ਭੁੱਖੀ ਜੀ ਰਹਿ ਗਈ | bhukhi jehi reh gyi

ਸਰਦੀਆਂ ਦੀ ਰੁੱਤ ਦੀ ਬੜੀ ਰੋਚਕ ਤੇ ਹਾਸੇ ਵਾਲੀ ਗੱਲ ਹੈ ਜੀ ਉਦੋਂ ਮੈਂ ਪੰਜਵੀਂ ਜਮਾਤ ਵਿੱਚ ਪਿੰਡ ਦੇ ਹੀ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹ ਦੀ ਸੀ।ਉਸ ਸਕੂਲ ਵਿੱਚ ਅੱਠਵੀਂ ਜਮਾਤ ਤੱਕ ਦੇ ਬੱਚੇ ਪੜ੍ਹਨ ਆਉਂਦੇ ਸਨ।ਸਕੂਲ ਦੀ ਪ੍ਰਿੰਸੀਪਲ ਕਰੀਬ ਤੀਹ ਕਿਲੋਮੀਟਰ ਦੂਰ ਸ਼ਹਿਰ ਤੋਂ ਆਉਂਦੀ ਸੀ।ਸਕੂਲ ਵਿੱਚ ਹੋਰ ਵੀ  ਚਾਰ ਤੋਂ ਪੰਜ ਅਧਿਆਪਕ ਸਨ।ਸਾਡੇ ਉਸ ਸਕੂਲ ਵਿੱਚ ਹਰ ਇੱਕ ਜਮਾਤ ਦੇ ਕੋਈ ਬਹੁਤੇ ਜ਼ਿਆਦਾ ਵਿਦਿਆਰਥੀ ਨਹੀਂ ਹੁੰਦੇ ਸਨ।ਹਰ ਇੱਕ ਜਮਾਤ ਵਿੱਚ ਅੱਠ ਤੋਂ ਦਸ ਵਿਦਿਆਰਥੀ ਪੜ੍ਹ ਦੇ ਸਨ।ਪੜ੍ਹਾਈ ਵਿੱਚ ਮੇਰੀ ਰੁਚੀ ਵੀ ਠੀਕ ਸੀ ਤੇ ਮੈਂ ਆਪਣੀ ਹਰ ਜਮਾਤ ਵਿੱਚ ਪਹਿਲੇ ਜਾਂ ਦੂਜੇ ਨੰਬਰ ਤੇ ਆਉਂਦੀ ਸੀ।ਸਕੂਲ ਦੀ ਪ੍ਰਿੰਸੀਪਲ ਮੈਡਮ ਜੀ ਆਪ ਵੀ ਕੁੱਝ ਕਲਾਸਾਂ ਨੂੰ ਪੜ੍ਹਾਉਂਦੇ ਸਨ।ਮੇਰੇ ਨਾਲ ਵੀ ਉਹਨਾਂ ਦਾ ਕੁੱਝ ਖਾਸ ਲਗਾਓ ਸੀ।

ਪ੍ਰਿੰਸੀਪਲ ਮੈਡਮ – “ਪਰਵਿੰਦਰ ,ਚੱਲ ਚਲੀਏ ਅਸੀਂ…ਮੈਨੂੰ ਨੇੜੇ ਦੇ ਸ਼ਹਿਰ ਕੁੱਝ ਜਰੂਰੀ ਕੰਮ ਆ….ਦੁਪਹਿਰ ਤੱਕ ਮੁੜ ਆਉਣਾ ਅਸੀਂ….।”

ਮੈਂ -“ਜੀ ਮੈਡਮ ਜੀ….ਲੰਚ ਫੇਰ ਓਥੋਂ ਆ ਕੇ ਕਰ ਲਵਾਂਗੇ ਜੀ।”

ਪ੍ਰਿੰਸੀਪਲ ਮੈਡਮ – “ਹਾਂ ਹਾਂ ….ਅਸੀਂ ਲੰਚ ਟਾਈਮ ਤੱਕ ਤਾਂ ਮੁੜ ਆਉਣਾ ਆ। ਤੂੰ ਫਿਕਰ ਨਾ ਕਰ ਬੇਟਾ….।”

