ਜਿੰਦਗੀ | zindagi

ਉਹ ਤਿੰਨ ਭੈਣ ਭਰਾਵਾਂ ਵਿਚੋਂ ਸਬ ਤੋਂ ਵੱਡਾ ਸੀ ਜਦੋਂ ਬੇਬੇ ਮੁੱਕ ਗਈ..!
ਆਂਢ ਗਵਾਂਢ ਕਦੇ ਕਦੇ ਰੋਟੀ ਦੇ ਜਾਇਆ ਕਰਦਾ..ਫੇਰ ਆਪ ਹੀ ਪਕਾਉਣੀ ਪੈਂਦੀ..ਰਿਸ਼ਤੇਦਾਰ ਵੀ ਹਮਦਰਦੀ ਦਾ ਦਰਿਆ ਸੁੱਕਦਿਆਂ ਹੀ ਆਪੋ ਆਪਣੇ ਕੰਮਾਂ ਧੰਦਿਆਂ ਵਿਚ ਰੁਝ ਗਏ..!
ਬਾਪ ਤਿਰਲੋਕ ਸਿੰਘ..ਲੱਤ ਵਿਚ ਨੁਕਸ..ਦੋਵੇਂ ਪਿਓ ਪੁੱਤ ਸਾਰਾ ਦਿਨ ਰੋਟੀ ਟੁੱਕ ਪਕਾਉਂਦੇ ਰੋਣ ਹਾਕੇ ਹੋ ਜਾਇਆ ਕਰਦੇ..!
ਕਿਸੇ ਸਲਾਹ ਦਿੱਤੀ..ਤਿਰਲੋਕ ਸਿਓਂ ਦਾ ਦੂਜਾ ਵਿਆਹ ਕਰ ਦਿਓ..!
ਪਰ ਸੁਲਝਿਆ ਹੋਇਆ ਜਜਬਾਤੀ ਜੱਟ ਜਾਣਦਾ ਸੀ ਕੇ ਨਵੀਂ ਆਈ ਨਿੱਕਿਆਂ ਦਾ ਬਹੁਤ ਬੁਰਾ ਹਾਲ ਕਰ ਸਕਦੀ ਏ..ਫੇਰ ਕਿਸੇ ਸਲਾਹ ਦਿੱਤੀ ਕੇ ਆਪਣੇ ਨਾਲੋਂ ਵੱਡੇ ਮੁੰਡੇ ਦਾ ਕਰ ਦੇ..!
ਸਲਾਹ ਜਚ ਗਈ..!
ਫੇਰ ਕਿਸਮਤ ਵਰਤਮਾਨ ਦਾ ਪੱਲਾ ਫੜ ਸਾਰੇ ਟੱਬਰ ਨੂੰ ਅਣਜਾਣੇ ਭਵਿੱਖ ਵੱਲ ਨੂੰ ਲੈ ਤੁਰੀ..ਗੁਰਮੀਤ ਕੌਰ..ਲਾਲ ਸੂਹੇ ਸੂਟ ਵਿਚ ਜਦੋਂ ਵੇਹੜੇ ਪੈਰ ਪਾਇਆ ਤਾਂ ਹਰ ਪਾਸੇ ਲਹਿਰਾਂ ਬਹਿਰਾਂ ਜਿਹੀਆਂ ਹੋ ਗਈਆਂ!
ਰੋਟੀ ਦੀ ਸਮੱਸਿਆ ਹੱਲ ਹੋ ਗਈ..ਵੇਹੜੇ ਵਿਚਲਾ ਹਰ ਵੇਲੇ ਬੁੱਝਣ ਨੂੰ ਫਿਰਦਾ ਚੁੱਲ੍ਹਾ ਹੁਣ ਧੁਖਦਾ ਰਹਿਣ ਲੱਗਾ..ਨਵੀਂ ਆਈ ਭਾਬੀ ਦੇ ਰੂਪ ਵਿਚ ਅੰਞਾਣਿਆਂ ਨੂੰ ਗਵਾਚੀ ਹੋਈ ਮਾਂ ਮਿਲ ਗਈ..ਹੁਣ ਸਾਰੇ ਮੂੰਹ ਮੱਥੇ ਧੋ ਸਵਾਰ ਕੇ ਰੱਖਦੇ..ਸਾਫ ਸੁਥਰੇ ਕੱਪੜੇ ਲੀੜੇ ਪਾਉਂਦੇ!
ਉਹ ਸਾਰੇ ਟੱਬਰ ਨੂੰ ਨਾਲ ਲੈ ਤੁਰੀ..ਲੀਹੋਂ ਲਥੀ ਕਬੀਲਦਾਰੀ ਮੁੜ ਆਪਣੇ ਸਿਰ ਹੋ ਗਈ.ਤੁੱਖਣੀਆਂ ਦੇਣ ਵਾਲੇ ਨਵੀਂ ਵਿਆਹੀ ਨੂੰ ਆਖਦੇ ਤੈਨੂੰ ਤੇ ਪੈਂਦੀ-ਸੱਟੇ ਹੀ ਕਬੀਲਦਾਰੀ ਦੀ ਵੱਡੀ ਪੰਡ ਸਿਰ ਤੇ ਚੁੱਕਣੀ ਪੈ ਗਈ..ਆਪਣੇ ਜਵਾਕ ਹੋਣਗੇ ਤਾਂ ਪਤਾ ਨੀ ਤੇਰਾ ਕੀ ਬਣੂ..!
ਪਰ ਮਾਂ ਦੀ ਧੀ ਅੱਗੋਂ ਹੱਸ ਛੱਡਿਆ ਕਰੇ..!
ਓਹਨਾ ਵੇਲਿਆਂ ਵੇਲੇ ਆਪਣਾ ਖੁਦ ਦਾ ਨਿਆਣਾ ਵੀ ਨਾ ਜੰਮਿਆ ਕੇ ਨਿੱਕੇ ਦਿਓਰ-ਨਣਾਨਾਂ ਅਜੇ ਛੋਟੇ ਨੇ..ਬਾਂਝਪਨ ਅਤੇ ਮਾੜੇ ਚਰਿੱਤਰ ਦੇ ਦੋਸ਼ ਵੀ ਲੱਗੇ ਪਰ ਅਸੂਲਾਂ ਦੀ ਪੱਕੀ ਨੇ ਪ੍ਰਵਾਹ ਨਾ ਕੀਤੀ..ਅੱਜ ਏਨੇ ਵਰ੍ਹਿਆਂ ਬਾਅਦ ਸਾਰੇ ਆਪੋ ਆਪਣੇ ਸਿਰ ਹੋ ਗਏ..ਪੜਾਈਆਂ ਨੌਕਰੀਆਂ ਮਗਰੋਂ ਵਿਆਹ ਵੀ ਕਰ ਦਿੱਤੇ..ਨਣਾਨਾਂ ਵੀ ਧੀਆਂ ਬਣਾ ਵਧੀਆ ਘਰੇ ਤੋਰੀਆਂ..!
ਅੱਜ ਵੀ ਰਿਸ਼ਤੇਦਾਰੀ..ਸਾਕ ਬਰਾਦਰੀ ਅਤੇ ਆਲੇ ਦਵਾਲੇ ਵਿਚ ਅਕਸਰ ਗੱਲਾਂ ਹੁੰਦੀਆਂ ਕੇ ਬੇਗਾਨੇ ਘਰੋਂ ਆਈ ਗੁਰਮੀਤ ਕੌਰ ਨੇ ਸਾਰਾ ਟੱਬਰ ਗਰਕ ਹੋਣੇ ਬਚਾ ਲਿਆ ਏ..!
ਸੋ ਦੋਸਤੋ ਸਿਹਰੇ ਬੰਨ੍ਹਣ ਮਗਰੋਂ ਅਗਿਓਂ ਹਰ ਵਾਰ “ਮੌਤ” ਹੀ ਨਹੀਂ ਟੱਕਰਦੀ..ਕਈ ਵਾਰ ਐਸੀ “ਜਿੰਦਗੀ” ਦੇ ਰੂਬਰੂ ਵੀ ਹੋਣਾ ਨਸੀਬ ਹੋ ਜਾਂਦਾ ਜਿਹੜੀ ਮੁੱਕ ਗਿਆਂ ਵਿਚ ਵੀ ਦੋਬਾਰਾ ਜਾਨ ਪਾਉਣ ਦੀ ਸਮਰਥਾ ਰੱਖਦੀ ਹੁੰਦੀ ਏ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *