ਮੇਰੀ ਦਾਦੀ ਜੀ ਦਾ ਦਾਜ | meri daadi ji da daaj

ਮੇਰੇ ਅੰਦਾਜ਼ੇ ਮੁਤਾਬਿਕ ਮੇਰੇ ਦਾਦਾ ਜੀ ਦਾ ਵਿਆਹ ਕੋਈ 1935 ਦੇ ਨੇੜੇ ਤੇੜੇ ਹੋਇਆ ਸੀ। ਦਾਦੀ ਜੀ ਦੇ ਪੇਕਿਆਂ ਵੱਲੋਂ ਇੱਕ ਸੂਤ ਨਾਲ ਬੁਣਿਆ ਵੱਡਾ ਮੰਜਾ ਦਾਜ ਵਿੱਚ ਦਿੱਤਾ ਗਿਆ ਸੀ। ਮੰਜੇ ਦਾ ਆਕਾਰ ਆਮ ਮੰਜੇ ਨਾਲੋਂ ਡੇਢਾ ਸੀ। ਉਸਦੇ ਪਾਵਿਆਂ ਤੇ ਵਧੀਆ ਰੰਗਦਾਰ ਮੀਨਾਕਾਰੀ ਕੀਤੀ ਹੋਈ ਸੀ। ਉਸਦੀ ਦੌਣ ਵਾਲੀ ਰੱਸੀ ਵੀ ਬਹੁਰੰਗੀ ਤੇ ਡਿਜ਼ਾਈਨਦਾਰ ਸੀ। ਉਹ ਮੰਜਾ ਸਾਡੇ ਪਿੰਡ ਵਾਲੇ ਪੁਰਾਣੇ ਘਰ ਬਣੀ ਦਾਣਿਆਂ ਵਾਲੀ ਬੁਖਾਰੀ ਉਪਰ ਰੱਖਿਆ ਹੋਇਆ ਸੀ। ਦਾਦੀ ਜੀ ਨੂੰ ਇੱਕ ਵੱਡਾ ਸਾਰਾ ਲੋਹੇ ਦਾ ਸੰਦੂਕ ਵੀ ਦਿੱਤਾ ਸੀ। ਮੋਟੀ ਚਾਦਰ ਦਾ ਬਣਿਆ ਸੰਦੂਕ ਉਸ ਸਮੇ ਦੀ ਕਾਰਾਗਿਰੀ ਦਾ ਬੇਹਰੀਨ ਨਮੂਨਾ ਹੈ। ਦਾਦਾ ਜੀ ਨੇ ਉਹ ਮੰਜਾ ਮੇਰੇ ਚਾਚਾ ਜੀ ਨੂੰ ਦੇ ਦਿੱਤਾ ਸੀ ਤੇ ਸੰਦੂਕ ਮੇਰੇ ਪਾਪਾ ਜੀ ਨੂੰ। ਅੱਜ ਉਹ ਸੰਦੂਕ ਮੇਰੇ ਛੋਟੇ ਭਰਾ ਦੇ ਘਰ ਪਿਆ ਹੈ। ਉਸ ਸੰਦੂਕ ਵਿੱਚ ਇੱਕ ਲਾਕਰ ਨੁਮਾ ਖਾਨਾ ਵੀ ਬਣਿਆ ਹੋਇਆ ਹੈ। ਸੰਦੂਕ ਅਤੇ ਲਾਕਰ ਵੱਡਿਆਂ ਕੁੰਜੀਆਂ ਨਾਲ ਖੁਲ੍ਹਦੇ ਸਨ। ਸੰਦੂਕ ਨੂੰ ਅੰਦਰੋਂ ਗੇਰੂਏ ਰੰਗ ਦੀ ਪਾਲਿਸ਼ ਕੀਤੀ ਹੋਈ ਹੈ ਜੋ ਅੱਜ ਵੀ ਉਂਜ ਦੀ ਉਂਜ ਪਈ ਹੈ।
ਪਾਪਾ ਜੀ ਦੀ ਸ਼ਾਦੀ 1957_58 ਵਿੱਚ ਹੋਈ ਸੀ। ਮੇਰੇ ਨਾਨਕਿਆਂ ਨੇ ਵੀ ਉਸੇ ਤਰਾਂ ਦਾ ਇੱਕ ਨਵਾਰੀ ਪਲੰਘ ਦਿੱਤਾ ਸੀ। ਉਸਦੇ ਚੋਰਸ ਪਾਵੇ ਅੱਠ ਇੰਚੀ ਵਿਆਸ ਤੋਂ ਵੀ ਵੱਡੇ ਸਨ। ਰਿਵਾਜ ਮੁਤਾਬਿਕ ਇੱਕ ਕੁਰਸੀ ਮੇਜ਼ ਵੀ ਦਿੱਤਾ ਸੀ। ਲੱਕੜ ਦੀ ਬਣੀ ਉਹ ਦਫ਼ਤਰੀ ਕੁਰਸੀ ਤੇ ਗੋਲ ਆਕਾਰ ਦਾ ਬਣਿਆ ਮੇਜ਼ ਆਪਣੀ ਖੂਬਸੂਰਤੀ ਦਾ ਨਮੂਨਾ ਸੀ। ਇਹ ਮੇਜ਼ ਕੁਰਸੀ ਬਹੁਤ ਸਾਲਾਂ ਤੱਕ ਸਾਡੇ ਘਰ ਦੀ ਸ਼ੋਭਾ ਬਣਿਆ ਰਿਹਾ। ਪਰ ਆਖਿਰ ਲੱਕੜ ਤੇ ਲੱਕੜ ਹੀ ਹੁੰਦੀ ਹੈ ਜਿਸ ਦੀ ਮਿਆਦ ਲੋਹੇ ਨਾਲੋਂ ਘੱਟ ਹੁੰਦੀ ਹੈ। ਉਹ ਵਡਮੁੱਲਾ ਸੈੱਟ ਆਖਿਰ ਟੁੱਟ ਹੀ ਗਿਆ।
ਸਮੇਂ ਅਨੁਸਾਰ ਡਬਲਬੈਡ, ਪੇਟੀ, ਅਲਮਾਰੀ ਤੇ ਸੋਫਾ ਸੈੱਟ ਦੇਣ ਦਾ ਰਿਵਾਜ ਆ ਗਿਆ। ਪਹਿਲਾਂ ਘੜੀ, ਸਾਈਕਲ, ਸਿਲਾਈ ਮਸ਼ੀਨ ਤੇ ਰੇਡੀਓ ਦੇਣ ਦਾ ਰਿਵਾਜ ਸਕੂਟਰ ਟੈਲੀਵਿਜ਼ਨ ਫਰਿਜ਼ ਤੋਂ ਹੁੰਦਾ ਹੋਇਆ ਐਲ ਈ ਡੀ , ਏ ਸੀ , ਕਾਰ, ਵਾਸ਼ਿੰਗ ਮਸ਼ੀਨ ਵਿੱਚ ਬਦਲ ਗਿਆ। ਸਮੇਂ ਸਮੇਂ ਨਾਲ ਰਿਵਾਜ ਬਦਲ ਗਏ। ਬਿਸਤਰੇ, ਪੇਟੀ ਤੇ ਟੇਬਲ ਫੈਨ ਵੀ ਬੀਤੇ ਜਮਾਨੇ ਦੀ ਗੱਲ ਬਣ ਗਈ। ਦਾਜ ਦੇ ਰੂਪ ਬਦਲਦੇ ਗਏ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *