ਪੱਗ ਦੀ ਪੂਣੀ ਵੇਲੇ ਆਖਰੀ ਲੜ ਵਿਚ ਦਿੱਤੀ ਪਿੰਨ ਕੱਢ ਲਾਗੇ ਪਰਦੇ ਦੀ ਨੁੱਕਰ ਵਿਚ ਟੰਗ ਦੇਣੀ ਇਹਨਾ ਦੀ ਪੂਰਾਣੀ ਆਦਤ ਸੀ!
ਪੇਚਾਂ ਨਾਲ ਜੂਝਦੇ ਹੋਇਆਂ ਨੂੰ ਪਰਦੇ ਤੇ ਲਾਈਆਂ ਪਿੰਨਾ ਦਾ ਚੇਤਾ ਭੁੱਲ ਜਾਂਦਾ ਤੇ ਮੁੜ ਨਵੀਂ ਕੱਢ ਵਰਤ ਲੈਂਦੇ..ਪੂਰਾਣੀ ਓਥੇ ਹੀ ਲੱਗੀ ਰਹਿ ਜਾਂਦੀ!
ਇਹੀ ਆਦਤ ਅਕਸਰ ਹੀ ਸਾਡੀ ਲੜਾਈ ਦੀ ਵਜਾ ਵੀ ਬਣਿਆ ਕਰਦੀ..!
ਮੈਂ ਅਕਸਰ ਆਖਦੀ ਜੇ ਇਥੇ ਟੰਗੀ ਕਦੀ ਹੇਠਾਂ ਫਰਸ਼ ਤੇ ਡਿੱਗ ਕਿਸੇ ਨਿਆਣੇ ਦੇ ਪੈਰ ਵਿਚ ਚੁੱਬ ਗਈ ਤਾਂ ਡਾਕਟਰ ਕੋਲ ਤੁਹਾਨੂੰ ਹੀ ਲਿਜਾਣਾ ਪੈਣਾ..!
ਇਹ ਅੱਗਿਓਂ ਏਨੀ ਗੱਲ ਆਂਖ ਜਜਬਾਤੀ ਕਰ ਜਾਇਆ ਕਰਦੇ ਕੇ ਮੈਂ ਜਾਣ ਬੁਝ ਕੇ ਹੀ ਓਥੇ ਟੰਗੀ ਰਹਿਣ ਦਿੰਨਾ ਤਾਂ ਕੇ ਤੈਨੂੰ ਮੇਰਾ ਚੇਤਾ ਆਉਂਦਾ ਰਹੇ!
ਅੱਜ ਗਿਆਂ ਨੂੰ ਪੂਰਾ ਇੱਕ ਸਾਲ ਹੋ ਗਿਆ..ਦੋ ਪਿੰਨਾ ਅਜੇ ਵੀ ਪਰਦੇ ਦੀ ਨੁੱਕਰ ਵਿਚ ਉਂਝ ਦੀਆਂ ਉਂਝ ਹੀ ਲੱਗੀਆਂ ਹੋਈਆਂ ਨੇ..ਕੱਢਣ ਨੂੰ ਜੀ ਹੀ ਨਹੀਂ ਕਰਦਾ..!
ਉਲਟਾ ਹਿੱਲਦੇ ਪਰਦੇ ਤੇ ਜਦੋਂ ਵੀ ਕਿਸੇ ਇੱਕ ਦੀ ਵੀ ਪਕੜ ਢਿੱਲੀ ਪੈਣ ਲੱਗਦੀ ਏ ਤਾਂ ਜ਼ੋਰ ਨਾਲ ਦੱਬ ਇਕ ਵਾਰ ਫੇਰ ਚੰਗੀ ਤਰਾਂ ਗੱਡ ਦਿੰਨੀ ਹਾਂ..!
ਨਿਆਣਿਆਂ ਵਾਲਾ ਘਰ ਜੂ ਹੋਇਆ..ਜੇ ਕਿਧਰੇ ਕਿਸੇ ਦੇ ਪੈਰ ਵਿਚ ਚੁੱਬ ਗਈ ਤਾਂ ਹਸਪਤਾਲ ਵੀ ਤਾਂ ਮੈਨੂੰ ਕੱਲੀ ਨੂੰ ਹੀ ਲੈ ਕੇ ਜਾਣਾ ਪੈਣਾ..!
ਦੋਸਤੋ ਜਰੂਰੀ ਨਹੀਂ ਕੇ ਕਿਸੇ ਤੁਰ ਗਏ ਦੀ ਯਾਦ ਕੰਧ ਤੇ ਟੰਗੀਆਂ ਤਸਵੀਰਾਂ ਵੇਖ ਕੇ ਹੀ ਆਉਂਦੀ ਹੋਵੇ..ਅਤੀਤ ਦੇ ਅਹਿਸਾਸ ਭਰੇ ਕੁਝ ਸੁਨਹਿਰੀ ਪਲਾਂ ਵਿਚ ਵੀ ਵਰਤਮਾਨ ਬਣਨ ਦੀ ਕਾਬਲੀਅਤ ਹੁੰਦੀ ਏ!
ਹਰਪ੍ਰੀਤ ਸਿੰਘ ਜਵੰਦਾ