ਨਿੱਕੀ ਜਿਹੀ ਗੱਲ | nikki jehi gal

ਦਫ਼ਤਰੀ ਮੇਜ ‘ਤੇ ਪਿਆ ਹਰੇ ਰੰਗ ਦਾ ਕੱਪੜਾ ਮੇਰੀਆਂ ਅੱਖਾਂ ਸਾੜ ਰਿਹਾ ਹੈ। ਇਸ ਹਰੇ ਰੰਗ ਕਾਰਣ ਹੀ ਘਰ ਵਿੱਚ ਸਵੇਰੇ ਹੀ ਮਹਾਂਭਾਰਤ ਸ਼ੁਰੂ ਹੋ ਗਿਆ ਸੀ। ਮੰਨਦਾ ਹਾਂ ਗਲਤੀ ਮੇਰੀ ਹੀ ਸੀ ਪਰ ਸਵੇਰੇ ਉੱਠਦੇ ਹੀ ਪਤਨੀ ਰਵਿੰਦਰ ਵੱਲੋਂ ਧੁੱਪ ਤੋਂ ਬਚਾਅ ਲਈ ਬਾਹਰਲੀ ਖਿੜਕੀ ਉੱਪਰ ਪਾਉਣ ਲਈ ਹਰਾ ਕੱਪੜਾ ਲੈਕੇ ਆਉਣਾ ਕਹਿਣਾ ਮੈਨੂੰ ਖਿਝਾ ਗਿਆ। ਸਵੇਰ ਵਾਲੀ ਚਾਹ ਉੱਥੇ ਹੀ ਰੱਖ ਦਿੱਤੀ ਤੇ ਸ਼ੁਰੂ ਹੋ ਗਿਆ ਸ਼ਬਦੀ ਯੁੱਧ।
ਹੁਣ ਸੋਚਦਾ ਹਾਂ ਕਿ ਐਵੇਂ ਗੱਲ ਵਧਾਈ, ਕੁੱਝ ਪਲ ਚੁੱਪ ਹੀ ਰਹਿੰਦਾ ਤਾਂ ਗੱਲ ਆਈ ਗਈ ਹੋ ਜਾਣੀ ਸੀ। ਹੁਣ ਨਾਲੇ ਆਪਣਾ ਦਿਨ ਖਰਾਬ ਕੀਤਾ ਨਾਲੇ ਰਵਿੰਦਰ ਦਾ।
ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ।ਮੇਰੇ ਨਾਲ ਵਾਲੇ ਟੇਬਲ ‘ਤੇ ਕੰਮ ਕਰ ਰਹੀ ਕੁਲੀਗ ਦੀ ਲੈਪਟਾਪ ਦੇ ਬਟਨਾਂ ‘ਤੇ ਕੀਤੀ ਜਾਂਦੀ ਟਿਕ ਟਿਕ ਸਿਰ ‘ਚ ਵੱਜ ਰਹੀ ਹੈ। ਜੀਅ ਕੀਤਾ ਇਸ ਨੂੰ ਕਹਾਂ ਕੁੱਝ ਸਮਾਂ ਕੰਮ ਬੰਦ ਕਰ ਦੇਵੇ, ਮੇਰਾ ਸਿਰ ਦੁਖਣ ਲੱਗਿਆ ਪਿਆ।
ਵੈਸੇ ਕਹਿਣ ਦਾ ਕੋਈ ਫਾਇਦਾ ਨਹੀਂ ਇਹਨੇ ਖੀ-ਖੀ ਕਰਦੀ ਨੇ ਕਹਿਣਾ ‘ਚੰਗਾ ਸ਼ਰਮਾ ਜੀ ਫਿਰ ਚਾਹ ਮੰਗਵਾ ਲਵੋ। ਦੋ ਮਿੰਟ ਆਪਾਂ ਗੱਲਾਂ ਹੀ ਕਰ ਲਵਾਂਗੇ’ ਤੇ ਦੁਨੀਆਂ ਜਹਾਨ ਦੀਆਂ ਗੱਲਾਂ ਕਰਦੀ ਨੇ ਮੇਰਾ ਸਿਰ ਊਂਈ ਖਾਹ ਜਾਣਾ।
