ਗੁੰਝਲਦਾਰ ਸੁਆਲ | gunjhaldaar swaal

ਜਦੋਂ ਕੋਈ ਸਵਾਲ ਕਿਸੇ ਤੋਂ ਨਾ ਨਿੱਕਲਿਆ ਕਰਦਾ ਤਾਂ ਮੇਰੇ ਕੋਲ ਲਿਆਂਦਾ ਜਾਂਦਾ..ਮੈਂ ਮਿੰਟਾਂ-ਸਕਿੰਟਾਂ ਵਿਚ ਹੀ ਉਸਦਾ ਹੱਲ ਕੱਢ ਅਗਲੇ ਦੇ ਅੱਗੇ ਕਰ ਦਿਆ ਕਰਦੀ..
ਇੱਕ ਦਿਨ ਆਥਣ ਵੇਲੇ ਸਕੂਲੋਂ ਵਾਪਿਸ ਆ ਬਾਹਰ ਲਾਅਨ ਵਿਚ ਬੈਠੀ ਚਾਹ ਪੀ ਰਹੀ ਸਾਂ ਕੇ ਕੋਠੀ ਅਤੇ ਸੜਕ ਵਿਚਕਾਰ ਛੱਡੀ ਖਾਲੀ ਜਗਾ ਤੇ ਡੰਗਰ ਚਾਰਦੀ ਹੋਈ ਇੱਕ ਨਿੱਕੀ ਜਿਹੀ ਕੁੜੀ ਦਿਸ ਪਈ..ਵਾਜ ਮਾਰ ਕੋਲ ਸੱਦ ਲਿਆ..!
“ਬਰਸਾਤਾਂ ਦਾ ਮੌਸਮ ਤੇ ਗਿੱਠ-ਗਿੱਠ ਲੰਮਾ ਘਾਹ..ਸੋ ਸੱਪ ਕੀੜੇ ਪਤੰਗੇ..ਤੂੰ ਨੰਗੇ ਪੈਰੀਂ..ਡਰ ਨੀ ਲੱਗਦਾ ਤੈਨੂੰ”?
“ਨਹੀਂ ਲੱਗਦਾ ਜੀ..ਆਦਤ ਪੈ ਗਈ ਏ ਹੁਣ ਤਾਂ..ਹੱਸਦੀ ਹੋਈ ਨੇ ਜੁਆਬ ਦਿੱਤਾ!
“ਸਕੂਲੇ ਨਹੀਂ ਜਾਂਦੀ..ਤੇ ਤੇਰਾ ਨਾਮ ਕੀ ਏ”?
“ਸ਼ੱਬੋ”..ਤੇ ਮੈਂ ਸਰਕਾਰੀ ਸਕੂਲੇ ਛੇਵੀਂ ਵਿਚ ਪੜ੍ਹਦੀ ਹਾਂ ਜੀ..ਸਕੂਲੋਂ ਆ ਕੇ ਡੰਗਰ ਚਾਰਨੇ ਪੈਂਦੇ ਨੇ..ਪੱਠਿਆਂ ਜੋਗੇ ਪੈਸੇ ਨੀ ਹੁੰਦੇ ਮੇਰੀ ਬੇਬੇ ਕੋਲ..”
“ਤੇ ਪਿਓ”?
“ਉਹ ਸ਼ਰਾਬ ਪੀ ਕੇ ਮਰ ਗਿਆ ਪਿਛਲੇ ਸਾਲ”
ਏਡੀ ਵੱਡੀ ਗੱਲ ਉਸਨੇ ਹੱਸਦੀ ਹੋਈ ਨੇ ਇੰਝ ਹੀ ਸਹਿ-ਸੁਬਾ ਆਖ ਦਿੱਤੀ ਕੇ ਮੇਰਾ ਵਜੂਦ ਅੰਦਰੋਂ ਝੰਜੋੜਿਆ ਗਿਆ..
“ਮੇਰੇ ਕੋਲ ਕੁਝ ਪੂਰਾਣੀਆਂ ਜੁੱਤੀਆਂ ਚੱਪਲਾਂ ਨੇ..ਕਿਤੇ ਜਾਵੀਂ ਨਾ..ਮੈਂ ਹੁਣੇ ਲੈ ਕੇ ਆਉਂਦੀ ਹਾਂ ਤੇਰੇ ਜੋਗੀਆਂ”
ਮੈਨੂੰ ਅੰਦਰ ਘੜੀ ਲੱਗ ਗਈ..ਬਾਹਰ ਆਈ ਤਾਂ ਹੋਰ ਵੀ ਕਿੰਨੇ ਸਾਰੇ ਨੰਗੇ ਪੈਰੀ ਬਿਨ ਜੁੱਤੀਓਂ ਤੁਰੇ ਫਿਰਦੇ ਬੱਚਿਆਂ ਦੀ ਭੀੜ ਜਿਹੀ ਲੱਗ ਗਈ..
ਮੈਂ ਸਾਰੇ ਜੋੜੇ ਓਹਨਾ ਅੱਗੇ ਢੇਰੀ ਕਰ ਦਿੱਤੇ..ਉਹ ਮਿੰਟਾਂ ਸਕਿੰਟਾਂ ਵਿਚ ਹੀ ਆਪੋ-ਆਪਣੇ ਮੇਚੇ ਆਉਂਦੀਆਂ ਪਾ ਕੇ ਹਰਨ ਹੋ ਗਏ..
ਪਰ ਉਹ ਅਜੇ ਵੀ ਪਿੱਛੇ ਜਿਹੇ ਖਲੋਤੀ ਸੀ..
ਮੈਂ ਪੁੱਛਿਆ ਕੇ ਤੂੰ ਕਿਓਂ ਨਹੀਂ ਲਈ ਆਪਣੇ ਜੋਗੀ?
ਅੱਗੋਂ ਆਖਣ ਲੱਗੀ “ਜੀ ਉਹ ਵੀ ਤਾਂ ਸਾਰੇ ਆਪਣੇ ਹੀ ਨੇ..”
ਮੈਂ ਛੇਤੀ ਨਾਲ ਅੰਦਰ ਜਾ ਕੇ ਆਪਣੀ ਨਿੱਕੀ ਧੀ ਵਾਸਤੇ ਲਿਆਂਦਾ ਨਵਾਂ ਨਕੋਰ ਜੋੜਾ ਬਾਹਰ ਲੈ ਆਂਦਾ ਤੇ ਉਸਦੇ ਪੈਰੀ ਪੁਆ ਦਿੱਤਾ..
ਮਨ ਵਿਚ ਸੋਚਿਆ ਬੜਾ ਖੁਸ਼ ਹੋਵੇਗੀ ਪਰ ਉਸ ਨੇ ਉਹ ਵੀ ਲਾਹ ਕੇ ਮੈਨੂੰ ਵਾਪਿਸ ਕਰ ਦਿੱਤਾ ਤੇ ਆਖਣ ਲੱਗੀ “ਜੀ ਕੋਈ ਇਸਤੋਂ ਛੋਟਾ ਵੀ ਹੈ ਤੇ ਦੇ ਦੇਵੋ..”?
“ਉਸਦਾ ਕੀ ਕਰੇਂਗੀ..ਉਹ ਤਾਂ ਤੇਰੇ ਮੇਚ ਵੀ ਨੀ ਆਉਣਾ”..ਮੈਂ ਹੈਰਾਨ ਹੋ ਕੇ ਪੁੱਛਿਆ
“ਜੀ ਮੇਰਾ ਨਿੱਕਾ ਵੀਰ..ਉਸਨੂੰ ਡੰਗਰ ਚਾਰਦੇ ਹੋਏ ਨੂੰ ਤਿੱਖੀਆਂ ਸੂਲਾਂ ਅਤੇ ਲੰਮੇ ਕੰਡੇ ਬੜੇ ਹੀ ਜਿਆਦਾ ਚੁੱਬਦੇ ਨੇ”
ਨਿੰਮਾ-ਨਿੰਮਾ ਹੱਸਦੀ ਹੋਈ ਉਹ ਇੱਕ ਐਸਾ “ਗੁੰਝਲਦਾਰ ਸੁਆਲ” ਬਣ ਮੇਰੇ ਸਾਮਣੇ ਅਡੋਲ ਖਲੋਤੀ ਹੋਈ ਸੀ ਜਿਸਦਾ ਜੁਆਬ ਲੱਭਦੀ ਹੋਈ ਨੂੰ ਸ਼ਾਇਦ ਅੱਜ ਪਹਿਲੀ ਵਾਰ ਇਹ ਇਹਸਾਸ ਹੋਇਆ ਕੇ ਸਕੂਲੋਂ ਬਾਹਰ ਵੱਸਦੀ ਵੱਡੀ ਸਾਰੀ ਦੁਨੀਆ ਨੂੰ ਚਲਾਉਣ ਵਾਲਾ ਕਈ ਵਾਰ ਕਿੱਡੇ ਔਖੇ ਪਰਚੇ ਪਾ ਦਿਆ ਕਰਦਾ ਏ..!
ਹਰਪ੍ਰੀਤ ਸਿੰਘ ਜਵੰਦਾ

One comment

Leave a Reply

Your email address will not be published. Required fields are marked *