ਤਲਾਕ ਤਲਾਕ | talaak talaak

ਗਰਮੀਆਂ ਦਾ ਸਮਾਂ ਸੀ ਲਗਪਗ ਸਵੇਰੇ ਛੇ ਕੁ ਵਜੇ ਸੂਰਜ ਨੇ ਦਸਤਕ ਦਿੱਤੀ । ਹਰ ਪਾਸੇ ਹੀ ਚਾਨਣ ਦਾ ਆਗਮਨ ਹੋਇਆ ਰਾਤ ਦਾ ਹਨੇਰਾ ਪਲਾਂ ਵਿੱਚ ਦੂਰ ਹੋ ਗਿਆ ।।ਜਿਸ ਪਲ ਦੀ ਗੁਰਪ੍ਰੀਤ ਨੂੰ ਉਡੀਕ ਸੀ ਉਹ ਅੱਜ ਦੱਸ ਸਾਲਾਂ ਬਾਅਦ ਪੂਰੀ ਹੋ ਗਈ ਗੁਰਪ੍ਰੀਤ ਦੇ ਘਰ ਅੱਜ ਦੋ ਧੀਆਂ ਹੋਣ ਤੋਂ ਉਪਰੰਤ ਪੁੱਤਰ ਦੀ ਦਾਤ ਮਿਲੀ ਤੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਸਾਰੇ ਪਾਸੇ ਤੇ ਵਧਾਈਆਂ ਮਿਲ ਰਹੀਆਂ ਸਨ। ਬਹੁਤ ਖ਼ੁਸ਼ੀ ਸੀ । ਸਾਰੇ ਪਿੰਡ ਤੇ ਮੁਹੱਲੇ ਵਿਚ ਰਿਸ਼ਤੇਦਾਰਾਂ ਵਿੱਚ ਲੱਡੂਆਂ ਦੀ ਵਰਖਾ ਕੀਤੀ ਗਈ ।ਆਂਢਣਾਂ ਗੁਆਂਢਣਾਂ ਨਾਲੇ ਲੱਡੂ ਲੈ ਰਹੀਆਂ ਸੀ ਨਾਲੇ ਕਹਿ ਰਹੀਆਂ ਸੀ ਕਿ ਰੱਬ ਨੇ ਸੁਣ ਲਈ ਹੁਣ ਦੋ ਧੀਆਂ ਵੀ ਢਕੀਆਂ ਗਈਆਂ ।ਮੈਂ ਸੋਚ ਰਹੀ ਸੀ ਕੀ ਪੁੱਤਰ ਤੋਂ ਬਿਨਾਂ ਧੀਆਂ ਕੋਲ ਤਨ ਢਕਣ ਲਈ ਕੋਈ ਕੱਪੜਾ ਨਹੀਂ ਸੀ ?ਇਸ ਦਾ ਮਤਲਬ ਇਹ ਸੀ ਜੇ ਗੁਰਪ੍ਰੀਤ ਦੇ ਪੁੱਤਰ ਹੋਣ ਨਾਲ ਹੁਣ ਉਸ ਦੀਆਂ ਧੀਆਂ ਦੀ ਵੀ ਕਦਰ ਹੋ ਗਈ ।
ਗੁਰਪ੍ਰੀਤ ਦੇ ਸਹੁਰੇ ਨੇ ਤੇ ਸੱਸ ਨੇ ਪੋਤਰੇ ਦਾ ਨਾਂ ਰਾਜਵੰਸ਼ ਰੱਖਿਆ ।ਪਰਿਵਾਰ ਦੇ ਸਾਰੇ ਮੈਂਬਰ ਰਾਜਵੰਸ਼ ਨੂੰ ਬਹੁਤ ਪਿਆਰ ਕਰਦੇ ਸਨ ਵੱਡਾ ਹੋਣ ਤੇ ਉਸ ਨੂੰ ਇਕ ਪ੍ਰਾਈਵੇਟ ਵਧੀਆ ਸਕੂਲ ਚ ਪੜ੍ਹਨ ਲਈ ਪਾ ਦਿੱਤਾ ।