ਮਿਠਾਸ | mithaas

“ਵਾਹਗੁਰੂ! ਵਾਹਗੁਰੂ! ਨੀ ਜੀਤੋ। ਆ ਕੀ ਸੁਣਿਐ ਮੈ!ਕੱਲ ਤੁਸੀ ਛਿੰਦੇ ਦਾ ਰਿਸ਼ਤਾ ਨਾਲ ਦੇ ਪਿੰਡ ਦੀ ਸਿਮਰੋ (ਜੀਹਦੀ ਪੱਤ ਪਿਛਲੇ ਸਾਲ ਸਰਪੰਚ ਦੇ ਖੇਤ ਵਿਚ ਮੁੰਡਿਆਂ ਦੁਆਰਾ ਲੁੱਟੀ ਗਈ ਸੀ) ਨਾਲ ਪੱਕਾ ਕਰ ਆਏ ਹੋ??” ਬਿਸ਼ਨੀ ਤਾਈਂ (ਜਗਤ ਤਾਈਂ) ਨੇ ਹੈਰਾਨੀ ਨਾਲ ਪੁੱਛਿਆ।
“ਹਾਂ ਤਾਈਂ ! ਲੈ ਤੇਰਾ ਮੂੰਹ ਮਿੱਠਾ ਕਰਾਵਾ ਨਾਲ਼ੇ ਨਵਾ ਸੂਟ ਸਵਾ ਲੈ ਤੈਨੂੰ ਬਰਾਤੀ ਲੈਕੇ ਜਾਣੈ।” ਜੀਤੋ ਹੱਸਦੀ ਹੋਈ ਬੋਲੀ।
“ਥੋਡਾ ਤਾਂ ਡਮਾਕ ਖਰਾਬ ਹੋ ਗਿਐ।ਕਿੱਥੇ ਸਾਡਾ ਪੜ੍ਹਿਆ ਲਿਖਿਆ ਸੋਹਣਾ ਸੁਨੱਖਾ ਪੁੱਤ ਤੇ ਕਿੱਥੇ ਓ ਮੈਨੂੰ ਤਾਂ ਬੋਲਣ ਵੇਲੇ ਵੀ ਸੰਗ ਆਉਂਦੀ ਐ।” ਤਾਈਂ ਥੋੜਾ ਗ਼ੁੱਸੇ ਵਿੱਚ ਬੋਲੀ।
“ਲੈ ਤਾਈਂ! ਤੂੰ ਐਵੇਂ ਗੁੱਸਾ ਕਰੀ ਜਾਣੀ ਐ। ਕੁੜੀ ਵੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਐ।” ਬਿਸ਼ਨੀ ਅੱਗੇ ਮਿਠਾਈ ਕਰਦੀ ਜੀਤੋ ਬੋਲੀ।
“ਜਾ ਲੈ ਜਾ! ਮੈ ਨੀ ਮੂੰਹ ਕੌੜਾ ਕਰਨਾ।ਸਾਰੇ ਪਿੰਡ ਵਿੱਚ ਥੂ ਥੂ ਹੋਈ ਪਈ ਐ।” ਬਿਸ਼ਨੀ ਨੇ ਬਰਫੀ ਦੀ ਥਾਲੀ ਨੂੰ ਹੱਥ ਮਾਰਿਆ ਤੇ ਬਰਫੀ ਵਿਹੜੇ ਵਿਚ ਖਿੰਡ ਗਈ।
“ਲੈ ਦੱਸ!ਲੋਕਾਂ ਦਾ ਕੰਮ ਐ ਨੁਕਸ ਕੱਢਣਾ।ਤੂੰ ਦੱਸ! ਕੋਈ ਘਾਟ ਪੈ ਗਈ ਕੁੜੀ ਵਿਚ।ਬਸ ਆਪਾਂ ਸੋਚ ਉਸਾਰੂ ਕਰਕੇ ਦੇਖਣੈ।” ਜੀਤੋ ਬਰਫੀ ਇਕੱਠੀ ਕਰਦੀ ਹੋਈ ਨੇ ਆਖਿਆ।
“ਘਾਟ!ਥੋਨੂੰ ਕਿੱਥੇ ਦਿੱਸਦੀ ਐ।ਉਸਾਰੂ ਸੋਚ ਵਾਲਿਆਂ ਨੂੰ।ਕਦੇ ਮਿੱਥੇ ਫੁੱਲ ਵੀ ਖੁਸ਼ਬੂ ਵੰਡਦੇ ਨੇ।ਲੋਕ ਕੂੜੇ ਵਿਚ ਹੂੰਝ ਦਿੰਦੇ ਨੇ ਤੇ ਤੁਸੀ ਉਹਨਾਂ ਨਾਲ ਘਰ ਸਜਾਉਣ ਲੱਗੇ ਜੇ।ਵੱਡੇ ਉਸਾਰੂ ਸੋਚ ਆਲੇ।” ਇਸ ਵਾਰ ਤਾਈਂ ਕੁਝ ਤਲਖ਼ੀ ਵਿਚ ਸੀ।
ਤਾਈਂ!ਮਿੱਥੇ ਫੁੱਲ ਵੀ ਜੇ ਟਾਹਣੀ ਨਾਲ (ਸਮਾਜ ਨਾਲ) ਜੁੜੇ ਰਹਿਣ ਤਾਂ ਖੁਸਬੂ ਵੀ ਵੰਡਦੇ ਨੇ ਤੇ ਦੁਬਾਰਾ ਸੁਰਜੀਤ ਹੋਣ ਦੀ ਤਾਕਤ ਵੀ ਰੱਖਦੇ ਨੇ। ਬਸ ਇਕ ਮੌਕਾ ਚਾਹੀਦੈ।ਜੀਤੋ ਤਾਈਂ ਦਾ ਹੱਥ ਪਲੋਸਦੀ ਹੋਈ ਨੇ ਆਖਿਆ।
ਜੀਤੋ ਦਾ ਜਵਾਬ ਸੁਣਕੇ ,ਮਿੱਟੀ ਨਾਲ ਲਿਬੜੇ ਬਰਫੀ ਦੇ ਟੁਕੜੇ ਨੂੰ ਮੂੰਹ ਵਿੱਚ ਪਾਉਂਦਿਆ ਸੁਰ ਬਦਲ ਕੇ ਤਾਈਂ ਬੋਲੀ,”ਆਪਣਾ ਕੰਮ ਤਾਂ ਸੀ ਸਮਝਾਉਣਾ ਬਾਕੀ ਥੋਡੀ ਮਰਜੀ।ਚਲੋ ਵਧਾਈ ਹੋਵੇ ਥੋਡੇ ਸਾਰੇ ਟੱਬਰ ਨੂੰ।” ਮੂੰਹ ਵਿੱਚ ਘੁੱਲਦੀ ਬਰਫੀ ਤਾਈਂ ਬਿਸ਼ਨੀ ਨੂੰ ਅੱਜ ਇਕ ਵੱਖਰੀ ਹੀ ਮਿਠਾਸ ਦੇ ਰਹੀ ਸੀ।
ਸ਼ੇਰ ਚੰਦ ਕੇਸਰ।

Leave a Reply

Your email address will not be published. Required fields are marked *