ਲਾਲ ਚੂੜਾ | laal chooda

ਉਸ ਦੀ ਕਿਸਮਤ ਵਿੱਚ ਲਾਲ ਚੂੜੀਆਂ ਤੇ ਬਹੁਤ ਸਨ ,ਪਰ ਜਿਸ ਲਾਲ ਚੂੜੇ ਦਾ ਚਾਅ ਸੀ ,ਸ਼ਾਇਦ ਉਹ ਉਸ ਲਈ ਬਣਿਆ ਹੀ ਨਹੀਂ ਸੀ ।ਬਚਪਨ ਤੋਂ ਹੀ ਉਸ ਨੂੰ ਨਵੀਂ ਵਿਆਹੀ ਵਹੁਟੀ ਬਹੁਤ ਚੰਗੀ ਲਗਦੀ ਸੀ ,ਕੋਈ ਵੀ ਪਿੰਡ ਵਿੱਚ ਵਿਆਹ ਹੁੰਦਾ ,ਚਾਹੇ ਕੁੜੀ ਦਾ ਜਾਂ ਮੁੰਡੇ ਦਾ ,ਉਹ ਲਾਲ ਚੂੜਾ ਪਾਈ ਬੈਠੀ ਵਹੁਟੀ ਦੇ ਕੋਲ ਕੋਲ ਬੈਠਦੀ …ਜੇ ਕਦੇ ਕਿਸੇ ਰਿਸ਼ਤਦਾਰੀ ਵਿੱਚ ਵਿਆਹ ਹੁੰਦਾ ਤਾਂ ਫਿਰ ਉਹ ਵਹੁਟੀ ਦੇ ਲਾਲ ਚੂੜੇ ਨੂੰ ਹੱਥ ਲਗਾ ਲਗਾ ਦੇਖਦੀ …ਚੂੜੇ ਨੂੰ ਹੱਥ ਲਗਾ ਕੇ ਉਸ ਨੂੰ ਚਾਅ ਚੜ੍ਹ ਜਾਂਦਾ ਸੋਚਦੀ ਕਦੀ ਨਾ ਕਦੀ ਮੇਰੇ ਹੱਥ ਵੀ ਇਹ ਚੂੜਾ ਹੋਵੇਗਾ ,ਜਵਾਨ ਹੋਈ ਕਦੀ ਬਜ਼ਾਰ ਦੁਕਾਨ ਵਿਚ ਵੀ ਚੂੜਾ ਦੇਖਦੀ ਤਾਂ ਚੱਕ ਲੈਂਦੀ ,ਅਕਸਰ ਕੀਮਤ ਵੀ ਪੁੱਛ ਲੈਂਦੀ ,ਫਿਰ ਆਪਣਾ ਹੱਥ ਫਸਾ ਕੇ ..ਅੰਦਰੋਂ ਅੰਦਰੀ ਖੁਸ਼ ਹੁੰਦੀ ….
ਕਦੀ ਆਪਣੇ ਆਪ ਨੂੰ ਸੁਪਨੇ ਵਿੱਚ ਲਾਲ ਚੂੜਾ ਪਾਈ ਦੇਖਦੀ ,ਜਿਵੇਂ ਚੂੜਾ ਪਾ ਸੁਹਾਗ ਸੇਜ ਤੇ ਬੈਠੀ ਹੋਵੇ …ਤੇ ਉਸ ਦਾ ਰਾਜਕੁਮਾਰ ਇਕੱਲੀ ਇਕੱਲੀ ਵੰਗ ਨੂੰ ਅੱਗੇ ਪਿੱਛੇ ਕਰਦਾ ਉਸ ਚੂੜੇ ਨਾਲ ਖੇਡਦਾ ਹੋਵੇ ।ਅੱਖ ਖੁੱਲਦੀ ਤੇ ਆਪ ਹੀ ਸ਼ਰਮਾ ਜਾਂਦੀ ।ਜਿਵੇਂ ਸੱਚੀ ਸੇਜ ਤੇ ਬੈਠੀ ਹੋਵੇ ।
ਘਰ ਵਿੱਚ ਮਾਂ ਪਾਪਾ ਤੇ ਦਾਦੀ ਸੀ ,ਸਭ ਉਸ ਨੂੰ ਬਹੁਤ ਪਿਆਰ ਕਰਦੇ ਸੀ ….ਹੁਣ ਉਹ ਕਾਲਜ ਜਾਣ ਲੱਗ ਗਈ ਸੀ …ਮਾਂ ਕਿੰਨੀਆਂ ਹਦਾਇਤਾਂ ਦੇ ਕੇ ਤੋਰਦੀ ….ਪਰ ਜਵਾਨੀ ਕਿਥੇ ਸੁਣਦੀ ਕੁੱਛ ….