ਚਿੱਠੀਆਂ ਦੀਆਂ ਬਾਤਾਂ | chithiya diyan baatan

ਗੱਲ ਉਦੋਂ ਦੀ ਹੈ ਜਦੋਂ ਹਲੇ ਟੈਲੀਫੋਨ ਨਹੀਂ ਸਨ ।ਸੰਚਾਰ ਦੇ ਸਾਧਨ ਬਹੁਤ ਘਟ ਸੀ। ਹੋਰ ਸੁਖ ਸਹੂਲਤਾਂ ਵੀ ਨਾ ਮਾਤਰ ਸਨ।ਮਨੁੱਖ ਸਾਦਾ ਜੀਵਨ ਬਤੀਤ ਕਰਦਾ ਸੀ ।ਖਾਹਿਸ਼ਾਂ ਦੇ ਮੁਤਾਬਿਕ ਸੋਹਣਾ ਨਿਰਭਾਅ ਚੱਲਦਾ ਸੀ । ਗੱਡੇ ਦੇ ਪਹੀਏ ਦੀਆਂ ਕਾਢਾਂ ਤੋਂ ਬਾਅਦ ਜੀਵਨ ਤਰੱਕੀਆਂ ਦੀ ਰਾਹ ਤੇ ਚਲ ਰਿਹਾ ਸੀ ।ਦੂਰ ਰਿਸ਼ਤੇਦਾਰੀ ‘ਚ ਮਿਲਣ ਜਾਣਾ ਸੌਖਾ ਨਹੀਂ ਸੀ ।ਲੋਕ ਆਪਣੀਆਂ ਭਾਵਨਾਵਾਂ ਦਾ ਆਦਾਨ ਪ੍ਰਦਾਨ ਖਤਾਂ ਰਾਹੀਂ ਕਰਦੇ ਸੀ ਤੇ ਫਿਰ ਦੂਜੀ ਧਿਰ ਵੱਲੋਂ ਜੁਆਬ ਉਡੀਕਣਾ ਤੇ ਚਿੱਠੀ ਦਾ ਜੁਆਬ ਮਿਲਣ ਤੇ ਉਤੇਜਿਤ ਹੋ ਕੇ ਪੜਨਾ / ਪੜਾਉਣਾ ਬੜਾ ਹੀ ਸੁਆਦਲਾ ਕੰਮ ਸੀ।
ਦੁਨੀਆਂ ਦੀ ਪਹਿਲੀ ਚਿੱਠੀ ਮਹਾਰਾਣੀ ਵਿਕਟੋਰੀਆ ਦੀ ਮੋਹਰ ਲੱਗੀ ਸੰਭਾਲੀ ਗਈ ਹੈ ।ਚਿੱਠੀਆਂ ਲਿਖਣਾ ਬਹੁਤ ਸਮਾਂ ਪਹਿਲਾਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ।
ਚਿੱਠੀ ਇਕ ਨੀਲੇ ਰੰਗ ਲਿਫਾਫਾ ਹੁੰਦਾ ਜਿਸ ਨੂੰ ਅੰਤਰਦੇਸੀ ਪੱਤਰ ਕਿਹਾ ਜਾਂਦਾ ਹੈ। ਪੋਸਟ ਕਾਰਡ ਸਖਤ ਕਾਗਜ ਦਾ ਕਾਰਡ ।ਇਹ ਖਾਕੀ ਰੰਗ ਦਾ ਪਤਲੇ ਗੱਤੇ ਵਰਗਾ ਹੁੰਦਾ ਸੀ ਜਿਸ ਤਰ੍ਹਾਂ ਵਿਆਹ ਦੇ ਕਾਰਡ ਥੋੜਾ ਜਿਹਾ ਸਖਤ ਹੁੰਦੇ ਹਨ ।ਇਸ ਤੇ ਟਿਕਟ ਲਗਾ ਕੇ ਪੋਸਟ ਕੀਤਾ ਜਾਂਦਾ ਹੈ। ਇਸਦੀ ਕੀਮਤ ਵੀ ਹਰ ਇਕ ਦੀ ਪਹੁੰਚ ਵਿਚ ਹੁੰਦੀ ਸੀ।
