ਇੰਤਜ਼ਾਰ ਕਦ ਤੱਕ | intezaar kad tak

“ਮੇਰੇ ਵਲੋਂ ਇਸ ਰਿਸ਼ਤੇ ਨੂੰ ਕੋਰੀ ਨਾਂਹ ਏਂ, ਮੈਥੋਂ ਬਾਹਰੇ ਹੋ ਕੇ ਜੇ ਤੁਸੀਂ ਰਿਸ਼ਤਾ ਕਰਨਾ ਤਾਂ ਤੁਹਾਡੀ ਮਰਜ਼ੀ” ਇੰਨਾ ਕਹਿ ਕੇ ਸੁਮਨ ਉਠ ਕੇ ਅੰਦਰ ਚਲੀ ਗਈ।
ਸਾਰੇ ਹੈਰਾਨ ਸਨ । ਗਜੇਂਦਰ ਨੇ ਆਪਣੀ ਭੈਣ ਨੂੰ ਸਮਝਾ ਬੁਝਾ ਕੇ ਤੋਰ ਦਿੱਤਾ ਕਿ ਸਲਾਹ ਕਰਕੇ ਦੱਸਦੇ ਹਾਂ। ਉਹ ਆਪਣੀ ਭਤੀਜੀ ਅਨੂ ਲਈ ਆਪਣੇ ਜੇਠ ਦੇ ਮੁੰਡੇ ਦਾ ਰਿਸ਼ਤਾ ਲੈਕੇ ਆਈ ਸੀ ਜਿਸ ਨੂੰ ਹੁਣੇ ਹੁਣੇ ਕਨੇਡਾ ਦੀ ਪੀ ਆਰ ਮਿਲੀ ਸੀ।
ਭੂਆ ਦੇ ਜਾਣ ਤੋਂ ਬਾਅਦ ਅਨੂ ਨੇ ਗਜੇਂਦਰ ਨੂੰ ਪੁਛਿਆ,
“ਪਾਪਾ ਮੰਮੀ ਨੂੰ ਕੀ ਹੋਇਆ? ਇੰਨੇ ਗੁੱਸੇ ਵਾਲੀ ਤਾਂ ਕੋਈ ਗੱਲ ਨਹੀਂ ਕੀਤੀ ਭੂਆ ਜੀ ਨੇ।”
“ਕੋਈ ਨੀ, ਕਈ ਵਾਰ ਹੋ ਜਾਂਦਾ। ਸ਼ਾਇਦ ਉਹ ਤੇਰੇ ਵਿਆਹ ਲਈ ਅਜੇ ਤਿਆਰ ਨਾ ਹੋਵੇ। ਭਾਵੇਂ ਉਸ ਨੇ ਤੈਨੂੰ ਜਨਮ ਨਹੀਂ ਦਿੱਤਾ ਪਰ ਉਹ ਤੈਨੂੰ ਬਹੁਤ ਪਿਆਰ ਕਰਦੀ ਹੈ।” ਗਜੇਂਦਰ ਨੇ ਕੁਝ ਸੋਚਦੇ ਹੋਏ ਜਵਾਬ ਦਿੱਤਾ।
“ਮੇਰੇ ਤਾਂ ਕਦੇ ਮਨ ਵਿੱਚ ਵੀ ਨਹੀਂ ਆਇਆ ਕਿ ਉਹਨਾਂ ਨੇ ਮੈਨੂੰ ਜਨਮ ਨਹੀਂ ਦਿੱਤਾ। ਜਿੰਨਾ ਪਿਆਰ ਮੰਮੀ ਨੇ ਮੈਨੂੰ ਦਿੱਤਾ ਕੋਈ ਮਾਂ ਨਹੀਂ ਦੇ ਸਕਦੀ ਆਪਣੇ ਬੱਚੇ ਨੂੰ।”