ਚਾਹ ਤੋਂ ਯਾਦ ਆਇਆ ਸਵੇਰ ਦੀ ਚਾਹ ਵੀ ਨਹੀਂ ਪੀਤੀ।ਅੱਜ ਤਾਂ ਘਰੋਂ ਰੋਟੀ ਵੀ ਨਹੀਂ ਲੈ ਕੇ ਆਇਆ।ਰਵਿੰਦਰ ਨੇ ਰੋਟੀ ਬਣਾ ਤਾਂ ਦਿੱਤੀ ਸੀ ਪਰ ਗੁੱਸੇ ਵਿੱਚ ਨਾ ਮੈਂ ਖਾਧੀ ਨਾ ਟਿਫਨ ਹੀ ਚੱਕਿਆ।
ਇਸ਼ਾਰੇ ਨਾਲ ਪੀਅਨ ਨੂੰ ਚਾਹ ਲਈ ਕਹਿੰਦਾ ਹਾਂ।
ਚਾਹ ਆ ਗਈ ਦਿਨ ਦੀ ਪਹਿਲੀ ਚਾਹ ਅਸੀਂ ਇਕੱਠੇ ਹੀ ਪੀਂਦੇ ਹਾਂ ਪਤਾ ਨਹੀਂ ਰਵਿੰਦਰ ਨੇ ਚਾਹ ਪੀਤੀ ਹੋਣੀ ਆ ਜਾਂ ਨਹੀਂ… ਸੋਚਦਾ ਚਾਹ ਦੇ ਕੱਪ ਵਿੱਚੋਂ ਉੱਠਦੀ ਭਾਫ ਵੱਲ ਦੇਖਣ ਲੱਗਦਾ ਹਾਂ।
“ਕੀ ਸੁੰਘਦੇ ਹੁੰਦੇ ਹੋ, ਇਸ ਭਾਫ ਵਿੱਚੋਂ?
” ਇਸਦੇ ਅੰਦਰਲੀ ਮਹਿਕ ਨੂੰ ”
” ਕਿਉਂ?”
” ਇਹ ਸਾਡੇ ਪਿਆਰ ਦੀ ਗਵਾਹ ਬਣਦੀ ਹੈ।”
” ਤੁਸੀਂ ਵੀ ਨਿੱਕੀ ਜਿਹੀ ਗੱਲ ਦਾ ਗਲਾਦੜ ਬਣਾ ਦਿੰਦੇ ਹੋ।”ਰਵਿੰਦਰ ਦੀ ਖਿੜ-ਖੜ੍ਹਾ ਕੇ ਕਹੀ ਗੱਲ ਚੇਤੇ ਕਰ ਮੈਂ ਮੁਸਕਰਾ ਪਿਆ।
ਨਾਲ ਦੀ ਕੁਲੀਗ ਦੇ ਹਾਸੇ ਨੇ ਮੇਰੀ ਬਿਰਤੀ ਭੰਗ ਕਰ ਦਿੱਤੀ ਉਹ ਕਿਸੇ ਨਾਲ ਫੋਨ ‘ਤੇ ਗੱਲਾਂ ਵਿੱਚ ਲੱਗ ਗਈ ਸੀ।
ਹੱਸਦੀ ਤਾਂ ਰਵਿੰਦਰ ਵੀ ਬਹੁਤ ਖੁੱਲ੍ਹ ਕੇ ਹੈ ਪਰ ਹੁਣ ਤਾਂ ਘਰ ਉਦਾਸ ਬੈਠੀ ਹੋਊ ਸੋਚ ਮੇਰਾ ਹੱਥ ਆਪਣੇ ਆਪ ਜੇਬ ਵਿਚ ਫੋਨ ਵੱਲ ਚਲਿਆ ਗਿਆ।