ਚਿੱਠੀ ਲਿਖਣਾ ਵੀ ਇਕ ਕਲਾ ਹੈ ।ਕਈਆਂ ਕੋਲ ਇਸ ਕਲਾ ਦੀ ਸੂਖਮਤਾ ਦੀ ਸਮਝ ਬਥੇਰੀ ਹੁੰਦੀ ਹੈ । ਪਿੰਡ ਵਿਚ ਖਾਸ ਕਰਕੇ ਪੜ੍ਹੇ ਲਿਖੇ ਵਿਅਕਤੀ ਦੀ ਇਸ ਸੂਖਮ ਸੋਝੀ ਕਾਰਨ ਬਹੁਤ ਚੜ੍ਹਤ ਹੁੰਦੀ ਸੀ । ਲੋਕਾਂ ਨੇ ਉਸੇ ਵਿਅਕਤੀ ਕੋਲ ਹੀ ਚਿੱਠੀ ਪੜਾਉਣਾ ਤੇ ਲਿਖਾਉਣ ਜਾਣਾ।ਜੇ ਉਹ ਘਰ ਨਾ ਹੁੰਦਾ ਤਾਂ ਬੇਸਬਰੀ ਨਾਲ ਇੰਤਜ਼ਾਰ ਕਰਨਾ।ਉਹ ਚਿੱਠੀ ਪੜਾਉਣ ਵਾਲੇ ਦਾ ਪਰਦਾ ਵੀ ਰੱਖਦਾ ਸੀ ।
ਪੁਰਾਣੇ ਸਮਿਆਂ ਵਿਚ ਕਬੂਤਰ ਰਾਹੀਂ ਵੀ ਚਿੱਠੀ ਭੇਜੀ ਜਾਂਦੀ ਸੀ ।ਬਹੁਤ ਸਾਰੇ ਗੀਤਾਂ ਤੇ ਬੋਲੀਆਂ ਵਿੱਚ ਵੀ ਚਿੱਠੀ ਦਾ ਜਿਕਰ ਆਉਂਦਾ ਹੈ ।
ਇਕ ਨਵ ਵਿਆਹੀ ਕੁੜੀ ਫੌਜ ‘ਚ ਗਏ ਢੋਲ ਨੂੰ ਸ਼ਿੱਦਤ ਨਾਲ ਉਡੀਕਦਿਆਂ ਖਤ ਲਿਖਦੀ ਹੈ । ਕਈ ਹਿੰਦੀ ਪੰਜਾਬੀ ਫਿਲਮਾਂ ਵਿੱਚ ਵੀ ਚਿੱਠੀ ਦਾ ਜਿਕਰ ਆਉਂਦਾ ਹੈ ।ਗੀਤਾਂ, ਕਵਿਤਾਵਾਂ, ਗਜ਼ਲਾਂ, ਕਹਾਣੀ ਆਦਿ ਸਾਹਿਤਕ ਰੂਪਾਂ ਵਿੱਚ ਚਿੱਠੀ,ਖ਼ਤ, ਆਦਿ ਦਾ ਜਿਕਰ ਆਉਂਦਾ ਹੈ ।
ਚਿੱਠੀ ਲਿਖਣ ਵਾਲਾ ਬੜੇ ਪਿਆਰ ਨਾਲ ਲਿਖਦਾ ।ਕਿਸੇ ਦੇ ਮਨੋਭਾਵਾਂ ਨੂੰ ਖੂਬਸੂਰਤੀ ਨਾਲ ਬਿਆਨਦਾ। ਫਿਰ ਲਿਖਾਉਣ ਵਾਲੇ ਨੇ ਕਹਿਣਾ ,”ਪਹਿਲਾਂ ਕੀ ਲਿਖਿਆ ਹੈ ਪੜ੍ਹ ਕੇ ਸੁਣਾ ਤੇ ਫਿਰ ਅੱਗੋਂ ਬੋਲਣਾ ਸ਼ੁਰੂ ਕਰਨਾ।ਅਖੀਰ ਫਿਰ ਸਾਰੀ ਲਿਖੀ ਗਈ ਚਿੱਠੀ ਨੂੰ ਦੁਬਾਰਾ ਪੜ੍ਹ ਕੇ ਸੁਣਾਉਣ ਨੂੰ ਕਹਿਣਾ ਤੇ ਤਸੱਲੀ ਹੋਣ ਤੇ ਬੰਦ ਕਰਵਾ ਲਿਖਣ ਵਾਲੇ ਦੀ ਝੋਲੀ ਅਸੀਸਾਂ ਨਾਲ ਭਰ ਕੇ ਆਪਣੇ ਘਰ ਮੁੜਨਾ। ਇਸ ਇਸੇ ਤਰ੍ਹਾਂ ਹੀ ਚਿੱਠੀ ਦਾ ਜੁਆਬ ਆਉਣ ਤੇ ਖੁਸ਼ੀ ਨਾਲ ਤੇ ਥੋੜਾ ਘਬਰਾਹਟ ਵਿੱਚ ਚਿੱਠੀ ਪੜਾਉਣ ਆਉਣਾ ।ਹਰ ਸ਼ਬਦ ਨੂੰ ਧਿਆਨ ਨਾਲ ਸੁਣਨਾ। ਜੇ ਪੜਨ ਵਾਲਾ ਕੁੱਝ ਸਕਿੰਟ ਰੁਕ ਜਾਵੇ ਤਾਂ ਘਬਰਾਹਟ ਨਾਲ ਪੁੱਛਣਾ, ਕਿਉਂ ਕੀ ਲਿਖਿਆ? ਸੁੱਖ ਤਾਂ ਹੈ?ਜੇ ਸਚਮੁੱਚ ਕੁਝ ਅਜਿਹਾ ਹੁੰਦਾ ਤਾਂ ਪੜਨ ਵਾਲਾ ਵੀ ਟਾਲ ਜਾਂਦਾ ਤੇ ਬਾਅਦ ਵਿਚ ਉਹਨਾਂ ਦੇ ਘਰ ਦੇ ਕਿਸੇ ਹੋਰ ਜੀਅ ਨੂੰ ਜਾ ਕੇ ਦੱਸਦਾ ਬਈ ਅਸਲ ਗਲ ਆਹ ਐ।ਇਉਂ ਉਹ ਰਾਜਦਾਨ ਵੀ ਹੁੰਦਾ ਸੀ ਤੇ ਇਕ ਘਰ ਦੀ ਖਬਰ ਕਿਸੇ ਕੋਲ ਬਾਹਰ ਨਹੀਂ ਕਰਦਾ ਸੀ ।
ਸਾਡੇ ਗੁਆਂਢ ਘਰ ਸੀ , ਉਹ ਇੰਗਲੈਂਡ ਗਏ ਹੋਣ ਕਰਕੇ ਇੰਗਲੈਂਡ ਵਾਲਿਆਂ ਦਾ ਘਰ ਦੀ ਅੱਲ ਪਈ ਹੋਈ ਸੀ । ਮਾਂਜੀ ਹਰ ਸਾਲ ਇੰਗਲੈਂਡ ਤੋਂ ਸਰਦੀਆਂ ਵਿੱਚ ਆਉੰਦੀ ਤਾਂ ਆਪਣੇ ਪੁੱਤਰਾਂ ਨੂੰ ਚਿੱਠੀ ਲਿਖਾਉਣ ਸਾਡੇ ਘਰ ਆਉਂਦੀ ਸੀ । ਮੈਂ ਉਦੋਂ ਪੰਜਵੀਂ ਛੇਵੀਂ ਵਿਚ ਹੋਵਾਂਗੀ । ਖਤ ਹਮੇਸ਼ਾ ਮੇਰੇ ਦੀਦੀ ਤੋਂ ਲਿਖਾਉਣਾ ਹੁੰਦਾ ਸੀ ਪਰ ਪੜਨ ਦਾ ਮੌਕਾ ਮੈਨੂੰ ਵੀ ਮਿਲ ਜਾਂਦਾ ਸੀ ਜੇ ਕਿਤੇ ਦੀਦੀ ਘਰ ਨਾ ਹੁੰਦੇ ।ਮਾਂਜੀ ਨੇ ਪਹਿਲਾਂ ਮੇਰੇ ਤੋਂ ਪੜ੍ਹਾ ਲੈਣੀ ਤੇ ਆਪਣੇ ਘਰ ਜਾ ਕੇ ਦਰਵਾਜ਼ਾ ਖੁਲਾ ਰੱਖਣਾ ਤੇ ਗਲੀ ਵਿੱਚ ਧਿਆਨ ਰੱਖਣਾ । ਜਿਉਂ ਹੀ ਦੀਦੀ ਘਰ ਆਉਂਦੇ ਤੇ ਪਿੱਛੇ ਮਾਂਜੀ ਨੇ ਆ ਜਾਣਾ ਬਈ ਚੰਗੀ ਤਰ੍ਹਾਂ ਪੜ੍ਹ ਕੇ ਸੁਣਾ।ਕੁੜੀ ਨਿੱਕੀ ਆ, ਕੁਛ ਛੱਡ ਨਾ ਗਈ ਹੋਵੇ। ਮੈਨੂੰ ਬੜੀ ਖਿੱਝ ਆਉਣੀ ,ਮਾਂਜੀ ਦੇ ਜਾਣ ਬਾਅਦ ਮੈਂ ਰੌਲਾ ਪਾਉਣਾ,’ਲੈ ਦੀਦੀ ਨੇ ਵੀ ਚਿੱਠੀ ਉਵੇਂ ਸੁਣਾਈ ਜਿਵੇਂ ਮੈਂ ਪੜ੍ਹ ਕੇ ਸੁਣਾਈ ਸੀ। ਬਾਅਦ ਵਿੱਚ ਸਮਝ ਆਈ ਕਿ ਸਿੱਧੀ ਵਾਰਤਾ ਪੜਨਾ ਤੇ ਰਸ ਨਾਲ ਸੁਣਾਉਣਾ ਵੀ ਵੱਖਰਾ ਸੁਆਦ ਹੁੰਦਾ ਹੈ ।