ਪਿੰਡ ਤੋਂ ਸ਼ਹਿਰ ਜਾਣ ਦਾ ਬਚਪਨ ਵਿੱਚ ਬਹੁਤ ਚਾਅ ਹੁੰਦਾ ਸੀ।ਪਹਿਲਾਂ ਤਾਂ ਕਦੇ ਕਦੇ ਹੀ ਮੰਮੀ ਡੈਡੀ ਹੁਰੀਂ ਸ਼ਹਿਰ ਲੈ ਕੇ ਜਾਂਦੇ ਸਨ।ਜੋ ਕੁੱਝ ਵੀ ਕੱਪੜਾ ਲੀੜਾ ਚਾਹੀਦਾ ਹੁੰਦਾ ਉਹ ਆਪ ਹੀ ਲਿਆ ਦਿੰਦੇ ਸਨ।ਇਸ ਲਈ ਮੈਡਮ ਨਾਲ  ਸ਼ਹਿਰ ਜਾਣ ਲਈ ਤਾਂ ਮੇਰੇ ਦਿਲ ਵਿੱਚ ਲੱਡੂ ਫੁੱਟ ਰਹੇ ਸਨ।ਉਸ ਦਿਨ ਮੌਸਮ ਵੀ ਠੀਕ ਸੀ,ਨਵੰਬਰ ਦੇ ਮਹੀਨੇ ਬੜੀ ਸੋਹਣੀ ਧੁੱਪ ਸੀ।ਬਾਕੀ ਬੱਚੇ ਮੈਥੋਂ ਚਿੜ ਰਹੇ ਸਨ ਕਿ ਇਹਨੂੰ ਮੈਡਮ ਜ਼ਿਆਦਾ ਹੀ ਤਵੱਜੋ ਦਿੰਦੀ ਹੈ।ਮੈਡਮ ਜੀ ਕੈਨੇਟਿਕ ਤੇ ਆਉਂਦੇ ਹੁੰਦੇ ਸਨ।ਅਸੀਂ ਸ਼ਹਿਰ ਚਲੇ ਗਏ..ਜਿਥੇ ਮੈਡਮ ਜੀ ਨੇ ਕਿਸੇ ਨੂੰ ਮਿਲਣਾ ਸੀ,ਮੈਨੂੰ ਵੀ ਨਾਲ ਹੀ ਬਿਠਾ ਲਿਆ।ਮੈਂ ਆਪਣਾ ਪੈੱਨ ਹਮੇਸ਼ਾ ਆਪਣੇ ਨਾਲ ਰੱਖਦੀ ਸੀ।ਉਥੇ ਮੈਡਮ ਨੇ ਕੁੱਝ ਦਸਤਖ਼ਤ ਕਰਨੇ ਸੀ ਤਾਂ ਮੇਰੇ ਹੱਥ ਚ ਪੈੱਨ ਦੇਖ ਕੇ ਮੈਡਮ ਨੇ ਮੈਥੋਂ ਪੈੱਨ ਲੈ ਲਿਆ।ਦਸਤਖ਼ਤ ਕਰ ਕੇ ਮੈਡਮ ਜੀ ਨੇ ਪੈੱਨ ਉਥੇ ਹੀ ਰੱਖ ਦਿੱਤਾ ਤੇ ਆਪ ਉਹਨਾਂ ਨਾਲ ਗੱਲਾਂ ਕਰਨ ਲੱਗ ਗਏ।ਮੈਡਮ ਜੀ ਦਾ ਕੰਮ ਨਿੱਬੜ ਗਿਆ ਤੇ ਅਸੀਂ ਉਥੋਂ ਚਲ ਪਏ…ਮੇਰਾ ਪੈੱਨ ਓਥੇ ਹੀ ਰਹਿ ਗਿਆ….ਉਹਨਾਂ ਤੋਂ ਮੰਗਣ ਦੀ ਮੇਰੀ ਹਿੰਮਤ ਨਾ ਹੋਈ….ਮੈਨੂੰ ਮੇਰੇ ਪੈੱਨ ਦੇ ਹੱਥੋਂ ਖੁਸ ਜਾਣ ਦਾ ਬੜਾ ਦੁੱਖ ਲੱਗਾ।ਪਰ ਕੈਨੇਟਿਕ ਤੇ ਮੈਡਮ ਜੀ ਦੇ ਪਿੱਛੇ ਬਹਿ ਜਦੋਂ ਮੈਂ ਸ਼ਹਿਰ ਚ ਇੰਨੀ ਵਧੀਆ ਸਾਫ ਸੁਥਰੀ ਸੜਕਾਂ ਤੇ ਚਲਦੀਆਂ ਸਕੂਟਰ,ਗੱਡੀਆਂ ,ਬੱਸਾਂ,ਵੱਖੋ ਵੱਖਰੀਆਂ ,ਵੰਨ – ਸੁਵੰਨੀਆਂ ਵਸਤਾਂ…ਖਿਡੌਣਿਆਂ,ਮਿਠਾਈਆਂ…ਕੱਪੜਿਆਂ ਦੀਆਂ ਦੁਕਾਨਾਂ…ਇੰਨੇ ਸੋਹਣੇ ਬਜ਼ਾਰ ਦੇਖੇ ਤਾਂ ਮੈਨੂੰ ਮੇਰਾ ਪੈੱਨ ਤਾਂ ਥਾਈਂ ਭੁੱਲ ਗਿਆ।ਸਭ ਕੁੱਝ ਦੇਖ ਦੇਖ ਮੇਰਾ ਦਿਲ ਤਾਂ ਬਾਗੋ ਬਾਗ ਹੋ ਰਿਹਾ ਸੀ।

