ਸ਼ੋਸ਼ਣ | shoshan

ਬਾਹਰਲੇ ਗੇਟ ਦੀ ਬਿੱਲ ਵੱਜਦੀ ਸੁਣ ਕੇ ਹਰਚੰਦ ਕੌਰ ਪੋਰਚ ਵਿੱਚ ਗਈ ਹੈ । ਇਸ ਤੋਂ ਪਹਿਲਾਂ ਕਿ ਉਹ ਪੁੱਛਦੀ ਬਾਹਰੋਂ ਆਵਾਜ਼ ਆਈ , “ਬੀਬੀ ਜੀ, ਕੂੜਾ..। ” ਸੁਣ ਕੇ ਹਰਚੰਦ ਕੌਰ ਪੋਰਚ ਦੀ ਇਕ ਨੁੱਕਰ ਵਿੱਚ ਪਈ ਕੂੜੇ ਵਾਲੀ ਨੂੰ ਚੁੱਕ ਕੇ ਗੇਟ ਖੋਲਦੀ ਹੈ। ਗੋਕਲ ਨੇ ਕੂੜੇ ਵਾਲੀ ਬਾਲਟੀ ਫੜਦਿਆਂ ਤਰਲਾ ਕਰਦਿਆਂ ਕਿਹਾ ,”ਬੀਬੀ ਜੀ, ਇੱਕ ਬੇਨਤੀ ਕਰਨੀ ਏ। ”
“ਹਾਂ ਦੱਸ, ਕੇੜੀ ਬੇਨਤੀ ਕਰਨੀ ਆ ਗੋਕਲਾ। ”
“ਬੀਬੀ ਜੀ, ਤੁਸੀਂ ਅਗਲੇ ਮਹੀਨੇ ਤੋਂ ਸੌ ਦੀ ਬਜਾਏ ਡੇਢ ਸੌ ਦਿਆ ਕਰੋ ਜੀ। ”
“ਕਿਉਂ ਗੋਕਲਾ ਪੈਸੇ ਝਾੜੀਆਂ ਨੂੰ ਲੱਗਦੇ ਨੇ।ਅਖੇ ‘ਕੱਠੇ ਹੀ ਪੰਜਾਹ ਵਧਾ ਦਿਓ ਜੀ ।”
“ਬੀਬੀ ਜੀ, ਸੌ ਰੁਪਏ ਨੂੰ ਕਾਫੀ ਟੈਮ ਹੋ ਗਿਆ ਜੀ। ”
“ਫੇਰ ਕਮੇਟੀ ਵਾਲੇ ਵੀ ਤਾਂ ਤੁਹਾਨੂੰ ਤਨਖਾਹ ਦੇਂਦੇ ਨੇ। ”
“ਕੱਚਿਆਂ ਦੀਆਂ ਕਾਹਦੀਆਂ ਤਨਖ਼ਾਹਾਂ ਬੀਬੀ ਜੀ, ਗੁਜ਼਼ਰ ਬਸਰ ਮਸਾਂ ਹੁੰਦੀ ਆ। ਮਹਿੰਗਾਈ ਦਿਨੋ ਦਿਨ ਵਧਦੀ ਤੁਰੀ ਜਾਂਦੀ ਆ। ” ਗੋਕਲ ਨੇ ਕਹਿੰਦੇ ਹੋਏ ਨੇ ਹਾਉੰਕਾ ਭਰਿਆ ਤੇ ਰੇਹੜੇ ਵਿੱਚ ਕੂੜੇ ਨੂੰ ਫੱਟੀ ਨਾਲ ਠੀਕ ਕਰਨ ਲਗ ਪਿਆ।
“ਚੰਗਾ ਮਾਂ ਮੈ ਚੱਲਦਾ। ” ਅੰਦਰੋਂ ਨਿਕਲਦਿਆਂ ਦਲਵੀਰ ਨੇ ਕਿਹਾ।
“ਪੁੱਤ ਅੱਜ ਏਨੀ ਜਲਦੀ ਜਾਣਾ । ” ਹਰਚੰਦ ਕੌਰ ਨੇ ਹੈਰਾਨੀ ਜਿਹੀ ਨਾਲ ਪੁੱਛਿਆ ।
“ਮਾਂ ਅੱਜ ਸਕੂਲ ਨਹੀਂ ਚੰਡੀਗੜ੍ਹ ਜਾਣਾ, ਆਪਣੇ ਅਧਿਆਪਕ ਸਾਥੀਆਂ ਨਾਲ । ਪੁੱਛਣਾ ਅੱਜ ਉਹਨਾਂ ਨੂੰ ਕਿ ਕਿੰਨਾ ਕੁ ਚਿਰ ਹੋਰ ਨਿਗੂਣੀ ਤਨਖਾਹ ਤੇ ਸਬਰ ਪਰਖੋਗੇ । ” ਇਹ ਕਹਿ ਕੇ ਦਲਵੀਰ ਮੋਟਰਸਾਈਕਲ ਦੀ ਕਿੱਕ ਮਾਰ ਬਾਹਰ ਚਲਾ ਜਾਂਦਾ ਹੈ।
ਹਰਚੰਦ ਕੌਰ ਕਦੇ ਜਾਂਦੇ ਹੋਏ ਪੁੱਤ ਵੱਲ ਦੇਖਦੀ ਹੈ ਤੇ ਕਦੇ ਗੋਕਲ ਵੱਲ। ਕੂੜਾ ਠੀਕ ਕਰਕੇ ਗੋਕਲ ਤੁਰਨ ਲੱਗਦਾ ਹੈ ਤਾਂ ਹਰਚੰਦ ਕੌਰ ਉਸਨੂੰ ਕਹਿੰਦੀ ਹੈ, “ਰੁਕੀਂ ਵੇ ਗੋਕਲਾ ਮੈਂ ਹੁਣੇ ਆਈ । “‘ ਤੇ ਤੇਜੀ ਨਾਲ ਅੰਦਰ ਜਾਂਦੀ ਹੈ ।ਤੇ ਝੱਟ ਬਾਹਰ ਆਉਦੀ ਹੈ। ਤੇ ਗੋਕਲ ਵੱਲ ਪੰਜਾਹ ਰੁਪਏ ਵਧਾਉਂਦਿਆਂ ਕਹਿੰਦੀ ਹੈ, “ਲੈ ਗੋਕਲਾ, ਤੂੰ ਇਸੇ ਮਹੀਨੇ ਤੋਂ ਲੈ ਜਾਇਆ ਕਰ, ਪੰਜਾਹ ਰੁਪਏ। ”
ਹੁਣ ਗੋਕਲ ਚਿਹਰਾ ਖੁਸ਼ੀ ਵਿੱਚ ਚਮਕ ਉੱਠਿਆ ਸੀ।

98783 30324
ਜਗਤਾਰ ਸਿੰਘ ਹਿੱਸੋਵਾਲ

Leave a Reply

Your email address will not be published. Required fields are marked *