ਏ.ਟੀ.ਐਮ ਭਾਗ – ਪਹਿਲਾ | ATM Part 1

ਐਤਵਾਰ ਨੂੰ ਦਫ਼ਤਰ ਤੋਂ ਛੁੱਟੀ ਹੋਣ ਕਾਰਨ, ਮੈਂ ਅਕਸਰ ਸਵੇਰੇ ਦੇਰੀ ਨਾਲ ਹੀ ਉਠਦਾ ਹਾਂ। ਹਾਲਾਂਕਿ, ਬਾਪੂ ਜੀ ਨੂੰ ਸ਼ੁਰੂ ਤੋਂ ਹੀ ਜਲਦੀ ਉੱਠਣ ਦੀ ਆਦਤ ਹੈ। ਇਸ ਲਈ ਹਰਜੀਤ (ਮੇਰੀ ਘਰਵਾਲੀ) ਥੋੜਾ ਜਲਦੀ ਉਠਕੇ, ਬਾਪੂ ਜੀ ਲਈ ਚਾਹ ਨਾਸ਼ਤਾ ਬਣਾ ਦਿੰਦੀ ਹੈ।
ਅੱਜ ਵੀ ਐਤਵਾਰ ਦਾ ਦਿਨ ਸੀ। ਤੇ ਹਰਜੀਤ ਦੇ ਫੋਨ ਦਾ ਅਲਾਰਮ ਵੱਜਣ ਵਿਚ ਹਾਲੇ ਅੱਧਾ ਘੰਟਾ ਬਾਕੀ ਸੀ। ਕਿ ਇੰਨੇ ਨੂੰ ਸਾਡੇ ਕਮਰੇ ਦਾ ਦਰਵਾਜਾ ਖਟਕਣ ਲੱਗਾ।
ਪੂਰੇ ਹਫ਼ਤੇ ਦਫ਼ਤਰ ਵਿੱਚ ਮੱਥਾ ਖਪਾਉਣ ਕਰਕੇ, ਮੇਰੇ ਅੰਦਰ ਬਿਸਤਰ ਤੋਂ ਉਠਕੇ, ਦਰਵਾਜ਼ਾ ਖੋਲ੍ਹਣ ਦੀ ਹਿੰਮਤ ਨਹੀਂ ਸੀ। ਇਸ ਲਈ ਮੈਂ ਆਪਣੇ ਨਾਲ ਪਈ ਹਰਜੀਤ ਨੂੰ ਆਵਾਜ਼ ਮਾਰਦਿਆਂ, ਕਮਰੇ ਦਾ ਦਰਵਾਜ਼ਾ ਖੋਲ੍ਹਣ ਲਈ ਕਿਹਾ।
ਅੱਗੋਂ ਹਰਜੀਤ ਵੀ ਮੂੰਹ ਵਿੱਚ ਬੜਬੜ ਕਰਦੀ ਦਰਵਾਜ਼ਾ ਖੋਲ੍ਹਣ ਚਲੀ ਗਈ। ਜਦਕਿ, ਚੰਦ ਹੀ ਸੈਕਿੰਡਾਂ ਬਾਅਦ ਉਸਨੇ, ਮੈਨੂੰ ਉੱਚੀ ਆਵਾਜ਼ ਲਗਾਉਂਦਿਆਂ ਉਠਾ ਦਿੱਤਾ।
ਮੈਂ ਜਦ ਆਪਣੀਆਂ ਅੱਖਾਂ ਖੋਲ੍ਹੀਆਂ, ਤਾਂ ਕਮਰੇ ਵਿਚ ਹਰਜੀਤ ਦੇ ਨਾਲ ਬਾਪੂ ਜੀ ਨੂੰ ਖਲੋਤਾ ਵੇਖਿਆ। ਜਿਹਨਾਂ ਨੂੰ ਵੇਖਕੇ ਮੈਂ ਤ੍ਰਬਕ ਕੇ ਬੈਡ ਤੋਂ ਉਠਕੇ ਬੈਠ ਗਿਆ। ਤੇ ਬਾਪੂ ਜੀ ਦੇ ਪੈਰੀਂ ਹੱਥ ਲਾਉਂਦਾ ਬੋਲਿਆ, “ਸਤਿ ਸ੍ਰੀ ਅਕਾਲ ਡੈਡੀ ਜੀ।”