ਮੈਡਮ ਜੀ – “ਹੋਰ ਫੇਰ ਪਰਵਿੰਦਰ …ਕਿਵੇਂ ਲੱਗਾ ਸ਼ਹਿਰ ਘੁੰਮ ਕੇ ਤੈਨੂੰ..।”

ਮੈਂ (ਬਹੁਤ ਖੁਸ਼ੀ ਚ) – “ਮੈਡਮ ਜੀ ਬਹੁਤ ਵਧੀਆ ਲੱਗਾ ਜੀ…ਮੈਨੂੰ ਸ਼ਹਿਰ ਘੁੰਮਣਾ ਬਹੁਤ ਚੰਗਾ ਲੱਗਦਾ ਜੀ…ਮੈਡਮ ਜੀ ਤੁਹਾਡਾ ਥੈਂਕਸ ਜੀ ਤੁਸੀਂ ਮੈਨੂੰ ਆਪਣੇ ਨਾਲ ਲੈ ਆਏ ਜੀ।”

“ਲੈ ਥੈਂਕਸ ਦੀ ਕੀ ਗੱਲ ਆ ਭਲਾ….ਮੈਂ ਕੱਲੀ ਨੇ ਵੀ ਤਾਂ ਆਉਣਾ ਈ ਸੀ..ਸੋਚਿਆ ਚਲ ਇਸੇ ਬਹਾਨੇ ਤੂੰ ਵੀ ਘੁੰਮ ਲਏਂਗੀ।”

“ਹਾਂ ਜੀ ਮੈਡਮ ਜੀ।”

ਗੱਲਾਂ ਕਰਦੇ ਕਰਾਉਂਦੇ ਅਸੀਂ  ਦੋ ਘੰਟੇ ਬਾਅਦ ਪਿੰਡ ਸਕੂਲ ਪਹੁੰਚ ਗਏ।ਸਕੂਲ ਪਹੁੰਚਣ ਤੇ ਯਾਦ ਆਇਆ ਕਿ ਅੱਜ ਲੰਚ ਤਾਂ ਮੈਂ ਲੈ ਕੇ ਨਹੀਂ ਆਈ ,ਮੰਮੀ ਜੀ ਨੇ ਅੱਜ ਸਾਗ ਬਣਾਇਆ ਸੀ।ਘਰੋਂ ਆਖ ਕੇ ਭੇਜਿਆ ਸੀ,ਅੱਜ ਘਰ ਆ ਕੇ ਰੋਟੀ ਖਾ ਜਾਵੀਂ ਨਾਲੇ ਪ੍ਰਿੰਸੀਪਲ ਮੈਡਮ ਜੀ ਲਈ ਵੀ ਲੈ ਜਾਵੀਂ।ਪ੍ਰਿੰਸੀਪਲ ਮੈਡਮ ਜੀ ਨੂੰ ਆਖ ਮੈਂ ਘਰ ਚਲੀ ਗਈ।ਮੰਮੀ ਮੱਕੀ ਦੀਆਂ ਰੋਟੀਆਂ ਲਾਹ ਰਹੇ ਸੀ,ਉਹਨਾਂ ਨੂੰ ਪਤਾ ਸੀ ਕਿ ਮੈਂ ਇਸੇ ਵੇਲੇ ਘਰ ਨੂੰ ਆਉਣਾ ਰੋਟੀ ਖਾਣ ਲਈ।