“ਹਾਂ, ਜਦੋਂ ਮੇਰਾ ਉਹਦੇ ਨਾਲ ਵਿਆਹ ਹੋਇਆ ਸੀ ਤੂੰ ਚਾਰ ਸਾਲਾਂ ਦੀ ਸੀ। ਪਹਿਲਾਂ ਤਾਂ ਮੈਨੂੰ ਬਹੁਤ ਡਰ ਸੀ ਕਿਤੇ ਮਤਰੇਈ ਮਾਂ ਆ ਕੇ ਤੇਰਾ ਬਚਪਨ ਹੀ ਨਾ ਖੋਹ ਲਵੇ। ਪਰ ਤੁਸੀਂ ਦੋਵਾਂ ਨੇ ਇਕ ਦੂਜੇ ਨੂੰ ਛੇਤੀ ਹੀ ਅਪਣਾ ਲਿਆ। ਤੇਰੀ ਪਰਵਰਿਸ਼ ਜਿਸ ਤਰ੍ਹਾਂ ਕੀਤੀ ਸਾਰੇ ਫਿਕਰ ਦੂਰ ਹੋ ਗਏ।”
ਅਨੂ ਥੋੜ੍ਹੀ ਦੇਰ ਬਾਅਦ ਚਾਹ ਬਣਾ ਕੇ ਸੁਮਨ ਨੂੰ ਬੁਲਾ ਕੇ ਲਿਆਈ। ਤਿੰਨੋ ਚਾਹ ਪੀਂਦੇ ਚੁੱਪ ਹੀ ਰਹੇ। ਫੇਰ ਸੁਮਨ ਆਪੇ ਹੀ ਬੋਲੀ,
“ਮੈਨੂੰ ਪਤਾ ਤੁਸੀਂ ਸੋਚਦੇ ਹੋਵੋਗੇ ਕਿ ਅੱਜ ਮੈਨੂੰ ਕੀ ਹੋਇਆ? ਅਨੂ ਤੇਰੀ ਭੂਆ ਨੇ ਅੱਜ ਇਕ ਪੁਰਾਣਾ ਜ਼ਖ਼ਮ ਯਾਦ ਦਵਾ ਦਿੱਤਾ।”
“ਅਨੂ ਤੇਰੇ ਪਾਪਾ ਨਾਲ ਮੇਰਾ ਵੀ ਇਹ ਦੂਜਾ ਵਿਆਹ ਸੀ। ਤੇਰੇ ਪਾਪਾ ਨੂੰ ਪਤਾ ਹੈ, ਤੈਨੂੰ ਵੀ ਮੈਂ ਅੱਜ ਦੱਸਣਾ ਚਾਹੁੰਦੀ ਹਾਂ। ਜਦੋਂ ਮੇਰਾ ਪਹਿਲਾ ਵਿਆਹ ਹੋਇਆ ਉਹ ਵੀ ਮੁੰਡੇ ਦਾ ਬਾਹਰ ਦਾ ਵੀਜ਼ਾ ਆਇਆ ਹੋਇਆ ਸੀ। ਉਸ ਦੀ ਮਾਂ ਨੂੰ ਫ਼ਿਕਰ ਸੀ ਕਿ ਉਹ ਕਿਤੇ ਉਥੇ ਜਾ ਕੇ ਉਥੋਂ ਦਾ ਹੀ ਨਾ ਹੋ ਜਾਵੇ ਇਸ ਲਈ ਉਸ ਦਾ ਵਿਆਹ ਕਰ ਦੇਈਏ ਤਾਂ ਕਿ ਇਸ ਦਾ ਧਿਆਨ ਪਿੱਛੇ ਵੀ ਰਹੇ। ਨਾਲੇ ਮਾਂ ਨੂੰ ਇਕੱਲਾ ਛੱਡ ਕੇ ਮੁੰਡਾ ਵੀ ਨਹੀਂ ਜਾਣਾ ਚਾਹੁੰਦਾ ਸੀ। ਇਸੇ ਕਰਕੇ ਜਲਦੀ ਜਲਦੀ ਵਿਆਹ ਕਰ ਦਿੱਤਾ ਗਿਆ।” ਸੁਮਨ ਕੁਝ ਦੇਰ ਲਈ ਚੁੱਪ ਕਰ ਕੇ ਫੇਰ ਬੋਲੀ,
“ਮੇਰੇ ਘਰ ਦੇ, ਮੇਰੀਆਂ ਸਹੇਲੀਆਂ ਸਭ ਮੇਰੀ ਕਿਸਮਤ ਤੇ ਰਸ਼ਕ ਕਰ ਰਹੀਆਂ ਸਨ। ਵਿਆਹ ਤੋਂ ਪੰਦਰਾਂ ਦਿਨਾਂ ਬਾਅਦ ਹੀ ਉਹ ਬਾਹਰ ਚਲੇ ਗਿਆ। ਮੈਂ ਤੇ ਉਹਦੀ ਮਾਂ ਰਹਿ ਗਈਆਂ। ਸ਼ੁਰੂ ਵਿੱਚ ਤਿੰਨ ਚਾਰ ਦਿਨਾਂ ਬਾਅਦ ਫੋਨ ਆ ਜਾਂਦਾ ਸੀ। ਫੇਰ ਹੌਲੀ ਹੌਲੀ ਹਫ਼ਤੇ ਬਾਅਦ ਤੇ ਫੇਰ ਮਹੀਨੇ ਬਾਅਦ। ਫੇਰ ਤਾਂ…… ਇੰਤਜ਼ਾਰ …. ਇੰਤਜ਼ਾਰ……..ਪਰ ਇੰਤਜ਼ਾਰ ਆਖਰ ਕਦ ਤੱਕ” ਸੁਮਨ ਫੇਰ ਕੁਝ ਪਲ ਲਈ ਰੁੱਕ ਗਈ।
“ਇਸੇ ਤਰ੍ਹਾਂ ਪੰਜ ਸਾਲ ਲੰਘ ਗਏ। ਉਸ ਦੀ ਮਾਂ ਬੀਮਾਰ ਰਹਿਣ ਲੱਗ ਪਈ। ਮੇਰੇ ਘਰਦਿਆਂ ਨੇ ਕਈਆਂ ਨੂੰ ਕਹਿ ਕਹਾ ਕੇ ਉਹਦਾ ਉਥੋਂ ਦਾ ਐਡਰਸ ਦੇ ਕੇ ਜਾਣਕਾਰੀ ਕਢਵਾਈ ਤਾਂ ਪਤਾ ਲੱਗਾ ਉਸਨੇ ਪੱਕੇ ਹੋਣ ਲਈ ਉਥੇ ਵਿਆਹ ਕਰਵਾ ਲਿਆ ਹੋਇਆ ਸੀ। ਇਹ ਸੁਣ ਕੇ ਉਹਦੀ ਮਾਂ ਤਾਂ ਝੂਰਦੀ ਹੋਈ ਛੇਤੀ ਹੀ ਮਰ ਗਈ। ਰਹਿ ਗਈ ਮੈਂ ਨਾ ਵਿਆਹੀਆਂ ਵਿੱਚ ਨਾ ਕੁਆਰੀਆਂ ਵਿੱਚ ਨਾ ਵਿਧਵਾ ਵਿੱਚ। ਜ਼ਿੰਦਗੀ ਤੋਂ ਤਾਂ ਆਸ ਹੀ ਨਹੀਂ ਰਹੀ। ਬਾਰ ਬਾਰ ਮਰਣ ਨੂੰ ਦਿਲ ਕਰਦਾ ਸੀ। ਮੇਰੇ ਘਰ ਦੇ ਇੰਨੇ ਜੋਗੇ ਨਹੀਂ ਸੀ ਉਹਦੇ ਖ਼ਿਲਾਫ਼ ਕੋਈ ਵੱਡਾ ਕਦਮ ਚੁੱਕਣ।”
“ਉਸ ਨੇ ਇਕ ਵਾਰ ਫੋਨ ਕਰਕੇ ਕਿਹਾ,”ਮੈਨੂੰ ਮਾਫ ਕਰਦੇ ਮੇਰੇ ਕੋਲ ਕੋਈ ਰਸਤਾ ਨਹੀਂ ਸੀ। ਹੁਣ ਤੂੰ ਆਪਣੀ ਜ਼ਿੰਦਗੀ ਜੀਅ ਤੇ ਮੈਂ ਆਪਣੀ”
“ਬੱਸ ਫੇਰ ਸਾਲ ਬਾਅਦ ਤੇਰੇ ਪਾਪਾ ਦਾ ਰਿਸ਼ਤਾ ਆਇਆ ਘਰ ਦਿਆਂ ਨੇ ਜ਼ੋਰ ਪਾ ਕੇ ਮੈਨੂੰ ਮਨਾ ਲਿਆ। ਤੈਨੂੰ ਦੇਖ ਕੇ ਮੁੜ ਤੋਂ ਜ਼ਿੰਦਗੀ ਵਿੱਚ ਵਿਸ਼ਵਾਸ ਜਾਗਿਆ। ਜ਼ਿੰਦਗੀ ਜੀਉਣ ਦੀ ਤਾਂਘ ਜਾਗੀ। ਤੇਰੇ ਪਾਪਾ ਦਾ ਤੇ ਤੇਰਾ ਪਿਆਰ ਪਾਕੇ ਫਿਰ ਤੋਂ ਜ਼ਿੰਦਗੀ ਨਾਲ ਪਿਆਰ ਹੋ ਗਿਆ। ”
“ਅੱਜ ਜਦੋਂ ਤੇਰੀ ਭੂਆ ਰਿਸ਼ਤਾ ਲੈਕੇ ਆਈ ਕਿ ਮੁੰਡਾ ਬਾਹਰ ਦਾ ਹੈ, ਤਾਂ ਮੈਨੂੰ ਉਹ ਇੰਤਜ਼ਾਰ ਦੇ ਛੇ ਸਾਲ ਯਾਦ ਆ ਗਏ। ਇਸ ਕਰਕੇ ਮੈਥੋਂ ਬੋਲ ਹੋ ਗਿਆ। ਮੈਂ ਨਹੀਂ ਚਾਹੁੰਦੀ ਜੋ ਮੈਂ ਹੰਢਾਇਆ ਉਹਦੀ ਵਾਅ ਤੱਕ ਵੀ ਤੈਨੂੰ ਲੱਗੇ।”
ਅਨੂ ਨੇ ਸੁਮਨ ਦੀ ਗੋਦੀ ਵਿੱਚ ਸਿਰ ਰੱਖ ਦਿੱਤਾ। ਉਸ ਦੀਆਂ ਅੱਖਾਂ ਵੀ ਭਿੱਜੀਆਂ ਹੋਈਆਂ ਸਨ।
ਗਜੇਂਦਰ ਨੇ ਮਹੌਲ ਦੀ ਚੁੱਪ ਨੂੰ ਤੋੜਦਿਆਂ ਕਿਹਾ, “ਸੁਮਨ ਤੂੰ ਫ਼ਿਕਰ ਨਾ ਕਰ। ਤੇਰੀ ਮਰਜ਼ੀ ਤੋਂ ਬਿਨਾਂ ਅਨੂ ਦੀ ਜ਼ਿੰਦਗੀ ਦਾ ਕੋਈ ਫੈਸਲਾ ਨਹੀਂ ਹੋਵੇਗਾ। ਤੂੰ ਹੀ ਫੈਸਲਾ ਲਈ।’
“ਹਾਂ ਜੀ ਮੰਮੀ ” ਅਨੂ ਨੇ ਕਿਹਾ ਤਾਂ ਸੁਮਨ ਨੇ ਅਨੂ ਨੂੰ ਕਲਾਵੇ ਵਿੱਚ ਲੈਂਦੇ ਹੋਏ ਕਿਹਾ, “ਨਹੀਂ ਆਖ਼ਰੀ ਫ਼ੈਸਲਾ ਤਾਂ ਅਨੂ ਦਾ ਹੀ ਹੋਵੇਗਾ।”
ਪਰਵੀਨ ਕੌਰ
ਲੁਧਿਆਣਾ

Leave a Reply

Your email address will not be published. Required fields are marked *