ਰਾਣੀ ਮੰਗੀ ਗਈ | rani mangi gayi

ਪ੍ਰਾਹੁਣੇ ਦੁਪਹਿਰੇ ਆਉਣੇ ਸਨ ਪਰ ਤਿਆਰੀ ਸੁਵੇਰ ਤੋਂ ਹੀ ਸ਼ੁਰੂ ਹੋ ਗਈ ਸੀ!ਗਲੀ,ਵੇਹੜਾ,ਸਬਾਤ,ਚੌਂਕਾ,ਗੁਸਲਖਾਨਾ,ਬੈਠਕ,ਡਿਓਢੀ ਅਤੇ ਵੇਹੜੇ ਵਿਚ ਡੱਠੀਆਂ ਕੁਰਸੀਆਂ ਸ਼ੀਸ਼ੇ ਵਾਂਙ ਚਮਕ ਰਹੀਆਂ ਸਨ..!
ਘਰੇ ਹਰੇਕ ਨੂੰ ਹਿਦਾਇਤਾਂ ਸਨ..ਕਿਹੜਾ ਸੂਟ..ਕਿਹੜੀ ਚੁੰਨੀ ਕਿਹੜੀ ਪੱਗ ਅਤੇ ਕਿਹੜੀ ਜੁੱਤੀ ਪਾਉਣੀ ਏ..ਕਿਸਨੇ ਪ੍ਰਾਹੁਣਿਆਂ ਕੋਲ ਬੈਠ ਗੱਲਾਂ ਮਾਰਨੀਆਂ ਤੇ ਕਿਸਨੇ ਸਿਰਫ ਫਤਹਿ ਬੁਲਾ ਕੇ ਹੀ ਵਾਪਿਸ ਅੰਦਰ ਵੜ ਜਾਣਾ..!
ਅਚਾਨਕ ਕਿਸੇ ਉੱਚੀ ਸਾਰੀ ਹਾਕ ਮਾਰੀ..ਰਾਣੀ ਕਿਥੇ ਏ..ਸੁਵੇਰ ਦੀ ਦਿੱਸੀ ਹੈਨੀ..?
ਮਾਂ ਓਸੇ ਵੇਲੇ ਅੰਦਰ ਨੱਸੀ ਗਈ..ਮੰਜੇ ਉੱਪਰ ਗੋਡਿਆਂ ਵਿਚ ਸਿਰ ਦੇ ਕੇ ਬੈਠੀ ਰਾਣੀ ਨੂੰ ਝਿੜਕਾਂ ਦਿੰਦੀ ਆਖਣ ਲੱਗੀ..”ਤੂੰ ਅੱਜ ਫੇਰ ਕੁਵੇਲਾ ਕਰਵਾ ਦੇਣਾ..ਵੇਲੇ ਸਿਰ ਠੀਕ ਤਰਾਂ ਬਣ ਫੱਬ ਕੇ ਹੀ ਬਾਹਰ ਆਵੀਂ..ਐਵੇਂ ਨਾ ਬੁੱਗ ਜਿਹੀ ਬਣ ਬਾਹਰ ਨੂੰ ਤੁਰੀ ਆਵੀਂ”
ਸਾਮਣੇ ਕਿੰਨੇ ਸਾਰੇ ਸੂਟ ਖਿਲਾਰੀ ਉਹ ਪਹਿਲੋਂ ਸਭ ਕੁਝ ਸੁਣੀ ਗਈ..ਫੇਰ ਆਖਣ ਲੱਗੀ “ਅੱਜ ਲਈ ਤੇ ਸਿਰਫ ਆਹ ਫਿਰੋਜੀ ਸੂਟ ਹੀ ਬਚਿਆ ਏ..ਬਾਕੀ ਸਾਰੇ ਤਾਂ ਪਹਿਲੋਂ ਵੇਖਣ ਆਇਆਂ ਵੇਲੇ ਪਾ ਕੇ ਵੇਖ ਲਏ..ਜੇ ਇਸ ਵੇਰ ਇਸ ਨੇ ਵੀ ਕੰਮ ਨਾ ਕੀਤਾ ਤਾਂ ਫੇਰ..”
ਮਾਂ ਨੇ ਛੇਤੀ ਨਾਲ ਮੂੰਹ ਅੱਗੇ ਹੱਥ ਦੇ ਦਿੱਤਾ..ਇੰਝ ਨੀ ਆਖੀਦਾ ਧੀਏ..ਬਦਸ਼ਗਨੀ ਹੁੰਦੀ..ਤੂੰ ਬੱਸ ਡੇਰੇ ਵਾਲਾ ਪ੍ਰਸ਼ਾਦ ਦਾ ਫੱਕਾ ਮਾਰ ਬਾਹਰ ਆ ਜਾਵੀਂ..ਮੱਥੇ ਤੇ ਨਿੱਕਲੇ ਕਿੱਲ-ਸਿਆਹੀਆਂ ਤੇ ਸ਼ਹਿਰੋਂ ਲਿਆਂਧੀ ਕਰੀਮ ਲੌਣੀ ਵੀ ਨਾ ਭੁੱਲੀਂ..!
ਫੇਰ ਮਿੱਥੇ ਟਾਈਮ ਤੇ ਥੋੜੇ ਜਿਹੇ ਪ੍ਰਾਹੁਣੇ ਆਏ..ਸੰਖੇਪ ਜਿਹੀ ਖਾਣੀ-ਪੀਣੀ ਮਗਰੋਂ ਆਖਣ ਲੱਗੇ ਰਾਣੀ ਨੂੰ ਬੁਲਾਓ..ਰਾਣੀ ਗਲ ਪਾਏ ਆਪਣੇ ਓਸੇ ਪੂਰਾਣੇ ਸੂਟ ਵਿਚ ਹੀ ਬਾਹਰ ਆ ਗਈ..ਨਾ ਪ੍ਰਸ਼ਾਦ ਖਾਦਾ ਤੇ ਨਾ ਹੀ ਮੂੰਹ ਤੇ ਕਰੀਮ ਹੀ ਲਾਈ..!
ਅਗਲੇ ਦਿਨ ਸਾਰੇ ਪਿੰਡ ਵਿਚ ਰੌਲਾ ਪੈ ਗਿਆ..ਰਾਣੀ ਮੰਗੀ ਗਈ..ਰਿਸ਼ਤਾ ਪੱਕਾ ਹੋ ਗਿਆ..ਹੋਇਆ ਵੀ ਬਿਨਾ ਦਾਜ ਅਤੇ ਵਰੀ ਦੇ ਚੱਕਰਾਂ ਤੋਂ..ਬਰਾਤ ਵਿਚ ਵੀ ਸਿਰਫ ਪੰਜ ਜਾਂਝੀ ਹੀ..ਤੇ ਚੁੰਨੀ ਚੜਾ ਕੇ ਲੈ ਜਾਣਗੇ!
ਸਾਰਾ ਪਰਿਵਾਰ ਖੁਸ਼ ਸੀ ਸਿਵਾਏ ਨੁੱਕਰ ਵਿਚ ਪਈ ਸ਼ਹਿਰੋਂ ਲਿਆਂਧੀ ਕਰੀਮ ਅਤੇ ਲਫਾਫੇ ਵਿਚ ਬੰਦ ਡੇਰੇ ਦੇ ਪ੍ਰਸ਼ਾਦ ਦੇ..ਦੋਹਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਇੱਕ ਬਾਦਸ਼ਾਹਤ ਅੱਜ ਖਤਰੇ ਵਿਚ ਜੂ ਪੈ ਗਈ ਸੀ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *