ਹੰਕਾਰ | hankaar

ਦੀਪਕ ਇਕ ਮਿਡਲ ਪਰਿਵਾਰ ਨਾਲ ਦਾ ਲੜਕਾ ਸੀ।10ਵੀ ਤੱਕ ਓਹਦਾ ਕੋਈ ਏਮ ਨਹੀਂ ਸੀ ਕਾਲਜ ਗਿਆ ਤੇ ਵਿਸ਼ੇ ਨਾ ਸਮਝ ਆਉਣ ਕੀ ਰੱਖਣਾ ਕੀ ਕਰਨਾ। ਬਿਨਾ ਦਿਲਚਸਪੀ ਦੇ ਦੋਸਤਾਂ ਮਗਰ ਲੱਗ ਕੇ ਕਮਾਰਸ ਰੱਖ ਲਈ ,ਪਰ ਸਮਝ ਕੁਛ ਨਾ ਆਵੇ ,ਇਕ ਦਿਨ ਕਾਲਜ ਘੁੰਮਦੇ ਆਰਟ ਵਾਲੇ ਡਿਪਾਰਟਮੈਂਟ ਚ ਗਿਆ ,ਓਥੇ ਕੰਧਾਂ ਤੇ ਬਣੇ ਚਿਤਰ ਦੇਖੇ ਬੜਾ ਖੁਸ਼ ਹੋਇਆ, ਉਸ ਤੋਂ ਬਾਅਦ ਦੋ ਚਾਰ ਵਾਰ ਫਿਰ ਗਿਆ,ਪੂਰਾ ਘੁੱਮ ਕੇ ਦੇਖਿਆ ,ਹੋਰ ਵੀ ਚਿੱਤਰ ਸੀ ,ਬਹੁਤ ਖੁਸ਼ ਹੋਇਆ।
ਫਿਰ ਪਤਾ ਕੀਤਾ ਕਿਸ ਨੇ ਬਣਾਏ।
ਕਿਸੇ ਨੇ ਦੱਸਿਆ ਕਾਲਜ ਦੇ ਨਾਲ ਡਰਾਇੰਗ ਸਕੂਲ ਹੈ। ਉੱਥੇ ਦੇ ਟੀਚਰ ਨੇ ਬਣਾਏ ਹਨ। ਆਪਣੇ ਵਿਦਿਆਰਥੀਆਂ ਨੂੰ ਸਿਖਾਉਣ ਤੇ ਪ੍ਰੈਕਟਿਸ ਕਰਵਾਉਣ ਆਉਂਦੇ ਨੇ । ਦੀਪਕ ਨੇ ਓਥੇ ਜਾਣ ਦਾ ਫੈਸਲਾ ਕੀਤਾ।ਛੁੱਟੀ ਤੋਂ ਬਾਅਦ ਗਿਆ। ਟੀਚਰ ਨੂੰ ਮਿਲਿਆ ਅਤੇ ਕਿਹਾ
“ਤੁਸੀ ਬਹੁਤ ਸੋਹਣੀ ਡਰਾਇੰਗ ਬਣਾਉਂਦੇ , ਮੈਂ ਵੀ ਸਿੱਖਣੀ ਹੈ ਤੁਹਾਡੀ ਕੀ ਫੀਸ ਕਿੰਨੀ ਹੈ ?
“ਕੋਈ ਫੀਸ ਨਹੀਂ ,ਮੈਂ ਇਥੇ ਫ੍ਰੀ ਸਿਖਾਉਂਦਾ ਹਾਂ ,ਮੇਰੇ ਗੁਜ਼ਾਰੇ ਜੋਗਾ ਮੈਨੂੰ ਮੇਰੀ ਨੌਕਰੀ ਦੇ ਦਿੰਦੀ। ਨੌਕਰੀ ਤੋਂ ਬਾਅਦ ਫ੍ਰੀ ਇਥੇ ਕਲਾਸ ਲਗਾਉਂਦਾ ਹਾਂ।”
“ਫਿਰ ਮੈਂ ਅੱਜ ਹੀ ਤੁਹਾਨੂੰ ਗੁਰੂ ਧਾਰਨ ਕਰਦਾ।” ਦੀਪਕ ਨੇ ਪੈਰ ਛੂਹੇ ਤੇ ਚਲਾ ਗਿਆ।
ਅਗਲੇ ਦਿਨ ਮਿਥੇ ਸਮੇ ਤੇ ਪਹੁੰਚ ਗਿਆ ,ਉਸ ਨੇ ਪੂਰੇ ਮਨ ਨਾਲ ਹਰ ਗੱਲ ਨੂੰ ਸੁਣਿਆ ਕੁਛ ਦਿਨ ,ਤੇ ਡਰਾਇੰਗ ਬਣਾਉਂਦਾ ਰਿਹਾ ,ਉਸ ਤੋਂ ਪਹਿਲਾਂ ਵਾਲੇ ਵਿਦਿਆਰਥੀਆਂ ਕੋਲੋ ਜਦ ਵੀ ਗੁਰੂ ਜੀ ਡਰਾਇੰਗ ਬਣਵਾਉਂਦੇ ,ਤੇ ਦੀਪਕ ਦਾ ਵੀ ਮਨ ਕਰਦਾ ਬਣਾਵੇ ,ਪਰ ਗੁਰੂ ਜੀ ਨੇ ਉਸ ਨੂੰ ਕਿਹਾ ਨਾ ,ਦੀਪਕ ਇੰਤਜ਼ਾਰ ਕਰਦਾ ਰਿਹਾ ,ਸਿਖਦਾ ਰਿਹਾ ,ਕੋਈ ਵੀ ਵਿਦਿਆਰਥੀ ਡਰਾਇੰਗ ਬਣਾਉਂਦਾ ,ਦੀਪਕ ਨੂੰ ਪੂਰਨ ਲਗਦੀ ,ਪਰ ਜਿਵੇ ਹੀ ਗੁਰੂ ਜੀ ਉਸ ਦੀ ਕਮੀ ਦੱਸਦੇ ਤੇ ਪੈਨਸਿਲ ਜਾਂ ਬੁਰਸ਼ ਨਾਲ ਸਹੀ ਕਰਦੇ ,ਤੇ ਡਰਾਇੰਗ ਮੂੰਹੋਂ ਬੋਲਣ ਲਗਦੀ। ਦੀਪਕ ਗੁਰੂ ਦੀ ਕਲਾ ਦਾ ਫੈਨ ਹੋ ਜਾਂਦਾ ,ਖੁਦ ਬੁ ਖੁਦ ਵਾਹ ਨਿਕਲਦੀ ,ਇਕ ਦਿਨ ਦੀਪਕ ਦੀ ਵਾਰੀ ਵੀ ਆ ਗਈ ,ਦੀਪਕ ਨੇ ਪੂਰੇ ਮਨ ਨਾਲ ਡਰਾਇੰਗ ਬਣਾਈ ,ਹਰ ਪੱਖੋਂ ਘੋਖੀ ,ਉਸ ਨੂੰ ਕੋਈ ਗਲਤੀ ਨਜਰ ਨਾ ਆਈ ,ਤੇ ਉਹ ਲੈ ਕੇ ਗੁਰੂ ਜੀ ਕੋਲ ਪਹੁੰਚਿਆ।
ਗੁਰੂ ਜੀ ਦੇਖ ਕੇ ਬਹੁਤ ਖੁਸ਼ ਹੋਏ ,ਤੇ ਥਾਪੀ ਦਿੱਤੀ
“ਬਹੁਤ ਵਧੀਆ”
ਇੰਨਾ ਕਹਿ ਗੁਰੂ ਜੀ ਨੇ ਪੈਨਸਿਲ ਚੱਕੀ ਤੇ ਕਮੀਆਂ ਕੱਢ ਦਿੱਤੀਆਂ ,ਫਿਰ ਉਹਨਾਂ ਨੂੰ ਆਪ ਹੀ ਸਹੀ ਕਰ ਦਿੱਤਾ ਦੀਪਕ ਹੈਰਾਨ ਹੋ ਗਿਆ ਜਿਸ ਤਸਵੀਰ ਵਿਚ ਕੋਈ ਕਮੀ ਨਹੀਂ ਲੱਗੀ ਸੀ ,ਉਸ ਚ ਏਨੀਆਂ ਕਮੀਆਂ ਸੀ ,ਤੇ ਫਿਰ ਉਸ ਨੇ ਤਸਵੀਰ ਨੂੰ ਨਿਹਾਰਿਆ ,ਤੇ ਬਸ ਦੇਖਦਾ ਰਹਿ ਗਿਆ
“ਬਹੁਤ ਖੂਬਸੂਰਤ”
ਉਸ ਦੇ ਮੂੰਹੋਂ ਨਿਕਲਿਆ ,ਤੇ ਗੁਰੂ ਜੀ ਦੇ ਪੈਰੀਂ ਹੱਥ ਲਾਇਆ ।
“ਮੈਂ ਹੋਰ ਮਿਹਨਤ ਕਰੂੰਗਾ।”
ਗੁਰੂ ਜੀ ਨੇ ਅਸ਼ੀਰਵਾਦ ਦਿੱਤਾ ,ਦੀਪਕ ਜਦ ਵੀ ਕੋਈ ਤਸਵੀਰ ਤਿਆਰ ਕਰਦਾ ,ਕੋਈ ਛੋਟੀ ਮੋਟੀ ਕਮੀ ਜਰੂਰ ਰਹਿ ਜਾਂਦੀ ,ਜਿਸ ਨੂੰ ਗੁਰੂ ਜੀ ਦੂਰ ਕਰਦੇ ਰਹੇ ,ਤੇ ਦੀਪਕ ਖਿੜੇ ਮੱਥੇ ਪ੍ਰਵਾਨ ਕਰਦਾ ਰਿਹਾ ,ਫਿਰ ਉਸ ਦੀ ਕਲਾ ਚ ਨਿਖਾਰ ਆ ਗਿਆ ,ਕਮੀਆਂ ਤੋਂ ਬਿਨਾਂ ਤਸਵੀਰ ਬਣਨ ਲੱਗੀ ,ਗੂਰੂ ਜੀ ਬਹੁਤ ਖੁਸ਼ ਹੋਏ ,ਉਸ ਨੂੰ ਕਦੇ ਕਦੇ ਬਾਕੀਆਂ ਨੂੰ ਵੀ ਸਿਖਾਉਣ ਲਈ ਕਹਿਣ ਲੱਗੇ ,ਇੰਝ ਵਧੀਆ ਤਸਵੀਰ ਤੇ ਖੁਦ ਟੀਚਰ ਬਣਨ ਕਰਕੇ ਹੰਕਾਰ ਆ ਗਿਆ। ਉਸ ਚ ,ਆਸ ਪਾਸ ਹੁੰਦੇ ਮੁਕਾਬਲਿਆਂ ਚ ਇਸ ਸਕੂਲ ਦੇ ਵਿਦਿਆਰਥੀ ਹਿੱਸਾ ਲੈਂਦੇ ਰਹਿੰਦੇ ਸੀ ,ਇਸ ਵਾਰ ਦੀਪਕ ਦੀ ਡਰਾਇੰਗ ਨੇ ਪਹਿਲਾ ਸਥਾਨ ਹਾਸਿਲ ਕੀਤਾ। ਗੁਰੂ ਜੀ ਦਾ ਸੀਨਾ ਚੌੜਾ ਹੋ ਗਿਆ ,ਤੇ ਦੀਪਕ ਅੰਦਰ ਹੰਕਾਰ ਇਕ ਕਦਮ ਹੋਰ ਵੱਧ ਗਿਆ । ਹੁਣ ਕਦੇ ਕਦੇ ਆਪਣੇ ਗੁਰੂ ਨੂੰ ਵੀ ਨੀਵਾਂ ਦਿਖਾ ਦਿੰਦਾ ,ਪਰ ਗੁਰੂ ਦੇ ਅੰਦਰ ਕੋਈ ਮਲਾਲ ਨਹੀਂ ,ਉਹ ਮੁਸਕਰਾ ਪੈਂਦੇ। ਸਮਾਂ ਪਾ ਇਕ ਸਟੇਟ ਲੈਵਲ ਤੇ ਮੁਕਾਬਲੇ ਦੀ ਘੋਸ਼ਣਾ ਹੋਈ ।ਗੁਰੂ ਜੀ ਨੇ ਦੀਪਕ ਨੂੰ ਚਿੱਤਰ ਬਣਾਉਣ ਨੂੰ ਕਿਹਾ ,ਹੁਣ ਤੱਕ ਦੀਪਕ ਦਾ ਹੰਕਾਰ ਵੱਧ ਚੁੱਕਾ ਸੀ।
ਉਸ ਨੇ 3 ਦਿਨ ਲਗਾ ਚਿੱਤਰ ਤਿਆਰ ਕੀਤਾ ਤੇ ਗੁਰੂ ਜੀ ਦੇ ਸਾਹਮਣੇ ਆ ਖਲੋਇਆ ,ਉਸ ਨੂੰ ਪੂਰੀ ਉਮੀਂਦ ਸੀ ਕੋਈ ਗਲਤੀ ਨਹੀਂ ਹੋਵੇਗੀ ,ਗੁਰੂ ਜੀ ਨੇ ਚਿੱਤਰ ਨੂੰ ਨਿਹਾਰਿਆ
“ਕਿਵੇ ਲਗਾ ਗੁਰੂ ਜੀ ?ਦਿੰਦਾ ਨਾ ਤੁਹਾਡੇ ਚਿੱਤਰਾ ਨੂੰ ਮਾਤ? ਦੀਪਕ ਹੰਕਾਰ ਵਿਚ ਬੋਲਿਆ
ਗੁਰੂ ਜੀ ਸ਼ਾਤ ਰਹੇ ਤੇ ਚਿੱਤਰ ਨੂੰ ਦੇਖਦੇ ਰਹੇ ,ਉਹ ਨਹੀਂ ਚਾਹੁੰਦੇ ਸੀ ਕ ਚਿੱਤਰ ਵਿਚ ਕੋਈ ਕਮੀ ਰਹੇ ,ਸੋ ਓਹਨਾ ਪੈਨਸਿਲ ਤੇ ਬੁਰਸ਼ ਨਾਲ ਚਿੱਤਰ ਦੀਆ ਕੁਛ ਕਮੀਆਂ ਦੂਰ ਕਰ ਦਿੱਤੀਆਂ।
ਦੀਪਕ ਅੱਗ ਬਬੂਲਾ ਹੋ ਗਿਆ ਤੇ ਚਿੱਤਰ ਫੜ ਕੇ ਟੁਕੜੇ ਟੁਕੜੇ ਕਰ ਦਿੱਤੇ
“ਤੁਸੀ ਮੇਰੇ ਚਿੱਤਰ ਚ ਗਲਤੀ ਕੱਢੀ ,ਹੁਣ ਮੈਂ ਤੁਹਾਨੂੰ ਇਸ ਮੁਕਬਾਲੇ ਚ ਆਪਣੇ ਪੱਧਰ ਤੇ ਹਿਸਾ ਲੈ ਕੇ ਦਿਖਾਵਾਂਗਾ।”ਏਨਾ ਕਹਿ ਚਲਾ ਗਿਆ ।
ਘਰ ਆ ਦੀਪਕ ਨੇ ਬਹੁਤ ਕੋਸ਼ਿਸ਼ ਕੀਤੀ ਪਰ ਚਿਤਰ ਨਾ ਬਣਿਆ ਦੋ ਦਿਨ ਤਿੰਨ ਦਿਨ ਪਰ ਚਿਤਰ ਬਣੇ ਨਾ ,ਹੰਕਾਰ ਗੁਰੂ ਜੀ ਕੋਲ ਜਾਣ ਦੇਵੇ ਨਾ। ਮੁਕਾਬਲੇ ਦਾ ਦਿਨ ਆ ਗਿਆ।