ਮੰਮੀ ਜੀ ਮੈਨੂੰ ਆਖਣ ਲੱਗੇ – “ਆਜਾ..ਗਰਮ ਗਰਮ ਪਹਿਲਾਂ ਤੂੰ ਖਾ ਲੈ..ਫੇਰ ਮੈਡਮ ਜੀ ਲਈ ਲੈ ਜਾਵੀਂ।”

ਮੈਂ – “ਮੰਮੀ ਤੁਸੀਂ ਰੋਟੀ ਪੈਕ ਈ ਕਰ ਦੋ ਜੀ…ਮੈਂ ਸਕੂਲ ਜਾ ਕੇ ਆਪਣੀਆਂ  ਸਹੇਲੀਆਂ ਨਾਲ ਬਹਿ ਕੇ ਖਾਉਂਗੀ।ਭੁੱਖ ਤਾਂ ਮੈਨੂੰ ਵੀ ਅੰਤਾਂ ਦੀ ਲੱਗੀ ਆ….ਸਾਗ ਤੇ ਮੱਕੀ ਦੀ ਰੋਟੀ ਦੇਖ ਤਾਂ ਹੋਰ ਵੀ ਮੂੰਹ ਚ ਪਾਣੀ ਆ ਰਿਹਾ ਮੇਰੇ।”

ਮੰਮੀ ਜੀ – “ਅੱਛਾ ਚਲ ਠੀਕ ਆ,ਤੂੰ ਕਿਹੜਾ ਮੇਰੀ ਮੰਨੇਗੀ ਹੁਣ….ਸਹੇਲੀਆਂ ਨੂੰ ਵੀ ਖਵਾ ਦੇਈ ਫੇਰ ….ਮੈਂ ਲੱਸੀ ਵੀ ਪਾ ਤੀ ਇੱਕ ਡੋਲੁ ਚ,ਇੱਕ ਡੱਬੀ ਚ ਮੱਖਣ ਵੀ ਪਾ ਤਾ…ਰੱਜ ਕੇ ਖਾ ਲਿਓ।”

ਮੈਂ – “ਠੀਕ ਆ ਜੀ ਠੀਕ…..ਮੰਮੀ ਮੱਕੀ ਵਾਲੀਆਂ ਅੱਠ ਰੋਟੀਆਂ ਪਾ ਦਿਓ ਜੀ….ਚਾਰ ਮੈਡਮ ਜੀ ਖਾ ਲੈਣਗੇ…ਦੋ ਮੈਂ ਖਾਵਾਂਗੀ ਤੇ ਇੱਕ ਇੱਕ ਮੈਂ ਆਪਣੀ ਸਹੇਲੀਆਂ ਨੂੰ ਦੇ ਦੂੰ।”

ਮੰਮੀ ਜੀ – “ਠੀਕ ਆ ਪੁੱਤ…ਜੇ ਹੋਰ ਪਾਣੀਆਂ ਰੋਟੀਆਂ ਤਾਂ ਹੋਰ ਪਾ ਦਿਆਂ….ਬੋਲ…।”

ਮੈਂ – “ਨਾ ਜੀ ਨਾ….ਬਸ ਬਹੁਤ ਨੇ…ਫੜਾਓ ਮੈਨੂੰ ਛੇਤੀ ਛੇਤੀ…ਮੈਂ ਚੱਲਾਂ ਫੇਰ।”

