ਰੱਬ ਦਾ ਦਿੱਤਾ ਸਭ ਕੁੱਝ ਹੈ | rabb da ditta sab kuch hai

14 ਮਾਰਚ ਨੂੰ ਮੇਰੇ ਲਾਣੇਦਾਰਨੀ ਦਾ ਜਨਮ ਦਿਨ ਹੈ।ਪਿਛਲੇ ਸਾਲ ਮੈਂ ਬਿਨਾਂ ਦੱਸੇ ਚੁੱਪ ਚੁਪੀਤੇ ਅਪਣਾ ਕਮਰਾ ਤਿਆਰ ਕਰਵਾਇਆ ਤੇ ਨਵੇਂ ਬੈੱਡ ਵੀ ਤਿਆਰ ਕਰਵਾਏ।ਇਹਨਾਂ ਨੂੰ ਜਨਮ ਦਿਨ ਮਨਾਉਣ ਦਾ ਓਦੋਂ ਹੀ ਪਤਾ ਲੱਗਿਆ ਜਦੋਂ ਪੰਜ ਕੁ ਵਜੇ ਇਹਨਾਂ ਦਾ ਪੇਕੇ ਪਰਿਵਾਰ ਤੇ ਵਿਆਹੀਆਂ ਹੋਈਆਂ ਭਤੀਜੀਆਂ ਜਨਮ ਦਿਨ ਮਨਾਉਣ ਆਈਆਂ।ਵੱਖਰਾ ਹੀ ਖੁਸ਼ੀ ਭਰਿਆ ਮਹੌਲ ਸੀ ਤੇ ਅਸੀਂ ਬਾਅਦ ਵਿੱਚ ਵੀ ਕਈ ਦਿਨ ਗੱਲਾਂ ਕਰਦੇ ਰਹੇ।
ਅੱਜ ਮੇਰੀ ਪੋਤੀ ਜੋ ਕਿ ਸੱਤ ਸਾਲ ਦੀ ਹੈ ਕਹਿੰਦੀ ਕਿ ਇਸ ਵਾਰ ਦਾਦੀ ਨੂੰ ਜਨਮ ਦਿਨ ਉੱਪਰ ਕੀ ਗਿਫਟ ਦੇਵਾਂਗੇ?ਸਾਡੀ ਦਾਦੇ ਪੋਤੀ ਦੀ ਗਿਫਟ ਵਾਲੇ ਮਸਲੇ ਉੱਪਰ ਕੋਈ ਸਹਿਮਤੀ ਨਾ ਬਣੀ।ਆਖਿਰਕਾਰ ਪੋਤੀ ਕਹਿੰਦੀ ਕਿ ਮੈਂ ਬਹਾਨੇ ਨਾਲ ਦਾਦੀ ਨੂੰ ਪੁੱਛਦੀ ਹਾਂ ਕਿ ਤੁਹਾਨੂੰ ਕਿਸ ਚੀਜ ਦੀ ਕਮੀ ਹੈ?ਜਦੋਂ ਪੋਤੀ ਮੇਰੇ ਕੋਲ ਵਾਪਿਸ ਆਈ ਮੈਨੂੰ ਕਹਿੰਦੀ ਕਿ ਦਾਦੀ ਕਹਿੰਦੇ ਹਨ ਕਿ ਮੇਰੇ ਕੋਲ ‘ਰੱਬ ਦਾ ਦਿੱਤਾ ਸਭ ਕੁੱਝ ਹੈ’ ਇਸ ਦਾ ਕੀ ਮਤਲਬ ਹੈ?ਮੈਂ ਕਿਹਾ ਪੁੱਤ ਇਸ ਦਾ ਮਤਲਬ ਹੈ ਕਿ ਜੋ ਵੀ ਓਹਨਾਂ ਕੋਲ ਹੈ ਉਸ ਨਾਲ ਓਹ ਬਹੁਤ ਖੁਸ਼ ਹਨ ਮੈਨੂੰ ਹੋਰ ਕਿਸੇ ਚੀਜ ਦੀ ਇੱਛਾ ਨਹੀਂ।ਜੇ ਤੈਨੂੰ ਸੌਖੇ ਤਰੀਕੇ ਸਮਝਾਂਵਾ ਪੁੱਤ ਤਾਂ ਏਹ ਹੈ ਕਿ ਜੋ ਵੀ ਸਾਡੇ ਕੋਲ ਹੈ ਸਬਰ ਸੰਤੋਖ ਨਾਲ ਉਸ ਨੂੰ ਖੁਸ਼ੀ ਖੁਸ਼ੀ ਵਰਤੀਏ ਤੇ ਵਾਹਿਗੁਰੂ ਦੇ ਸ਼ੁਕਰਾਨੇ ਕਰੀਏ।ਪੋਤੀ ਕਹਿੰਦੀ ਏਹ ਤਾਂ ਸਭ ਤੋਂ ਵਧੀਆ ਗੱਲ ਹੈ।
ਮੈਂ ਸਮਝਦਾ ਕਿ ਏਹ ਅਨਮੋਲ ਸਿਖਿਆਵਾਂ ਦੇਣ ਲਈ ਜਿੰਨਾਂ ਤੋੰ ਸਾਡੇ ਬੱਚੇ ਅੱਜ ਕੱਲ੍ਹ ਸੱਖਣੇ ਹਨ।ਅਸੀਂ ਜ਼ਿੰਦਗੀ ਦੀ ਆਮ ਗੱਲਬਾਤ ਵਿੱਚ ਅਜਿਹੀਆਂ ਗੱਲਾਂ ਬੱਚਿਆਂ ਨਾਲ ਸਾਂਝੀਆਂ ਕਰੀਏ ਤਾਂ ਬੱਚੇ ਅਪਣੀ ਜ਼ਿੰਦਗੀ ਸਕੂਨ ਨਾਲ ਬਤੀਤ ਕਰਨ ਤੇ ਕੁੱਝ ਸਿੱਖ ਵੀ ਲੈਣ✍️
ਭੂਪਿੰਦਰ ਸਿੰਘ ਸੇਖੋਂ

Leave a Reply

Your email address will not be published. Required fields are marked *