ਪਰ ਉਸ ਦੀਆਂ ਭੈਣਾਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਦੀਆਂ ਸਨ ।ਭੈਣਾਂ ਜਦੋਂ ਵੱਡੀਆਂ ਹੋਈਆਂ । ਉਨ੍ਹਾਂ ਦੋਨਾਂ ਦੇ ਵਿਆਹ ਕਰ ਦਿੱਤੇ।ਜੋ ਆਪਣੇ ਸਹੁਰੇ ਪਰਿਵਾਰ ਵਿੱਚ ਬਹੁਤ ਖ਼ੁਸ਼ ਸੀ ।ਗੁਰਪ੍ਰੀਤ ਬੜੀ ਖ਼ੁਸ਼ ਸੀ ।ਗੁਰਪ੍ਰੀਤ ਦੇ ਦੋਨੇ ਜਵਾਈ ਵੀ ਬਹੁਤ ਨੇਕ ਦਿਲ ਇਨਸਾਨ ਸਨ ।ਆਪਣੀ ਸੱਸ ਨੂੰ ਆਪਣੀ ਮਾਂ ਜਿੰਨਾ ਪਿਆਰ ਕਰਦੇ ਸਨ ।ਖਾਸ ਗੱਲ ਇਹ ਹੈ ਕਿ ਉਸ ਨੂੰ ਧੀਆਂ ਵੱਲੋਂ ਕੋਈ ਪਰੇਸ਼ਾਨੀ ਨਹੀਂ ਸੀ ।
ਹੁਣ ਰਾਜਵੰਸ਼ ਨੇ ਵੀ ਬਾਰ੍ਹਵੀਂ ਕਲਾਸ ਤੱਕ ਪੜ੍ਹਾਈ ਕਰ ਲਈ ਸੀ । ਬੜਾ ਸੋਹਣਾ ਸੁਨੱਖਾ ਨੌਜਵਾਨ ਜਿਸ ਨੇ ਅਜੇ ਜਵਾਨੀ ਵਿੱਚ ਪੈਰ ਧਰਿਆ ਸੀ ।ਇਹ ਸਮਾਂ ਹਰ ਮਨੁੱਖ ਲਈ ਬੜਾ ਨਾਜ਼ੁਕ ਹੁੰਦਾ ਹੈ ਮਨ ਆਪਣੇ ਮਗਰ ਲਾ ਲੈਂਦਾ ਹੈ ਦਿਲ ਬੇਵੱਸ ਹੋ ਜਾਂਦਾ ਹੈ ।ਇੱਕ ਦਿਨ ਉਹ ਕਿਸੇ ਕੰਮ ਲਈ ਸ਼ਹਿਰ ਜਾਂਦਾ ਹੈ ਉੱਥੇ ਗਏ ਨੂੰ ਉਸ ਨੂੰ ਉਸ ਦੀ ਹਮ ਉਮਰ ਮੁਟਿਆਰ ਮਿਲ ਜਾਂਦੀ ਹੈ ਜਿਸ ਨੂੰ ਉਹ ਦਿਲ ਦੇ ਬੈਠਦਾ ਹੈ ।
ਬੱਸ ਫਿਰ ਉਨ੍ਹਾਂ ਦੀਆਂ ਮੁਲਕਾਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਵੱਸ ਉਹ ਜ਼ਿੰਦਗੀ ਲਈ ਇਕੱਠੇ ਜਿਊਣ ਦਾ ਫ਼ੈਸਲਾ ਕਰ ਲੈਂਦੇ ਹਨ ।ਰਾਜਵੰਸ਼ ਆਪਣੀ ਮਾਂ ਤੇ ਪਿਓ ਨਾਲ ਆਪਣੇ ਪਿਆਰ ਦੀ ਗੱਲ ਬਾਰੇ ਜ਼ਿਕਰ ਕਰਦਾ ਹੈ ।ਇਹ ਸੁਣ ਕੇ ਬੜਾ ਖੁਸ਼ ਹੁੰਦੇ ਨੇ ਤੇ ਉਹ ਉਸ ਨੂੰ ਉਸ ਮੁਟਿਆਰ ਨਾਲ ਉਸ ਨੂੰ ਵਿਆਹ ਕਰਾਉਣ ਦੀ ਇਜਾਜ਼ਤ ਦੇ ਦਿੰਦੇ ਹਨ ।