‘ਨਹੀਂ ਉਹ ਵੀ ਫੋਨ ਕਰ ਸਕਦੀ ਸੀ’। ਸੋਚ ਇਕ ਵਾਰ ਮੈਂ ਫੋਨ ਤੋਂ ਹੱਥ ਵਾਪਸ ਖਿੱਚ ਲੈਂਦਾ ਹਾਂ। ਦਿਲ ਕਾਹਲਾ ਪੈਣ ਲੱਗਦਾ ਹੈ ਹੱਥ ਫਿਰ ਫੋਨ ਵੱਲ ਚਲਿਆ ਜਾਂਦਾ ਹੈ ਤੇ ਆਖਿਰ ਮੈਂ ਫੋਨ ਕੱਢ ਲੈਂਦਾ ਹਾਂ।
ਫੋਨ ਬੰਦ ਪਿਆ ਹੈ, ਮੈਂ ਹੀ ਸਵੇਰੇ ਘਰੋਂ ਨਿਕਲਦੇ ਨੇ ਫੋਨ ਬੰਦ ਕਰ ਦਿੱਤਾ ਸੀ। ਗੁੱਸੇ ਵਿੱਚ ਰਵਿੰਦਰ ਨੂੰ ਹੋਰ ਖਿਝਾਉਣ ਤੇ ਪ੍ਰੇਸ਼ਾਨ ਕਰਨ ਲਈ। ਫੋਨ ਚਾਲੂ ਕਰ ਰਵਿੰਦਰ ਨੂੰ ਫੋਨ ਲਗਾਉਂਦਾ ਹਾਂ।
ਓਧਰੋਂ ਉਦਾਸ ਜਿਹੀ ‘ਹੈਲੋ’ ਆਉਂਦੀ ਹੈ।
“ਚਾਹ ਪੀਣ ਲੱਗਿਆ ਹਾਂ।”
“ਫਿਰ…?”
“ਤੂੰ ਵੀ ਬਣਾ ਲੈ ਦੋਵੇਂ ਇਕੱਠੇ ਪੀਵਾਂਗੇ।”
“ਦੋ ਵਾਰ ਬਣਾ ਕੇ ਠੰਡੀ ਕਰ ਲਈ।” ਫਿਰ ਬੋਝਲ ਜਿਹੀ ਆਵਾਜ।
“ਕਿਉੰ ਪੀਤੀ ਨਹੀਂ ਫਿਰ?”
“ਤੁਸੀਂ ਫੋਨ ਹੀ ਬੰਦ ਕਰੀ ਬੈਠੇ ਹੋ।” ਕਹਿੰਦੇ ਹੋਏ ਓਹ ਹਲਕਾ ਜਿਹਾ ਮੁਸਕਰਾਉਂਦੀ ਹੈ।
“ਚੱਲ ਚੱਕ ਕੱਪ ਫਿਰ ਅੱਜ ਠੰਡੀ ਚਾਹ ਹੀ ਪੀਂਦੇ ਹਾਂ, ਸੀਤ ਯੁੱਧ ਦੀ ਸਮਾਪਤੀ ਉੱਤੇ।” ਕਹਿੰਦਾ ਹੋਇਆ ਮੈਂ ਹੱਸ ਪਿਆ ਅਤੇ ਚਾਹ ਦੇ ਗਲਾਸ ਨੂੰ ਹੱਥ ਪਾ ਲਿਆ।
” ਤੁਸੀਂ ਵੀ ਨਾ ਬਸ ਨਿੱਕੀ ਜਿਹੀ…” ਕਹਿੰਦੇ ਹੋਏ ਰਵਿੰਦਰ ਖੁੱਲ੍ਹ ਕੇ ਹੱਸ ਪੈਂਦੀ ਹੈ।
ਚਾਹ ਵਿੱਚੋਂ ਭਾਫ ਤਾਂ ਨਹੀਂ ਉੱਠ ਰਹੀ ਪਰ ਮਹਿਕ ਬਰਾਬਰ ਆ ਰਹੀ ਹੈ।

Leave a Reply

Your email address will not be published. Required fields are marked *