ਕਰ ਬੈਠੀ ਸੀ ਉਹ ਵੀ ਪਿਆਰ……ਮੁੰਬਈ ਵਿੱਚ ਰਹਿੰਦੇਂ ਆਪਣੇ ਹੀ ਪਿੰਡ ਦੇ ਇਕ ਮੁੰਡੇ ਨਾਲ ,ਜਿਸ ਦੇ ਕੋਈ ਅੱਗੇ ਪਿੱਛੇ ਨਹੀਂ ਸੀ ,ਬਸ ਇਕ ਇਥੇ ਘਰ ਸੀ ,ਜਿੱਥੇ ਆ ਕੇ ਕੁੱਛ ਦਿਨ ਰੁਕ ਜਾਂਦਾ ਸੀ ….ਕੋਈ ਵੀ ਇਸ ਵਿਆਹ ਲਈ ਰਾਜ਼ੀ ਨਹੀਂ ਸੀ ….ਉਸ ਨੂੰ ਪੜ੍ਹਨੋ ਹਟਾ ਲਿਆ ,ਘਰ ਬੰਦ ਕਰ ਦਿੱਤਾ …ਪਰ ਓਹ ਪਿਆਰ ਵਿੱਚ ਪਾਗਲ ਸੀ .. ਭੱਜ ਗਈ ਸੀ ਉਸ ਮੁੰਡੇ ਨਾਲ ….ਮੁੰਬਈ ਵਿੱਚ ਉਹ ਕਿਥੇ ਰਹਿੰਦਾ ਕਿਸੇ ਨੂੰ ਨਹੀਂ ਪਤਾ ਸੀ ,ਕਿੱਥੇ ਲੱਭਦੇ ….ਉਹ ਸਾਰੇ ਰਾਹ ਉਸ ਮੁੰਡੇ ਨਾਲ. …ਵਿਆਹ ਤੇ ਚੂੜੇ ਦੀਆ ਗੱਲਾਂ ਕਰਦੀ ਰਹੀ….ਮੁੰਡਾ ਵੀ ਸੁਣਦਾ ਰਿਹਾ ….ਚੁੱਪ ਚਾਪ
ਉਹ ਮੁੰਡੇ ਦੀ ਚੁੱਪ ਦਾ ਭੇਦ ਨਾ ਪਾ ਸਕੀ ..ਅਖੀਰ ਮੁੰਬਈ ਪਹੁੰਚ ….ਉਸ ਨੂੰ ਇਕ ਕੋਠੇ ਤੇ ਛੱਡ ਦਿੱਤਾ ਤੇ ਕਿਹਾ ਕੁੱਛ ਦਿਨ ਇਥੇ ਰਹਿ ਮਾਸੀ ਕੋਲ ,ਜਦ ਤੱਕ ਆਪਣਾ ਵਿਆਹ ਨਹੀਂ ਹੋ ਜਾਂਦਾ ।ਉਹ ਅਨਭੋਲ ਕੋਠੇ ਬਾਰੇ ਕੀ ਜਾਣੇ ,ਖੁਸ਼ੀ ਖੁਸ਼ੀ ਓਥੇ ਰੁਕ ਗਈ ।ਰੋਜ ਮੁੰਡੇ ਦਾ ਇੰਤਜ਼ਾਰ ਕਰਦੀ ,ਪਰ ਉਸ ਕਿੱਥੇ ਆਉਣਾ ਸੀ ….ਹੁਣ ਥੋੜਾ ਬਹੁਤ ਓਥੇ ਤੇ ਮਾਹੌਲ ਨੂੰ ਸਮਝਣ ਲੱਗੀ….ਜਦ ਸਮਝ ਆਈ ,ਬੜੀ ਦੇਰ ਹੋ ਗਈ ਸੀ …ਭੱਜਣ ਦੀ ਕੋਸ਼ਿਸ਼ ਕੀਤੀ ,ਪਰ ਕਿਥੇ ਭਜਣਾ ਸੀ ਜਮਾਂ ਵੱਸ ਪੈ ਗਈ ਸੀ …..ਰੋਂਦੀ ਕੁਰਲਾਉਂਦੀ ….ਕੁੱਛ ਨਾ ਕਰ ਪਾਉਂਦੀ ,ਹਾਰ ਕੇ ਗੋਡੇ ਟੇਕ ਦਿੱਤੇ ….ਹੁਣ ਰੋਜ ਦੁਲਹਨ ਵਾਂਗ ਸਜਦੀ ਹੈ ….ਪੂਰੀ ਬਾਂਹ ਭਰ ਲਾਲ ਚੂੜੀਆਂ ਪਾਉਂਦੀ ਹੈ ….ਕਿਉਂਕਿ ਲਾਲ ਚੂੜਾ ਤੇ ਓਹਦੀ ਕਿਸਮਤ ਤੋਂ ਬਹੁਤ ਦੂਰ ਹੋ ਗਿਆ ਸੀ ।
ਰਜਿੰਦਰ ਕੌਰ

Leave a Reply

Your email address will not be published. Required fields are marked *