ਰਾਜ ਵੰਸ਼ ਦੇ ਮਾਪੇ ਉਸ ਮੁਟਿਆਰ ਦੇ ਘਰ ਜਾ ਕੇ ਉਸ ਦੀ ਮਾਂ ਪਿਓ ਨਾਲ ਗੱਲ ਕਰਦੇ ਹਨ । ਲੜਕੀ ਦੇ ਮਾਪੇ ਵੀ ਇਸ ਲਈ ਆਪਣੀ ਸਹਿਮਤੀ ਪ੍ਰਗਟਾ ਦਿੰਦੇ ਹਨ ।ਅਜੇ ਉਨ੍ਹਾਂ ਦੀ ਕੁੜਮਾਈ ਹੀ ਹੁੰਦੀ ਹੈ ਅਸੀਂ ਥੋੜ੍ਹੇ ਦਿਨਾਂ ਵਿੱਚ ਹੀ ਲੜਕਾ ਵਿਦੇਸ਼ ਚਲਾ ਜਾਂਦਾ ਹੈ ।ਸਾਲ ਕੁ ਮਗਰੋਂ ਉਹ ਵਿਦੇਸ਼ ਤੋਂ ਵਾਪਸ ਆ ਕੇ ਉਸ ਲੜਕੀ ਨਾਲ ਆਪਣਾ ਵਿਆਹ ਕਰਵਾ ਲੈਂਦਾ ਹੈ ।ਇੱਕ ਮਹੀਨਾ ਉਹ ਆਪਣੀ ਪਤਨੀ ਕੋਲ ਰਹਿੰਦਾ ਹੈ । ਬੜੇ ਖੁਸ਼ ਹੁੰਦੇ ਨੇ । ਉਸ ਤੋਂ ਬਾਅਦ ਉਸ ਨੇ ਵਿਦੇਸ਼ ਵਾਪਸ ਜਾਣਾ ਹੁੰਦਾ ਹੈ ।ਰਾਜ ਵੰਸ਼ ਦੀ ਪਤਨੀ ਨੀਰੂ ਵਿਦੇਸ਼ ਉਸ ਨਾਲ ਨਹੀਂ ਜਾ ਸਕਦੀ ਸੀ ਜਿਸ ਕਾਰਨ ਉਸ ਨੂੰ ਆਪਣੇ ਸਹੁਰੇ ਪਰਿਵਾਰ ਵਿੱਚ ਹੀ ਰਹਿਣਾ ਪੈਣਾ ਸੀ । ਸਹੁਰੇ ਪਰਿਵਾਰ ਵਿੱਚ ਇੱਕ ਸੱਸ ਤੇ ਸਹੁਰਾ ਹੀ ਸੀ ।ਕੁਝ ਦਿਨ ਲਈ ਕਦੇ ਉਹ ਆਪਣੇ ਪੇਕੇ ਘਰ ਆ ਜਾਂਦੀ ਤੇ ਕਦੇ ਆਪਣੇ ਸਹੁਰੇ ਘਰ ਚਲੀ ਜਾਂਦੀ। ਸਮਾਂ ਬੀਤਦਾ ਗਿਆ ਉਸ ਦੇ ਰਾਜਵੰਸ਼ ਅਜੇ ਪੇਪਰ ਨਹੀਂ ਸੀ ਤਿਆਰ ਕਰ ਸਕਦਾ ਕਿਉਂ ਕੇ ਉਹ ਆਪ ਵੀ ਅਜੇ ਵਿਦੇਸ਼ ਵਿੱਚ ਪੱਕਾ ਨਹੀਂ ਸੀ ਹੋਇਆ ।
ਨੀਰੂ ਦਾ ਪਤੀ ਭਾਵੇਂ ਹਰ ਰੋਜ਼ ਉਸ ਨਾਲ ਫੋਨ ਤੇ ਗੱਲ ਕਰਦਾ ਸੀ ।ਉਸ ਨੂੰ ਉਹ ਪਿਆਰ ਕਰਦਾ ਸੀ ਪਰ ਉਹ ਬੇਵੱਸ ਸੀ ਅਜੇ ਆਪਣੇ ਕੋਲ ਬੁਲਾ ਨਹੀਂ ਸਕਦਾ ਸੀ ।
ਇਧਰ ਨੀਰੂ ਨੇ ਆਪਣੇ ਗੁਆਂਢ ਵਿੱਚ ਹੀ ਕਿਸੇ ਹੋਰ ਲੜਕੇ ਨਾਲ ਦੋਸਤੀ ਪਾ ਲਈ ।ਇਸ ਗੱਲ ਬਾਰੇ ਸਹੁਰੇ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਨਹੀਂ ਪਤਾ ਸੀ ।ਇੱਕ ਦਿਨ ਸ਼ਾਮ ਦਾ ਵੇਲਾ ਸੀ ਆਪਣੇ ਸਾਰੇ ਘਰੋਂ ਗਹਿਣੇ ਉਠਾ ਕੇ ਨੀਰੂ ਆਪਣੇ ਦੋਸਤ ਨੂੰ ਫੜਾ ਦਿੰਦੀ ਹੈ ।ਘਰ ਦੀਆਂ ਸਾਰੀਆਂ ਅਲਮਾਰੀਆਂ ਖੋਲ੍ਹ ਦਿੰਦੀ ਹੈ । ਆਪ ਆਪਣੀ ਨਨਾਣ ਨਾਲ ਸੈਰ ਕਰਨ ਚਲੀ ਜਾਂਦੀ ਹੈ।ਉਸ ਸਮੇਂ ਘਰ ਵਿਚ ਉਸ ਦੀ ਸੱਸ ਵੀ ਨਹੀਂ ਹੁੰਦੀ । ਸੱਸ ਤੇ ਸਹੁਰਾ ਕਿਸੇ ਕੰਮ ਲਈ ਬਾਜ਼ਾਰ ਗਏ ਹੁੰਦੇ ਹਨ ।ਜਦੋਂ ਨੀਰੂ ਤੇ ਉਸ ਦੀ ਨਨਾਣ ਸੈਰ ਕਰਨ ਤੋਂ ਉਪਰੰਤ ਵਾਪਸ ਘਰ ਆਉਂਦੀਆਂ ਹਨ ਤਾਂ ਅਲਮਾਰੀਆਂ ਖੁੱਲ੍ਹੀਆਂ ਵੇਖ ਕੇ ਨੀਰੂ ਦੀ ਨਨਾਣ ਬੜੀ ਪ੍ਰੇਸ਼ਾਨ ਹੋ ਜਾਂਦੀ ਹੈ। ਇਸ ਗੱਲ ਦਾ ਜ਼ਿਕਰ ਉਹ ਆਪਣੇ ਆਂਢ ਗੁਆਂਢ ਵਿੱਚ ਤੇ ਘਰੋਂ ਬਾਹਰ ਗਈ ਆਪਣੀ ਮਾਂ ਨੂੰ ਦੱਸਦੀ ਹੈ ।ਸਾਰੇ ਸ਼ਹਿਰ ਮੁਹੱਲੇ ਵਿੱਚ ਰੌਲਾ ਪੈ ਜਾਂਦਾ ਹੈ ਕਿ ਬਲਵੀਰ ਸਿੰਘ ਦੇ ਘਰ ਚੋਰੀ ਹੋ ਗਈ ।ਪੁਲੀਸ ਨੂੰ ਰਿਪੋਰਟ ਕੀਤੀ ਜਾਂਦੀ ਹੈ ।
ਗੁਰਪ੍ਰੀਤ ਨੂੰ ਆਪਣੀ ਨੂੰਹ ਤੇ ਸ਼ੱਕ ਹੋ ਗਿਆ ਕਿ ਇਸ ਨੇ ਹੀ ਗਹਿਣੇ ਇੱਧਰ ਉੱਧਰ ਕੀਤੇ ਹਨ ਜਾਂ ਇਸ ਨੇ ਆਪਣੇ ਪੇਕੇ ਘਰ ਪਹੁੰਚਾ ਦਿੱਤੇ ਹਨ ।ਜਦੋਂ ਪੁਲਸ ਨੇ ਉਸ ਦੇ ਪੇਕੇ ਘਰ ਪਡ਼ਤਾਲ ਕੀਤੀ ਉਨ੍ਹਾਂ ਨੂੰ ਕੁਝ ਵੀ ਬਰਾਮਦ ਨਾ ਹੋਇਆ ਫਿਰ ਉਨ੍ਹਾਂ ਨੇ ਨੀਰੂ ਨੂੰ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਇਕਦਮ ਸਾਰਾ ਸੱਚ ਦੱਸ ਦਿੱਤਾ ।
