ਓਪਰਾ ਆਦਮੀ | opra aadmi

ਤਰਕਾਲਾਂ ਢਲ ਚੁੱਕੀਆਂ ਸਨ ਤੇ ਜਨੌਰ ਆਪਣੇ ਆਪਣੇ ਆਲਣਿਆਂ ਨੂੰ ਵਾਪਸ ਪਰਤ ਰਹੇ ਸੀ , ਹੁੰਮਸ ਭਰੇ ਜੇਠ ਹਾੜ ਦੇ ਮਹੀਨੇ ਵਿੱਚ ਕਿਤੇ ਕਿਤੇ ਹਵਾ ਦਾ ਬੁੱਲਾ ਆਉਂਦਾ ਜੋ ਕੁੱਝ ਰਾਹਤ ਦਿੰਦਾ । ਕਰਤਾਰਾ ਲੰਬੀ ਵਾਟ ਤੁਰਦਾ ਤੁਰਦਾ ਥੱਕ ਗਿਆ ਸੀ , ਹੁਣ ਉਹਦੀ ਚਾਲ ਵਿੱਚ ਪਹਿਲਾਂ ਵਾਲੀ ਗਤੀ ਨਹੀਂ ਸੀ , ਸੁੰਨੇ ਰਾਹਾਂ ਵਿੱਚ ਦੂਰ ਦੂਰ ਤੱਕ ਕੋਈ ਨਜ਼ਰ ਨੀ ਆ ਰਿਹਾ ਸੀ , ਕਿਧਰੇ ਦੂਰ ਤੋਂ ਕੂਪਰ ਇੰਜਣ ਦੇ ਚੱਲਣ ਦੀ ਮੱਧਮ ਜਿਹੀ ਠਕ ਠਕ ਸੁਣਾਈ ਦਿੰਦੀ, ਗੇਤੀ ਬੀਜੀਆਂ ਮੱਕੀ, ਗਵਾਰਾ ਤੇ ਬਾਜਰੇ ਦੀਆਂ ਫਸਲਾਂ ਨੇ ਚਾਰ ਚੁਫੇਰਾ ਢੱਕ ਰੱਖਿਆ ਸੀ, ਕਿਤੇ ਕਿਤੇ ਹਵਾ ਦੇ ਬੁੱਲੇ ਨਾਲ ਬਾਜਰੇ ਦੇ ਸਿੱਟਿਆਂ ਦੇ ਖਹਿਣ ਦੀ ਅਵਾਜ਼ ਆਉਦੀਂ , ਕਰਤਾਰੇ ਦੇ ਜੋੜੇ ਵਿੱਚ ਰੋੜੀ ਅੱਡੀ ਚ ਚੁਬਣ ਕਰਕੇ ਕਰਤਾਰਾ ਇੱਕ ਦਮ ਰੁਕ ਗਿਆ ਤੇ ਸੋਚਾਂ ਦੀ ਲੜੀ ਟੁੱਟ ਗਈ, ਰੋੜੀ ਦੇ ਚੁਬਣ ਦੀ ਚੀਸ ਨੇ ਇੱਕਦਮ ਦਰਦ ਦਾ ਅਹਿਸਾਸ ਕਰਵਾਇਆ, ਕਰਤਾਰੇ ਦੇ ਮੂੰਹ ਚੋਂ ਆਪਮੁਹਾਰੇ ਓ- ਹੋ ਨਿਕਲਿਆ, ਤੇ ਜੋੜਾ ਝਾੜ ਕੇ ਰੋੜੀ ਦੇ ਨਾਲ ਪਿਆ ਕੱਕਾ ਰੇਤਾ ਵੀ ਬਾਹਰ ਕੱਢਿਆ ਤੇ ਕਰਤਾਰਾ ਸੋਚਣ ਲੱਗਾ। (ਆਥਣ ਹੋ ਗਿਆ, ਬਿਗਾਨਾ ਇਲਾਕਾ , ਕੋਈ ਦੀਹਦਾਂ ਵੀ ਨੀ, ਹਜੇ ਤਾਂ ਵਾਟ ਈ ਬਾਹਲ਼ੀ ਪਈ ਆ , ਕਿਵੇਂ ਕਰੀਏ ਮਨਾ ) ਜਿਵੇਂ ਕਰਤਾਰਾ ਆਪਣੇ ਆਪ ਨਾਲ ਸਲਾਹ ਕਰ ਰਿਹਾ ਹੋਵੇ, ਉਸਨੇ ਲੰਮੀ ਨਿਗਾ ਮਾਰੀ ਦੂਰ ਤੱਕ ਸੁੰਨਾ ਰਾਹ ਸੱਪ ਦੀ ਲੀਹ ਵਾਂਗ ਲੱਗ ਰਿਹਾ ਸੀ, ਨਰਮੇ ਤੇ ਕਪਾਹ ਦੇ ਪੱਤਿਆਂ ਦੀ ਅਵਾਜ ਨੇ ਕਰਤਾਰੇ ਦਾ ਧਿਆਨ ਖਿੱਚਿਆ ਉਹਨੂੰ ਇੱਕ ਵਾਰ ਤਾਂ ਇੰਝ ਲੱਗਾ ਜਿਵੇਂ ਕੋਈ ਨਰਮੇ ਵਿੱਚ ਲੁਕਿਆ ਬੈਠਾ ਹੋਵੇ, ਫੇਰ ਉਹਨੂੰ ਯਾਦ ਆਇਆ (ਬਾਪੂ ਠੀਕ ਈ ਕਹਿੰਦਾ ਸੀ, ਵੇਲੇ ਦੇ ਕੰਮ ਕਵੇਲੇ ਦੀਆਂ ਟੱਕਰਾਂ, ਇਹਦੇ ਨਾਲੋਂ ਤਾਂ ਚੰਗਾ ਸੀ ਪਰਸੋਂ ਮੂੰਹ ਨੇਰੇ ਹੀ ਚਲਾ ਜਾਂਦਾ, ਘੱਟੋ ਘੱਟ ਵੇਲੇ ਨਾਲ ਤਾਂ ਪਹੁੰਚ ਜਾਂਦਾ, ਹੁਣ ਐਨਾ ਸੋਨਾ ਕੋਲ ਆ , ਸੁੰਨੇ ਰਾਹ ਨੇ ਹੋਰ ਈ ਨਾ ਜਾਹ ਜਾਂਦੀ ਹੋਜੇ ) ਕਰਤਾਰੇ ਦਾ ਮੱਥਾ ਠਣਕਿਆ, ਕਰਤਾਰਾ ਆਪਣੇ ਮਾਮੇ ਮੋਦਨ ਦਾ ਇਕਲੋਤਾ ਭਾਣਜਾ ਸੀ, ਤੇ ਕਰਤਾਰੇ ਦੇ ਮਾਮੇ ਦੀ ਕੁੜੀ ਪਾਲੋ ਦੇ ਵਿਆਹ ਵਿੱਚ ਥੋੜੇ ਦਿਨ ਹੀ ਬਾਕੀ ਰਹਿ ਗਏ ਸਨ, ਬਾਕੀ ਤਾਂ ਸਾਰੀਆਂ ਤਿਆਰੀਆਂ ਹੋ ਗਈਆਂ ਸੀ ਬੱਸ ਆਹ ਟੂਮਾਂ ਈ ਰਹਿ ਗਈਆਂ ਸੀ ਜੋ ਕਰਤਾਰਾ ਅੱਜ ਫੜਾਉਣ ਚੱਲਿਆ ਸੀ, ਕਰਤਾਰੇ ਦੇ ਮਾਮੇ ਦੇ ਸਿਰਫ ਇੱਕ ਹੀ ਧੀ ਸੀ, ਉਹ ਕਰਤਾਰੇ ਨੂੰ ਪੁੱਤਾਂ ਤੋਂ ਵੀ ਵਧਕੇ ਪਿਆਰ ਕਰਦਾ ਸੀ, ਤੇ ਕਰਤਾਰਾ ਵੀ ਆਪਣੀ ਭੈਣ ਦੇ ਵਿਆਹ ਵਿੱਚ ਕੋਈ ਕਮੀ ਨੀ ਰਹਿਣ ਦੇਣਾ ਚਾਹੁੰਦਾ , ਪਰ ਅੱਜ ਕਰਤਾਰੇ ਦੇ ਪਿਓ ਸੁੱਚਾ ਸਿੰਘ ਨੇ ਉਹਨੂੰ ਬਹੁਤ ਰੋਕਿਆ ਸੀ, ਵੀ ਵਾਟ ਦੂਰ ਦੀ ਆ ਤੂੰ ਸਵੇਰੇ ਚਲਿਆ ਜਾਈਂ ਕੁਵੇਲਾ ਹੋਜੂਗਾ, ਪਰ ਕਰਤਾਰਾ ਕਹਿੰਦਾ, ਤੂੰ ਤਾਂ ਬਾਪੂ ਊਈਂ ਡਰੀਂ ਜਾਨਾ ਐਂ, ਦੱਸ ਕਿਸੇ ਨੂੰ ਕੀ ਪਤਾ ਵੀ ਇਹਦੇ ਕੋਲ ਕੀ ਆ, ਨਾਲੇ ਕਰਤਾਰਾ ਕੋਈ ਜਵਾਕ ਥੋੜੀ ਆ, ਚੱਕੀ ਦੇ ਪੁੜ ਵਰਗੀ ਛਾਤੀ ਆ ਜੱਟ ਦੀ ਕਿਸੇ ਦੀ ਕੀ ਮਜਾਲ ਮੇਰੀ ਹਵਾ ਵੱਲ ਵੀ ਝਾਕ ਜੇ, ਪਰ ਹੁਣ ਕਰਤਾਰੇ ਨੂੰ ਬਾਪੂ ਦੀ ਕਹੀ “ਗੱਲ ਔਲੇ ਦਾ ਖਾਧਾ ਤੇ ਸਿਆਣੇ ਦਾ ਆਖਿਆ “ਵਾਲੀ ਵਾਂਗ ਸੱਚੀ ਜਾਪਦੀ ਸੀ। ਕਰਤਾਰਾ ਦਰਸਨੀ ਜਵਾਨ ਸੀ , ਦਰਮਿਆਨਾ ਕੱਦ, ਗੁੰਦਵਾਂ ਸਰੀਰ ਤੇ ਮੋਟੀਆਂ ਅੱਖਾਂ , ਅੱਖਾਂ ਦੀ ਲਾਲੀ ਕਰਤਾਰੇ ਦੇ ਰੋਅਬ ਨੂੰ ਹੋਰ ਵੀ ਦੂਣਾ ਕਰ ਦਿੰਦੀ, ਕੁੜਤਾ ਤੇ ਤੇੜ ਚਾਦਰਾ ਉਸਦੇ ਐਨਾ ਫੱਬਦਾ ਕਿ ਹਰ ਕੋਈ ਪਹਿਲੀ ਨਜਰੇ ਹੀ ਕਰਤਾਰੇ ਵੱਲ ਖਿੱਚਿਆ ਜਾਂਦਾ, ਉਂਝ ਕਰਤਾਰਾ ਬੜਾ ਨਰਮ ਦਿਲ ਸੀ, ਕਰਤਾਰਾ ਫੇਰ ਸੋਚਣ ਲੱਗ ਗਿਆ, (ਗਲਤ ਫੈਸਲਾਂ ਲੈ ਲਿਆ ਕਰਤਾਰਿਆ, ਮਾਮੇ ਦੇ ਪਿੰਡ ਪਹੁੰਚ ਦਿਆਂ ਨੂੰ ਤਾਂ ਅੱਧੀ ਰਾਤ ਹੋ ਜਾਣੀ ਆ, ਰਾਹ ਚ ਸੌ ਤਰਾਂ ਦਾ ਖ਼ਤਰਾ ਹੋ ਸਕਦਾ , ਕਿਉਂ ਨਾ ਅਗਲੇ ਪਿੰਡ ਈ ਕੋਈ ਰਾਤ ਠਹਿਰਣ ਦਾ ਹੀਲਾ ਕਰੀਏ, )( ਫੇਰ ਆਪ ਈ (ਇੱਥੇ ਕਿਹੜਾ ਕੋਈ ਜਾਣ ਪਛਾਣ ਆ , ਚਲੋ ਦੇਖਦੇ ਆਂ ), ਕਰਤਾਰਾ ਥੋੜਾ ਕਾਹਲ਼ੇ ਕਦਮਾਂ ਨਾਲ ਤੁਰਨ ਲੱਗਿਆ , ਪਿੰਡ ਦੀ ਜੂਹ ਦਿਸਣ ਲੱਗ ਪਈ ਸੀ , ਕਰਤਾਰੇ ਨੂੰ ਦੂਰ ਤੋਂ ਪਿੰਡ ਦਾ ਇੱਕ ਝਾਉਲਾ ਜਿਹਾ ਪਿਆ, ਕਰਤਾਰੇ ਨੇ ਸੁੱਖ ਦਾ ਸਾਹ ਲਿਆ , ਪਿੰਡ ਵੜਦੇ ਹੀ ਫਿਰਨੀ ਦੇ ਸੱਜੇ ਪਾਸੇ ਨਲਕਾ ਦੇਖਿਆ, ਤਾਂ ਕਰਤਾਰੇ ਨੇ ਖੁਸਕ ਗਲ ਨੂੰ ਤਰ ਕਰਨ ਲਈ ਨਲਕੇ ਦੀ ਡੰਡੀ ਨੂੰ ਜ਼ੋਰ ਨਾਲ ਦੱਬਿਆ ਤੇ ਦਬਾਦਬ ਪਾਣੀ ਪੀਤਾ, ਤੇ ਮੂੰਹ ਤੇ ਛਿੱਟੇ ਮਾਰੇ, ਪਾਣੀ ਦੀ ਠੰਡਕ ਨੇ ਧੁਰ ਅੰਦਰ ਤੱਕ ਠਾਰ ਦਿੱਤਾ ਸੀ , ਤੇ ਕਰਤਾਰੇ ਦੇ ਮੂੰਹੋਂ ਆਪਮੁਹਾਰੇ ਵਾਹਿਗੁਰੂ ਨਿਕਲਿਆ, ਪਾਣੀ ਪੀ ਕੇ ਕਰਤਾਰੇ ਨੇ ਪਿੰਡ ਵੱਲ ਗਹੁ ਨਾਲ ਤੱਕਿਆ, ਉਸਨੂੰ ਲੱਗਿਆ ਜਿਵੇਂ ਸਾਰਾ ਪਿੰਡ ਸੌਂ ਰਿਹਾ ਹੋਵੇ, ਉਹ ਸੋਚਦਾ ( ਹੱਦ ਹੋ ਗਈ ਯਰ, ਕੋਈ ਦੀਹਦਾਂ ਈ ਨੀ, ਕੀਹਨੂੰ ਪੁੱਛੀਏ ਹੁਣ , ਥੋੜਾ ਰੁਕ ਕੇ (ਚਲ ਅੱਗੇ ਦੇਖਦੇਂ ਆ ਕੋਈ ਤਾਂ ਟੱਕਰੂਗਾ , ਤੁਰ ਪੈਂਦਾ ਹੈ , ਸਾਹਮਣੇ ਮੋੜ ਮੁੜਦਿਆਂ ਹੀ ਪਿੰਡ ਦੇ ਦੋ ਜਣੇ ਖੁੰਢ ਤੇ ਬੈਠੇ ਸਨ ਕਰਤਾਰਾ ਜਾਣ ਸਾਰ ਫਤਿਹ ਬਲਾਉਦਾਂ ਹੈ,

ਸਤਿ ਸ੍ਰੀ ਅਕਾਲ ਬਾਈ ਜੀ , ਇਹ ਪਿੰਡ ਕਮਾਲਪੁਰਾ ਈ ਆ ਜੀ,

ਇੱਕ ਜਣਾ ( ਹਾਂ ਬਾਈ ਕਮਾਲ ਪੁਰਾ ਈ ਆ, ਕੀਹਦੇ ਆਇਆਂ ਜਵਾਨਾਂ

ਕਰਤਾਰਾ ( ਆਇਆ ਤਾਂ ਮੈਂ ਕਿਸੇ ਦੇ ਨੇ ਜੀ , ਮੈਂ ਬਖਤਪੁਰੇ ਜਾਣਾ ਸੀ ਕੁਵੇਲਾ ਕੁਛ ਜ਼ਿਆਦਾ ਈ ਹੋ ਗਿਆ, ਮੈਂ ਸੋਚਿਆ ਜਮਾਨਾ ਖ਼ਰਾਬ ਆ ਬਾਈ ਜੀ ਤਾਂ ਕਰਕੇ ਇੱਧਰ ਆ ਗਿਆ,

ਦੂਜਾ ਜਣਾ ( ਅੱਛਾ ਆਹ ਗੱਲ ਆ, ਰਾਤ ਕੱਟਣੀ ਆ, ਕਰਤਾਰਾ ਵਿੱਚੋਂ ਈ ਬੋਲ ਪੈਂਦਾ

( ਹਾਂ ਬਾਈ ਜੀ ਜੇ ਰਾਤ ਠਹਿਰਣ ਦਾ ਪ੍ਰਬੰਧ ਹੋਜੇ ਤਾਂ ਬੜੀ ਮਿਹਰਬਾਨੀ ਮੈਂ ਸਵੇਰੇ ਜਲਦੀ ਚਲਾ ਜਾਉਗਾਂ

ਪਿੰਡ ਵਾਲਾ – ਕੋਈ ਨਾ ਜਵਾਨਾ ਬੰਦਾ ਈ ਬੰਦੇ ਦੇ ਕੰਮ ਆਉਂਦਾ, ਤੂੰ ਫ਼ਿਕਰ ਨਾ ਕਰ , ਕਰਦੇਂ ਆ ਤੇਰਾ ਇੰਤਜ਼ਾਮ (ਪਿੰਡ ਵਾਲਾ ਆਪਣੇ ਨਾਲ ਦੇ ਨੂੰ ) ਐਂ ਕਰ ਗੇਲੇ ਤੂੰ ਇਹਨੂੰ ਤਾਏ ਮੇਜਰ ਕੇ ਘਰੇ ਛੱਡਿਆ,
ਤਾਏ ਮੇਜਰ ਕੋਲੇ ਕੋਈ ਨਾ ਕੋਈ ਰਾਹਗੀਰ ਆਉਦਾਂ ਈ ਰਹਿੰਦਾ ਵੇਲੇ ਕੁਵੇਲੇ।

ਦੂਜਾ ਜਣਾ – ਠੀਕ ਆ ਬਾਈ , ਕਰਤਾਰੇ ਨੂੰ ਕਹਿੰਦਾ ਆ ਚੱਲੀਏ ਬਈ ਦੋਨੋ ਤੁਰ ਪੈਂਦੇ ਹਨ ( ਪਿੰਡ ਵਾਲਾ ਰਸਤੇ ਵਿੱਚ ਤਾਏ ਮੇਜਰ ਬਾਰੇ ਕਰਤਾਰੇ ਨੂੰ ਦੱਸਦਾ ਹੈ, ਸਾਡੇ ਪਿੰਡ ਕੋਈ ਵੀ ਵੇਲੇ ਕੁਵੇਲੇ ਆਵੇ ਸੂਬੇਦਾਰ ਮੇਜਰ ਨੇ ਕਦੇ ਭੁੱਖਾ ਨੀ ਜਾਣ ਦਿੱਤਾ, ਉਹ ਤਾਂ ਰੱਬ ਰੂਪ ਆ,