“ਸਤਿ ਸ੍ਰੀ ਆਕਾਲ ਪੁੱਤਰਾਂ… ਮੁਆਫ਼ ਕਰੀਂ ਮੈਂ ਇੰਨੀਂ ਸਵੇਰੇ ਆਕੇ ਤੇਰੀ ਨੀਂਦ ਖ਼ਰਾਬ ਕਰ ਦਿੱਤੀ।” ( ਬਾਪੂ ਜੀ ਨੇ ਮੁਸਕੁਰਾਉਂਦੇ ਹੋਏ ਕਿਹਾ। )
“ਕੋਈ ਗੱਲ ਨਹੀਂ ਡੈਡੀ, ਵੈਸੇ ਵੀ ਮੈਂ ਉਠਣ ਹੀ ਲੱਗਾ ਸੀ।” ਬੈਡ ਤੋਂ ਉਠਕੇ, ਮੈਂ ਚੱਦਰ ਠੀਕ ਕਰਦਾ ਬੋਲਿਆ। “ਅੱਛਾ, ਕੋਈ ਕੰਮ ਸੀ ਕਿ ਤੁਹਾਨੂੰ ਮੇਰੇ ਨਾਲ??”
ਬਾਪੂ ਜੀ ਕੋਈ ਜਵਾਬ ਦਿੰਦੇ, ਇਸਤੋਂ ਪਹਿਲਾਂ ਹੀ ਹਰਜੀਤ ਮੈਨੂੰ, ਬਾਪੂ ਜੀ ਦਾ ਮੋਬਾਈਲ ਦਿਖਾਕੇ ਬੋਲੀ, “ਇਹ ਦੇਖੋਂ, ਡੈਡੀ ਜੀ ਨੂੰ ਰਾਤੀਂ ਬੈਂਕ ਵੱਲੋਂ ਦੋ ਮੈਸੇਜ ਆਏ ਹਨ। ਜਿਹਨਾਂ ਵਿਚ 2 ਵਾਰੀ ਪੈਸੇ ਕਢਵਾਉਣ ਦਾ ਜ਼ਿਕਰ ਹੈ।”
ਹਰਜੀਤ ਦੀ ਗੱਲ ਸੁਣਦਿਆਂ ਹੀ, ਮੈਂ ਫਟਾਫਟ ਉਸਦੇ ਹੱਥ ਵਿਚੋਂ ਫੋਨ ਫੜਕੇ, ਮੈਸਜ ਨੂੰ ਪੜ੍ਹਨ ਲੱਗਾ। ਜਿਸ ਵਿਚ ਲਿਖਿਆ ਸੀ; “Dear **** user, Rs.40,000 withdrawn at *** ATM ********** from A/cX××× on 21OCT23 Transaction Number ****. Available Balance Rs.1,57,380. If not withdrawn by you, forward this SMS to ********** / call ********** or ********** to block your card. Call ******** if cash not received.”