ਨੀਰੂ ਨੇ ਆਪਣੇ ਸਹੁਰੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਅੰਤ ਨੀਰੂ ਦਾ ਰਾਜਵੰਸ਼ ਨਾਲੋਂ ਤਲਾਕ ਹੋ ਜਾਂਦਾ ਹੈ ।
ਹੁਣ ਗੁਰਪ੍ਰੀਤ ਨੇ ਸੋਚਿਆ ਕਿ ਰਾਜਵੰਸ਼ ਦਾ ਦੂਜਾ ਵਿਆਹ ਕਰ ਦੇਈਏ । ਬੜੀ ਜਲਦੀ ਰਾਜਵੰਸ਼ ਦਾ ਦੂਜਾ ਵਿਆਹ ਵੀ ਰਾਜਵੀਰ ਨਾਂ ਦੀ ਲੜਕੀ ਨਾਲ ਕਰ ਦਿੱਤਾ ਗਿਆ ।
ਰਾਜਵੰਸ਼ ਵਿਆਹ ਕਰਵਾ ਕੇ ਵਿਦੇਸ਼ ਵਾਪਸ ਚਲਾ ਜਾਂਦਾ ਹੈ ਸਾਲ ਕੁ ਦੇ ਵਿੱਚ ਹੀ ਉਹ ਆਪਣੀ ਪਤਨੀ ਦੇ ਪੇਪਰ ਵਿਦੇਸ਼ ਬੁਲਾਉਣ ਲਈ ਭੇਜ ਦਿੰਦਾ ਹੈ ।
ਇਧਰ ਰਾਜਵੀਰ ਆਪਣੇ ਸਹੁਰੇ ਘਰ ਵਿਚ ਘੁਲਮਿਲ ਨਹੀਂ ਕਰ ਸਕੀ ।ਸਾਰਾ ਸਾਰਾ ਦਿਨ ਮੰਜੇ ਤੇ ਪਈ ਰਹਿਣਾ ਜੇਕਰ ਉਸ ਦੀ ਸੱਸ ਨੇ ਕੋਈ ਕੰਮ ਕਾਰ ਕਰਨ ਲਈ ਕਹਿਣਾ ਤਾਂ ਉਲਟਾ ਕੋਈ ਨਾ ਕੋਈ ਬਹਾਨਾ ਕਰਨਾ ।ਤੇ ਆਪਣੀ ਭੈਣ ਨੂੰ ਫੋਨ ਤੇ ਸੱਸ -ਸਹੁਰੇ ਵਾਰੇ ਹਰ ਵੇਲੇ ਚੁਗਲੀਆਂ ਕਰਨੀਆਂ ਤੇ ਅੱਗੋਂ ਭੈਣ ਨੇ ਵੀ ਉਸ ਦੀ ਹਾਂ ਵਿੱਚ ਹਾਂ ਮਿਲਾ ਦੇਣੀ ।ਦਿਨ ਪ੍ਰਤੀ ਦਿਨ ਘਰ ਵਿੱਚ ਰਾਜਵੀਰ ਨੇ ਕਲੇਸ਼ ਪਾ ਕੇ ਰੱਖਣਾ ਉਧਰ ਰਾਜ ਵੰਸ਼ ਨੂੰ ਇਹ ਆਖਣਾ ਕਿ ਮੈਂ ਤੇਰੀ ਮਾਂ ਤੇ ਤੇਰੇ ਪਿਉ ਨਾਲ ਨਹੀਂ ਰਹਿ ਸਕਦੀ ।ਮੈਨੂੰ ਇਨ੍ਹਾਂ ਤੋਂ ਜਾਂ ਅੱਡ ਕਰਾ ਦੇ ਜਾਂ ਮੈਨੂੰ ਬਾਹਰ ਲੈ ਜਾ ।