ਸੂਬੇਦਾਰ ਮੇਜਰ ਨੂੰ ਸਾਰਾ ਪਿੰਡ ਤਾਇਆ ਮੇਜਰ ਈ ਕਹਿੰਦਾ ਸੀ , ਬਹੁਤ ਹੀ ਮਿਲਾਪੜੇ ਸੁਭਾਅ ਦਾ ਮਾਲਕ ਦੁੱਖ ਸੁੱਖ ਵਿੱਚ ਕੰਮ ਆਉਣ ਵਾਲਾ, ਜਿਹੜਾ ਵੀ ਉਹਦੇ ਘਰ ਆਉਂਦਾ ਉਹ ਖੂਬ ਸੇਵਾ ਕਰਦਾ ਤੇ ਅਗਲੇ ਨੂੰ ਇੰਝ ਲੱਗਦਾ ਜਿਵੇਂ ਉਸ ਨਾਲ ਕੋਈ ਗੂੜੀ ਸਕੀਰੀ ਹੋਵੇ । ਸੂਬੇਦਾਰ ਮੇਜਰ ਦੇ ਇੱਕ ਧੀ ਪਾਲੀ ਅਤੇ ਇੱਕ ਪੁੱਤਰ ਸੁਖਦੇਵ ਸੀ, ਸੁਖਦੇਵ ਹਮੇਸਾਂ ਆਪਣੇ ਬਾਪੂ ਨਾਲ ਏਸ ਗੱਲੋਂ ਨਰਾਜ਼ ਰਹਿੰਦਾ ਕਿ ਇਹ ਜਣੇ ਖਾਣੇ ਨੂੰ ਬਿਨਾ ਜਾਣ ਪਛਾਣ ਘਰ ਰੱਖ ਲੈਦਾਂ , ਪਰ ਸੂਬੇਦਾਰ ਮੇਜਰ ਹਮੇਸ਼ਾ ਇਹੀ ਕਹਿੰਦਾ ਸੇਵਾ ਤਾਂ ਭਾਗਾਂ ਨਾਲ ਮਿਲਦੀ ਆ, ਆਪਣਾ ਕੀ ਲੈ ਜਾਂਦਾ ਅਗਲਾ ,ਪਰਸ਼ਾਦਾ ਪਾਣੀ ਛਕ ਜਾਂਦਾ, ਨਾਲੇ ਸਿਆਣੇ ਕਹਿੰਦੇ ਆ ਦਾਣੇ ਦਾਣੇ ਤੇ ਮੋਹਰ ਲੱਗੀ ਹੁੰਦੀ ਆ, ਹਰ ਕੋਈ ਆਪਣੇ ਕਰਮਾਂ ਦਾ ਖਾਂਦਾ, ਸੁੱਖ ਨਾਲ ਰੱਬ ਨੇ ਰੰਗ ਭਾਗ ਲਾਏ ਆ।

ਕਰਤਾਰਾ ਤੁਰਿਆ ਜਾਂਦਾ ਪਿੰਡ ਨੂੰ ਚੰਗੀ ਤਰਾਂ ਨਿਹਾਰ ਰਿਹਾ ਸੀ, ਹਨੇਰਾ ਕਾਫ਼ੀ ਹੋ ਗਿਆ ਸੀ , ਤੇ ਕਈ ਘਰਾਂ ਵਿੱਚੋਂ ਧੂੰਏਂ ਨਿਕਲ ਰਹੇ ਸੀ, ਦਰਵਾਜ਼ਿਆਂ ਅੱਗੇ ਲੱਗੇ ਬਿਜਲੀ ਦੇ ਲਾਟੂਆਂ ਚੋਂ ਪੀਲ਼ੇ ਰੰਗ ਦੀ ਮੱਧਮ ਰੌਸ਼ਨੀ ਨਾਲ ਪਿੰਡ ਦਾ ਚੁਫੇਰਾ ਹੋਰ ਵੀ ਸੁਹਾਵਣਾ ਲੱਗਦਾ ਸੀ , ਟਾਵੇਂ ਟਾਵੇਂ ਘਰਾਂ ਵਿੱਚੋਂ ਸਬਜ਼ੀਆਂ ਨੂੰ ਤੜਕੇ ਲੱਗਣ ਦੀਆਂ ਵਾਸਨਾਵਾਂ ਆ ਰਹੀਆਂ ਸੀ , ਮਿਲਖੀ ਕਰਿਆੜ ਦੀ ਦੁਕਾਨ ਹਜੇ ਖੁੱਲੀ ਸੀ, ਤੇ ਰੇਡੀਓ ਤੇ ਮਿੰਨਾਂ ਮਿੰਨਾਂ ਗੀਤ ਵੱਜ ਰਿਹਾ ਸੀ, ਵੇ ਲੈ ਦੇ ਮੈਨੂੰ ਮਖ਼ਮਲ ਦੀ ਪੱਖੀ ਘੁੰਗਰੂਆਂ ਵਾਲੀ, ਪਿੰਡ ਦੇ ਚੜਦੇ ਪਾਸੇ ਵੱਲ ਦਰਵਾਜ਼ਿਆਂ ਵਾਲੇ ਘਰ ਸੀ, ਸੂਬੇਦਾਰ ਮੇਜਰ ਦਾ ਜੱਦੀ ਘਰ ਵੀ ਪਿੰਡ ਦੇ ਵਿਚਾਲੇ ਈ ਸੀ, ਗਲੀ ਦਾ ਮੋੜ ਮੁੜਦੇ ਕਰਤਾਰੇ ਨੇ ਪਿੰਡ ਵਾਲੇ ਨੂੰ ਪੁੱਛਿਆ,(
ਪਿੰਡ ਤਾਂ ਸੋਡਾ ਵੀ ਬਾਈ ਜੀ ਖਾਸਾ ਵੱਡਾ ਲੱਗਦਾ, ਤੇ ਸੋਹਣਾ ਵੀ ਬਹੁਤ ਆ, ਮੈਂ ਆਉਦਾਂ ਹੋਇਆ ਦੇਖਦਾ ਸੀ , ਬਹੁਤ ਸੋਹਣੀਆਂ ਫਸਲਾਂ ਨੇ ਸੋਡੇ)
ਪਿੰਡ ਵਾਲਾ ਉਸ ਵੱਲ ਦੇਖਕੇ – ਇਹ ਤਾਂ ਬਾਈ ਜੀ ਹੋਰ ਵੀ ਵੱਡਾ ਸੀ ਆਹ ਮੁਰੱਬੇਬੰਦੀ ਵੇਲੇ ਫਿਰਨੀ ਵਾਲੇ ਪਾਸਿਓਂ ਦੋ ਹਿੱਸਿਆਂ ਚ ਵੰਡਿਆ ਗਿਆ, ਊਂ ਸਾਡੇ ਪੈਲ਼ੀਆਂ ਖੁੱਲੀਆਂ ਤੇ ਧਰਤੀ ਵੀ ਤਾਕਤ ਵਾਲੀ ਆ, ( ਗੱਲਾਂ ਕਰਦੇ ਸੂਬੇਦਾਰ ਮੇਜਰ ਦੇ ਘਰ ਕੋਲ ਆ ਜਾਂਦੇ ਹਨ ) ਲੈ ਆਹ ਆ ਗਿਆ ਘਰ ਪਿੰਡ ਵਾਲਾ ਲੰਮੀ ਨਿਗਾ ਨਾਲ ਦੇਖਦਾ ਹੋਇਆ ਬੋਲਿਆ ( ਅਵਾਜ ਮਾਰਦਾ , ਓ ਤਾਇਆ ਘਰੇ ਈ ਆਂ , ਆਹ ਕੋਈ ਪ੍ਰਾਹੁਣਾ ਆਇਆ ਸੀ ) ਸੂਬੇਦਾਰ ਅੰਦਰੋਂ ਆਉਦਾਂ ਤੇ ਅਵਾਜ ਪਛਾਣ ਕੇ ( ਹਾਂ ਘਰੇ ਸੀ, ਆਂ ਸੇਰਾ ਆਜਾ ਲੰਘਿਆ ) ਦੋਨੋ ਜਣੇ ਦਰਵਾਜ਼ੇ ਦੇ ਅੰਦਰ ਜਾਂਦੇ ਹਨ
ਸੂਬੇਦਾਰ ਮੇਜਰ ਦੇਖ ਕੇ ਖੁਸ਼ ਹੁੰਦਾ ਹੋਇਆ (ਜੀ ਆਇਆਂ ਨੂੰ ਭਾਈ ਆਜੋ ਅੰਦਰ ਲੰਘ ਆਓ)
ਗੇਲਾ ਨੇ ਕਿਹਾ ਤਾਇਆ ਇਹਨੇ ਬਖਤਪੁਰੇ ਜਾਣਾ ਸੀ ਕੁਵੇਲਾ ਹੋ ਗਿਆ ਇਹਨੂੰ ਮੈਂ ਕਿਹਾ ਚੱਲ ਭਾਈ ਤੈਨੂੰ ਤਾਏ ਕੋਲ ਛੱਡ ਆਉਣੇ ਆਂ।
ਸੂਬੇਦਾਰ ਮੇਜਰ (ਤਾਂ ਕੀ ਹੋਇਆ ਸੇਰਾ ਆਪਣਾ ਈ ਘਰ ਆ ਜੀ ਸਦਕੇ ਆਓ ਨਾਲੇ ਬਖਤਪੁਰ ਤਾਂ ਬਾਹਵਾ ਵਾਟ ਆ, ਰਾਤ ਦੇ ਸਮੇਂ ਕੱਲੇ ਕਹਿਰੇ ਨੂੰ ਐਨੀ ਦੂਰ ਜਾਣਾ ਠੀਕ ਨੀ ( ਤਾਏ ਨੇ ਨਸੀਹਤ ਦਿੰਦਿਆਂ ਕਿਹਾ)
ਸੂਬੇਦਾਰ ਮੰਜਾ ਡਾਹ ਦਿੰਦਾ ਹੈ ਤੇ ਕਰਤਾਰੇ ਨੂੰ ਕਹਿੰਦਾ ਹੈ, ਲੈ ਬੈਠ ਜਵਾਨਾ ਤੂੰ ਜਮਾਂ ਫਿਕਰ ਨਾ ਕਰ ਆਪਣਾ ਈ ਘਰ ਸਮਝ , ਮੈਂ ਗਰਮ ਗਰਮ ਦੁੱਧ
ਲੈਕੇ ਆਉਨਾ ਤੁਸੀਂ ਕਰੋ ਗੱਲਾਂ ਬਾਤਾਂ ( ਗੇਲਾ ਦਾਹੜੀ ਖੁਰਕਦਾ ਹੋਇਆ ਨਹੀਂ ਤਾਇਆ ਮੈਂ ਤਾਂ ਚੱਲਦਾਂ , ਬਾਪੂ ਉਡੀਕਦਾ ਹੋਊ ਅੱਜ ਪਾਣੀ ਦੀ ਵਾਰੀ ਆ ਗੁਵਾਰਾ ਜਮਾਂ ਈ ਸੁੱਕਿਆ ਪਿਆ, ਤੁਸੀ ਬਾਈ ਦੀ ਕਰੋ ਸੇਵਾ ਕਹਿ ਕੇ ਤੁਰ ਜਾਂਦਾ ਹੈ, ਕਰਤਾਰਾ ਮੰਜੇ ਤੇ ਬੈਠਾ ਸੋਚਦਾ ਹੈ, (ਕਿੰਨੇ ਭਲੇ-ਮਾਣਸ ਬੰਦੇ ਨੇ ਧਰਤੀ ਇਹੋ ਜਿਹੇ ਧਰਮੀ ਬੰਦਿਆਂ ਕਰਕੇ ਈ ਖੜੀ ਆ , ਨਹੀਂ ਬਿਨਾ ਜਾਣ ਪਛਾਣ ਤੋਂ ਕੌਣ ਪੁੱਛਦਾ )ਇੱਕ ਪਲ ਲਈ ਤਾਂ ਕਰਤਾਰੇ ਨੂੰ ਇੰਝ ਜਾਪਿਆ ਜਿਵੇਂ ਉਹ ਆਪਣੇ ਨਾਨਕੇ ਘਰ ਬੈਠਾ ਹੋਵੇ। ਉਸਨੂੰ ਸੂਬੇਦਾਰ ਮੇਜਰ ਜਮਾਂ ਆਪਣੇ ਮਾਮੇ ਵਰਗਾ ਲੱਗਦਾ ਸੀ । ਉਸਨੇ ਦਰਵਾਜੇ ਦੀ ਛੱਤ ਵੱਲ ਝਾਕਦਿਆਂ ਏਧਰ ਊਧਰ ਦੇਖਿਆ, ਚੁੱਲੇ ਵਿੱਚੋਂ ਧੂੰਆਂ ਅਸਮਾਨ ਦੇ ਹਨੇਰੇ ਵਿੱਚ ਮਿਲ ਕੇ ਇੱਕ ਵੱਖਰੀ ਤਰਾਂ ਦਾ ਵਾਤਾਵਰਣ ਸਿਰਜ ਰਿਹਾ ਸੀ । ਦਰਵਾਜ਼ਾ ਕਾਫੀ ਖੁੱਲਾ ਸੀ ਜਿਸਦੇ ਇੱਕ ਪਾਸੇ ਮੰਜੇ ਤੇ ਬਿਸਤਰਾ ਕੱਠਾ ਕੀਤਾ ਪਿਆ ਸੀ ਤੇ ਕੁੱਝ ਨਿੱਕ ਸੁੱਕ ਹੋਰ ਸਮਾਨ ਪਿਆ ਸੀ , ਸੋਟੀ ਦੀ ਠਕ ਠਕ ਨੇ ਕਰਤਾਰੇ ਦਾ ਧਿਆਨ ਗਲੀ ਵੱਲ ਖਿੱਚਿਆ , ਦਰਵਾਜ਼ੇ ਦਾ ਇੱਕ ਗੇਟ ਖੁੱਲਾ ਸੀ ਕੋਈ ਆਦਮੀ ਦਰਵਾਜੇ ਮੂਹਰ ਦੀ ਲ਼ੰਘਿਆ, ਕਰਤਾਰਾ ਫੇਰ ਅੰਦਰ ਸਬਾਤਾਂ ਵੱਲ ਦੇਖਣ ਲੱਗ ਪਿਆ। ਸੂਬੇਦਾਰ ਮੇਜਰ ਪਾਲੀ ਤੋਂ ਦੁੱਧ ਦਾ ਗਿਲਾਸ ਲੈਕੇ ਕਰਤਾਰੇ ਕੋਲ ਜਾਣ ਲੱਗਦਾ ਹੈ ਤਾਂ ਪਾਲੀ ਪੁੱਛਦੀ ਹੈ ( ਬਾਪੂ ਕੌਣ ਆਇਆ) ਹਜੇ ਬਾਪੂ ਦੁੱਧ ਦਾ ਗਲਾਸ ਈ ਫੜ ਰਿਹਾ ਹੁੰਦਾ ਕਿ ਸੁਖਦੇਵ ਸਬਾਤ ਚੋਂ ਨਿਕਲਦਾ ਹੋਇਆ ਬੋਲਿਆ, (ਆਉਣਾ ਕੀਹਨੇ ਆ ਪਾਲੀ ਇੱਥੇ ਤਾਂ ਕੋਈ ਨਾ ਕੋਈ ਦੱਦ ਲੱਗਿਆ ਰਹਿੰਦਾ , ਨਾਲੇ ਵੀਹ ਵਾਰੀ ਕਿਹਾ ਵੀ ਓਪਰੇ ਆਦਮੀ ਨੂੰ ਨਾ ਘਰੇ ਵਾੜਿਆ ਕਰੋ, ਮੇਰੀ ਸੁਣਦਾ ਕੋਈ) ਸੁਖਦੇਵ ਦੇ ਬੋਲਾਂ ਵਿੱਚ ਤਲਖੀ ਸੀ ।ਸੂਬੇਦਾਰ ਮੇਜਰ ਠਰ੍ਹੰਮੇ ਨਾਲ ਬੋਲਦਾ (ਦੇਖ ਪੁੱਤ ਵਸਦੇ ਘਰਾਂ ਚ ਈ ਆਉਦਾਂ ਅਗਲਾ , ਰਾਹਗੀਰ ਸੀ , ਆਹ ਆਪਣਾ ਗੇਲਾ ਛੱਡ ਗਿਆ , ਆਪਣਾ ਕੀ ਲੈਜੂਗਾ ਵਿਚਾਰਾ, ਦੋ ਰੋਟੀਆਂ ਈ ਨੇ, ) ਸੁਖਦੇਵ ਵਿੱਚੋਂ ਗੱਲ ਕੱਟਦਾ ਹੋਇਆ, (ਉਹ ਤਾਂ ਠੀਕ ਆ ਬਾਪੂ ਜਮਾਨਾ ਖਰਾਬ ਆ, ਘਰੇ ਜਵਾਨ ਕੁੜੀ ਆ, ਕੀ ਪਤਾ ਕੌਣ ਆ ਇਹ । ਸੂਬੇਦਾਰ ਮੇਜਰ (ਨਹੀਂ ਪੁੱਤ ਉਹਨੇ ਬਖਤਪੁਰ ਜਾਣਾ ਸੀ, ਕੁਵੇਲਾ ਹੋਣ ਕਰਕੇ ਆ ਗਿਆ, ਤੂੰ ਐਵੀਂ ਨਾ ਸੋਚਿਆ ਕਰ ) ਦੁੱਧ ਦਾ ਗਿਲਾਸ ਲੈਕੇ ਤੁਰ ਜਾਂਦਾ ਤੇ ਸੁਖਦੇਵ ਪਾਲੀ ਨੂੰ ਪੁੱਛਦਾ (ਦੁੱਧ ਪਾਤਾ ਸੀ ਡੋਲੂ ਚ ), ਪਾਲੀ ਸੁਖਦੇਵ ਵੱਲ ਦੇਖਕੇ ਹਾਂ ਵੀਰੇ ਉਹ ਤਾਂ ਕਦੋ ਦਾ ਪਾਇਆ ਪਿਆ , ਸੁਖਦੇਵ ਕੌਲੇ ਤੋਂ ਡੋਲੂ ਚੱਕਕੇ , ਤੇ ਖੂੰਜੇ ਪਈ ਕਹੀ ਲੈਕੇ ਪਾਣੀ ਲਾਉਣ ਚੱਲ ਪੈਂਦਾ । ਮੇਜਰ ਸਿੰਘ ਤੇ ਕਰਤਾਰਾ ਗੱਲਾਂ ਕਰ ਰਹੇ ਹੁੰਦੇ ਆ , ਤਾਂ ਕਰਤਾਰਾ ਸੁਖਦੇਵ ਨੂੰ ਤੁਰਿਆ ਆਉਦਾਂ ਦੇਖਕੇ ਫਤਿਹ ਬਲਾਉਦਾਂ, ਪਰ ਸੁਖਦੇਵ ਬਿਨਾ ਬੋਲੇ ਸਿਰਫ ਹਾਂ ਚ ਸਿਰ ਹਿਲਾਕੇ ਦੋਹਾਂ ਮੰਜਿਆਂ ਵਿਚਕਾਰ ਦੀ ਲੰਘ ਜਾਂਦਾ । ਸੂਬੇਦਾਰ ਮੇਜਰ ਕਰਤਾਰੇ ਨੂੰ ਦੱਸਦਾ ਅੱਜ ਪਾਣੀ ਦੀ ਵਾਰੀ ਸੀ ਤਾਂ ਛੇਤੀ ਚਲਾ ਗਿਆ। ਪਾਲੀ ਰੋਟੀ ਬਣਾਉਣ ਦੇ ਆਹਰ ਲੱਗੀ ਹੋਈ ਸੀ , ਕਰਤਾਰੇ ਦਾ ਤੌੜੀ ਵਾਲੇ ਦੱਧ ਨੇ ਸਾਰੇ ਦਿਨ ਦਾ ਥਕੇਵਾਂ ਲਾਹ ਦਿੱਤਾ ਸੀ, ਭਾਵੇਂ ਕਿ ਮੇਜਰ ਸਿੰਘ ਨੇ ਕਰਤਾਰੇ ਨਾਲ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਸੀ ਪਰ ਉਹਨੇ ਉਹਦਾ ਨਾਂ ਨਹੀ ਸੀ ਪੁੱਛਿਆ, ਸ਼ਾਇਦ ਇਹਦੀ ਲੋੜ ਈ ਨਹੀਂ ਸੀ ਜਾਂ ਹੋ ਸਕਦਾ ਭੁੱਲ ਗਿਆ ਹੋਵੇ। ਪਾਲੀ ਚੁੱਲੇ ਮੂਹਰੇ ਬੈਠੀ ਹਜੇ ਵੀ ਰੋਟੀਆਂ ਲਾਹ ਰਹੀ ਸੀ , ਅੱਗ ਦੀ ਲਾਟ ਅਤੇ ਸੇਕ ਨੇ ਉਹਦੇ ਗੋਰੇ ਗੋਰੇ ਮੂੰਹ ਦਾ ਰੰਗ ਲਾਟ ਵਾਂਗ ਈ ਲਾਲ ਕਰ ਦਿੱਤਾ ਸੀ ਪਾਲੀ ਹਜੇ ਮਸਾਂ ਵੀਹ ਕੁ ਵਰ੍ਹਿਆਂ ਦੀ ਅੱਲੜ ਮੁਟਿਆਰ ਸੀ , ਉਹ ਹਮੇਸਾਂ ਗੰਭੀਰ ਅਤੇ ਸ਼ਾਂਤ ਰਹਿੰਦੀ, ਪਤਾ ਨਹੀਂ ਕੀ ਸੋਚਦੀ ਸੋਚਦੀ ਦਾ ਉਹਦਾ ਹੱਥ ਤਵੇ ਨਾਲ ਲੱਗ ਗਿਆ ਤੇ ਉਸਨੇ ਮਸਾਂ ਆਪਣੀ ਚੀਕ ਰੋਕੀ। ਪਾਲੀ ਦੀ ਮਾਂ ਗੁਰਦੇਵੋ ਉਸਨੂੰ ਬਚਪਨ ਚ ਹੀ ਕੱਲੀ ਛੱਡਕੇ ਚੱਲ ਵਸੀ ਸੀ, ਪਾਲੀ ਨੇ ਛੋਟੇ ਹੁੰਦਿਆਂ ਈ ਘਰ ਦੇ ਸਾਰੇ ਕੰਮ ਕਾਰ ਸਿੱਖ ਲਏ ਸਨ। ਜਿਵੇਂ ਕਹਿੰਦੇ ਹੁੰਦੇ ਆ ਲੋੜ ਕਾਢ ਦੀ ਮਾਂ ਹੁੰਦੀ ਆ , ਉਸੇ ਤਰਾਂ ਪਾਲੀ ਬਚਪਨ ਤੋਂ ਈ ਘਰ ਦੇ ਕੰਮ ਕਰਨ ਲੱਗ ਗਈ ਸੀ, ਏਸੇ ਕਰਕੇ ਉਹ ਜਿਆਦਾ ਪੜ ਵੀ ਨਹੀਂ ਸਕੀ ਸੀ, ਪਰ ਪਿੰਡ ਦੇ ਸਕੂਲ ਵਿੱਚ ਉਹਨੇ ਅੱਠਵੀਂ ਪਾਸ ਕਰ ਲਈ ਸੀ, ਪਾਲੀ ਤਾਂ ਹੋਰ ਪੜਨਾ ਚਾਹੁੰਦੀ ਸੀ , ਪਰ ਸਕੂਲ ਪਿੰਡ ਤੋਂ ਦੂਰ ਹੋਣ ਕਰਕੇ ਸਬੱਬ ਨਾ ਬਣ ਸਕਿਆ, ਸੁਖਦੇਵ ਵੀ ਹਜੇ ਵਿਆਹਿਆ ਨਹੀਂ ਸੀ ਭਾਵੇਂ ਕਿ ਉਹ ਪਾਲੀ ਤੋਂ ਅੱਠ ਨੌ ਵਰੇ ਵੱਡਾ ਸੀ। ਪਾਲੀ ਨੂੰ ਕੰਧੋਲੀ ਵਿੱਚਦੀ ਅਜਨਬੀ ਦਾ ਚਿਹਰਾ ਸਾਫ ਦਿਸਦਾ ਸੀ, ਪਰ ਕਰਤਾਰੇ ਦਾ ਇੱਧਰ ਕੋਈ ਧਿਆਨ ਨਹੀਂ ਸੀ, ਸੂਬੇਦਾਰ ਮੇਜਰ ਸਿੰਘ ਨੇ ਪਾਲੀ ਨੂੰ ਅਵਾਜ ਮਾਰਕੇ ਪੁੱਛਿਆ ( ਪਾਲੀ ਪੁੱਤ ਰੋਟੀ ਤਿਆਰ ਹੋ ਗਈ ਤਾਂ ਦੱਸ ਦੇਈਂ) ਪਾਲੀ ਨੇ ਸਿਰਫ ਠੀਕ ਆ ਬਾਪੂ ਜੀ ਕਿਹਾ ਤੇ ਇੱਕ ਵਾਰ ਕੰਧੋਲੀ ਦੇ ਉੱਪਰ ਤੋਂ ਦੇਖਿਆ, ਕਰਤਾਰੇ ਨੇ ਵੀ ਪਾਲੀ ਦਾ ਚਿਹਰਾ ਪਹਿਲੀ ਵਾਰ ਤੱਕਿਆ, ਤੇ ਮਾਖਿਓ ਮਿੱਠੀ ਅਵਾਜ ਕਰਤਾਰੇ ਦੇ ਕੰਨਾਂ ਵਿੱਚ ਘੁਲ ਗਈ ।ਉਸਨੂੰ ਪਾਲੀ ਦਾ ਲਾਲ ਸੁਰਖ ਚਿਹਰਾ ਕਿਸੇ ਪਰੀਆਂ ਤੋਂ ਘੱਟ ਨਾ ਲੱਗਿਆ । ਸੂਬੇਦਾਰ ਮੇਜਰ ਨੇ ਪੁੱਛਿਆ (ਬਖਤਪੁਰੇ ਕੀ ਰਿਸ਼ਤੇਦਾਰੀ ਆ ਜਵਾਨਾਂ ਆਪਣੀ) ਕਰਤਾਰੇ ਦਾ ਇੱਕਦਮ ਪਾਲੀ ਵਾਲੇ ਪਾਸੇ ਤੋਂ ਧਿਆਨ ਟੁੱਟਿਆ ਤੇ ਸੰਭਲ਼ੰਦਾ ਹੋਇਆ ਬੋਲਿਆ ( ਨਾਨਕੇ ਆ ਜੀ ਮੇਰੇ, ਮੇਰੀ ਛੋਟੀ ਭੈਣ ਦਾ ਵਿਆਹ ਰੱਖਿਆ ਹੋਇਆ , ਮੈਂ ਆਹ ਟੂਮਾਂ ਦੇਣ ਚੱਲਿਆ ਸੀ, ਮੇਰੇ ਇੱਕੋ ਮਾਮਾ ਜੀ ਤੇ ਉਹਦੇ ਵੀ ਇੱਕੋ ਇੱਕ ਧੀ ਆ , ਆਪਣੀ ਪਾਲੀ ਵਰਗੀ ਕਰਤਾਰੇ ਤੋਂ ਆਪ ਮੁਹਾਰੇ ਹੀ ਪਾਲੀ ਦਾ ਨਾਮ ਲਿਆ ਗਿਆ ਤੇ ਇੱਕੇ ਸਾਹੇ ਕਰਤਾਰਾ ਨਾਨਕਿਆਂ ਬਾਰੇ ਸਾਰਾ ਕੁਛ ਦੱਸ ਗਿਆ। ਸੂਬੇਦਾਰ ਮੇਜਰ ਨੂੰ ਮੁੰਡਾ ਬਹੁਤ ਚੰਗਾ ਤੇ ਲਿਆਕਤ ਵਾਲਾ ਲੱਗਿਆ, ਸੂਬੇਦਾਰ ਮੇਜਰ ਨੂੰ ਕਦੇ ਵੀ ਇੰਝ ਨੀ ਸੀ ਲੱਗਿਆ ਕਿ ਉਹ ਬਿਗਾਨੇ ਬੰਦਿਆਂ ਨਾਲ ਇੰਨਾਂ ਖੁੱਲ ਜਾਂਦਾ ਕਿ ਜਿਵੇਂ ਉਹ ਉਹਨਾਂ ਨੂੰ ਮੁੱਦਤਾਂ ਤੋਂ ਜਾਣਦਾ ਹੋਵੇ। ਹਰ ਇੱਕ ਆਦਮੀ ਦਾ ਪਰਮਾਤਮਾ ਨੇ ਵੱਖਰਾ ਵੱਖਰਾ ਸੁਭਾਅ ਬਣਾਇਆ ਹੈ, ਸੂਬੇਦਾਰ ਨੂੰ ਰਾਹਗੀਰਾਂ ਜਾਂ ਅਜਨਬੀਆਂ ਨਾਲ ਗੱਲਾਂ ਕਰਕੇ ਬਹੁਤ ਸੁਆਦ ਆਉਂਦਾ ਕਈ ਵਾਰ ਤਾਂ ਉਹ , ਘਰ ਦੀਆਂ ਉਹ ਸਾਰੀਆਂ ਗੱਲਾਂ ਵੀ ਕਰ ਲੈਦਾਂ ਜੋ ਬਿਗਾਨਿਆਂ ਨਾਲ ਨਹੀਂ ਸੀ ਕਰਨੀਆਂ ਚਾਹੀਦੀਆਂ। ਪਰ ਉਸਨੂੰ ਕੋਈ ਤੇਰ ਮੇਰ ਨਹੀਂ ਸੀ। ਉਹ ਸਭ ਇੱਕ ਨੂੰ ਆਪਣੇ ਵਰਗਾ ਈ ਸਮਝਦਾ ਸੀ। ਪਤਾ ਨਹੀਂ ਕਿੰਨੇ ਰਾਹਗੀਰ ਤੇ ਰਾਹੀ ਉਹਦੇ ਘਰ ਰਾਤਾਂ ਕੱਟਕੇ ਤੇ ਅੰਨ-ਜਲ ਛਕ ਜਾਇਆ ਕਰਦੇ ਸਨ। ਉਸਨੇ ਕਦੇ ਵੀ ਕਿਸੇ ਨੂੰ ਨਾਂਹ ਨਹੀਂ ਸੀ ਕੀਤੀ । ਪਿੰਡ ਵਿੱਚ ਉਹਦਾ ਪੂਰਾ ਸਤਿਕਾਰ ਸੀ ਪਰ ਅਕਸਰ ਲੋਕ ਇਹ ਵੀ ਕਹਿੰਦੇ ਸੀ ਕਿ ਅੱਜ ਕੱਲ ਭਲਾਈ ਦਾ ਜ਼ਮਾਨਾ ਨਹੀਂ ਸੂਬੇਦਾਰਾਂ ਕਈ ਵਾਰ ਬੰਦਾ ਬਿਨਾਂ ਗੱਲੋਂ ਮੁਸੀਬਤ ਸਹੇੜ ਲੈਂਦਾ। ਪਰ ਸੂਬੇਦਾਰ ਹਮੇਸਾਂ ਇੱਕੋ ਗੱਲ ਕਹਿੰਦਾ ਕਰ ਭਲਾ ਹੋ ਭਲਾ , ਜੇ ਬੰਦਾ ਬੰਦੇ ਦੇ ਮੁਸੀਬਤ ਵੇਲੇ ਨਾ ਕੰਮ ਆਵੇ , ਤਾਂ ਜੱਗ ਤੇ ਆਉਣ ਦਾ ਕੀ ਫ਼ਾਇਦਾ। ਉਹ ਮਿਲਖੀ ਬਾਣੀਏ ਨੂੰ ਹਮੇਸ਼ਾਂ ਇਹੀ ਗੱਲ ਕਹਿੰਦਾ ਗੌਂ ਵੇਲੇ ਤਾਂ ਲੋਕ ਗਧੇ ਨੂੰ ਵੀ ਪਿਓ ਕਹਿੰਦੇ ਆ , ਸਵਾਦ ਤਾਂ , ਤਾਂ ਜੇ ਕੋਈ ਨਿਰਸਵਾਰਥ ਸੇਵਾ ਕਰੇ। ਰੋਟੀ ਬਣ ਗਈ ਤੇ ਪਾਲੀ ਦੋ ਥਾਲ਼ਾਂ ਵਿੱਚ ਰੋਟੀ ਪਾ ਕੇ ਲੈ ਆਈ , ਰੋਟੀ ਰੱਖਦੀ ਪਾਲੀ ਨੇ ਕਰਤਾਰੇ ਨੂੰ ਬਹੁਤ ਧੀਮੀ ਅਵਾਜ ਵਿੱਚ ਸਤਿ ਸ੍ਰੀ ਅਕਾਲ ਬੁਲਾਈ ਤੇ ਕਰਤਾਰੇ ਨੇ ਵੀ ਹਾਂ ਚ ਸਿਰ ਹਲਾ ਕੇ ਫਤਿਹ ਮਨਜ਼ੂਰ ਕੀਤੀ , ਇੱਕ ਪਲ ਲਈ ਦੋਵਾਂ ਦੀਆਂ ਨਜ਼ਰਾਂ ਮਿਲੀਆਂ ਪਰ ਪਾਲੀ ਨੇ ਸੰਗ ਕੇ ਨੀਵੀਂ ਪਾ ਲਈ ਤੇ ਰੋਟੀ ਰੱਖ ਮੁੜ ਗਈ, ਕਰਤਾਰਾ ਜਾਂਦੀ ਹੋਈ ਪਾਲੀ ਵੱਲ ਨੀਝ ਨਾਲ ਦੇਖ ਰਿਹਾ ਸੀ ਤੇ ਸੂਬੇਦਾਰ ਦੇ ਬੋਲਾਂ ਨੇ ਕਰਤਾਰੇ ਦਾ ਧਿਆਨ ਭੰਗ ਕਰ ਦਿੱਤਾ ( ਸੰਗੀ ਨਾ ਜਵਾਨਾਂ ਆਪਣਾ ਈ ਘਰ ਸਮਝ , ਜੇ ਕਿਸੇ ਚੀਜ ਦੀ ਲੋੜ ਹੋਈ ਤਾਂ ਮੰਗ ਲਈਂ ) ਕਰਤਾਰਾ ਹਾਂ ਚ ਸਿਰ ਹਿਲਾ ਕੇ ( ਆਹ ਤਾਂ ਤੁਸੀਂ ਰੰਗ ਲਾ ਤੇ ਜੀ ਨਹੀਂ ਤਾਂ ਮੈਂ ਅੱਧੀ ਰਾਤ ਕਿੱਥੇ ਜਾਂਦਾ ) ਸੂਬੇਦਾਰ ਨੇ ਖੁਸ ਹੁੰਦਿਆਂ ਕਿਹਾ ( ਕੋਈ ਨਾ ਭਾਈ ਸੇਵਾ ਤਾਂ ਕਰਮਾਂ ਵਾਲਿਆਂ ਨੂੰ ਮਿਲਦੀ ਆ) ਕਰਤਾਰਾ ਤੇ ਸੂਬੇਦਾਰ ਰੋਟੀ ਖਾਣ ਲੱਗ ਪਏ, ਪਾਲੀ ਦੁਬਾਰਾ ਚੁੱਲੇ ਮੂਹਰੇ ਈ ਬੈਠੀ ਕੰਧੋਲੀ ਦੇ ਆਲੇ ਵਿੱਚ ਦੀ ਕਰਤਾਰੇ ਨੂੰ ਦੇਖ ਰਹੀ ਸੀ, ਕਰਤਾਰਾ ਵੀ ਰੋਟੀ ਖਾਂਦਾ ਖਾਂਦਾ ਕਦੇ ਕਦੇ ਵਿੱਚ ਦੀ ਨਜ਼ਰਾਂ ਨਾਲ ਪਾਲੀ ਦਾ ਸੁਰਖ ਚਿਹਰਾ ਦੇਖਦਾ, ਜਦੋਂ ਦੋਨਾਂ ਦੀਆਂ ਨਜ਼ਰਾਂ ਮਿਲ ਜਾਂਦੀਆਂ ਪਾਲੀ ਨੀਵੀ ਪਾ ਲੈਂਦੀ , ਉਹਦੇ ਚਿਹਰੇ ਤੇ ਅਜੀਬ ਜਿਹੀ ਖੁਸ਼ੀ ਸੀ , ਪਲ ਭਰ ਬਾਅਦ ਹੀ ਉਹਦਾ ਝੁਕਿਆ ਚਿਹਰਾ ਉਦਾਸ ਜਿਹਾ ਲੱਗਦਾ, ਪਤਾ ਨਹੀਂ ਕੀ ਸੋਚਦੀ ਸੀ , ਕਰਤਾਰੇ ਤੇ ਸੂਬੇਦਾਰ ਨੇ ਰੋਟੀ ਖਾ ਲਈ ਸੀ , ਸੂਬੇਦਾਰ ਆਪ ਉੱਠ ਕੇ ਜੂਠੇ ਭਾਂਡੇ ਧਰ ਆਇਆ ਤੇ ਆਉਂਦਾ ਹੋਇਆ ਸਬਾਤ ਚੋ ਬਿਸਤਰਾ ਚੱਕ ਕੇ ਪਾਲੀ ਨੂੰ ਕਹਿੰਦਾ ( ਪਾਲੀ ਪੁੱਤ ਦੁੱਧ ਗਰਮ ਕਰਕੇ ਜਲਦੀ ਫੜਾਂ ਦੇਈ , ਅਗਲਾ ਦੂਰ ਦੀ ਵਾਟ ਤੋਂ ਆਇਆ , ਥੱਕਿਆ ਹੋਉਗਾ ,ਦੋ ਘੜੀ ਅਰਾਮ ਕਰ ਲਊਂ) ਪਾਲੀ ਨੇ ਹਾਂ ਚ ਸਿਰ ਹਿਲਾਕੇ ਹੁੰਗਾਰਾ ਭਰਿਆ, ਬਿਸਤਰਾ ਵਿਸਾ ਦਿੱਤਾ ਗਿਆ ਤੇ ਕਰਤਾਰਾ ਢੂਹੀਂ ਸਿੱਧੀ ਕਰਨ ਲਈ ਲੰਮਾ ਪੈ ਗਿਆ, ਤੇ ਸੂਬੇਦਾਰ ਆਪਣੇ ਸਾਹਮਣੇ ਵਾਲੇ ਬਗ਼ਲ ਵਿੱਚ ਜੋ ਉਹਨਾਂ ਦਾ ਬਾਹਰਲਾ ਘਰ ਸੀ , ਪਸੂਆਂ ਕੋਲ ਗੇੜਾ ਮਾਰਨ ਚਲਾ ਗਿਆ, ਸੂਬੇਦਾਰ ਦਾ ਬਾਹਰਲਾ ਬਗਲ ਓਸੇ ਗਲੀ ਚ ਚਾਰ ਕੁ ਘਰ ਛੱਡਕੇ ਸੀ। ਕਰਤਾਰਾ ਪਿਆ ਛੱਤ ਵੱਲ ਝਾਕ ਰਿਹਾ ਸੀ, ਓਸ ਪਲ ਤਾਂ ਕਰਤਾਰੇ ਨੂੰ ਲੱਗਿਆ ਜਿਵੇਂ ਉਹ ਸਹੁਰੇ ਆਇਆ ਹੋਵੇ, ਇੰਨੀ ਸੇਵਾ ਤਾਂ ਅਗਲਾ ਆਪਣੇ ਜਵਾਈ ਭਾਈ ਦੀ ਨੀ ਕਰਦਾ , ਜਿੰਨੀ ਉਹਦੀ ਹੋਈ ਆ, ਕਰਤਾਰੇ ਨੇ ਪਾਸਾ ਲਿਆ, ਤਾਂ ਸਾਹਮਣੇ ਕਿਲੇ ਤੇ ਟੰਗੇ ਬੂਟੀਆਂ ਵਾਲੇ ਝੋਲੇ ਤੇ ਬਣੇ ਤੋਤਿਆਂ ਤੇ ਉਸਦੀ ਨਜਰ ਪਈ, ਜਿੰਨਾਂ ਦੀਆਂ ਚੁੰਝਾਂ ਆਪਸ ਵਿੱਚ ਜੁੜੀਆਂ ਹੋਈਆਂ ਸੀ, ਇਹ ਕਰਤਾਰੇ ਦਾ ਉਹੀ ਝੋਲ਼ਾ ਸੀ ਜਿਸ ਵਿੱਚ ਪਾਲੋ ਦੀਆਂ ਟੂਮਾਂ ਸੀ, ਜੋ ਉਸਨੇ ਬਿਸਤਰਾ ਵਸਾਉਂਦੇ ਨੇ ਆਪ ਈ ਕਿੱਲੇ ਤੇ ਟੰਗਿਆ ਸੀ, ਪਰ ਅੱਜ ਤੋਂ ਪਹਿਲਾਂ ਪਤਾ ਨੀ ਕਿਉਂ ਇਹ ਤੋਤੇ ਉਸਨੇ ਇੰਨੀ ਚੰਗੀ ਤਰਾਂ ਨਹੀਂ ਸੀ ਦੇਖੇ। ਕਰਤਾਰੇ ਨੇ ਇੱਕ ਦਮ ਗਰਦਨ ਭੁਮਾ ਕੇ ਕੰਧੋਲੀ ਵੱਲ ਦੇਖਿਆ, ਪਾਲੀ ਹਜੇ ਵੀ ਚੁੱਲੇ ਮੂਹਰੇ ਬੈਠੀ ਸੀ ਪਰ ਹੁਣ ਉਸਦਾ ਧਿਆਨ ਗਰਮ ਧਰੇ ਦੁੱਧ ਵੱਲ ਸੀ, ਦੁੱਧ ਦੇ ਉਬਾਲ ਦਾ ਬਹੁਤ ਧਿਆਨ ਰੱਖਣਾ ਪੈਂਦਾ, ਬੱਸ ਅੱਖ ਝਪਕਣ ਦੀ ਦੇਰ ਹੁੰਦੀ ਆ, ਸੂਬੇਦਾਰ ਨੇ ਦਰਵਾਜ਼ਾ ਭੇੜਦਿਆਂ ਕਿਹਾ , ਪਸੂਆਂ ਨਾਲ ਤਾਂ ਪਸੂ ਹੋਣ ਆ, ਜੇ ਨਾ ਜਾਂਦਾ ਪਤਾ ਨੀ ਕੀ ਹੋਣਾ ਸੀ ਆਹ ਬੂਰੀ ਮੱਝ ਸਿੰਗ ਫਸਾਈ ਖੜੀ ਸੀ, ਮੈਂ ਤਾਂ ਸੁਖਦੇਵ ਨੂੰ ਕਿਹਾ ਸੀ ਇੱਕ ਦੋ ਰੱਖ ਲਾ ਕੀ ਕਰਨਾ ਇੰਨੇ ਖੋਲਿਆਂ ਦਾ, ਉਹ ਕਹਿੰਦਾ ਘਰ ਦਾ ਦੱਧ ਘਿਉ ਹੋ ਜਾਂਦਾ) ਸੂਬੇਦਾਰ ਆਪਣੇ ਆਪ ਚ ਈ ਬੋਲ ਰਿਹਾ ਸੀ, ਕਰਤਾਰਾ ਕੁੱਝ ਨਾ ਬੋਲਿਆ, ਉਸਨੇ ਸਿਰਫ ਪਾਸਾ ਮਾਰਕੇ ਉਸ ਵੱਲ ਮੂੰਹ ਈ ਕੀਤਾ । ਪਾਲੀ ਦੁੱਧ ਲੈ ਕੇ ਆ ਗਈ ਉਸਨੇ ਬਾਪੂ ਨੂੰ ਦੁੱਧ ਦਾ ਗਿਲਾਸ ਫੜਾਕੇ ਕਰਤਾਰੇ ਨੂੰ ਫੜਾਇਆ , ਕਰਤਾਰਾ ਲੋਟ ਹੋਕੇ ਬੈਠ ਗਿਆ, ਦੁੱਧ ਫੜਦੇ ਸਮੇਂ ਕਰਤਾਰੇ ਦਾ ਹੱਥ ਪਾਲੀ ਦੇ ਹੱਥ ਨਾਲ ਖਹਿ ਗਿਆ, ਪਾਲੀ ਨੂੰ ਧੁਰ ਅੰਦਰ ਤੱਕ ਕੰਬਣੀ ਛਿੜ ਗਈ , ਉਹ ਕਾਹਲੀ ਨਾਲ ਮੁੜ ਗਈ । ਕਰਤਾਰੇ ਨੇ ਜਾਂਦੀ ਪਾਲੀ ਵੱਲ ਦੇਖਿਆ, ਉਸਨੂੰ ਉਸਦੀ ਚਾਲ ਵਿੱਚ ਅਜੀਬ ਜਿਹੀ ਮਸਤੀ ਲੱਗੀ। ਸੂਬੇਦਾਰ ਨੇ ਦੁੱਧ ਚ ਫੂਕ ਮਾਰਦਿਆਂ ਕਿਹਾ, (ਸੇਰਾ ਸੋਡੇ ਵੱਲ ਨਰਮੇ ਕਿਵੇਂ ਆਂ ਸਾਡੇ ਤਾਂ ਐਤਕੀਂ ਔਡ ਜੀ ਕਰਕੇ ਨਰਮਿਆਂ ਨੇ ਬਾਹਲ਼ਾ ਕੱਦ ਜਾ ਨੀ ਕੀਤਾ) ਕਰਤਾਰੇ ਨੇ ਬਹੁਤ ਛੋਟਾ ਉੱਤਰ ਦਿੱਤਾ (ਬੱਸ ਆਹੀ ਹਾਲ ਆ ਜੀ) ਸ਼ਾਇਦ ਕਿਸੇ ਹੋਰ ਸੋਚਾਂ ਵਿੱਚ ਡੁੱਬਿਆ ਹੋਇਆ ਸੀ । ਰਾਤ ਕਾਫੀ ਹੋ ਗਈ ਸੀ । ਕਰਤਾਰਾ ਤੇ ਸੂਬੇਦਾਰ ਦੁੱਧ ਪੀ ਕੇ ਮੰਜਿਆਂ ਤੇ ਲੰਮੇ ਪੈ ਗਏ। ਪਾਲੀ ਨੇ ਭਾਂਡੇ ਮਾਂਜ ਲਏ ਸਨ ਤੇ ਸਾਰਾ ਨਿੱਕ ਸੁੱਕ ਸਾਂਭ ਕੇ ਸਬਾਤ ਵਿੱਚ ਚਲੀ ਗਈ ।
ਸੂਬੇਦਾਰ ਦੀ ਪੈਂਦਿਆਂ ਈ ਅੱਖ ਲੱਗ ਗਈ , ਸਿਆਣੇ ਕਹਿੰਦੇ ਹਨ ਕਿ ਬੱਚੇ ਤੇ ਬਜ਼ੁਰਗ ਨੂੰ ਨੀਂਦ ਇੱਕਦਮ ਢਾਹ ਲੈਂਦੀ ਹੈ, ਕਰਤਾਰੇ ਨੂੰ ਹੈਰਾਨੀ ਹੋਈ ਕਿ ਸੂਬੇਦਾਰ ਮੇਜਰ ਪੈਣ ਸਾਰ ਸੌਂ ਗਿਆ ।ਕਰਤਾਰਾ ਹਜੇ ਸੁੱਤਾ ਨਹੀਂ ਸੀ । ਦਰਵਾਜ਼ੇ ਵਿੱਚ ਮੱਧਮ ਰੌਸ਼ਨੀ ਸੀ , ਬੱਲਬ ਤੇ ਕਾਫੀ ਧੂੜ ਜੰਮੀ ਹੋਈ ਸੀ , ਪਰ ਪੀਲ਼ੀ ਰੌਸ਼ਨੀ ਚ ਸਭ ਕੁਛ ਸਾਫ ਦਿਸਦਾ ਸੀ, ਸਬਾਤ ਵਿੱਚ ਵੀ ਬੱਲਬ ਜਗਦਾ ਸੀ ਤੇ ਸਬਾਤ ਦੇ ਤਖਤੇ ਦੀਆਂ ਬਿਰਲਾਂ ਥਾਂਈਂ ਪੀਲ਼ੀ ਰੌਸ਼ਨੀ ਦੀਆਂ ਕਿਰਨਾਂ ਵਿਹੜੇ ਚ ਪੈਂਦੀਆਂ ਸਨ। ਸਬਾਤ ਦੇ ਚੁੱਲੇ ਵਾਲੀ ਸ਼ਾਇਡ ਦੀ ਤਾਕੀ ਖੁੱਲੀ ਸੀ ਜਿਸ ਰਾਂਹੀ ਚਾਨਣ ਦੂਰ ਤੱਕ ਪਸਰਿਆ ਹੋਇਆ ਸੀ । ਕਰਤਾਰਾ ਟਿਕ ਟਿਕੀ ਲਾਈ ਛੱਤ ਦੀਆਂ ਕੜੀਆਂ ਵੱਲ ਦੇਖ ਰਿਹਾ ਸੀ। ਦੂਰ ਕਿਤੇ ਕੁੱਤੇ ਦੇ ਭੌਂਕਣ ਦੀ ਮੱਧਮ ਅਵਾਜ ਟਿਕੀ ਰਾਤ ਵਿੱਚ ਸਾਫ ਸੁਣਾਈ ਦਿੰਦੀ ਸੀ , ਕਰਤਾਰੇ ਦਾ ਧਿਆਨ ਕੋਲ ਪਏ ਸੂਬੇਦਾਰ ਤੇ ਗਿਆ । ਉਸਨੇ ਇੱਕ ਵਾਰ ਸਬਾਤ ਵੱਲ ਵੀ ਦੇਖਿਆ , ਰਾਤ ਛਾਂ ਛਾਂ ਕਰ ਰਹੀ ਸੀ, ਬੀਂਡੇ ਬੋਲਣ ਦੀ ਅਵਾਜ ਰਾਤ ਨੂੰ ਹੋਰ ਵੀ ਸੁੰਨਾਂ ਸੁੰਨਾਂ ਕਰਦੀ ਸੀ । ਕਰਤਾਰਾ ਫੇਰ ਪਾਸਾ ਮਾਰਕੇ ਪੈ ਗਿਆ, ਉਸਨੂੰ ਹੁਣ ਕੋਈ ਥਕੇਵਾਂ ਨਹੀਂ ਸੀ, ਦਿਨ ਵੇਲੇ ਭਾਵੇਂ ਉਹਨੇ ਕਿੰਨੇ ਕੋਹ ਵਾਟ ਪੈਰਾਂ ਨਾਲ ਲਤੜ ਦਿੱਤੀ ਸੀ । ਪਾਲੀ ਡੂੰਘੀਆਂ ਸੋਚਾਂ ਵਿੱਚ ਮੰਜੇ ਤੇ ਸਰਾਲ਼ ਵਾਂਗ ਪਈ ਸੀ । ਉਸਨੂੰ ਨੀਂਦ ਨਹੀਂ ਆਈ ਸੀ । ਅੱਧੀ ਰਾਤ ਬੀਤ ਚੁੱਕੀ ਸੀ ਪਰ ਪਾਲੀ ਦੀਆਂ ਅੱਖਾਂ ਹਜੇ ਵੀ ਖੁੱਲੀਆਂ ਸਨ ,ਤਾਕੀ ਵਿੱਚ ਦੀ ਇੱਕ ਹਵਾ ਦਾ ਬੁੱਲਾ ਅੰਦਰ ਅਇਆ ਤਾਂ ਪਾਲੀ ਨੂੰ ਇੰਝ ਲੱਗਿਆ ਜਿਵੇਂ ਤਾਕੀ ਕੋਲ ਉਹ ਓਪਰਾ ਆਦਮੀ ਖੜਾ ਹੋਵੇ, ਉਸਨੇ ਇੱਕਦਮ ਤਾਕੀ ਵੱਲ ਦੇਖਿਆ ਉੱਥੇ ਕੋਈ ਨਹੀਂ ਸੀ ਇਹ ਉਸਦਾ ਵਹਿਮ ਈ ਸੀ । ਉਸਨੇ ਉੱਠਕੇ ਬੱਲਬ ਬੰਦ ਕਰ ਦਿੱਤਾ ਤੇ ਫੇਰ ਮੰਜੇ ਤੇ ਪੈ ਗਈ । ਕਰਤਾਰਾ ਅੱਖਾਂ ਬੰਦ ਕਰਕੇ ਪੈ ਗਿਆ ਸੀ, ਪਰ ਹਜੇ ਗੂੜੀ ਨੀਂਦ ਨਹੀਂ ਸੀ ਆਈ । ਅੱਧੀ ਰਾਤ ਬੀਤ ਚੁੱਕੀ ਸੀ, ਤਾਰਿਆਂ ਦੀ ਖਿੱਤੀ ਬਿਲਕੁੱਲ ਉੱਪਰ ਆ ਗਈ ਸੀ , ਅਚਾਨਕ ਸਬਾਤ ਦਾ ਦਰਵਾਜ਼ਾ ਖੁੱਲ੍ਹਦਾ ਤੇ ਕਰਤਾਰੇ ਦੀ ਇੱਕਦਮ ਅੱਖ ਖੁੱਲ ਜਾਂਦੀ ਹੈ, ਉਹ ਦੇਖਦਾ ਪਾਲੀ ਹੌਲੀ ਹੌਲੀ ਦਰਵਾਜ਼ੇ ਵੱਲ ਨੂੰ ਆਉਂਦੀ ਹੈ, ਤੇ ਸਬਾਤ ਦਾ ਦਰਵਾਜ਼ਾ ਭੇੜ ਕੇ ਅੱਗੇ ਵਧਦੀ ਹੈ, ਸਬਾਤ ਤੋਂ ਦਰਵਾਜ਼ਾ ਕੋਈ ਜਿਆਦਾ ਦੂਰ ਨਹੀਂ ਸੀ। ਪਰ ਵਿਹੜਾ ਕਾਫੀ ਖੁੱਲਾ ਸੀ , ਕਰਤਾਰੇ ਨੂੰ ਲੱਗਿਆ ਕਿ ਪਾਲੀ ਬਿੱਲਕੁੱਲ ਸਿੱਧੀ ਉਸ ਵੱਲ ਆਂ ਰਹੀ ਹੈ, ਫੇਰ ਉਸਨੇ ਇੱਕਦਮ ਅੱਖਾਂ ਬੰਦ ਕਰਕੇ ਖੋਲੀਆਂ , ਉਸਨੂੰ ਲੱਗਿਆ ਸ਼ਾਇਦ ਮੇਰਾ ਭੁਲੇਖਾ ਹੋਵੇ, ਪਰ ਉਸਦਾ ਇਹ ਭੁਲੇਖਾ ਜਲਦੀ ਯਕੀਨ ਵਿੱਚ ਬਦਲ ਗਿਆ, ਉਸਨੇ ਇੱਕ ਵਾਰ ਫੇਰ ਸੂਬੇਦਾਰ ਵੱਲ ਦੇਖਿਆ, ਉਹ ਨੀਂਦ ਵਿੱਚ ਘੁਰਾੜੇ ਮਾਰ ਰਿਹਾ ਸੀ, ਨੀਂਦ ਤੇ ਮੌਤ ਚ ਸਿਰਫ ਐਨਾ ਈ ਫ਼ਰਕ ਹੁੰਦਾ ਕਿ ਮੌਤ ਲੰਮੀ ਨੀਂਦ ਹੁੰਦੀ ਹੈ ਜਿਸ ਚੋਂ ਆਦਮੀ ਕਦੇ ਨੀ ਜਾਗਦਾ, ਪਾਲੀ ਦੇ ਕਦਮਾਂ ਦੀ ਆਹਟ ਸਿਰਫ ਕਰਤਾਰੇ ਨੂੰ ਸੁਣਾਈ ਦਿੰਦੀ ਸੀ, ਰਾਤ ਦੇ ਹਨੇਰੇ ਵਿੱਚ ਵੀ ਪਾਲੀ ਉਸਨੂੰ ਕੋਈ ਉੱਪਰੋਂ ਉੱਤਰੀ ਪਰੀ ਲੱਗਦੀ ਸੀ , ਕਰਤਾਰੇ ਨੇ ਜਾਣ ਬੁੱਝ ਕੇ ਅਜਿਹਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਉਹ ਸੂਬੇਦਾਰ ਨਾਲੋਂ ਵੀ ਗੂੜੀ ਨੀਂਦ ਸੁੱਤਾ ਹੋਵੇ, ਉਸਨੂੰ ਹੁਣ ਸੱਚਮੁੱਚ ਅਹਿਸਾਸ ਹੋ ਗਿਆ ਸੀ ਕਿ ਪਾਲੀ ਉਸ ਕੋਲ ਈ ਆ ਰਹੀ ਹੈ । ਪਾਲੀ ਨੇ ਦਰਵਾਜੇ ਵਿੱਚ ਵੜਨ ਸਾਰ ਇੱਕ ਵਾਰ ਕਰਤਾਰੇ ਵੱਲ ਤੇ ਫੇਰ ਬਾਪੂ ਵੱਲ ਦੇਖਿਆ , ਸੂਬੇਦਾਰ ਮੇਜਰ ਤਾਂ ਨੀਂਦ ਵਿੱਚ ਗੜੁੱਚ ਸੀ, ਪਰ ਕਰਤਾਰੇ ਨੇ ਜਾਣ ਬੁੱਝ ਕੇ ਅੱਖਾਂ ਬੰਦ ਕਰ ਲਈਆਂ ਸੀ, ਉਸਦਾ ਦਿਲ ਤੇਜ਼ ਤੇਜ਼ ਧੜਕ ਰਿਹਾ ਸੀ, ਉਸਨੂੰ ਪਾਲੀ ਤੋਂ ਐਡੀ ਉਮੀਦ ਨਹੀ ਸੀ, ਪਰ ਪਾਲੀ ਪਤਾ ਨੀ ਕਿਉਂ ਅੱਧੀ ਰਾਤ ਨੂੰ … …. ਪਾਲੀ ਨੇ ਦੋਹਾਂ ਮੰਜਿਆਂ ਦੇ ਵਿਚਕਾਰ ਦੀ ਹੋ ਕੇ ਦਰਵਾਜ਼ੇ ਦੇ ਬਾਹਰਲੇ ਤਖਤਿਆਂ ਕੋਲ ਜਾ ਕੇ ਇੱਕ ਵਾਰ ਫੇਰ ਪਿੱਛੇ ਦੇਖਿਆ, ਸੂਬੇਦਾਰ ਓਸੇ ਤਰਾਂ ਪਿਆ ਸੀ ਤੇ ਕਰਤਾਰਾ ਵੀ ਅੱਖਾਂ ਬੰਦ ਕਰਕੇ ਮਨ ਦੀਆਂ ਅੱਖਾਂ ਨਾਲ ਮਹਿਸੂਸ ਕਰ ਰਿਹਾ ਸੀ, ਪਾਲੀ ਨੇ ਹੌਲ਼ੀ ਹੌਲ਼ੀ ਦਰਵਾਜ਼ੇ ਦਾ ਕੁੰਡਾ ਖੋਲਿਆ ਤੇ ਪੋਲੇ ਪੋਲੇ ਕਦਮਾਂ ਨਾਲ ਦਰਵਾਜ਼ੇ ਦੀ ਦਹਿਲੀਜ਼ ਲੰਘ ਗਈ। ਕਰਤਾਰੇ ਨੇ ਥੋੜ੍ਹੀਆਂ ਅੱਖਾਂ ਖੋਲਕੇ ਦੇਖਿਆ , ਉਸਨੂੰ ਲੱਗਿਆ ਜਿਵੇਂ ਕੋਈ ਸੁਪਨਾ ਆਇਆ ਹੋਵੇ, ਉਹ ਇੱਕਦਮ ਉੱਠ ਕੇ ਬੈਠ ਗਿਆ, ਉਸਨੇ ਇੱਕ ਵਾਰ ਦਰਵਾਜ਼ੇ ਚ ਚਾਰ ਚੁਫੇਰੇ ਨਿਗਾ ਮਾਰੀ , ਉੱਥੇ ਕੋਈ ਨਹੀਂ ਸੀ, ਬੱਲਬ ਉਸੇ ਤਰਾਂ ਜਗ ਰਿਹਾ ਸੀ, ਉਸਨੇ ਦਰਵਾਜ਼ੇ ਦਾ ਕੁੰਡਾ ਖੁੱਲਾ ਦੇਖਿਆ , ਤੇ ਜਲਦੀ ਆਪਣੀ ਜੁੱਤੀ ਪਾਕੇ ਹੌਲ਼ੀ ਹੌਲ਼ੀ ਦਰਵਾਜ਼ੇ ਕੋਲ ਚਲਾ ਗਿਆ, ਉਸਨੇ ਇੱਕ ਵਾਰ ਸੂਬੇਦਾਰ ਨੂੰ ਗਹੁ ਨਾਲ ਦੇਖਿਆ, ਸੂਬੇਦਾਰ ਘੂਕ ਸੁੱਤਾ ਪਿਆ ਸੀ । ਕਰਤਾਰਾ ਹੌਲ਼ੀ ਹੌਲ਼ੀ ਬਾਹਰ ਨਿੱਕਲ ਗਿਆ। ਸੁੰਨੀ ਰਾਤ ਹੋਰ ਵੀ ਭਿਆਨਕ ਲੱਗਦੀ ਸੀ, ਬੀਂਡੇ ਬਿਲਕੁਲ ਚੁੱਪ ਹੋ ਗਏ, ਜਿਵੇਂ ਕਿਤੇ ਦੂਰ ਚਲੇ ਗਏ ਹੋਣ । ਵਰਤਾਰਾ ਵਾਪਰ ਚੁੱਕਿਆ ਸੀ , ਪਰਿੰਦੇ ਉਡਾਰੀ ਮਾਰ ਚੱਲੇ ਸਨ, ਰਾਤ ਦੇ ਰਾਹੀ ਨਿਕਲ ਚੁੱਕੇ ਸਨ, ਮੌਸਮ ਵਿੱਚ ਇੱਕਦਮ ਤਬਦੀਲੀ ਆ ਗਈ । ਹੁਣ ਠੰਡੀ ਠੰਡੀ ਹਵਾ ਦੇ ਬੁੱਲੇ ਚੱਲ ਪਏ ਸਨ , ਜਿਹੜਾ ਮੌਸਮ ਥੋੜਾ ਸਮਾਂ ਪਹਿਲਾਂ ਹੁੰਮਸ ਭਰਿਆ ਸੀ ਉਹੀ ਮੌਸਮ ਹੁਣ ਠੰਡਾ ਹੋ ਗਿਆ, ਬੱਲਬ ਹਵਾ ਦੇ ਬੁੱਲੇ ਨਾਲ ਹੱਲ ਰਿਹਾ ਸੀ, ਤਾਰਿਆਂ ਦੀ ਖਿੱਤੀ ਜਮਾਂ ਸਿਖਰ ਤੇ ਸੀ, ਅਸਮਾਨ ਬਿਲਕੁਲ ਸਾਫ ਸੀ, ਪੂਰਾ ਪਿੰਡ ਇੰਝ ਸੁੱਤਾ ਪਿਆ ਸੀ ਜਿਵੇਂ ਸਾਰੇ ਫ਼ਿਕਰ ਲੱਥ ਗਏ ਹੋਣ। ਕੁੱਤਿਆਂ ਨੇ ਵੀ ਲੰਮੀਆਂ ਤਾਣ ਲਈਆਂ ਸਨ, ਪਹਿਰ ਦਾ ਤੜਕਾ ਹੋਣ ਵਾਲਾ ਸੀ । ਰਾਤ ਦੇ ਹਨੇਰੇ ਵਿੱਚ ਰਾਤ ਦੇ ਰਾਹੀ ਪਤਾ ਨੀ ਕਿਹੜੇ ਹਰਨਾਂ ਦੇ ਸਿੰਗੀ ਚੜ ਗਏ।
—————————————————
ਜਿੰਨੇ ਮੂੰਹ ਓਨੀਆਂ ਗੱਲਾਂ, ਹਰ ਹੱਟੀਂ ਭੱਠੀਂ , ਖੂਹ ਦਰਵਾਜ਼ੇ ਦਿਨ ਚੜਦੇ ਸਾਰ ਏਸੇ ਗੱਲ ਦੀ ਚਰਚਾ ਸੀ, ਪੂਰੇ ਪਿੰਡ ਵਿੱਚ ਇਹ ਇਸ ਤਰਾਂ ਦੀ ਪਹਿਲੀ ਘਟਨਾ ਸੀ, ਸੂਬੇਦਾਰ ਦੇ ਦਰਵਾਜ਼ੇ ਮੂਹਰੇ ਦਸ ਪੰਦਰਾਂ ਪਿੰਡ ਦੇ ਬੰਦੇ ਆਪਸ ਵਿੱਚ ਘੁਸਰ ਮੁਸਰ ਕਰ ਰਹੇ ਸਨ। ਸੂਰਜ ਚੜਦੇ ਹੀ ਪਿੰਡ ਦੀਆਂ ਜੂਹਾਂ ਵਿੱਚ ਇੱਕੋ ਹੀ ਚਰਚਾ ਸੀ, ਪਿੰਡ ਦੇ ਬੱਚੇ ਬੱਚੇ ਨੂੰ ਹੁਣ ਤੱਕ ਪਤਾ ਲੱਗ ਚੁੱਕਾ ਸੀ, ਹਜੇ ਤੱਕ ਸੁਖਦੇਵ ਖੇਤੋਂ ਨਹੀਂ ਸੀ ਮੁੜਿਆ, ਸੂਬੇਦਾਰ ਦਾ ਖੇਤ ਪਿੰਡ ਤੋਂ ਕਾਫੀ ਦੂਰ ਸੀ, ਉਹ ਦੂਜੇ ਪਿੰਡ ਦੀ ਜੂਹ ਨਾਲ ਲੱਗਦਾ ਸੀ, ਸ਼ਾਇਦ ਏਸੇ ਕਰਕੇ ਸੁਖਦੇਵ ਤੱਕ ਇਹ ਗੱਲ ਪਹੁੰਚੀ ਨਹੀਂ ਸੀ , ਨਹੀਂ ਤਾਂ ਹੁਣ ਤੱਕ ਉਹਨੇ ਆ ਜਾਣਾ ਸ਼ੀ, ਉਹ ਏਸੇ ਗੱਲ ਤੋਂ ਬੇਖ਼ਬਰ ਸੀ ਕਿ ਰਾਤ ਦੇ ਹਨੇਰੇ ਨੇ ਉਹਦੀ ਜ਼ਿੰਦਗੀ ਦੇ ਚਿੱਟੇ ਚਾਨਣ ਲੁੱਟ ਲਏ ਸਨ। ਲਾਲਾ ਮਿਲਖੀ ਰਾਮ ਵੀ ਸੂਬੇਦਾਰ ਦੇ ਦਰਵਾਜ਼ੇ ਅੱਗੇ ਆ ਗਿਆ, ਸਾਰੇ ਚੁੱਪ ਖੜੇ ਸਨ ਜਿਵੇਂ ਕੋਈ ਸੱਪ ਸੁੰਘ ਗਿਆ ਹੋਵੇ, ਪਰ ਇੱਥੇ ਤਾਂ ਜਹਿਰੀਲੇ ਸੱਪ ਨੇ ਡੰਗਿਆ ਸੀ , ਜਿਸਦਾ ਡੰਗਿਆ ਬੰਦਾ ਪਾਣੀ ਵੀ ਨੀ ਮੰਗਦਾ, ਸੂਬੇਦਾਰ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਸੀ ਰਿਹਾ, ਉਸਨੂੰ ਧਰਤੀ ਵਿਹਲ ਨੀ ਸੀ ਦੇ ਰਹੀ, ਉਹ ਲੋਕਾਂ ਨਾਲ ਨਜ਼ਰਾਂ ਨਹੀਂ ਸੀ ਮਿਲਾ ਪਾ ਰਿਹਾ , ਜ਼ਿੰਦਗੀ ਚ ਬੰਦਾ ਹਰ ਮੁਸੀਬਤ ਦਾ ਡਟ ਕੇ ਮੁਕਾਬਲਾ ਕਰ ਸਕਦਾ , ਪਰ ਅਣਹੋਣੀ ਦਾ ਕਦੇ ਮੁਕਾਬਲਾ ਨੀ ਕੀਤਾ ਜਾ ਸਕਦਾ। ਇਹ ਤਾਂ ਅਜਿਹੀ ਅਣਹੋਣੀ ਸੀ , ਜੋ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ, ਸਭ ਕੁੱਛ ਲੁੱਟਿਆ ਜਾ ਚੁੱਕਾ ਸੀ , ਪਿੰਡ ਦੀਆਂ ਧੀਆਂ ਭੈਣਾਂ ਸਭ ਦੀਆਂ ਸਾਝੀਆਂ ਹੁੰਦੀਆਂ ਨੇ ਸੂਬੇਦਾਰ ਅਕਸਰ ਹੀ ਕਹਿੰਦਾ ਹੁੰਦਾ ਸੀ, ਪਰ ਅੱਜ ਉਹ ਆਪਣੇ ਲੋਕਾਂ ਚ ਈ ਮੂੰਹ ਦਿਖਾਉਣ ਜੋਗਾ ਨੀ ਸੀ, । ਪਾਲੀ ਤੋਂ ਇਹ ਉਮੀਦ ਪਿੰਡ ਦੇ ਕਿਸੇ ਵੀ ਬੰਦੇ ਨੂੰ ਨਹੀਂ ਸੀ। ਉਸਨੇ ਕਦੇ ਹੱਟੀਂ ਭੱਠੀ ਜਾਂਦੀ ਨੇ ਰਾਹ ਖੇੜੇ ਨੀਵੀਂ ਨਹੀਂ ਸੀ ਚੱਕੀ। ਫੇਰ ਅੱਜ ਉਹ ਪਿੰਡ ਦੀ ਮਰਿਯਾਦਾ ਦੀਆਂ ਧੱਜੀਆਂ ਉਡਾ ਕਿੱਥੇ ਚਲੀ ਗਈ। ਇਹ ਸਵਾਲ ਹਰ ਇੱਕ ਦੀ ਜ਼ੁਬਾਨ ਤੇ ਸੀ। ਗੇਲਾ ਤੇ ਬਿੱਕਰ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਤਾਂ ਸਭ ਤੋਂ ਵੱਧ ਪਛਤਾਵਾ ਉਹਨਾਂ ਨੂੰ ਹੋਇਆ, ਉਹ ਕੱਠ ਵਿੱਚ ਚੋਰਾਂ ਵਾਂਗ ਮੂੰਹ ਛੁਪਾਈ ਖੜੇ ਸਨ, ਜਿਵੇਂ ਉਹਨਾਂ ਤੋਂ ਕੋਈ ਗੁਨਾਹ ਹੋ ਗਿਆ ਹੋਵੇ, ਗੇਲਾ ਉਸ ਓਪਰੇ ਆਦਮੀ ਨੂੰ ਸੂਬੇਦਾਰ ਦੇ ਘਰ ਛੱਡ ਕੇ ਗਿਆ ਸੀ । ਬਿੱਕਰ ਤੇ ਗੇਲੇ ਨੇ ਉਸਨੂੰ ਚੰਗੀ ਤਰਾਂ ਦੇਖਿਆ ਸੀ, ਪਰ ਉਹ ਹੁਣ ਜਮਾਂ ਚੁੱਪ ਚਾਪ ਗੂੰਗਿਆਂ ਵਾਂਗ ਖੜੇ ਸਨ। ਪਿੰਡ ਦੇ ਬਜ਼ੁਰਗ ਗੁਰਦੇਵ ਸਿੰਘ ਨੇ ਮਿਲਖੀ ਦੇ ਕੋਲ ਹੁੰਦਿਆਂ ਬਹੁਤ ਧੀਮੀ ਅਵਾਜ ਚ ਕਿਹਾ( ਆਹ ਤਾਂ ਆਪਣੇ ਪਿੰਡ ਵਾਸਤੇ ਬਹੁਤ ਮਾੜੀ ਗੱਲ ਹੋਈ ਆ ਲਾਲਾ ਜੀ, ਜੱਗੋ ਤੇਰਵੀਂ ਹੋਗੀ, ਵਾਗਰੂ ਵਾਗਰੂ) ਸੇਠ ਨੇ ਐਨਕ ਠੀਕ ਕਰਦਿਆਂ ਕਿਹਾ ( ਗੁਰਦੇਵ ਸਿਆਂ ਮਾੜੀ ਵਰਗੀ ਮਾੜੀ ਭਾਈ , ਇਹੋ ਜੀ ਤਾਂ ਦੁਸ਼ਮਣ ਨਾਲ ਵੀ ਨਾਂ ਹੋਵੇ, ਲਾਲੇ ਨੇ ਗੁਰਦੇਵ ਦੇ ਹੋਰ ਕੋਲ ਹੋਕੇ ਕਿਹਾ , ਮੇਰਾ ਤਾਂ ਪਹਿਲਾਂ ਈ ਮੱਥਾ ਠਣਕਦਾ ਸੀ, ਵੀ ਸੂਬੇਦਾਰ ਬਿਨਾ ਜਾਣ ਪਛਾਣ ਹਰ ਇੱਕ ਨੂੰ ਘਰੇ ਵਾੜ ਲੈਂਦਾ, ਦੇਖ ਲੈ ਭਾਈ ਗੁਰਦੇਵ ਸਿਆਂ ਭਲਾਈ ਦਾ ਤਾਂ ਜਮਾਨਾ ਈ ਨੀ ਰਿਹਾ, ਹੁਣ ਭਾਈ ਕੀਹਦੀ ਮਾਂ ਨੂੰ ਮਾਸੀ ਕਹੀਏ ) ਸੇਠ ਨੇ ਲੰਮਾ ਹੌਕਾਂ ਲਿਆ । ਪਿੰਡ ਦੇ ਮੋਹਤਬਰ ਬੰਦੇ ਜੱਗਰ ਸਿੰਘ ਨੇ, ਸੂਬੇਦਾਰ ਨੂੰ ਕਿਹਾ, ਸੂਬੇਦਾਰਾ ਹੁਣ ਐਂ ਹੱਥ ਤੇ ਹੱਥ ਧਰਕੇ ਤਾਂ ਨੀ ਸਰਨਾ, ਕੁਛ ਤਾਂ ਕਰਨਾ ਪਊ ਉਹਨੇ ਤਾਂ ਜਿਹੜਾ ਚੰਦ ਚਾੜਨਾ ਸੀ ਚਾੜਤਾ ( ਸੂਬੇਦਾਰ ਨੀਵੀਂ ਪਾਈ ਸੁਣ ਰਿਹਾ ਸੀ, ਸਤਨਾਮ ਨੂੰ ਸੁਖਦੇਵ ਨੂੰ ਲੈਣ ਵਾਸਤੇ ਭੇਜ ਦਿੱਤਾ ਗਿਆ ਸੀ , ਸੂਬੇਦਾਰ ਦੇ ਮੂੰਹੋਂ ਆਪ ਮੁਹਾਰੇ ਬੋਲਿਆ ਗਿਆ, ਇਹਦੇ ਨਾਲੋਂ ਤਾਂ ਚੰਗਾ ਸੀ ਜੰਮਦੀ ਦੇ ਗਲ ਗੂਠਾ ਦੇ ਦਿੰਦਾ, ਘੱਟੋ ਘੱਟ ਆਹ ਦਿਨ ਤਾਂ ਨਾ ਦੇਖਣੇ ਪੈਂਦੇ) ਸੂਬੇਦਾਰ ਨੇ ਕਦੇ ਪਾਲੀ ਨੂੰ ਉੱਚਾ ਨਹੀਂ ਸੀ ਬੋਲਿਆ, ਉਸਨੇ ਆਪਣੀ ਧੀ ਨੂੰ ਬੜੇ ਚਾਵਾਂ ਨਾਲ ਪਾਲਿਆ ਸੀ, ਉਹ ਅਕਸਰ ਪਾਲੀ ਨੂੰ ਕਹਿੰਦਾਂ ਹੁੰਦਾ ਸੀ ਤੂੰ ਤਾਂ ਮੇਰਾ ਦੂਜਾ ਪੁੱਤ ਆਂ, ਪਰ ਅੱਜ ਉਸਦਾ ਦਿਲ ਹੀ ਜਾਣਦਾ ਸੀ, ਲੋਕ ਆਪਸ ਵਿੱਚ ਘੁਸਰ ਮੁਸਰ ਕਰਨ ਲੱਗੇ, ਜਿਵੇਂ ਇੱਕ ਦੂਜੇ ਤੋਂ ਸੂਹ ਲੈ ਰਹੇ ਹੋਣ । ਜੱਗਰ ਨੇ ਗੇਲੇ ਨੂੰ ਅਵਾਜ ਮਾਰਕੇ ਕੋਲ ਸੱਦਿਆ, ਤੇ ਗੇਲਾ ਮੁਜਰਮ ਦੀ ਤਰਾਂ ਡਰ ਗਿਆ, ਉਹਦਾ ਅੰਦਰ ਕੰਬ ਰਿਹਾ ਸੀ, ਗੇਲੇ ਨੇ ਇੱਕ ਵਾਰ ਬਿੱਕਰ ਵੱਲ ਦੇਖਿਆ ਤੇ ਫੇਰ ਜੱਗਰ ਕੋਲ ਆ ਕੇ ਖੜ ਗਿਆ, ਜੱਗਰ ਨੇ ਗੇਲੇ ਨੂੰ ਪੁੱਛਿਆ, (ਕੌਣ ਸੀ ਉਹ , ਕੀ ਨਾਂ ਦੱਸਦਾ ਸੀ, ਕੋਈ ਥਹੁ ਪਤਾ ਵੀ ਦੱਸਿਆ ਉਸ ਕੰਜਰ ਨੇ ) ਜੱਗਰ ਇੱਕੋ ਵਾਰ ਚ ਕਿੰਨਾਂ ਕੁਛ ਪੁੱਛ ਗਿਆ, ਜੱਗਰ ਦੇ ਬੋਲਾਂ ਵਿੱਚ ਗੁੱਸੇ ਦੀ ਲਹਿਰ ਸੀ, ਗੇਲੇ ਨੇ ਇੱਕ ਵਾਰ ਲੋਕਾਂ ਵੱਲ ਨਿਗਾ ਮਾਰੀ ਸਾਰੇ ਉਸਦੇ ਉੱਤਰ ਦੀ ਉਡੀਕ ਕਰ ਰਹੇ ਸੀ, ਨਾਂ ਤਾਂ ਨੀ ਪਤਾ ਬਾਈ , ਉਹਨੇ ਕੁਛ ਦੱਸਿਆ ਈ ਨੀ, ਕਹਿੰਦਾ ਰਾਤ ਕੱਟਣੀ ਆ, ਮੈਂ ਸੂਬੇਦਾਰ ਕੋਲ ਛੱਡ ਗਿਆ, ਗੇਲਾ ਇੰਨਾਂ ਕਹਿਕੇ ਨੀਵੀਂ ਪਾ ਗਿਆ, ਕੋਲ ਖੜੇ ਨਾਜ਼ਰ ਨੇ ਗੇਲੇ ਨੂੰ ਥੋੜੀ ਤਲਖ਼ੀ ਨਾਲ ਕਿਹਾ, ( ਹੱਦ ਹੋ ਗਈ ਯਰ ਸੋਡੇ ਚੋਂ ਕਿਸੇ ਨੇ ਵੀ ਉਹਦਾ ਥਾਂ-ਟਿਕਾਣਾ ਨੀ ਪੁੱਛਿਆ, ਇਹ ਤਾਂ ਉਹ ਗੱਲ ਆ ਚੋਰ ਦੀ ਮਾਂ ਕੋਠੀ ਚ ਮੂੰਹ) ਬਿੱਕਰ ਤੇ ਗੇਲਾ ਨਿੰਮੋਝੂਣੇ ਹੋਏ ਖੜੇ ਸੀ, ਮਿਲਖੀ ਰਾਮ ਨੇ ਸੂਬੇਦਾਰ ਦੇ ਮੋਡੇ ਤੇ ਹੱਥ ਰੱਖਕੇ ਕਿਹਾ, (ਮੈਂ ਤੈਨੂੰ ਕਿੰਨਾਂ ਕਹਿੰਦਾ ਸੀ ਮੇਜਰ ਸਿਆਂ, ਇਹੋ ਜੇ ਲਗਾੜਿਆਂ ਨੂੰ ਧੀਆਂ ਭੈਣਾ ਵਾਲੇ ਘਰ ਨੀ ਵਾੜੀਦਾ, ਉਹੀ ਗੱਲ ਹੋਈ ਜੀਹਦਾ ਡਰ ਸੀ, ਰਾਮ ਰਾਮ ਰਾਮ ਰਾਮ ਭਾਈ ਲੋਹੜਾ ਆ ਗਿਆ)
ਸੇਠ ਮਿਲਖੀ ਦੀ ਗੱਲ ਸੁਣਕੇ ਭਾਗ ਸਿੰਘ ਬੋਲਿਆ, ਉਹ ਐਂ ਕਿਹੜਾ ਸੇਠਾ ਕਿਸੇ ਦੇ ਮੱਥੇ ਤੇ ਲਿਖਿਆ ਹੁੰਦਾ, ਸੂਬੇਦਾਰ ਕੋਲੇ ਅੱਗੇ ਵੀ ਤਾਂ ਕਿੰਨੇ ਰਾਤ ਬਰਾਤੇ ਆ ਈ ਜਾਂਦੇ ਸੀ, ਹੁਣ ਐਂ ਕੀ ਪਤਾ ਸੀ ਵੀ ਅਗਲਾ ਕੀ ਸੋਚੀ ਬੈਠਾ,) ਸੂਬੇਦਾਰ ਨਿਰਉੱਤਰ ਸੀ, ਜਿਵੇਂ ਉਸਤੋਂ ਕੋਈ ਬਹੁਤ ਵੱਡਾ ਗੁਨਾਹ ਹੋ ਗਿਆ ਹੋਵੇ। ਜੱਗਰ ਨੇ ਫੇਰ ਸੂਬੇਦਾਰ ਨੂੰ ਪੁੱਛਿਆ, ਮੇਜਰ ਸਿਆਂ ਕੁਛ ਤਾਂ ਬੋਲ , ਕੀ ਕਰਨਾ ਹੁਣ , ਇਹ ਆਪਣੇ ਸਾਰੇ ਪਿੰਡ ਦੀ ਇੱਜ਼ਤ ਦਾ ਸਵਾਲ ਆ। ਇੱਕ ਜਣਾ ਵਿੱਚੋਂ ਈ ਬੋਲ ਪਿਆ, ਕੀ ਬੋਲੇ ਵਿਚਾਰਾ, ਬੋਲਣ ਜੋਗਾ ਛੱਡਿਆ ਈ ਨੀ, ਜਦੋਂ ਆਪਣਾ ਸਿੱਕਾ ਖੋਟਾ ਹੋਵੇ ਫੇਰ ਦੂਜੇ ਨੂੰ ਕੀ ਦੋਸ਼) ਪੂਰੇ ਪਿੰਡ ਵਿੱਚ ਓਪਰੇ ਆਦਮੀ ਦੀ ਚਰਚਾ ਸੀ, ਸਭ ਤੋਂ ਹੈਰਾਨੀ ਤਾਂ ਇਸ ਗੱਲ ਦੀ ਸੀ ਕੋਈ ਉਸਦਾ ਨਾਮ ਤੱਕ ਨੀ ਸੀ ਜਾਣਦਾ, ਗੇਲੇ , ਬਿੱਕਰ ਤੇ ਸੂਬੇਦਾਰ ਤੋਂ ਬਿਨਾਂ ਤਾਂ ਉਸਨੂੰ ਕਿਸੇ ਨੇ ਦੇਖਿਆ ਵੀ ਨਹੀਂ ਸੀ, ਅੱਧੀ ਰਾਤ ਨੂੰ ਓਪਰੇ ਬੰਦੇ ਨਾਲ ਪਾਲੀ ਦਾ ਚਲੇ ਜਾਣਾ ਕੋਈ ਰਹੱਸ ਤੋਂ ਘੱਟ ਨਹੀਂ ਸੀ, ਪਿੱਛੋਂ ਕੱਠ ਚੋਂ ਕਿਸੇ ਦੀ ਅਵਾਜ ਆਈ (ਅੱਧੀ ਰਾਤ ਨੂੰ ਬਿਗਾਨੇ ਪਿੰਡ ਵਿੱਚ ਓਪਰੇ ਆਦਮੀ ਦਾ ਕੀ ਕੰਮ ਹੋਇਆ ਭਲਾਂ ) ਇਹ ਗੱਲ ਸੂਬੇਦਾਰ ਦੀ ਹਿੱਕ ਵਿੱਚ ਚੌ ਦੇ ਫਾਲੇ ਵਾਂਗ ਧਸ ਗਈ, ਇਸ ਗੱਲ ਵਿੱਚ ਵੱਡਾ ਸੰਕੇਤ ਸੀ, ਪਾਲੀ ਬਾਰੇ ਆਸ ਗੁਆਂਢ ਦੇ ਲੋਕ ਇਸ ਤਰਾਂ ਸੋਚ ਵੀ ਨਹੀਂ ਸਕਦੇ ਸੀ, ਸੇਠ ਮਿਲਖੀ ਰਾਮ ਨੇ ਨਾਲ ਦੇ ਬੰਦਿਆਂ ਤੋਂ ਪੁੱਛਿਆ, ਭਾਈ ਸੁਖਦੇਵ ਨੂੰ ਸੱਦਣ ਗਿਆ ਕੋਈ, ਬੱਸ ਇੰਨਾਂ ਕਹਿਣ ਦੀ ਹੀ ਦੇਰ ਸੀ, ਮਿਲਖੀ ਰਾਮ ਨੇ ਸੁਖਦੇਵ ਨੂੰ ਦੇਖਕੇ ਆਪ ਈ ਕਿਹਾ ( ਲੈ ਆਹ ਆ ਗਿਆ ਸੁਖਦੇਵ ਤਾਂ ) ਸੁਖਦੇਵ ਆ ਗਿਆ ਸੀ, ਉਸਦੇ ਕੋਲ ਕਹੀ ਸੀ ਜੋ ਉਹ ਆਥਣ ਵੇਲੇ ਪਾਣੀ ਲਾਉਣ ਗਿਆ ਆਪਣੇ ਨਾਲ ਲੈਕੇ ਗਿਆ ਸੀ, ਉਸਤੋਂ ਕਦਮ ਨੀ ਸੀ ਪੱਟਿਆ ਜਾ ਰਿਹਾ, ਇੱਕ ਭਰਾ ਲਈ ਏਸ ਤੋਂ ਵੱਧ ਨਿਮੋਸੀ ਹੋਰ ਹੋ ਵੀ ਕੀ ਸਕਦੀ ਸੀ, ਸਤਨਾਮ ਨੇ ਉਸਨੂੰ ਹਾਲੇ ਤੱਕ ਕੁਛ ਨੀ ਸੀ ਦੱਸਿਆ, ਪਰ ਸੁਖਦੇਵ ਨੂੰ ਪਤਾ ਨੀ ਕਿਵੇਂ ਪਤਾ ਲੱਗ ਗਿਆ , ਸੂਬੇਦਾਰ ਨੇ ਇੱਕ ਵਾਰ ਸੁਖਦੇਵ ਵੱਲ ਦੇਖਿਆ, ਸੁਖਦੇਵ ਨੇ ਪੁੱਛਿਆ ਕੀ ਹੋਇਆ ਬਾਪੂ, ਤੁਸੀਂ ਚੁੱਪ ਜੇ ਕਿਵੇਂ ਬੈਠੇ ਓਂ , ਸੂਬੇਦਾਰ ਕੁਛ ਨਾ ਬੋਲਿਆ, ਤੇ ਸੁਖਦੇਵ ਤੋਂ ਰਿਹਾ ਨਾ ਗਿਆ, ( ਬਾਪੂ ਮੈਂ ਤੈਨੂੰ ਕਿੰਨਾ ਵਰਜਿਆ, ਤੂੰ ਮੇਰੀ ਇੱਕ ਨਾ ਸੁਣੀ, ਆਹ ਕਰ ਗੀ ਨਾ ਮੂੰਹ ਕਾਲਾ, ਸੁਖਦੇਵ ਦੇ ਅੰਦਰੋਂ ਅੱਗ ਨਿਕਲਦੀ ਸੀ। ਸੂਬੇਦਾਰ ਤੋਂ ਸੁਖਦੇਵ ਨਾਲ ਅੱਖਾਂ ਨੀ ਸੀ ਮਿਲਾ ਹੁੰਦੀਆਂ , ਉਹਨੇ ਟੂਮਾਂ ਵਾਲਾ ਝੋਲ਼ਾ ਦਿਖਾਇਆ ਜੋ ਓਪਰਾ ਆਦਮੀ ਸ਼ਾਇਦ ਜਲਦਬਾਜੀ ਵਿੱਚ ਕਿੱਲੇ ਤੇ ਟੰਗਿਆ ਈ ਛੱਡ ਗਿਆ ਸੀ, ਜਾਂ ਉਹ ਭੁੱਲ ਗਿਆ ਸੀ, ਸੂਬੇਦਾਰ ਉਹੀ ਝੋਲ਼ਾ ਹੱਥ ਚ ਲਈ ਖੜਾ ਸੀ ਉਸਨੇ ਸਿਰਫ ਹਾਲੇ ਐਨਾ ਈ ਕਿਹਾ ਸੀ ( ਆਹ ਟੂਮਾਂ , ਸੁਖਦੇਵ ਉਸਦੀ ਗੱਲ ਨੂੰ ਵਿੱਚੋਂ ਕੱਟਦਾ ਹੋਇਆ ਬੋਲਿਆ, ਚੱਟ ਲਈਂ ਇਹਨਾਂ ਟੂਮਾਂ ਨੂੰ , ਨਾਂ ਟੂਮਾਂ ਇੱਜ਼ਤ ਤੋਂ ਜ਼ਿਆਦਾ ਪਿਆਰੀਆਂ ਨੇ, ਬੱਸ ਇੱਕ ਵਾਰ ਪਤਾ ਲੱਗਜੇ ਮੇਰੇ ਸਾਲੇ ਦਾ , ਫੇਰ ਉਹਦਾ ਗਾਟਾ ਲਿਆ ਸਮਝੀ) ਉਹ ਗੁੱਸੇ ਨਾਲ ਭਰਾ ਪੀਤਾ ਅੰਦਰ ਚਲਾ ਗਿਆ, ਸੁਖਦੇਵ ਨੂੰ ਪਾਲੀ ਦੇ ਨਾਲ ਨਾਲ ਸੂਬੇਦਾਰ ਤੇ ਵੀ ਓਨਾ ਈ ਗੁੱਸਾ ਸੀ, ਕੱਠ ਵਿਚਲੇ ਬੰਦੇ ਫੇਰ ਘੁਸਰ ਮੁਸਰ ਕਰਨ ਲੱਗ ਪਏ। ਸੂਬੇਦਾਰ ਦੀਆਂ ਨਜਰਾਂ ਧਰਤੀ ਤੇ ਈ ਗੱਡੀਆਂ ਰਹੀਆਂ, ਉਹਨੂੰ ਸਮਝ ਨੀ ਸੀ ਆ ਰਹੀ ਵੀ ਇਹ ਕਿਵੇਂ ਹੋ ਗਿਆ, ਸੁਖਦੇਵ ਦਾ ਗੁੱਸਾ ਵੀ ਜਾਇਜ਼ ਸੀ, ਉਹ ਕਿਹੜਾ ਬੇਗੈਰਤ ਹੋਵੇਗਾ ਜੋ ਆਪਣੀ ਭੈਣ ਦੇ ਇਸ ਤਰਾਂ ਗੈਰ ਆਦਮੀ ਨਾਲ ਚਲੇ ਜਾਣ ਤੇ ਗੁੱਸੇ ਨੀ ਹੋਵੇਗਾ। ਉਹ ਪਾਲੀ ਨੂੰ ਬੇਹੱਦ ਪਿਆਰ ਕਰਦਾ ਸੀ, ਪਰ ਅੱਜ ਉਸਨੇ ਪੂਰੇ ਪਿੰਡ ਵਿੱਚ ਉਹਦੀ ਮਿੱਟੀ ਪਲੀਤ ਕਰ ਦਿੱਤੀ ਸੀ। ਸਾਰੇ ਜਣੇ ਦਰਵਾਜ਼ੇ ਦੇ ਅੰਦਰਲੇ ਪਾਸੇ ਖੜੇ ਸਨ, ਗਲੀ ਵਿੱਚੋਂ ਜਿਹੜਾ ਵੀ ਲੰਘਦਾ ਉਹਦਾ ਧਿਆਨ ਇੱਕ ਵਾਰ ਜ਼ਰੂਰ ਲੋਕਾਂ ਤੇ ਜਾਂਦਾ , ਉੰਝ ਤਾਂ ਸਾਰੇ ਪਿੰਡ ਨੂੰ ਇਸ ਗੱਲ ਦੀ ਭਿਣਕ ਪੈ ਗਈ ਸੀ, ਇਹੋ ਜਿਹੀਆਂ ਗੱਲਾਂ ਕਦੇ ਗੁੱਝੀਆਂ ਨੀ ਰਹਿੰਦੀਆਂ ਚਾਹੇ ਕੋਈ ਕਿੰਨਾਂ ਈ ਪਰਦਾ ਰੱਖ ਲਵੇ, ਲਾਲਾ ਮਿਲਖੀ ਰਾਮ ਸੋਚ ਰਿਹਾ ਸੀ ਕਿ ਜਦੋਂ ਗੇਲਾ ਓਸ ਓਪਰੇ ਆਦਮੀ ਨੂੰ ਇੱਕ ਗਲੀ ਚ ਲਈ ਜਾਂਦਾ ਸੀ ਤਾਂ ਇੱਕ ਵਾਰ ਮੈਂ ਚੰਗੀ ਤਰਾਂ ਦੇਖਿਆ ਸੀ ਉਸਨੂੰ , ਸੇਠ ਮਿਲਖੀ ਰਾਮ ਕਿਸੇ ਘਰ ਤੋਂ ਪੈਸੇ ਲੈਣ ਜਾ ਰਿਹਾ ਸੀ ਉਦੋਂ, ਉਹਨੇ ਗੇਲੇ ਨੂੰ ਵੀ ਬੁਲਾਇਆ ਸੀ, ਪਰ ਗੇਲਾ ਅਣਸੁਣੀ ਕਰਕੇ ਓਪਰੇ ਆਦਮੀ ਨਾਲ ਗਲੀ ਦਾ ਮੋੜ ਮੁੜ ਗਿਆ ਸੀ, ਸ਼ਾਇਦ ਉਹ ਦੋਨੋ ਜਣਿਆਂ ਨੇ ਗੱਲਾਂ ਗੱਲਾਂ ਚ ਧਿਆਨ ਨਾ ਦਿੱਤਾ ਹੋਵੇ। ਹਜੇ ਮਿਲਖੀ ਰਾਮ ਦੀਆਂ ਸੋਚਾਂ ਦੀ ਲੜੀ ਟੁੱਟੀ ਨਹੀਂ ਸੀ , ਕਿ ਉਹੀ ਓਪਰਾ ਆਦਮੀ ਅਚਾਨਕ ਦਰਵਾਜ਼ੇ ਦੀ ਦਹਿਲੀਜ਼ ਤੇ ਆ ਢੁਕਦਾ ਹੈ, ਸਾਰੇ ਜਣੇ ਇੱਕਦਮ ਹੱਕੇ ਬੱਕੇ ਰਹਿ ਜਾਂਦੇ ਗਏ , ਪਰ ਉਹਨਾਂ ਨੂੰ ਪਾਲੀ ਕਿਧਰੇ ਨਜ਼ਰ ਨੀ ਆ ਰਹੀ ਸੀ , ਸਾਰੇ ਜਣੇ ਹੈਰਾਨੀ ਨਾਲ ਇੱਕੋ ਸੁਰ ਵਿੱਚ ਬੋਲੇ ਹੈਂ ਤੂੰ ! ਉਹਨਾਂ ਦੀ ਅਵਾਜ ਇੰਨੀ ਉੱਚੀ ਸੀ ਕਿ ਦਰਵਾਜ਼ਾ ਵੀ ਗੂੰਜ ਉੱਠਿਆ, ਕਿਸੇ ਨੂੰ ਕੁੱਝ ਸਮਝ ਨਹੀਂ ਸੀ ਆ ਰਿਹਾ, ਇਹ ਉਹੀ ਓਪਰਾ ਆਦਮੀ ਸੀ ਜੋ ਪਿੰਡ ਦੀ ਮਰਿਯਾਦਾ ਦੀਆਂ ਧੱਜੀਆਂ ਉਡਾ ਕਿ ਪਤਾ ਨੀ ਕਿੱਧਰ ਤਿੱਤਰ ਹੋ ਗਿਆ ਸੀ, ਪਰ ਹੁਣ ਪਿੰਡ ਵਾਲਿਆਂ ਦੇ ਸਾਹਮਣੇ ਖੜਾ ਸੀ, ਇਹ ਕਿਵੇਂ ਹੋ ਸਕਦਾ ਸੀ ਸਭ ਦੀ ਸਮਝ ਤੋਂ ਬਾਹਰ ਸੀ , ਓਪਰੇ ਆਦਮੀ ਨੇ ਸਿਰਫ ਇੰਨਾ ਈ ਕਿਹਾ (ਹਾਂ ਮੈਂ ! ਸਾਰੇ ਜਣੇ ਇੱਕ ਦੂਜੇ ਵੱਲ ਇੰਜ ਦੇਖਣ ਲੱਗੇ ਜਿਵੇਂ ਪੁੱਛ ਰਹੇ ਹੋਣ ਪਾਲੀ ਕਿੱਥੇ ਆ, ਪਰ ਕਿਸੇ ਨੂੰ ਕੁੱਝ ਨਹੀਂ ਸੀ ਪਤਾ, ਦਰਵਾਜ਼ੇ ਦੀ ਦਹਿਲੀਜ਼ ਤੇ ਖੜਾ ਓਪਰਾ ਆਦਮੀ ਬੁਝਾਰਤ ਦੀ ਤਰਾਂ ਸੀ ਜੋ ਕੋਈ ਨੀ ਸੀ ਬੁੱਝ ਸਕਦਾ , ਸੂਬੇਦਾਰ ਨੇ ਇੱਕ ਵਾਰ ਓਪਰੇ ਆਦਮੀ ਦੀਆਂ ਅੱਖਾਂ ਚ ਅੱਖਾਂ ਪਾਈਆਂ ਤੇ ਪੁੱਛਿਆ ਉਏ ਮੇਰੀ ਧੀ ਕਿੱਥੇ ਆ ?ਓਪਰੇ ਆਦਮੀ ਨੇ ਆਪਣੇ ਮੋਢੇ ਤੋਂ ਪਿੱਛੇ ਮੁੜਕੇ ਦੇਖਿਆ ਤੇ ਫੇਰ ਸੂਬੇਦਾਰ ਵੱਲ ਵੇਖਕੇ ਕਿਹਾ, ਆਹ ਸਾਭੋਂ ਬਜੁਰਗੋ ਆਪਣੀ ਅਮਾਨਤ , ਉਸਨੇ ਆਪਣੇ ਪਿੱਛੇ ਤੋਂ ਪਾਲੀ ਨੂੰ ਇਸ ਤਰਾਂ ਕੱਢਿਆ ਜਿਵੇਂ ਕੋਈ ਚੀਜ ਲਕੋਈ ਹੋਵੇ , ਤੇ ਪਾਲੀ ਨੀਵੀਂ ਪਾਈ ਹੌਲ਼ੀ ਹੌਲ਼ੀ ਉਹਦੇ ਪਿਛਲੇ ਪਾਸੇ ਤੋਂ ਬਾਹਰ ਆ ਰਹੀ ਸੀ, ਸਾਰੇ ਲੋਕ ਪਾਲੀ ਨੂੰ ਇਸ ਤਰਾਂ ਦੇਖ ਰਹੇ ਸੀ ਜਿਵੇਂ ਉਹ ਕੋਈ ਓਪਰੀ ਸ਼ੈਅ ਹੋਵੇ , ਪਾਲੀ ਬੁੱਤ ਬਣੀ ਓਪਰੇ ਆਦਮੀ ਦੇ ਮੋਢੇ ਪਿੱਛੇ ਖੜੀ ਸੀ, ਕਿਸੇ ਨੂੰ ਕੁੱਝ ਸਮਝ ਨਹੀਂ ਸੀ ਆ ਰਿਹਾ , ਸਾਰੇ ਸਨਾਟਾ ਛਾ ਗਿਆ, ਇਹ ਉਹੀ ਪਾਲੀ ਸੀ ਜਿਸਨੇ ਕਦੇ ਬਿਨਾ ਪੁੱਛੇ ਘਰ ਦੀ ਦਹਿਲੀਜ਼ ਨਹੀਂ ਸੀ ਟੱਪੀ, ਪਰ ਅੱਜ ਉਹਦੇ ਕਦਮ ਹਾਲੇ ਘਰ ਦੀ ਦਹਿਲੀਜ਼ ਤੋਂ ਬਾਹਰ ਹੀ ਸਨ । ਸੂਬੇਦਾਰ ਮੇਜਰ ਨੇ ਇੱਕ ਵਾਰ ਆਪਣੀ ਧੀ ਵੱਲ ਦੇਖਿਆ ਤੇ ਛੇਤੀ ਹੀ ਉਸ ਦੀਆਂ ਨਜਰਾਂ ਝੁਕ ਗਈਆਂ । ਪਾਲੀ ਨੇ ਕਿਸੇ ਵੱਲ ਨਾ ਦੇਖਿਆ, ਉਹ ਕੋਈ ਪੱਥਰ ਦਾ ਬੁੱਤ ਲੱਗਦੀ ਸੀ ਜਿਸ ਵਿੱਚ ਕੋਈ ਜਾਨ ਨੀ ਹੁੰਦੀ । ਓਪਰਾ ਆਦਮੀ ਇੱਕ ਵਾਰ ਫੇਰ ਬੋਲਿਆ, ( ਉਂਝ ਮੈਂ ਕੋਈ ਗੁਨਾਹ ਤਾਂ ਨੀ ਕੀਤਾ ਪਰ ਸੋਂਡੀਆਂ ਨਜ਼ਰਾਂ ਚ ਇਹ ਬੱਜਰ ਗਲਤੀ ਆ , ਮੈਂ ਦੱਸਦਾਂ ਸੱਚ ਕੀ ਹੈ। ਸਾਰੇ ਜਣਿਆਂ ਨੇ ਕੰਨ ਚੱਕ ਲਏ । ਸੁਖਦੇਵ ਭੱਜ ਕੇ ਦਰਵਾਜ਼ੇ ਵਿੱਚ ਆਇਆ, ਤੇ ਆਉਣ ਸਾਰ ਓਪਰੇ ਆਦਮੀ ਨੂੰ ਦੇਖ ਕੇ ਉਹਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਗਿਆ, ਉਸ ਨੇ ਇੱਕ ਵਾਰ ਪਾਲੀ ਨੂੰ ਦੇਖਿਆ ਪਰ ਪਾਲੀ ਉਸ ਵੱਲ ਨਾ ਦੇਖ ਸਕੀ , ਉਸਤੋਂ ਨੀਵੀ ਨਹੀਂ ਸੀ ਚੱਕੀ ਜਾਂਦੀ । ਸੁਖਦੇਵ ਨੇ ਗੁੱਸੇ ਨਾਲ ਕਿਹਾ (ਕਿੱਥੇ ਲੈ ਗਿਆ ਸੀ ਉਏ ਪਾਲੀ ਨੂੰ )ਉਹ ਭੱਜ ਕਿ ਓਪਰੇ ਆਦਮੀ ਨੂੰ ਚਿੰਬੜਨ ਹੀ ਲੱਗਿਆ ਸੀ ਕਿ ਸੇਠ ਮਿਲਖੀ ਰਾਮ ਮੂਹਰੇ ਹੋ ਗਿਆ, ਇੰਨੇ ਨੂੰ ਗੇਲਾ ਤੇ ਬਿੱਕਰ ਨੇ ਸੁਖਦੇਵ ਨੂੰ ਫੜ ਲਿਆ, ਪਰ ਸੁਖਦੇਵ ਉਹਨਾਂ ਤੋਂ ਛੁਡਾ ਕੇ ਓਪਰੇ ਆਦਮੀ ਨੂੰ ਮਾਰ ਦੇਣਾ ਚਾਹੁੰਦਾ ਸੀ , ਉਹ ਆਪੇ ਤੋਂ ਬਾਹਰ ਸੀ ਸੇਠ ਮਿਲਖੀ ਰਾਮ ਨੇ ਸੁਖਦੇਵ ਨੂੰ ਸਮਝਾਉਂਦਿਆਂ ਕਿਹਾ ਕਮਲ਼ੇ ਨੀ ਬਣੀਦਾ ਸੁਖਦੇਵ , ਆਪਾਂ ਬਹਿਕੇ ਗੱਲ ਕਰਦੇ ਆਂ, ਇੱਕ ਵਾਰ ਉਹਦੀ ਗੱਲ ਤਾਂ ਸੁਣ ਲੈ , ਪਰ ਸੁਖਦੇਵ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਸੀ ਤੇ ਉਸਨੇ ਗਾਲ ਕੱਢ ਕੇ ਕਿਹਾ ( ਨਾ ਕੀ ਦੱਸੇਂਗਾਂ ਉਏ ਤੂੰ ਮੇਰਿਆ ਸਾਲਿਆ ਵਿਚਾਲੋਂ ਪਾੜਦੂੰ ) ਸਾਰੇ ਜਣੇ ਸੁਖਦੇਵ ਵੱਲ ਦੇਖਣ ਲੱਗੇ, ਓਪਰਾ ਆਦਮੀ ਵੀ ਸਹਿਮ ਗਿਆ, ਪਾਲੀ ਡਰਕੇ ਓਪਰੇ ਆਦਮੀ ਦੇ ਪਿੱਛੇ ਲੁਕਣ ਦਾ ਯਤਨ ਕਰਨ ਲੱਗੀ । ਇੰਝ ਲੱਗ ਰਿਹਾ ਸੀ ਜਿਵੇਂ ਸੁਖਦੇਵ ਸੱਚਮੁੱਚ ਈ ਉਹਦਾ ਗਾਟਾ ਲਾਹ ਦੇਵੇਗਾ, ਗੇਲੇ ਤੇ ਬਿੱਕਰ ਨੇ ਸੁਖਦੇਵ ਨੂੰ ਹੋਰ ਕੱਸ ਕੇ ਫੜ ਲਿਆ, ਸੇਠ ਮਿਲਖੀ ਰਾਮ ਦਾ ਸਾਹ ਚੜ ਗਿਆ, ਉਹਨੂੰ ਸੁਖਦੇਵ ਵਿੱਚੋਂ ਅੱਗ ਨਿਕਲਦੀ ਲੱਗਦੀ ਸੀ, ਸੇਠ ਨੇ ਫੇਰ ਡਰਦੇ ਡਰਦੇ ਨੇ ਕਿਹਾ, ਸੁਖਦੇਵ ਬਹੁਤਾ ਗਰਮ ਨੀ ਹੋਈਦਾ ਭਾਈ , ਇੱਕ ਵਾਰ ਉਹਨੂੰ ਦੱਸਣ ਤਾਂ ਦੇਹ ਕੀ ਗੱਲ ਆ, ਸੁਖਦੇਵ ਵੱਧ ਵੱਧ ਕੇ ਪੈ ਰਿਹਾ ਸੀ ਉਹ ਵਾਰ ਵਾਰ ਕਹਿ ਰਿਹਾ ਸੀ ਜਿਹੜੀ ਇਹਨੇ ਕਰਤੂਤ ਕੀਤੀ ਆ ਨਾ ਸੇਠਾ ਮੈਂ ਤਾਂ ਡੱਕਰੇ ਕਰ ਦੂੰ ਇਹਦੇ , ਸੁਖਦੇਵ ਦਾ ਪਾਰਾ ਇੰਨਾਂ ਵੱਧ ਗਿਆ ਕਿ ਲੱਗਦਾ ਸੀ ਹੁਣ ਇਹਨੂੰ ਰੋਕਣਾ ਬਹੁਤ ਔਖਾ । ਮਹੌਲ ਜ਼ਿਆਦਾ ਗਰਮ ਹੁੰਦਾ ਦੇਖ ਸੂਬੇਦਾਰ ਮੇਜਰ ਸੁਖਦੇਵ ਦੇ ਮੂਹਰੇ ਹੋ ਗਿਆ । ਓਪਰੇ ਆਦਮੀ ਤੇ ਪਾਲੀ ਨੇ ਲੰਮਾ ਸਾਹ ਲਿਆ , ਜਿਵੇਂ ਕਿਸੇ ਨੇ ਕੋਈ ਤੂਫਾਨ ਰੋਕ ਲਿਆ ਹੋਵੇ। ਓਪਰੇ ਆਦਮੀ ਨੇ ਸਮੇਂ ਦੀ ਨਯਾਕਤ ਨੂੰ ਦੇਖਦੇ ਹੋਏ ਸੁਖਦੇਵ ਨੂੰ ਬੜੇ ਨਿਮਰਤਾ ਭਰੇ ਸ਼ਬਦਾਂ ਨਾਲ ਕਿਹਾ
( ਸੋਡਾ ਗੁੱਸਾ ਜਾਇਜ਼ ਆ ਬਾਈ ਜੀ ਜੇ ਮੈਂ ਥੋਡੀ ਥਾਂ ਤੇ ਹੁੰਦਾ ਮੈਂ ਵੀ ਇੰਝ ਈ ਕਰਨਾ ਸੀ ਉਸਨੇ ਫੇਰ ਉਹੀ ਸਬਦਾਂ ਨੂੰ ਦੁਹਰਾਇਆ, ਮੈਂ ਕੋਈ ਗੁਨਾਹ ਤਾਂ ਨੀ ਕੀਤਾ, ਪਰ ਮੇਰੀ ਐਨੀ ਗਲਤੀ ਜ਼ਰੂਰ ਆ , ਜਿਹੜਾ ਮੈਂ ਬਿਨਾਂ ਦੱਸੇ ਚਲਾ ਗਿਆ । ਸਾਰੇ ਲੋਕ ਉਸਦੀ ਗੱਲ ਨੂੰ ਟਿਕਟਿਕੀ ਲਾ ਕੇ ਸੁਣ ਰਹੇ ਸੀ, ਜਿਵੇਂ ਉਹ ਕੋਈ ਕਥਾ ਸੁਣਾ ਰਿਹਾ ਹੋਵੇ ਜਦੋਂ ਉਸਨੇ ਕਿਹਾ ਦਰਅਸਲ ਗੱਲ ਇਹ ਸੀ, ਤਾਂ ਮਿਲਖੀ ਰਾਮ ਨੇ ਅੱਖਾਂ ਤੋਂ ਐਨਕ ਇਸ ਤਰਾਂ ਥੱਲੇ ਕਰ ਲਈ ਜਿਵੇਂ ਉਹ ਕੁਛ ਦਿਖਾ ਰਿਹਾ ਹੋਵੇ । ਦਰਵਾਜ਼ੇ ਵਿੱਚ ਸੁੰਨ ਪਸਰ ਗਈ , ਸੁਖਦੇਵ ਦੀਆਂ ਅੱਖਾਂ ਓਸੇ ਤਰਾਂ ਲਾਲ ਸੀ ਤੇ ਬੁੱਲ ਫਰਕ ਰਹੇ ਸੀ, ਹਰ ਇੱਕ ਅੱਗੇ ਦੀ ਕਹਾਣੀ ਜਾਨਣਾ ਚਾਹੁੰਦਾ ਸੀ । ਸੂਬੇਦਾਰ ਨੇ ਓਪਰੇ ਆਦਮੀ ਵੱਲ ਦੇਖਿਆ ਤੇ ਪਾਲੀ ਓਸੇ ਤਰਾਂ ਨੀਵੀਂ ਪਾਈ ਖੜੀ ਸੀ, ਉਸਦਾ ਦਿਲ ਤੇਜ਼ ਤੇਜ਼ ਧੜਕ ਰਿਹਾ ਸੀ । ਓਪਰੇ ਆਦਮੀ ਨੇ ਬੜੇ ਧੀਰਜ ਨਾਲ ਗੱਲ ਦੱਸਣੀ ਸ਼ੁਰੂ ਕੀਤੀ । ਸਾਰੇ ਜਣੇ ਟਿਕਟਿਕੀ ਲਾ ਕੇ ਸੁਣ ਰਹੇ ਸਨ, ਹੁਣ ਦਰਵਾਜ਼ੇ ਵਿੱਚ ਹੋਰ ਕੋਈ ਅਵਾਜ ਨਹੀਂ ਸੀ ਹਰ ਕੋਈ ਓਪਰੇ ਆਦਮੀ ਵੱਲ ਬੜੇ ਗਹੁ ਨਾਲ ਦੇਖ ਰਿਹਾ ਸੀ , ਪਾਲੀ ਦਾ ਡਰ ਨਾਲ ਅੰਦਰ ਕੰਬ ਰਿਹਾ ਸੀ , ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਓਪਰੇ ਆਦਮੀ ਦੀ ਗੱਲ ਸੁਣਨ ਬਾਅਦ ਸੁਖਦੇਵ ਤੇ ਬਾਪੂ ਉਹਦੇ ਨਾਲ ਕਿਹੋ ਜਿਹਾ ਸਲੂਕ ਕਰਨਗੇ, ਸੁਖਦੇਵ ਦੀਆਂ ਅੱਖਾਂ ਵਿੱਚ ਹੋਰ ਲਾਲੀ ਉੱਤਰ ਆਈ। ਉਹ ਓਪਰੇ ਆਦਮੀ ਦਾ ਹਰ ਲਫ਼ਜ਼ ਬਹੁਤ ਧਿਆਨ ਨਾਲ ਸੁਣ ਰਿਹਾ ਸੀ, ਤੇ ਵਾਰ ਵਾਰ ਪਾਲੀ ਵੱਲ ਦੇਖ ਰਿਹਾ ਸੀ । ਓਪਰੇ ਆਦਮੀ ਨੇ ਕਿਹਾ ਕਿ ਦਰਅਸਲ ਗੱਲ ਇਹ ਆ ਕਿ ਪਾਲੀ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਆ, ਤੇ ਪਾਲੀ ਦੀ ਮਾਂ ਇਹਨੂੰ ਰੋਜ਼ ਮਿਲਣ ਆਉਦੀਂ ਆ । ਸਾਰੇ ਦਰਵਾਜ਼ੇ ਵਿੱਚ ਸਨਾਟਾ ਛਾ ਗਿਆ। ਸਾਰੇ ਜਣੇ ਓਪਰੇ ਆਦਮੀ ਦੇ ਮੂੰਹ ਵੱਲ ਝਾਕ ਰਹੇ ਸੀ । ਸੁਖਦੇਵ ਦਾ ਚਿਹਰਾ ਵੀ ਥੋੜਾ ਸ਼ਾਂਤ ਹੋ ਗਿਆ । ਪਰ ਇੱਕਦਮ ਕਿਸੇ ਨੇ ਕਿਹਾ ਕਿ ਪਾਲੀ ਦੀ ਮਾਂ ਗੁਜਰੇ ਨੂੰ ਤਾਂ ਬਹੁਤ ਚਿਰ ਹੋ ਗਿਆ । ਓਪਰੇ ਆਦਮੀ ਨੇ ਠਰ੍ਹੰਮੇ ਨਾਲ ਕਿਹਾ , ਤੁਸੀਂ ਬਿਲਕੁਲ ਸਹੀ ਕਿਹਾ ਬਜ਼ੁਰਗੋ ਪਰ ਮਾਂ-ਧੀ ਦਾ ਰਿਸ਼ਤਾ ਬੜਾ ਗੂੜਾ ਰਿਸ਼ਤਾ ਹੁੰਦਾ , ਪਾਲੀ ਨੂੰ ਇੰਝ ਲੱਗਦਾ ਕਿ ਮਾਂ ਹਮੇਸਾਂ ਉਹਦੇ ਕੋਲ ਆਉਂਦੀ ਆ, ਜਦੋਂ ਮੈਂ ਮਗਰ ਗਿਆ ਤਾਂ ਪਾਲੀ ਸੱਚਮੁੱਚ ਆਪਣੀ ਮਾਂ ਨਾਲ ਇੰਝ ਗੱਲਾਂ ਕਰ ਰਹੀ ਸੀ ਜਿਵੇਂ ਸੱਚਮੁੱਚ ਉਹ ਕੋਲ ਹੋਵੇ। ਪਾਲੀ ਦੀਆਂ ਅੱਖਾਂ ਵਿੱਚ ਆਪ ਮੁਹਾਰੇ ਹੰਝੂ ਵਹਿ ਤੁਰੇ ਤੇ ਉਸਨੇ ਚੁੰਨੀ ਦੇ ਲੜ ਨਾਲ ਅੱਖਾਂ ਪੂਝਦੇ ਹੋਏ ਆਪਣੇ ਬਾਪੂ ਵੱਲ ਤੱਕਿਆ ਤੇ ਬਹੁਤ ਧੀਵੀਂ ਅਵਾਜ ਚ ਕਿਹਾ, ਇਹਨਾਂ ਦਾ ਕੋਈ ਕਸੂਰ ਨੀ ਬਾਪੂ ਇਹ ਤਾਂ ਸਗੋਂ ਮੈਨੂੰ …. ਪਾਲੀ ਦਾ ਗੱਚ ਭਰ ਆਇਆ ਉਸਤੋਂ ਅੱਗੇ ਬੋਲਿਆ ਨਾ ਗਿਆ। ਸਾਰੇ ਇੱਕਦਮ ਭਾਵੁਕ ਹੋ ਗਏ। ਸੁਖਦੇਵ ਦੀਆਂ ਅੱਖਾਂ ਵੀ ਨਮ ਹੋ ਗਈਆਂ ਤੇ ਲਾਲਾ ਮਿਲਖੀ ਰਾਮ ਨੇ ਸੂਬੇਦਾਰ ਮੇਜਰ ਨੂੰ ਕਿਹਾ , ਮੇਜਰ ਸਿਆਂ ਜੇ ਮੁੰਡਾ ਬੇਕਸੂਰ ਆ ਤਾਂ ਇਹਦੀ ਅਮਾਨਤ ਟੂਮਾਂ ਤਾਂ ਮੋੜੋ ਭਾਈ । ਮੇਜਰ ਸਿੰਘ ਦੇ ਇੱਕ ਦਮ ਯਾਦ ਆਇਆ (ਓ ਹੋ ਇਹ ਤਾਂ ਮੈਂ ਭੁੱਲ ਈ ਗਿਆ ਸੀ ਉਸਨੇ ਇੱਕਦਮ ਮੰਜੇ ਤੋਂ ਖੜਾ ਹੁੰਦੇ ਕਿਹਾ ਆਹ ਲੈ ਸੇਰਾ ਤੇਰੀ ਅਮਾਨਤ ਤੇ ਓਪਰੇ ਆਦਮੀ ਦੇ ਮੋਢੇ ਤੇ ਹੱਥ ਰੱਖਿਆ । ਓਪਰੇ ਆਦਮੀ ਨੇ ਮੇਜਰ ਵੱਲ ਦੇਖਕੇ ਹੱਥ ਜੋੜੇ ਤੇ ਕਿਹਾ ਚੰਗਾ ਜੀ ਮੈਂ ਚਲਦਾ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ , ਉਹ ਸਾਰਿਆਂ ਨੂੰ ਫਤਿਹ ਬੁਲਾ ਕੇ ਤੁਰ ਗਿਆ । ਸਾਰੇ ਜਣੇ ਦਰਵਾਜ਼ੇ ਚ ਖੜੇ ਉਸਨੂੰ ਇੰਝ ਦੇਖ ਰਹੇ ਸੀ ਜਿਵੇਂ ਕੋਈ ਆਪਣਾ ਉਹਨਾਂ ਤੋਂ ਦੂਰ ਜਾ ਰਿਹਾ ਹੋਵੇ। ਪਾਲੀ ਦੀਆਂ ਅੱਖਾਂ ਅਜੇ ਵੀ ਨਮ ਸਨ । ਸੁਖਦੇਵ ਤੇ ਲਾਲਾ ਮਿਲਖੀ ਰਾਮ ਨੇ ਇੱਕ ਵਾਰ ਆਪਸ ਵਿੱਚ ਦੇਖਿਆ ਤੇ ਫੇਰ ਉਹ ਉਸ ਓਪਰੇ ਆਦਮੀ ਨੂੰ ਜਾਂਦੇ ਨੂੰ ਦੇਖਣ ਲੱਗ ਪਏ । ਓਪਰਾ ਆਦਮੀ ਦਰਵਾਜੇ ਦੀ ਦਹਿਲੀਜ਼ ਪਾਰ ਗਿਆ ਸੀ । ਅਚਾਨਕ ਸੂਬੇਦਾਰ ਮੇਜਰ ਨੇ ਕਿਹਾ ਇੱਕ ਮਿੰਟ ਵੀ ਜੁਆਨਾ , ਸਾਰੇ ਇੱਕਦਮ ਮੇਜਰ ਸਿੰਘ ਵੱਲ ਦੇਖਣ ਲੱਗੇ। ਤੇ ਓਪਰੇ ਆਦਮੀ ਦੇ ਕਦਮ ਵੀ ਇੱਕਦਮ ਰੁਕ ਗਏ । ਜਦ ਉਸਨੇ ਪਿੱਛੇ ਦੇਖਦਿਆਂ ਪੁੱਛਿਆ ਹਾਂ ਜੀ ਬਜ਼ੁਰਗੋ ਤਾਂ ਮੇਜਰ ਸਿੰਘ ਨੇ ਕਿਹਾ ਕਾਕਾ ਤੇਰੀ ਇੱਕ ਅਮਾਨਤ ਹੋਰ ਰਹਿ ਗਈ । ਸਾਰੇ ਜਣੇ ਇੱਕਦਮ ਸੋਚਣ ਲੱਗੇ ਕਿ ਹੁਣ ਇਹਦਾ ਹੋਰ ਕੀ ਰਹਿ ਗਿਆ। ਓਪਰੇ ਆਦਮੀ ਨੇ ਵੀ ਮੁੜਦਿਆਂ ਪੁੱਛਿਆ ਮੈਂ ਕੁਛ ਸਮਝਿਆ ਨੀ ਜੀ , ਉਸਦੇ ਚਿਹਰੇ ਤੇ ਹੈਰਾਨੀ ਦੇ ਚਿੰਨ ਸੀ । ਸਾਰੇ ਜਣੇ ਆਪਸ ਵਿੱਚ ਘੁਸਰ ਮੁਸਰ ਕਰਨ ਲੱਗੇ ਸੂਬੇਦਾਰ ਮੇਜਰ ਨੇ ਕਿਹਾ ਉਹ ਵੀ ਦੱਸਦਾਂ ਸੇਰਾ ਉਸਨੇ ਲੰਬਾ ਸਾਹ ਲਿਆ ਸਾਰੇ ਇੱਕਦਮ ਚੁੱਪ ਹੋ ਗਏ ਤੇ ਮੇਜਰ ਸਿੰਘ ਵੱਲ ਟਿਕਟਿਕੀ ਲਾ ਕੇ ਦੇਖਣ ਲੱਗੇ । ਹਰ ਕੋਈ ਇਹ ਜਾਣਨਾ ਚਾਹੁੰਦਾ ਸੀ ਕਿ ਮੇਜਰ ਸਿੰਘ ਹੁਣ ਕੀ ਕਹੇਗਾ , ਹੋਰ ਕਿਹੜੀ ਅਮਾਨਤ ਹੋਈ । ਟੂਮਾਂ ਤਾਂ ਇਹਦੀਆਂ ਮੋੜ ਦਿੱਤੀਆਂ , ਮੇਜਰ ਸਿੰਘ ਦੇ ਦਿਲ ਦੀ ਗੱਲ ਦਾ ਹਜੇ ਕਿਸੇ ਨੂੰ ਪਤਾ ਨਹੀਂ ਸੀ । ਮੇਜਰ ਸਿੰਘ ਨੇ ਓਪਰੇ ਆਦਮੀ ਦੇ ਚਿਹਰੇ ਵੱਲ ਦੇਖਦਿਆਂ ਕਿਹਾ ਮੈਂ ਪੁੱਤ ਇੱਕ ਫੈਂਸਲਾਂ ਕੀਤਾ ਜੇ ਤੈਨੂੰ ਮਨਜ਼ੂਰ ਹੋਵੇ । ਓਪਰੇ ਆਦਮੀ ਨੂੰ ਕੋਈ ਸਮਝ ਨੀ ਸੀ ਆ ਰਿਹਾ ਫੇਰ ਵੀ ਉਸਨੇ ਹੱਥ ਜੋੜ ਕਿ ਕਿਹਾ ਸੋਡਾ ਫੈਂਸਲਾ ਸਿਰ ਮੱਥੇ ਜੀ ਪਰ ਇਹ ਫੈਂਸਲਾ ਹੈ ਕੀ ਆ ਜੀ। ਮੇਜਰ ਸਿੰਘ ਨੇ ਬੜੇ ਸਲੀਕੇ ਨਾਲ ਕਿਹਾ ਪਾਲੀ ਵੀ ਹੁਣ ਤੇਰੀ ਅਮਾਨਤ ਆ ਪੁੱਤ ਜੇ ਤੈਨੂੰ ਮਨਜ਼ੂਰ ਹੋਵੇ। ਇੱਕਦਮ ਸਾਰੇ ਸੋਚਣ ਲੱਗੇ ਕਿ ਮੇਜਰ ਸਿੰਘ ਇਹ ਕੀ ਕਹਿ ਰਿਹਾ । ਸੁਖਦੇਵ ਵੀ ਕੁੱਝ ਸੋਚ ਰਿਹਾ ਸੀ ਤੇ ਅਚਾਨਕ ਓਪਰਾ ਆਦਮੀ ਬੋਲ ਪਿਆ ਮੈਂ ਇਹ ਕਿਵੇਂ ਕਰ ਸਕਦਾਂ ਜੀ ਮੈਂ ਤਾਂ ਓਪਰਾ ਆਦਮੀ ਆਂ । ਸੁਖਦੇਵ ਨੇ ਇੱਕਦਮ ਆਪਣੇ ਬਾਪੂ ਵੱਲ ਦੇਖਿਆ ਜਿਵੇਂ ਉਹ ਕੋਈ ਰਮਜ ਸਮਝ ਗਿਆ ਹੋਵੇ । ਉਸਨੇ ਅੱਗੇ ਵਧਦੇ ਓਪਰੇ ਆਦਮੀ ਨੂੰ ਕਿਹਾ ਮੈਨੂੰ ਮੁਆਫ਼ ਕਰੀਂ ਬਾਈ ਮੈਂ ਪਤਾ ਨੀ ਗੁੱਸੇ ਚ ਤੈਨੂੰ ਕੀ ਕੀ ਬੋਲ ਗਿਆ । ਉਸਨੇ ਓਪਰੇ ਆਦਮੀ ਨੂੰ ਜੱਫੀ ਪਾ ਲਈ ਤੇ ਕਿਹਾ ਹੁਣ ਤੂੰ ਓਪਰਾ ਨੀ ਹੁਣ ਤੂੰ ਸਾਡਾ ਖਾਸ ਆਦਮੀ ਆਂ। ਇੱਕਦਮ ਸਾਰਿਆਂ ਦੇ ਚਿਹਰੇ ਤੇ ਖੁਸ਼ੀ ਆ ਗਈ । ਮੇਜਰ ਸਿੰਘ ਦੇ ਲਏ ਸਾਰਥਿਕ ਫੈਂਸਲੇ ਨੇ ਪਤਾ ਨੀ ਕਿੰਨਿਆਂ ਦੇ ਮੂੰਹ ਬੰਦ ਕਰ ਦਿੱਤੇ । ਉਸਨੂੰ ਲੋਕਾਂ ਦੀ ਮਾਨਸਿਕਤਾ ਦਾ ਪਤਾ ਸੀ । ਮੇਜਰ ਸਿੰਘ ਦੇ ਏਸੇ ਫੈਸ਼ਲੇ ਨੇ ਲੋਕਾਂ ਦੇ ਮਨਾਂ ਚ ਵਸੇ ਸੱਤ ਬਿਗਾਨੇ ਅਤੇ ਓਪਰੇ ਆਦਮੀ ਵਰਗੇ ਵਿਚਾਰਾਂ ਕਾਰਨ ਹਰ ਕਿਸੇ ਬਾਰੇ ਗਲਤ ਅੰਦਾਜ਼ਾ ਲਾਉਣ ਦੇ ਨਿਰਣੇ ਨੂੰ ਜੜੋਂ ਉਖਾੜ ਦਿੱਤਾ ।ਉਸਨੇ ਲੋਕਾਂ ਨੂੰ ਕਿਹਾ ਕਿ ਇਹਨੇ ਓਪਰਾ ਆਦਮੀ ਹੋ ਕੇ ਵੀ ਪਿੰਡ ਦੀ ਮਰਿਯਾਦਾ ਨੂੰ ਭੰਗ ਨੀ ਕੀਤਾ ਤੇ ਤਾਂ ਹੀ ਸਾਡਾ ਖਾਸ਼ ਆਦਮੀ ਬਣ ਗਿਆ । ਮੇਜਰ ਸਿੰਘ ਨੇ ਪਾਲੀ ਦੇ ਸਿਰ ਤੇ ਹੱਥ ਰੱਖਦੇ ਪਲੋਸਦਿਆਂ ਕਿਹਾ , ਜਿਉਦੀਂ ਰਹਿ ਧੀਏ ।ਉਸਨੇ ਕਰਤਾਰੇ ਤੇ ਪਾਲੀ ਨੂੰ ਘੁੱਟਕੇ ਆਪਣੇ ਕਲਾਵੇ ਵਿੱਚ ਲੈ ਲਿਆ । ਦਿਨ ਦੇ ਚਿੱਟੇ ਚਾਨਣ ਨੇ ਹਨੇਰਿਆਂ ਦੀ ਹਿੱਕ ਪਾੜਕੇ ਚੜਦੇ ਸੂਰਜ ਦੀਆਂ ਕਿਰਨਾਂ ਨਾਲ ਨਵੀਂ ਸਵੇਰ ਦੀ ਸੁਰੂਆਤ ਕਰ ਦਿੱਤੀ ਸੀ ।
—————————————————
GURWINDER MAAN

Leave a Reply

Your email address will not be published. Required fields are marked *