ਸਫ਼ਰ | safar

ਹਰਪ੍ਰੀਤ ਜੀ..ਗੁਰੂ ਫਤਹਿ..ਪਿੱਛੇ ਜਿਹੇ ਤੁਹਾਡੇ ਵੱਲੋਂ ਉਘੇ ਉਦਯੋਗਪਤੀ ਵਿਜੇਪਤ ਸਿੰਘਾਣੀਆਂ ਤੇ ਲਿਖਿਆ ਇੱਕ ਲੇਖ ਪੜਿਆ..ਬਾਰਾਂ ਹਜਾਰ ਕਰੋੜ ਦਾ ਮਾਲਕ ਅੱਜ ਕਿਰਾਏ ਦੇ ਮਕਾਨ ਵਿਚ ਰਹਿਣ ਲਈ ਮਜਬੂਰ ਏ..ਮੈਂ ਉਸ ਜਿੰਨਾ ਅਮੀਰ ਇਨਸਾਨ ਤੇ ਨਹੀਂ ਪਰ ਫੇਰ ਵੀ ਕਰੋੜ ਪਤੀ ਸ਼੍ਰੇਣੀ ਵਿਚ ਰੱਖ ਸਕਦੇ ਓ..!
ਜਿਸ ਦਿਨ ਉਹ ਲੇਖ ਪੜਿਆ ਮੈਂ ਬੜਾ ਡਰ ਗਿਆ..ਮੇਰੀਆਂ ਦੋ ਧੀਆਂ ਨੇ ਤੇ ਇੱਕ ਪੁੱਤਰ..ਪੁੱਤਰ ਨਿੱਕਾ ਏ..ਲਾਡਲਾ..ਸ਼ਹੀਦਾਂ ਦੇ ਮੰਨਤਾਂ ਮੰਗ ਮੰਗ ਲਿਆ..ਮੂੰਹ ਵਿਚ ਸੋਨੇ ਦਾ ਚਮਚਾ ਲੈ ਕੇ ਜੰਮਿਆ..ਹੁਣ ਸੋਲਾਂ ਕੂ ਸਾਲ ਦਾ ਹੈ..ਪਰ ਅੱਗੋਂ ਬੋਲਣ ਲੱਗ ਪਿਆ..ਮੇਰੀ ਕੰਸਟ੍ਰੇਕਸ਼ਨ ਕੰਪਨੀ ਦੇ ਵਰਕਰ ਵੀ ਹੀ ਸ਼ਿਕਾਇਤ ਕਰਦੇ ਕੇ ਬੋਲੀ ਬੜੀ ਖਰਵੀਂ ਏ..ਉਹ ਆਪਣੀ ਮਾਂ ਦੀ ਵੱਡੀ ਕਮਜ਼ੋਰੀ ਏ..ਵੱਡੀ ਧੀ ਵਿਆਹੁਣ ਜੋਗੀ ਏ..ਉਹ ਅਕਸਰ ਉਸਨੂੰ ਨਿੱਕਾ ਸਮਝ ਝਿੜਕਦੀ ਆਈ ਏ ਪਰ ਹੁਣ ਉਸਨੂੰ ਵੀ ਗਾਹਲਾਂ ਕੱਢਦਾ..ਉਸਦੀ ਸੰਗਤ ਵੀ ਕੋਈ ਬਹੁਤੀ ਵਧੀਆ ਨਹੀਂ..ਮੈਥੋਂ ਚੋਰੀ ਸ਼ਰਾਬ ਵੀ ਪੀ ਲੈਂਦਾ..ਪਰ ਲੱਗਦਾ ਅੱਗਿਓਂ ਸ਼ਰੇਆਮ ਪੀਵੇਗਾ..!
ਵਿਚਕਾਰਲੀ ਧੀ ਕੁਝ ਨਹੀਂ ਬੋਲਦੀ ਪਰ ਮਹਿਸੂਸ ਸਭ ਕੁਝ ਕਰਦੀ..ਸਾਰਾ ਦਿਨ ਫੋਨ ਤੇ ਰਹਿੰਦਾ..ਮੈਨੂੰ ਨਹੀਂ ਪਤਾ ਕਿਸ ਨਾਲ ਗੱਲਾਂ ਕਰਦਾ..ਨਾ ਹੀ ਮੇਰੇ ਵਿਚ ਹਿੰਮਤ ਤੇ ਨਾ ਇਜਾਜਤ..ਮਾਂ ਨੂੰ ਉਸਨੂੰ ਸਮਝਾਉਣ ਲਈ ਆਖਦਾ ਤਾਂ ਕਹਿੰਦੀ..ਜਵਾਨ ਔਲਾਦ ਏ ਕੁਝ ਆਖਿਆ ਤਾਂ ਘਰੋਂ ਹੀ ਨਾ ਚਲਾ ਜਾਵੇ..ਖੁੱਲ੍ਹਾ ਖਰਚਾ ਮੰਗਦਾ..ਇੱਕ ਦਿਨ ਵਿਚ ਹਜਾਰਾਂ ਦੇ ਹਿਸਾਬ ਵਿਚ..ਅਜੇ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਅੰਦਰੋਂ ਮਹਿਸੂਸ ਹੁੰਦਾ ਕੇ ਇਹ ਹਜਾਰ ਕਿਧਰੇ ਲੱਖਾਂ ਤੀਕਰ ਨਾ ਅੱਪੜ ਜਾਣ..ਕਦੇ ਕੰਮ ਵਿਚ ਹੱਥ ਨਹੀਂ ਵਟਾਇਆ..ਕਦੇ ਹਮਦਰਦੀ ਦੇ ਬੋਲ ਵੀ ਨਹੀਂ ਬੋਲੇ..ਰਿਸ਼ਤੇਦਾਰੀ ਵੀ ਅਸਲੀਅਤ ਜਾਨਣ ਲੱਗ ਪਈ..ਪਰ ਮਾਂ ਹਮੇਸ਼ਾਂ ਪਰਦੇ ਪਾਉਂਦੀ ਏ..ਕਈ ਵੇਰ ਮੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ..ਫੇਰ ਧੀਆਂ ਦੀ ਜੁੰਮੇਵਾਰੀ ਦਾ ਇਹਸਾਸ ਹੋਣ ਲੱਗਦਾ..ਇਹ ਵੀ ਲੱਗਦਾ ਜੇ ਕੰਮ ਬੰਦ ਕੀਤਾ ਤਾਂ ਸੋਚ ਸੋਚ ਕੇ ਪਾਗਲ ਹੋ ਜਾਵਾਂਗਾ..ਕਈ ਵੇਰ ਉਸਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰ ਵੇਖੀ ਪਰ ਉਹ ਕੰਨ ਹੀ ਨਹੀਂ ਧਰਦਾ..!
ਕਈ ਵੇਰ ਲੱਗਦਾ ਸਾਰੇ ਪਾਸੇ ਮਾਹੌਲ ਹੀ ਏਦਾਂ ਦੇ ਹੋ ਗਏ..ਸੋਚਣ ਸਮਝਣ ਵਿਚ ਕਾਫੀ ਫਰਕ ਪੈ ਗਿਆ..ਫੇਰ ਮੈਨੂੰ ਆਪਣੇ ਦਾਰ ਜੀ ਬਹੁਤ ਚੇਤੇ ਆਉਂਦੇ..ਉਹ ਪਲ ਵੀ ਚੇਤੇ ਆਉਂਦੇ ਜਦੋਂ ਇੱਕ ਦੋ ਵੇਰ ਓਹਨਾ ਦੇ ਅੱਗੋਂ ਬੋਲ ਪਿਆ ਸਾਂ..ਉਹ ਚੁੱਪ ਕਰ ਗਏ ਸਨ..ਪਰ ਮੈਂ ਛੇਤੀ ਮਗਰੋਂ ਮੁਆਫੀ ਮੰਗ ਲਈ ਸੀ..ਪਰ ਸਮਝ ਨਹੀਂ ਆਉਂਦੀ ਉਹਨਾਂ ਦੇ ਜਾਣ ਮਗਰੋਂ ਹੁਣ ਓਹੀ ਪਲ ਹੀ ਕਿਓਂ ਚੇਤੇ ਆਉਂਦੇ..!
ਖੈਰ ਹੁਣ ਵੀ ਮੈਂ ਪੱਗ ਬੰਨਣ ਲੱਗਾ ਸਾਂ..ਉਸਨੂੰ ਪਤਾ ਵੀ ਸੀ ਕੇ ਪੂਣੀ ਲਈ ਮੱਦਤ ਚਾਹੀਦੀ ਏ ਪਰ ਮੇਰੇ ਅੱਗਿਓਂ ਮੋਟਰਸਾਈਕਲ ਦੀ ਚਾਬੀ ਚੁੱਕ ਹਰਨ ਹੋ ਗਿਆ..ਨਿੱਕੀ ਧੀ ਨੇ ਕਰਵਾਈ ਏ..ਇੰਝ ਲੱਗਦਾ ਸੰਘ ਵਿਚ ਕੰਡਾ ਚੁੱਭਿਆ ਹੋਵੇ..ਤੇ ਡਾਕਟਰਾਂ ਜੁਆਬ ਦੇ ਦਿੱਤਾ ਹੋਵੇ ਕੇ ਹੁਣ ਇਹ ਨਿੱਕਲ ਨਹੀਂ ਸਕਦਾ..ਬਾਹਰੋਂ ਸਭ ਕੁਝ ਠੀਕ ਲੱਗਦਾ ਏ ਪਰ ਅੰਦਰੋਂ ਚੀਸ ਉੱਠਦੀ ਏ..ਇਹ ਸਮਝ ਨਹੀਂ ਆਂਉਂਦੀ ਕੇ ਗਫ਼ਲਤ ਹੋਈ ਕਿਥੇ..ਖੈਰ ਇਸ ਸੁਨੇਹੇ ਦਾ ਮਤਲਬ ਤੇ ਸਮਝ ਹੀ ਗਏ ਹੋਵੋਗੇ..ਜਿੱਦਾਂ ਠੀਕ ਸਮਝੋ ਛਾਪ ਦਿਓ..ਨਾਮ ਸ਼ਹਿਰ ਅਤੇ ਮੁਹੱਲੇ ਤੋਂ ਇਲਾਵਾ..ਸ਼ਾਇਦ ਇਸੇ ਤਰਾਂ ਦੇ ਕੰਡਿਆਂ ਦੀ ਪੀੜ ਸਹਿੰਦੇ ਕੁਝ ਹੋਰ ਸਮਕਾਲੀ ਰਾਹਤ ਮਹਿਸੂਸ ਕਰਨ ਕੇ ਉਹ ਇਸ ਸਫ਼ਰ ਵਿਚ ਕੱਲੇ ਨਹੀਂ ਹਨ..!
ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਇੱਕ ਬਾਪ..!

Leave a Reply

Your email address will not be published. Required fields are marked *