ਰਾਜਵੰਸ਼ ਨੇ ਉਸ ਨੂੰ ਆਖਿਆ ਮੈਂ ਇਕ ਮਹੀਨੇ ਤੱਕ ਆ ਜਾਵਾਂਗਾ ਤੈਨੂੰ ਨਾਲ ਲੈ ਜਾਵਾਂਗਾ ।ਰਾਜਵੀਰ ਨੇ ਜ਼ਿੱਦ ਫੜ ਲਈ ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ ਉਸ ਨੇ ਆਪਣੀ ਭੈਣ ਤੇ ਜੀਜੇ ਨੂੰ ਆਪਣੇ ਘਰ ਬੁਲਾ ਲਿਆ ਉਨ੍ਹਾਂ ਦੇ ਨਾਲ ਉਨ੍ਹਾਂ ਨੂੰ ਬਿਨਾਂ ਦੱਸੇ ਆਪਣੇ ਪੇਕੇ ਘਰ ਚਲੀ ਜਾਂਦੀ ਹੈ ।
ਇੱਕ ਦਿਨ ਰਾਜ ਵੰਸ਼ ਦੇ ਮਾਤਾ -ਪਿਤਾ ਆਪਣੇ ਨਜ਼ਦੀਕੀ ਸਬੰਧੀਆਂ ਨੂੰ ਲੈ ਕੇ ਆਪਣੇ ਪੁੱਤਰ ਦੇ ਸਹੁਰੇ ਘਰ ਜਾਂਦੇ ਹਨ ਕਿ ਸਮਝਾ -ਬੁਝਾ ਕੇ ਰਾਜਬੀਰ ਨੂੰ ਲੈ ਆਈਏ ।ਪਰ ਰਾਜਵੀਰ ਟੱਸ ਤੋਂ ਮੱਸ ਨਾ ਹੋਵੇ ।ਉਸ ਨੇ ਆਪਣੇ ਸਹੁਰੇ ਘਰ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ।ਆਖਣ ਲੱਗੀ ਕਿ ਮੈਨੂੰ ਤਾਂ ਤਲਾਕ ਚਾਹੀਦਾ ਹੈ ।
ਇਹ ਸੁਣ ਕੇ ਉੱਥੇ ਬੈਠੇ ਸਾਰੇ ਰਿਸ਼ਤੇਦਾਰ ਸੁਣ ਕੇ ਹੈਰਾਨ ਹੁੰਦੇ ਹਨ ਉਨ੍ਹਾਂ ਵਿੱਚੋਂ ਇੱਕ ਬਜ਼ੁਰਗ ਔਰਤ ਆਖਦੀ ਹੈ,” ਕੀ ਹੁਣ ਦੀਆਂ ਕੁੜੀਆਂ ਵਿੱਚ ਸਹਿਣ ਸਖ਼ਤੀ ਹੀ ਨਹੀਂ ਰਹੀ ।ਘਰ ਦਾ ਕੰਮ ਕਾਰ ਕੋਈ ਕਰਨਾ ਆਉਂਦਾ ਹੀ ਨਹੀਂ ਤੇ ਇਹ ਸਿੱਖਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਜੇ ਘਰ ਵਿੱਚ ਕੋਈ ਕੁਝ ਕਹਿ ਦਿੰਦਾ ਵੀ ਹੈ ਉਨ੍ਹਾਂ ਬਸ ਇੱਕੋ ਗੱਲ ਹੈ ਤਲਾਕ ਦੇ ਦਿਓ ” ।