ਮੇਰੇ ਮਾਮਾ ਜੀ ਦਾ ਖਤ ਆਉਂਦਾ ਤੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਕਰਕੇ ਡੈਡੀ ਜੀ ਬਾਰੇ ਪੁੱਛਿਆ ਹੁੰਦਾ ਸੀ,ਫਿਰ ਮੰਮੀ ਜੀ ਨੂੰ । ਆਪਣੀ ਸੁਖ- ਸਾਂਦ ਦਸ ਕੇ, ਹੋਰ ਗੱਲਾਂ ਲਿਖੀਆਂ ਹੋਣੀਆਂ ।ਅਖੀਰ ਸਾਡੇ ਬਾਰੇ ਪੁੱਛਿਆ ਹੁੰਦਾ ਸੀ ।ਜਦੋਂ ਆਪਣਾ ਨਾਂ ਚਿੱਠੀ ਵਿਚ ਪੜਨਾ ਤਾਂ ਚਾਅ ਚੜ੍ਹ ਜਾਂਦਾ ਸੀ । “ਦੀਪੀ ਬੇਟੇ ਨੂੰ ਪਿਆਰ “ਪੜ ਕੇ ਵੱਖਰੀ ਈ ਲੋਰ ਚੜਨੀ ਜੋ ਕਿੰਨੀ ਦੇਰ ਪੈਰ ਧਰਤੀ ਨਾਲ ਨਾ ਲੱਗਣ ਦਿੰਦੀ। ਮੁੜ -ਮੁੜ ਚਿੱਠੀ ਵਿਚ ਆਪਣਾ ਨਾਂ ਪੜਨ ਦਾ ਸਿਲਸਿਲਾ ਕਈ ਦਿਨ ਚੱਲਦਾ ਰਹਿੰਦਾ ਸੀ ।
ਹਰ ਦਿਨ ਤਿਉਹਾਰ ਨੂੰ ਉਹਨਾਂ ਦੇ ਖਤ ਦੀ ਖਾਸ ਉਡੀਕ ਹੁੰਦੀ ।ਜਦੋਂ ਮੰਮੀ ਜੀ ਨੇ ਚਿੱਠੀ ਲਿਖਣ ਬੈਠਣਾ ਤਾਂ ਅਜੀਬ ਜਿਹੀ ਹਾਲਤ ਹੋਣੀ ਬਈ ਹੁਣ ਵੀ ਬੰਦ ਕਰਨਗੇ ਲਿਖਣਾ।ਸਾਰੀ ਚਿੱਠੀ ਭਰ ਗਈ ਤਾਂ ਮੈਂ ਕਿੱਥੇ ਲਿਖੂੰ ।ਮੈਨੂੰ ਯਾਦ ਹੈ ਕਿ ਕਈ ਵਾਰ ਮੰਮੀ ਜੀ ਨੇ ਵੀ ਚਿੱਠੀ ਨੂੰ ਟੇਢੇ ਰੁਖ ਕਰਕੇ ਸਾਈਡ ਤੇ ਛੋਟਾ ਜਿਹਾ ਕੋਈ ਰਹਿੰਦਾ ਸੁਨੇਹਾ ਲਿਖਿਆ ਹੋਣਾ ।ਅਖੀਰ ਛੱਡੀ ਗਈ ਥਾਂ ਤੇ ਚਿਠੀ ਲਿਖਣ ਦੀ ਮੈਂ ਵੀ ਰੀਸ ਕਰਨੀ ਤੇ ਛੋਟਾ ਜਿਹਾ ਲਿਖਣ ਦੀ ਕੋਸ਼ਿਸ਼ ਕਰਨੀ ।ਖਾਸ ਰਿਸ਼ਤੇਦਾਰੀਆਂ ਨੂੰ ਚਿੱਠੀ ਲਿਖਣਾ ਬੜਾ ਆਨੰਦਤ ਕਰਦਾ ਸੀ ।