ਡੱਬਾ ਸਾਗ ਦਾ …ਅੱਠ ਰੋਟੀਆਂ ..ਲੱਸੀ ਦਾ ਡੋਲੂ ਤੇ ਮੱਖਣ ਲੈ ਕੇ ਮੈਂ ਸਕੂਲ ਪਹੁੰਚ ਗਈ।ਸਹੇਲੀਆਂ ਨੇ ਆਪਣਾ ਲੰਚ ਕਰ ਲਿਆ ਸੀ,ਲੰਚ ਬਰੇਕ ਖਤਮ ਹੋ ਚੁੱਕੀ ਸੀ।ਮੈਂ ਸਭ ਕੁੱਝ ਲਿਜਾ ਕੇ ਮੈਡਮ ਜੀ ਦੇ ਸਾਹਮਣੇ ਰੱਖ ਦਿੱਤਾ।ਮੈਡਮ ਜੀ ਨੇ ਮੈਨੂੰ ਬਿਨਾ ਕੁੱਝ ਵੀ ਪੁੱਛੇ ਰੋਟੀ ਖਾਣੀ ਸ਼ੁਰੂ ਕਰ ਦਿੱਤੀ।ਮੈਂ ਆਪ ਵੀ ਉਹਨਾਂ ਨੂੰ ਕੁੱਝ ਨਾ ਆਖਿਆ।

ਮੈਡਮ ਜੀ – “ਆਹ ਲੱਸੀ ਤਾਂ ਜ਼ਿਆਦਾ ਆ….ਗਿਲਾਸ ਚ ਪਾ ਕੇ ਕੁੱਝ ਤੂੰ ਪੀ ਲੈ ਤੇ ਕੁੱਝ ਦੂਜੇ ਟੀਚਰਜ਼ ਨੂੰ ਦੇ ਆਓ।”

ਮੈਂ – “ਜੀ ਮੈਡਮ ਜੀ।”

ਮੈਡਮ ਰੋਟੀ ਖਾਣ ਲੱਗ ਪਏ।ਮੈਂ ਆਪਣੀ ਸਹੇਲੀਆਂ ਨਾਲ ਮਿਲ ਕੇ ਸਕੂਲ ਦਾ ਕੰਮ ਨਿਬੇੜਨ ਲੱਗੀ ਤੇ ਦਿਲ ਵਿੱਚ ਇਹ ਸੋਚ ਲਿਆ ਕਿ ਮੈਡਮ ਜੀ ਮੇਰੇ ਲਈ ਬਾਅਦ ਵਿੱਚ ਛੱਡ ਦੇਣ ਗੇ।

ਰੋਟੀ ਖਾਣ ਤੋਂ ਬਾਅਦ ਮੈਡਮ ਜੀ – “ਪਰਵਿੰਦਰ ਬਹੁਤ ਟੇਸਟੀ ਸੀ,ਸਭ ਕੁੱਝ…ਮੰਮੀ ਨੂੰ ਥੈਂਕਸ ਕਹਿਣਾ ਮੇਰੇ ਵੱਲੋਂ….।”

ਮੈਂ ਝੂਠੀ ਜਹੀ ਮੁਸਕੁਰਾਹਟ ਨਾਲ ਮੈਡਮ ਵਲ ਝਾਕ ਰਹੀ ਸੀ।

ਡਕਾਰ ਮਾਰਦੇ ਹੋਏ ਮੈਡਮ ਜੀ ਫੇਰ ਬੋਲੇ – “ਸੱਚੀ ਨਜ਼ਾਰਾ ਈ ਆ ਗਿਆ ਅੱਜ ਤਾਂ ਲੰਚ ਕਰ ਕੇ…ਸਰੋਂ ਦਾ ਸਾਗ ..ਗਰਮ ਗਰਮ ਮੱਕੀ ਦੀ ਰੋਟੀ..ਮੱਖਣ ਤੇ ਘਰ ਦੀ ਕੱਢੀ ਕਾੜ੍ਹ ਕਾੜ੍ਹ ਬਣਾਈ ਪਿਊਰ ਲੱਸੀ.…..ਵਾਹ.……ਸਾਡੇ ਸ਼ਹਿਰਾਂ ਚ ਕਿਥੇ ਮਿਲਦਾ ਇਹ ਸਭ….ਸੱਚਮੁੱਚ ਮਨ ਦੀ ਅਸਲ ਤ੍ਰਿਪਤੀ ਤਾਂ ਹੁਣ ਰੋਟੀ ਖਾ ਕੇ ਹੋਈ ਐ…ਸਾਗ ਵਾਲੇ ਵੀ ਵੱਟ ਕੱਢੇ ਹੋਏ ਆ ਪੂਰੇ …।”

