇਬਲ ਦੇ ਉੱਤੇ ਖਾਣਾ ਪਿਆ ਹੈ ਅਤੇ ਤੁਹਾਡੇ ਕੋਲੇ ਵਿਚਾਰ ਸਾਂਝੇ ਕਰਨ ਨੂੰ ਇੱਕ ਚੰਗਾ ਪਰਿਵਾਰ ਹੈ.
ਦੁਨੀਆਂ ਦੇ ਵਿੱਚ ਬਹੁਤ ਸਾਰੇ ਲੋਕ ਹਨ ਜੋ ਤੁਹਾਡੇ ਵਰਗਾ ਜੀਵਨ ਬਤੀਤ ਕਰਨ ਦੀ ਕਲਪਨਾ ਕਰਦੇ ਹਨ.
ਦੁਨੀਆਂ ਦੇ ਵਿੱਚ ਹਮੇਸ਼ਾ ਤੁਹਾਨੂੰ ਦੋ ਤਰ੍ਹਾਂ ਦੀਆਂ ਚੋਇਸਿਸ ਮਿਲਣਗੀਆਂ
ਚੁਣਨਾ ਤੁਸੀਂ ਹੈ ਕਿ ਤੁਸੀਂ ਪੈਸੇ ਨੂੰ ਚੁਣਨਾ ਹੈ ਜਾਂ ਤੁਸੀਂ ਪਰਿਵਾਰ ਨੂੰ ਚੁਣਨਾ ਹੈ.
ਇਹ ਗਾਣਾ ਸੁਣ ਕੇ ਮੇਰੇ ਆਪਣੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ.
ਅਤੇ ਇੱਕ ਪਾਸੇ ਹੁਣ ਸਾਡੇ ਗੀਤ ਹਨ…..
ਜੱਟ ਮੁੱਛ ਇਥੋਂ ਕਟਾਉਂਦਾ ਹੈ
ਜੱਟ ਬਾਲ ਉਥੋਂ ਕਟਾਉਂਦਾ ਹੈ
ਜੇ ਤੁਹਾਡੇ ਵਖੀਆਂ ਦੇ ਕੋਲ ਦੀ ਛੁਰੇ ਨਹੀਂ ਲੰਘੇ ਤਾਂ ਤੁਸੀਂ ਜਵਾਨ ਹੀ ਨਹੀਂ ਹੋਏ
ਜੇ ਤੁਸੀਂ ਅੱਖਾਂ ਲਾਲ ਕਰਨੀਆਂ ਹਨ ਤਾਂ ਅਫੀਮ ਖਾਣੀ ਪਵੇਗੀ.
ਅਸੀਂ ਰੈਡ ਬੁਲ ਪੀ ਕੇ ਨਹੀਂ ਸਿਰ ਘੁਮਾਉਂਦੇ ਬਲਕਿ ਅਸੀਂ ਘਰ ਦੀ ਕੱਢੀ ਹੋਈ ਦਾਰੂ ਪੀਨੇ ਹਾਂ.
ਸਾਡੇ ਕੋਲੇ ਇਕ ਕਰੋੜ ਦਾ ਫੋਰਡ ਹੈ
ਸਾਡੀ ਗੱਡੀ ਦੇ ਵਿੱਚ 50-50 ਲੱਖ ਕੈਸ਼ ਪਿਆ ਹੁੰਦਾ ਹੈ….
ਅਸੀਂ ਜਦੋਂ ਤੁਰਦੇ ਆਂ ਤਾਂ ਧਰਤੀ ਹਿੱਲਣ ਲੱਗ ਪੈਂਦੀ ਹੈ….
ਮਤਲਬ ਕੀ ਮੈਂ ਕੀ ਟਰਾਂਸਲੇਟ ਕਰਕੇ ਦੱਸਾਂ ਆਪਣੇ ਬੱਚਿਆਂ ਨੂੰ ਕਿ ਇਹ ਕੀ ਕਹਿਣਾ ਚਾਹੁੰਦੇ ਨੇ? ਕਈ ਵਾਰ ਵਿੱਚੋਂ ਵਿੱਚੋਂ ਬੱਚਿਆਂ ਨੂੰ ਗੱਲਾਂ ਸਮਝ ਆ ਜਾਂਦੀਆਂ ਹਨ.
ਉਹ ਪੁੱਛਦੇ ਹਨ mom is this for real ???
ਤਾਂ ਮੈਂ ਕਹਿੰਦੀ ਆ ਨਹੀਂ ਬੇਟੇ ਇਹ ਸਿਰਫ ਉਹਦੀ ਇਮੈਜੀਨੇਸ਼ਨ ਹੈ…..
ਪਰ ਕੀ ਸਾਡੀ ਕਲਪਨਾ ਵੀ ਇਨੀ ਗੰਧਲੀ ਹੋ ਚੁੱਕੀ ਹੈ.
ਫੁਕਰਪੁਣੇ ਅਤੇ ਬ੍ਰਾਂਡਾਂ ਵਾਲੇ ਕੱਪੜੇ ਪਾਉਣ ਤੋਂ ਉੱਪਰ ਸਾਡੀ ਜਵਾਨ ਪੀੜੀ ਦੇ ਪੱਲੇ ਹੋਰ ਕੁਝ ਨਹੀਂ ਰਹਿ ਗਿਆ.
ਪੁਨੀਤ ਕੌਰ
ਕੈਲਗਰੀ

Leave a Reply

Your email address will not be published. Required fields are marked *