ਦੀਵਾਲੀ, ਜਨਮ ਦਿਨ ਅਤੇ ਨਵੇਂ ਸਾਲ ਤੇ ਚਿੱਠੀ ਤੇ ਗਰੀਟਿੰਗ ਕਾਰਡ ਭੇਜਣ ਦਾ ਆਪਣਾ ਹੀ ਸੁਹਜ ਸੁਆਦ ਸੀ।
ਹੌਲੀ ਹੌਲੀ ਲੈਂਡ ਲਾਈਨ ਦੀ ਟਰੈਂ ਟਰੈਂ ਨੇ ਚਿੱਠੀ ਲਿਖਣ ਪੜ੍ਹਨ ਦਾ ਕੰਮ ਈ ਮੁਕਾ ਦਿੱਤਾ ।ਇਕ ਦੂਜੇ ਦੀ ਆਵਾਜ਼ ਸੁਣ ਜੋ ਖੁਸ਼ੀ ਮਿਲਦੀ ਉਸਨੇ ਚਿੱਠੀ ਦਾ ਸੁਆਦ ਫਿੱਕਾ ਪਾ ਦਿੱਤਾ ।ਹੁਣ ਤਾਂ ਕਮਾਲ ਹੀ ਕਮਾਲ ਹੈ ।ਸੰਚਾਰ ਦੇ ਸਾਧਨ ਏਨੇ ਤੇਜ ਕਿ ਆਵਾਜ਼ ਦੇ ਨਾਲ ਸਾਨੂੰ ਤਸਵੀਰ ਵੀ ਦਿਸਦੀ ਹੈ ਜਿਵੇਂ ਆਹਮੋ ਸਾਹਮਣੇ ਬੈਠੇ ਹੋਈਏ।
ਇਉਂ ਚਿੱਠੀ ਜਾਂ ਖ਼ਤ ਲਿਖਣ ਦਾ ਰਿਵਾਜ ਮੁੱਕ ਈ ਗਿਆ। ਪਰ ਇਹ ਇਕ ਵੱਖਰਾ ਹੀ ਸੁਆਦਲਾ ਤੇ ਆਨੰਦਮਈ ਵਰਤਾਰਾ ਸੀ।ਜਦੋਂ ਗਲੀ ਵਿੱਚ ਡਾਕੀਏ ਦੇ ਸਾਈਕਲ ਦੀ ਟੱਲੀ ਸੁਣ ਸਭ ਨੇ ਚੁਕੰਨੇ ਹੋ ਜਾਣਾ ਤੇ ਜੇ ਡਾਕੀਏ ਨੇ ਅੱਗੇ ਚਲੇ ਜਾਣਾ ਤਾਂ ਆਵਾਜ਼ ਮਾਰ ਪੁੱਛ ਲੈਣਾ, ਸਾਡੀ ਚਿੱਠੀ ਆਈ ਕੋਈ! ਨਾਂਹ ਚ ਉੱਤਰ ਸੁਣ ਢਿੱਲਾ ਜਿਹਾ ਮੂੰਹ ਲੈ ਕੇ ਅੰਦਰ ਵੜ ਜਾਣਾ। ਇਉਂ ਚਿੱਠੀ ਦੀ ਉਡੀਕ ਦਾ ਵੀ ਆਪਣਾ ਹੀ ਮਜ਼ਾ ਸੀ। ਨਾ ਹੁਣ ਖਤ ਰਹੇ ਤੇ ਨਾ ਖਤ ਲਿਖਾਉਣ ਤੇ ਪੜਾਉਣ ਵਾਲੇ।ਸਮੇਂ ਨੇ ਕਰਵਟ ਬਦਲ ਲਈ ਹੈ । ਮਾਨੋ ਘੜੀ ਦੀਆਂ ਸੂਈਆਂ ਪਹਿਲਾਂ ਦੀ ਨਿਸਬਤ ਤੇਜੀ ਨਾਲ ਭੱਜ ਰਹੀਆਂ ਹੋਣ।
ਮਨਦੀਪ ਕੌਰ ਰਤਨ
ਅੰਮ੍ਰਿਤਸਰ

Leave a Reply

Your email address will not be published. Required fields are marked *