ਮੈਂ ਜਦ ਗੌਰ ਨਾਲ ਦੇਖਿਆ, ਤਾਂ ਇਹੀ ਮੈਸਜ ਦੋ ਵਾਰ ਆਇਆ ਹੋਇਆ ਸੀ। ਇਕ 21 ਅਕਤੂਬਰ ਰਾਤ 11.58 ‘ਤੇ, ਜਿਸ ਵਿਚ 38 ਹਜ਼ਾਰ ਰੁਪਏ ਕਢਵਾਉਣ ਦਾ ਜ਼ਿਕਰ ਸੀ। ਜਦਕਿ, ਦੂਜਾ ਮੈਸਜ 22 ਅਕਤੂਬਰ ਤੜਕੇ 12.02 ‘ਤੇ ਆਇਆ ਸੀ। ਜਿਸ ਵਿਚ 40 ਹਜ਼ਾਰ ਰੁਪਏ ਕਢਵਾਉਣ ਦਾ ਜ਼ਿਕਰ ਸੀ। ਜਾਣੀਕਿ, ਮਹਿਜ਼ 4 ਮਿੰਟਾਂ ਦੇ ਅੰਦਰ ਹੀ, 78 ਹਜ਼ਾਰ ਰੁਪਏ ਕਢਵਾਏ ਗਏ ਸਨ।
ਇਹਨਾਂ ਮੈਸਜਾ ਨੂੰ ਪੜ੍ਹਨ ਦੇ ਬਾਅਦ, ਮੈਂ ਬਾਪੂ ਜੀ ਵੱਲ ਹੈਰਾਨੀ ਨਾਲ ਦੇਖਦੇ ਹੋਏ ਪੁਛਿਆ, “ਇਹ ਕੀ ਡੈਡੀ, ਤੁਸੀਂ Atm ਵਿਚੋਂ 78 ਹਜ਼ਾਰ ਰੁਪਏ ਕਢਵਾਏ ਹਨ। ਇੰਨੇਂ ਪੈਸਿਆਂ ਦੀ ਕੀ ਜ਼ਰੂਰਤ ਪੈ ਗਈ ਤੁਹਾਨੂੰ??”
ਮੇਰੀ ਗੱਲ ਸੁਣਕੇ, ਬਾਪੂ ਜੀ ਆਪਣਾ ਸਿਰ ਫੇਰਦਿਆਂ ਬੋਲੇ, “ਮੈਂ ਕਿਓਂ ਕਢਵਾਉਣੇ ਨੇ ਇੰਨੇਂ ਪੈਸੇ ਪੁੱਤਰਾਂ। ਮੈਂ ਤਾਂ ਸਿਰਫ਼ ਦੋ ਹਜ਼ਾਰ ਕਢਵਾਏ ਸੀ ਕੱਲ੍ਹ ਦੁਪਹਿਰ ਨੂੰ।”
ਬਾਪੂ ਜੀ ਦੀ ਗੱਲ ਸੁਣਕੇ, ਮੈਂ ਥੋੜ੍ਹਾ ਸੋਚਾਂ ਵਿਚ ਖੁੱਭ ਗਿਆ। ਤੇ ਮੱਧਮ ਸੁਰ ਵਿਚ ਬੋਲਿਆ; “ਚਲੋਂ ਤੁਸੀਂ ਐਦਾਂ ਕਰੋਂ, ਮੈਨੂੰ ਆਪਣਾ Atm card ਲਿਆਕੇ ਵਿਖਾਓ। ਫਿਰ ਆਪਾਂ ਬੈਂਕ ਵਾਲਿਆਂ ਨੂੰ ਇਸਦੇ ਬਾਰੇ complaint ਪਾਉਂਦੇ ਹਾਂ।”
3-4 ਮਿੰਟਾਂ ਬਾਅਦ, ਬਾਪੂ ਜੀ ਆਪਣਾ Atm card ਲੈ ਆਏ। ਜਿਸਨੂੰ ਜਦ ਮੈਂ ਆਪਣੇ ਹੱਥ ਵਿੱਚ ਫੜਕੇ ਵੇਖਿਆ, ਤਾਂ ਉਸਦੇ ਉਤੇ ਕਿਸੇ ਹੋਰ ਦਾ ਨਾਮ ਲਿਖਿਆ ਹੋਇਆ ਸੀ।
“Manoj Sharma… ਇਹ ਕਿਸਦਾ atm card ਦੇ ਰਹੇ ਹੋ ਤੁਸੀਂ ਮੈਨੂੰ। ਮੈਂ ਤੁਹਾਡਾ atm ਕਾਰਡ ਮੰਗਿਆਂ ਹੈ।”