ਬਜ਼ੁਰਗ ਔਰਤ ਦੀ ਗੱਲ ਸੁਣ ਕੇ ਸਾਰਿਆਂ ਨੇ ਉਸ ਦੀ ਹਾਂ ਵਿੱਚ ਹਾਂ ਮਿਲਾਈ ।”ਇੱਕ ਕੋਲ ਬੈਠੇ ਨੋਜਵਾਨ ਲੜਕੇ ਨੇ ਕਿਹਾ ,” ਹੁਣ ਦੇ ਜ਼ਮਾਨੇ ਵਿੱਚ ਪੜ੍ਹੀਆਂ- ਲਿਖੀਆਂ ਕੁੜੀਆਂ ਤਾਂ ਬਹੁਤ ਹਨ ਪਰ ਸਮਝਦਾਰ ਬਹੁਤ ਘੱਟ ਹਨ ।” ਗੁਰਪ੍ਰੀਤ ਦੀ ਭਰਜਾਈ ਵੀ ਕੋਲ ਬੈਠੀ ਸੀ ।ਉਹ ਆਖਣ ਲੱਗੀ ਏ ,” ਇਹ ਹੁਣ ਕੁੜੀਆਂ ਦਾ ਕਸੂਰ ਨਹੀਂ, ਇਹ ਤਾਂ ਉਨ੍ਹਾਂ ਦੇ ਮਾਪਿਆਂ ਦਾ ਕਸੂਰ ਹੈ ।ਉਨ੍ਹਾਂ ਨੂੰ ਉੱਚੀਆਂ ਡਿਗਰੀਆਂ ਤਾਂ ਕਰਾ ਦਿੰਦੇ ਹਨ ਪਰ ਰਸੋਈ ਦੇ ਕਿਸੇ ਵੀ ਕੰਮ ਕਰਨ ਦੇ ਕਾਬਲ ਨਹੀਂ ਹੁੰਦੀਆ । ਜੇ ਸਹੁਰੇ ਪਰਿਵਾਰ ਵਿੱਚ ਜਾ ਕੇ ਥੋੜ੍ਹਾ ਬਹੁਤਾ ਕੰਮ ਕਰਨਾ ਵੀ ਪੈਂਦਾ ਹੈ ਤਾਂ ਬਸ ਫਿਰ ਤਲਾਕ ਦੀ ਮੰਗ ਕਰਦੀਆਂ ਹਨ ।”ਉਹਦੀ ਗੱਲ ਸੁਣ ਕੇ ਉੱਥੇ ਬੈਠੇ ਸਾਰਿਆਂ ਨੇ ਹਾਂ ਵਿਚ ਹਾਂ ਮਿਲਾਈ ਤੇ ਆਖਣ ਲੱਗੇ , ਇਹੀ ਤਾਂ ਤਲਾਕ ਦਾ ਕਾਰਨ ਹੈ ।
ਅਗਲੇ ਦਿਨ ਹੀ ਰਾਜਵੀਰ ਨੇ ਰਾਜ ਵੰਸ਼ ਤੋਂ ਤਲਾਕ ਲੈਣ ਲਈ ਮੁਕੱਦਮਾ ਕਰ ਦਿੱਤਾ ।ਤਰੀਕਾਂ ਪੈਣ ਤੋਂ ਬਾਅਦ ਰਾਜਵੰਸ਼ ਦਾ ਰਾਜਬੀਰ ਨਾਲੋਂ ਤਲਾਕ ਹੋ ਗਿਆ ।ਗੁਰਪ੍ਰੀਤ ਹੁਣ ਸੋਚ ਰਹੀ ਸੀ ਇਹ ਰਾਜਵੰਸ਼ ਲਈ ਹੁਣ ਹੋਰ ਕੁੜੀ ਵੇਖੀ ਜਾ ਜਾਵੇ ।ਇਸ ਨਾਲ ਉਹ ਆਪਣੀ ਰਹਿੰਦੀ ਜ਼ਿੰਦਗੀ ਗੁਜ਼ਾਰ ਸਕੇ ।
✍ ਦਿਆਲ ਕੌਰ
ਪਵਾਤ

Leave a Reply

Your email address will not be published. Required fields are marked *