ਪਰ ਚਿਤਰ ਨਾ ਬਣਿਆ ਦੀਪਕ ਨੇ ਆਪਣਾ ਸਾਰਾ ਸਮਾਨ ਚੱਕ ਵਗਾਹ ਮਾਰਿਆ। ਹਰ ਚੀਜ਼ ਤੋਂ ਮਨ ਉਚਾਟ ਹੋ ਗਿਆ ,ਕੁਛ ਚੰਗਾ ਨਾ ਲੱਗੇ ,ਇਕ ਦਿਨ ਘੁੰਮਦਾ ਘਮਾਉਂਦਾ ਪਾਰਕ ਚ ਚਲਾ ਗਿਆ ,ਓਥੇ ਇਕ ਡਰਾਇੰਗ ਟੀਚਰ ਤੇ ਗੋਲ ਚੱਕਰ ਬਣਾ ਕੇ ਬੈਠੇ ਬੱਚੇ ,ਵਿਚਕਾਰ ਇੱਟ ਤੇ ਗਲਾਸ ,ਜਿਸ ਦਾ ਮਾਡਲ ਬਣਾਉਣਾ ਸਿਖਾ ਰਿਹਾ ਸੀ। ਪਰ ਬੱਚਿਆਂ ਨੂੰ ਸਮਝ ਨਹੀਂ ਪੈ ਰਹੀ ਸੀ। ਟੀਚਰ ਬਾਰ ਬਾਰ ਬੱਚਿਆਂ ਤੇ ਝੁੰਜਲਾ ਰਿਹਾ ਸੀ ਤੇ ਗੁੱਸਾ ਕਰ ਰਿਹਾ ਸੀ ,ਦੀਪਕ ਦੇ ਮਨ ਚ ਆਪਣੇ ਗੁਰੂ ਜੀ ਦੀ ਤਸਵੀਰ ਆਈ ਤੇ ਉਹਨਾਂ ਦਾ ਸਿਖਾਉਣਾ ਯਾਦ ਆਇਆ। ਬੁੱਲੀਆਂ ਤੇ ਮੁਸਕਾਨ ਆ ਗਈ । ਉਹ ਉਹਨਾਂ ਬੈਠੇ ਬੱਚਿਆਂ ਕੋਲ ਗਿਆ ਤੇ ਮਾਡਲ ਬਣਾਉਣਾ ਦੱਸਿਆ ,ਕੁਛ ਹੀ ਦੇਰ ਚ ਸਭ ਬੱਚੇ ਸਮਝ ਗਏ । ਟੀਚਰ ਹੈਰਾਨ ਹੋ ਗਿਆ ।
ਬੱਚਿਆਂ ਨੂੰ ਬਾਏ ਕਰ ,ਸਿੱਧਾ ਗੁਰੂ ਜੀ ਕੋਲ ਗਿਆ ,ਤੇ ਕੁਛ ਦੂਰੀ ਤੇ ਖੜਾ ਹੋ ਗਿਆ ,ਜਿਓੰ ਹੀ ਗੁਰੂ ਜੀ ਨੇ ਦੇਖਿਆ ,ਬਾਹਾਂ ਖੋਲ ਦਿੱਤੀਆਂ ,ਦੀਪਕ ਭੱਜ ਕੇ ਓਹਨਾ ਚ ਸਮਾਂ ਗਿਆ। ਮੂੰਹ ਚੋਂ ਬੋਲ ਨਹੀਂ ਨਿਕਲ ਰਹੇ ,ਤੇ ਬੱਚਿਆਂ ਵਾਂਗ ਗਲ ਲੱਗ ਰੋ ਰਿਹਾ ਸੀ।
“ਤੁਹਾਡਾ ਦੀਪਕ ਬੁਝ ਗਿਆ ਤੁਹਾਡੇ ਬਿਨਾ ,ਮੈਨੂੰ ਮਾਫ ਕਰ ਦਿਓ।”
“ਮੇਰਾ ਦੀਪਕ ਕਦੇ ਨਹੀਂ ਬੁਝ ਸਕਦਾ ਮੇਰੇ ਹੁੰਦੇ ,ਇਹ ਹਮੇਸ਼ਾ ਜਗੇਗਾ ,ਆਪਣੇ ਨਾਲ ਨਾਲ ਕੁਲ ਦੁਨੀਆ ਰੌਸ਼ਨ ਕਰੇਗਾ।” ਉਹਨਾਂ ਨੇ ਦੀਪਕ ਦੇ ਹੰਝੂ ਪੂੰਝੇ ਤੇ ਘੁੱਟ ਕੇ ਦੀਪਕ ਨੂੰ ਗਲ ਲਾ ਲਿਆ।
ਰਜਿੰਦਰ ਕੌਰ

Leave a Reply

Your email address will not be published. Required fields are marked *