ਮੇਰੀ ਗੱਲ ਸੁਣਕੇ, ਬਾਪੂ ਜੀ ਨੇ ਮੇਰੇ ਹੱਥ ਵਿਚੋਂ atm card ਫੜਦਿਆਂ ਕਿਹਾ, “ਹੈਂਅ, ਇਹ ਕਿਸਦਾ atm card ਹੈ। ਮੈਂ ਤਾਂ ਆਪਣੇ ਪਰਸ ਵਿਚੋਂ ਕੱਢਕੇ ਲਿਆਂਦਾ ਹੈ।”
“ਫ਼ਿਕਰ ਨਾ ਕਰੋ ਬਾਪੂ ਜੀ, ਕਿਸੇ ਹੋਰ ਨਾਲ ਬਦਲੀ ਹੋ ਗਿਆ ਹੋਵੇਗਾ।” ਅਚਾਨਕ ਸਾਡੇ ਕੋਲ ਖੜ੍ਹੀ ਹਰਜੀਤ ਬੋਲੀ।
ਹਰਜੀਤ ਦੇ ਇੰਨਾ ਕਹਿਣ ਦੀ ਦੇਰ ਸੀ, ਕਿ ਬਾਪੂ ਜੀ ਇਕਦਮ ਉਚੇ ਸੁਰ ਵਿਚ ਬੋਲੇ; “ਹਾਂ ਹਾਂ, ਕੱਲ੍ਹ ਬੈਂਕ ਦੇ atm ਅੰਦਰ, ਜਦ ਮੈਂ ਪੈਸੇ ਕਢਵਾਉਣ ਗਿਆ ਸੀ। ਤਾਂ ਉਥੇ ਮੇਰਾ atm card ਹੇਠਾਂ ਡਿੱਗ ਗਿਆ ਸੀ। ਜਿਸਨੂੰ ਇਕ ਤੇਰੇ ਵਾਂਗ ਜਵਾਨ ਮੁੰਡੇ ਨੇ ਮੈਨੂੰ ਥੱਲਿਓਂ ਚੁੱਕ ਕੇ ਫੜਾਇਆ ਸੀ। ਸ਼ਾਇਦ ਓਸੇ ਨਾਲ ਹੀ ਮੇਰਾ Atm card ਬਦਲੀ ਹੋ ਗਿਆ ਹੋਵੇਗਾ।”
“ਓ ਹੋ ਡੈਡੀ, ਤੁਸੀਂ ਇਹ ਗੱਲ ਮੈਨੂੰ ਕੱਲ੍ਹ ਕਿਓਂ ਨੀ ਦੱਸੀ। ਹੁਣ ਤਾਂ ਅਗਲਾ ਮਜ਼ੇ ਨਾਲ ਤੁਹਾਡੇ atm card ਵਿਚੋਂ ਪੈਸੇ ਕਢਵਾ ਰਿਹਾ ਹੈ।” ਇੰਨਾ ਕਹਿਕੇ, ਮੈਂ ਆਪਣੇ ਮੱਥੇ ਨੂੰ ਫੜ ਲਿਆ।
“ਚਲੋਂ ਛੱਡੋ ਤੁਸੀਂ ਇਹਨਾਂ ਗੱਲਾਂ ਨੂੰ। ਤੇ ਸਭਤੋਂ ਪਹਿਲਾਂ ਬੈਂਕ ਨੂੰ ਮੈਸਜ ਕਰਕੇ ਡੈਡੀ ਜੀ ਦਾ ATM CARD block ਕਰਵਾਓ। ਵਰਨਾ ਉਸ ਚੋਰ ਨੇ ਹੋਰ ਪੈਸੇ ਕਢਵਾ ਲੈਣੇ ਨੇ।” ਮੇਰੇ ਹੱਥ ਵਿੱਚ ਬਾਪੂ ਜੀ ਦਾ ਫੋਨ ਫੜਾਉਂਦੀ, ਹਰਜੀਤ ਬੋਲੀ।
ਹਰਜੀਤ ਦੀ ਗੱਲ ਸੁਣਕੇ, ਮੈਂ ਦੁਬਾਰਾ ਤੋਂ ਬਾਪੂ ਜੀ ਦੇ ਫੋਨ ਵਿੱਚ ਬੈਂਕ ਵੱਲੋਂ ਆਏ ਮੈਸਜ ਖੋਲੇ। ਤੇ ਉਸ ਮੈਸਜ ਨੂੰ ਅੱਗੇ ਬੈਂਕ ਨੰਬਰ ਉਤੇ forward ਕਰਕੇ, ਬਾਪੂ ਜੀ ਦੇ ATM CARD ਨੂੰ ਬਲੋਕ ਕਰਵਾ ਦਿੱਤਾ।
ਐਤਵਾਰ ਦਾ ਦਿਨ ਹੋਣ ਕਾਰਨ, ਬੈਂਕ ਅੱਜ ਬੰਦ ਸੀ। ਇਸ ਲਈ ਮੈਂ ਬਿਨਾਂ ਹੋਰ ਵਕ਼ਤ ਗਵਾਏ, ਬਾਪੂ ਜੀ ਨੂੰ ਨਾਲ ਲੈਕੇ, ਸਿੱਧਾ ਪੁਲਿਸ ਸਟੇਸ਼ਨ ਚਲਾ ਗਿਆ। ਤੇ ਪੂਰੀ ਵਾਰਦਾਤ ਨੂੰ step by step ਲਿਖਵਾ ਦਿੱਤਾ।
ਹਾਲਾਂਕਿ, ਪੁਲਿਸ ਸਟੇਸ਼ਨ ਵਾਲੇ ਪਹਿਲਾਂ, FIR ਲਿਖਣ ਤੋਂ ਇਨਕਾਰ ਕਰ ਰਹੇ ਸਨ। ਪਰ ਫਿਰ ਜਦ ਮੈਂ ਸਾਡੇ ਨਗਰ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਕੋਲੋਂ ਫੋਨ ਕਰਵਾਇਆ, ਤਾਂ ਉਹਨਾਂ ਨੇ FIR ਲਿਖ ਦਿੱਤੀ।
ਪੁਲਿਸ ਸਟੇਸ਼ਨ ਵਿਚ FIR ਲਿਖਵਾਉਣ ਦੇ ਬਾਅਦ, ਮੈਂ ਬਾਪੂ ਜੀ ਨਾਲ ਸਿੱਧਾ ਉਸ ਬੈਂਕ ਦੇ ATM ਗਿਆ। ਜਿਥੇ ਕਿ ਬਾਪੂ ਜੀ ਨਾਲ ਇਹ ਵਾਰਦਾਤ ਹੋਈ ਸੀ।
Atm room ਦੇ ਅੰਦਰ ਜਾਕੇ, ਮੇਰੀ ਨਜ਼ਰ ਸਭਤੋਂ ਪਹਿਲਾਂ ਉਥੇ ਲੱਗੇ ਦੋ ਕੈਮਰਿਆਂ ਉਤੇ ਪਈ। ਜਿਹਨਾਂ ਉਤੇ ਜਗ ਰਹੀ ਲਾਲ ਬੱਤੀ, ਇਸ ਗੱਲ ਦਾ ਸਬੂਤ ਸੀ, ਕਿ ਦੋਨੋਂ ਕੈਮਰੇ ਬਿਲਕੁਲ ਸਹੀ ਤਰ੍ਹਾਂ ਚਲ ਰਹੇ ਹਨ।
ਕੈਮਰਿਆਂ ਦੇ ਚਲਦੇ ਹੋਣ ਨਾਲ ਮੈਨੂੰ ਥੋੜ੍ਹੀ ਤਸੱਲੀ ਹੋ ਗਈ, ਕਿ ਮੈਂ ਕੱਲ੍ਹ ਪੁਲਿਸ ਦੇ ਨਾਲ ਆਕੇ, ਸ਼ਨੀਵਾਰ ਦੀ CCTV footage ਕਢਵਾਉਣ ਮਗਰੋਂ, ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਨੂੰ ਫੜ ਲਵਾਂਗਾ। ਏਸੇ ਭਰੋਸੇ ਨਾਲ ਮੈਂ ਬਾਪੂ ਜੀ ਨੂੰ ਨਾਲ ਲੈਕੇ, ਵਾਪਸ ਘਰ ਆ ਗਿਆ।
ਅਗਲਾ ਭਾਗ ਜਲਦ ਹੀ
ਲੇਖਕ – #ਸਰਦਾਰ_ਮਨਪ੍ਰੀਤ_ਸਿੰਘ

Leave a Reply

Your email address will not be published. Required fields are marked *