ਮੈਂ ਰੋਟੀ ਵਾਲੇ ਭਾਂਡਿਆਂ ਵੱਲ ਨੂੰ ਇੱਕ ਝਾਤ ਮਾਰੀ …ਕੁੱਝ ਵੀ ਬਚਿਆ ਨਾ ਦਿਖਾਈ ਦਿੱਤਾ।ਬੇਬਸੀ ਤੇ ਲਾਚਾਰੀ ਮੇਰੇ ਮੂੰਹ ਤੇ ਘੱਟ ਤੇ ਦਿਲ ਵਿੱਚ ਜ਼ਿਆਦਾ ਸੀ।ਹੈਰਾਨ ਵੀ ਬਹੁਤ ਹੋਈ ਕਿ ਮੈਡਮ ਜੀ ਇੰਨਾ ਸਭ ਕੁੱਝ ਕਿਵੇਂ ਛੱਕ ਗਏ….ਪਰ ਇਹ ਕੋਈ ਭੁਲੇਖਾ ਨਹੀਂ ਸੀ ਕਿਉਂਕਿ ਮੈਂ ਉਹਨਾਂ ਦੇ ਬਿਲਕੁਲ ਸਾਹਮਣੇ ਬੈਠੀ ਸੀ ਤੇ ਇਸੇ ਉਡੀਕ ਵਿੱਚ ਅੱਖ ਜਿਹੀ ਬਚਾ ਕੇ ਬਾਰ ਬਾਰ ਮੈਡਮ ਵਲ ਧਿਆਨ ਦੇ ਰਹੀ ਸੀ ਕਿ ਹੁਣ ਆਖ ਦੇਣ ਕਿ ਬੇਟੇ ਲੈ ਤੂੰ ਵੀ ਖਾ ਲੈ।ਪਰ ਕਿੱਥੇ…..ਮਾੜੀ ਕਿਸਮਤ…ਮੈਡਮ ਜੀ ਤਾਂ ਸਭ ਕੁੱਝ ਸਾਫ਼ ਕਰ ਚੁੱਕੇ ਸੀ।ਸਕੂਲ ਤੋਂ ਛੁੱਟੀ ਹੋ ਗਈ।ਮੈਂ ਬੇਬਸ ਤੇ ਲਾਚਾਰ ਜਿਹੀ ਹੋ ਧੋਣ ਥੱਲੇ ਨੂੰ ਸੁੱਟ ਘਰ ਨੂੰ ਮੁੜ ਆਈ।

ਮੈਂ ਮੰਮੀ ਜੀ ਨੂੰ  ਸਕੂਲ ਬੈਗ ਰੱਖਦਿਆਂ ਹੀ- (ਥੋੜ੍ਹਾ ਜਿਹਾ ਗੁੱਸੇ ਤੇ ਨਾਲ ਹਾਸੇ ਚ) – ਮੰਮੀ ਮੇਰੇ ਲਈ ਰੋਟੀ ਬਣਾ ਦੋ ਛੇਤੀ,ਡਾਹਢੀ ਭੁੱਖ ਲੱਗੀ ਆ…ਸਬਰ ਨਹੀਓ ਕਰ ਹੁੰਦਾ…ਛੇਤੀ ਕਰੋ ਬਸ…।”

ਮੰਮੀ ਜਲਦੀ ਨਾਲ ਤਵਾ ਰੱਖਦੇ ਹੋਏ – “ਕੀ ਗੱਲ ਪੁੱਤ…ਰੋਟੀ ਤਾਂ ਤੂੰ ਲੈ ਕੇ ਗਈ ਸੀ….ਫੇਰ ਵੀ ਭੁੱਖੀ ਹੀ ਰਹਿ ਗਈ ਮੇਰੀ ਧੀ ਜਾਂ ਫੇਰ ਦੁਬਾਰਾ  ਭੁੱਖ ਲਗ ਗਈ ਏ….।”

ਮੈਂ – “ਮੰਮੀ ਜੀ ….ਬਸ ਪੁੱਛੋ ਨਾ ਜੀ….ਮੇਰੀ ਤਾਂ ਪ੍ਰਿੰਸੀਪਲ ਮੈਡਮ ਜੀ ਹੀ ਸਾਰੀ ਰੋਟੀਆਂ ਸਾਰਾ ਸਾਗ ਨਬੇੜ ਗਏ….ਮੈਨੂੰ ਤਾਂ ਉਹਨਾਂ ਨੇ ਪੁੱਛਿਆ ਹੀ ਨੀ….ਨਾ ਮੈਂ ਆਪ ਉਹਨਾਂ ਨੂੰ ਕੁੱਝ ਆਖਿਆ …ਨਾ ਮੈਂ ਕਿਸੇ ਵੀ ਸਹੇਲੀ ਨੂੰ ਖਵਾਈ ਰੋਟੀ….ਮੈਡਮ ਜੀ ਨੂੰ ਲੱਗਦਾ ਭੁੱਖ ਜ਼ਿਆਦਾ ਲੱਗੀ ਹੋਊਗੀ ਤਾਹੀਂ ਖਾ ਗਏ…..ਹਾਹਾਹਾਹਾ.।”

ਮੰਮੀ ਜੀ (ਹੈਰਾਨ ਹੁੰਦੇ ਹੋਏ) – “ਹੈਂਅਅਅਅਅ…..ਅੱਛਾ ਜੀ….ਬੱਲੇ….ਮੈਡਮ ਜੀ ਸਭ ਕੁੱਝ ਖਾ ਗਏ….ਇਹ ਤਾਂ ਹੱਦ ਹੀ ਹੋ ਗਈ….ਤੂੰ ਵੀ ਪੁੱਤ ਕਮਲੀ ਓ ਰਹੀਂ….ਆਖ ਤਾਂ ਦਿੰਦੀ ਕਿ ਮੈਡਮ ਜੀ ਮੈਂ ਵੀ ਖਾਣੀ ਆ…ਝੱਲੀ ਨਾ ਹੋਵੇ ਤਾਂ….।”

ਮੈਂ (ਮੂੰਹ ਜਿਹਾ ਮਸੋਸ ਕੇ ,ਨਾਲੇ ਗਰਮ ਗਰਮ ਰੋਟੀ ਦੀ ਬੁਰਕੀ ਸਾਗ ਨਾਲ ਖਾਂਦੇ ਹੋਏ) – “ਬਸ ਤੁਹਾਨੂੰ ਪਤਾ ਤਾਂ ਹੈਗਾ…ਮੈਂ ਨੀ ਜ਼ਿਆਦਾ ਕੁੱਝ ਵੀ ਬੋਲਦੀ ਬਸ….ਖਾ ਲਈ ਤਾਂ ਖਾ ਲਈ….।”

ਮੰਮੀ ਜੀ (ਹੱਸਦੇ ਹੋਏ) – “ਚਲ ਕੋਈ ਨਾ ਹੁਣ ਅੱਗੇ ਤੋਂ ਧਿਆਨ ਰੱਖੀਂ…ਮੈਡਮ ਜੀ ਦਾ ਵੀ ਤੇ ਆਪਣਾ ਵੀ….ਬਹੁਤੀ ਚੁੱਪ ਵੀ ਬੰਦੇ ਨੂੰ ਮਾਰ ਜਾਂਦੀ ਹੁੰਦੀ ਐ…ਥੋੜ੍ਹਾ ਬਹੁਤਾ ਬੋਲ ਵੀ ਲਿਆ ਕਰ…ਬਹੁਤੀ ਸਿਆਣੀਏ।”

ਅਸੀਂ ਦੋਵੇਂ ਜਣੀਆਂ ਹੱਸਣ ਲੱਗ ਪੈਂਦੀਆਂ ਹਾਂ।ਫੇਰ ਮੰਮੀ ਜੀ ਨੇ ਡੈਡੀ ਜੀ ਨੂੰ ਤੇ ਭਰਾ ਨੂੰ ਵੀ ਦੱਸਿਆ, ਉਹ ਵੀ ਹੱਸ ਹੱਸ ਦੂਹਰੇ ਹੋਈ ਜਾਂਦੇ ਸਨ।

Leave a Reply

Your email address will not be published. Required fields are marked *