ਧੀ ਭੈਣ ਭੂਆਂ | dhe bhen bhua

“ਇਹਨਾਂ ਦੇ ਧੀ ਹੈਣੀ ਨਾ। ਇਹ ਕੀ ਜਾਨਣ ਧੀ ਦਾ ਦਰਦ।” ਕਈ ਵਾਰੀ ਸਮਾਜਿਕ ਗਲਿਆਰਿਆਂ ਵਿੱਚ ਅਕਸਰ ਅਜਿਹਾ ਸੁਣਨ ਨੂੰ ਮਿਲਦਾ। ਜਿੰਦਗੀ ਦੇ ਬਹੁਤ ਸਾਲ ਧੀ ਨਾ ਹੋਣ ਦਾ ਦਰਦ ਆਪਣੇ ਸੀਨੇ ਤੇ ਹੰਢਾਇਆ। ਇੱਕ ਸਿੱਕ ਜਿਹੀ ਰਹੀ। ਸਾਡੇ ਦੋਹਾਂ ਭਰਾਵਾਂ ਦੇ ਕੁੜੀ ਨਹੀਂ ਹੈ। ਬੱਸ ਦੋ ਦੋ ਬੇਟੇ ਹਨ। ਮੇਰੀ ਮਾਂ ਤਾਂ ਸਾਰੀ ਉਮਰ ਲੋਕਾਂ ਦੀਆਂ ਨਜ਼ਰਾਂ ਤੋਂ ਡਰਦੀ ਰਹੀ। ਸਾਡੇ ਬੇਟਿਆਂ ਤੇ ਦੁੱਖ ਵੀ ਆਏ ਪਰ ਪਰਮਾਤਮਾ ਨੇ ਸਹਿਣ ਦਾ ਹੌਸਲਾ ਦਿੱਤਾ। ਵੱਡੀ ਭੈਣ ਦੇ ਵੀ ਦੋ ਬੇਟੇ ਤੇ ਇੱਕ ਬੇਟੀ ਹੈ। ਇੰਜ ਸਾਡੀ ਭਾਣਜੀ ਛੇ ਭਰਾਵਾਂ ਦੀ ਇਕਲੌਤੀ ਭੈਣ ਹੈ। ਉਹ ਛੇਆਂ ਨੂੰ ਬਰਾਬਰ ਸਮਝਦੀ ਹੈ। ਹੁਣ ਯੂਐਸਏ ਹੈ। ਸਭ ਦਾ ਬਰਾਬਰ ਕਰਦੀ ਹੈ। ਅਮਰੀਕਾ ਬੈਠੀ ਵੀ ਭਰਾਵਾਂ ਨੂੰ ਨਹੀਂ ਭੁੱਲਦੀ। ਹਰ ਸਾਲ ਰੱਖੜੀ ਭੇਜਦੀ ਹੈ। ਪਰ ਸਾਡੇ ਧੀ ਨਹੀਂ ਹੈ ਤੇ ਲੋਕ ਸਾਨੂੰ ਅਜੀਬ ਸਮਝਦੇ ਹਨ। ਯਾਨੀ ਸਾਡੀਆਂ ਕੋਈਂ ਭਾਵਨਾਵਾਂ ਹੀ ਨਹੀਂ ਹਨ। ਠੀਕ ਹੈ ਮੇਰੇ ਧੀ ਨਹੀਂ। ਪਰ ਮੈਂ ਸਾਰੀ ਉਮਰ ਭੈਣ ਨੂੰ ਸੰਭਾਲਿਆ ਹੈ ਕਦੇ ਵਿਸਾਰਿਆ ਨਹੀਂ। ਕਦੇ ਭਰਾ ਬਣਕੇ ਕਦੇ ਪਿਓ ਬਣਕੇ। ਬਹੁਤਾ ਨਹੀਂ ਤਾਂ ਯਾਦ ਜਰੂਰ ਰੱਖਿਆ ਹੈ। ਭੂਆ ਨੂੰ ਵੀ ਸੰਭਾਲਦਾ ਰਿਹਾ ਹਾਂ, ਜਿੰਨੀ ਦੇਰ ਉਹ ਜਿਉਂਦੀਆਂ ਰਹੀਆਂ। ਇੱਥੇ ਹੀ ਬੱਸ ਨਹੀਂ ਮੈਂ ਤਾਂ ਮੇਰੇ ਪਾਪਾ ਦੀਆਂ ਚਾਰੇ ਭੂਆ ਦੇ ਪਰਿਵਾਰ ਨਾਲ ਵੀ ਵਰਤਦਾ ਹਾਂ। ਮੇਰੇ ਤਾਂ ਮੇਰੇ ਦਾਦੇ ਦੀ ਭੂਆ ਦੇ ਪਰਿਵਾਰ ਨਾਲ ਨਜ਼ਦੀਕੀਆਂ ਹਨ। ਧੀ ਜੰਮੀ ਤੋਂ ਲੋਕ ਭੈਣ ਨੂੰ ਵਿਸਾਰ ਦਿੰਦੇ ਹਨ। ਭੂਆ ਕਿਸੇ ਦੇ ਯਾਦ ਨਹੀਂ ਰਹਿੰਦੀ। ਤੁਹਾਡੇ ਵਾੰਗੂ ਆਪਣੀ ਧੀ ਹੋਣ ਤੇ ਭੈਣ ਤੇ ਭੂਆ ਨੂੰ ਨਹੀਂ ਭੁੱਲਿਆ।
ਠੀਕ ਹੈ ਮੇਰੇ ਧੀ ਨਹੀਂ। ਇਹ ਮੇਰਾ ਕਸੂਰ ਨਹੀਂ। ਪਰ ਮੈਂ ਭੈਣ, ਭੂਆ ਤੇ ਭੂਆ ਦੀ ਭੂਆ ਨੂੰ ਤਾਂ ਨਹੀਂ ਵਿਸਾਰਿਆ। ਲੋਕੀ ਕਹਿੰਦੇ ਹਨ ਧੀ ਜੰਮੀ ਭੈਣ ਵਿਸਰੀ ਭੂਆ ਕੀਹਦੇ ਯਾਦ। ਮੈਂ ਨੂੰਹਾਂ ਨੂੰ ਧੀ ਦਾ ਦਰਜਾ ਦੇਣ ਦੀ ਕੋਸ਼ਿਸ ਕਰ ਰਿਹਾ ਹਾਂ ਤੇ ਸਫਲ ਵੀ ਹੋਇਆ ਹਾਂ। ਵੱਸ ਲਗਦਾ ਕਦੇ ਨੂੰਹ ਧੀ ਯ ਧੀ ਭੈਣ ਵਿੱਚ ਫਰਕ ਨਹੀਂ ਕਰਾਂਗਾ। ਧੀ ਨਾ ਹੋਣ ਦੀ ਗਮ ਅਸੀਂ ਪੋਤੀ ਹੋਣ ਤੇ ਨਿੰਮ ਬੰਨਕੇ ਦੂਰ ਕੀਤਾ। ਪੋਤੀਆਂ ਨੂੰ ਲਕਸ਼ਮੀ ਸਰਸਵਤੀ ਮੰਨਿਆ। ਓਹਨਾ ਨੂੰ ਗੋਡ ਗਿਫਟ ਯਾਨੀ ਰੱਬ ਦੀ ਦਿੱਤੀ #ਸੌਗਾਤ ਮੰਨਿਆ ਤੇ ਘਰ ਦੀ #ਰੌਣਕ। ਉਸਨੂੰ #ਨਵਪਰੀ ਆਖਿਆ। ਤੇ #ਪਰੀਸ਼ਾ ਵੀ। ਧੀ ਨਾ ਹੋਣ ਤੇ ਅਸੀਂ ਧੀਆਂ ਦੀ ਇੱਜਤ ਕਰਨੀ ਘੱਟ ਨਹੀਂ ਕੀਤੀ ਸਗੋਂ ਭੈਣ ਤੇ ਭੂਆ ਵਿਚੋਂ ਤੇ ਫਿਰ ਨੂੰਹ ਤੇ ਪੋਤੀ ਵਿਚੋਂ ਉਹ ਅਕਸ ਵੇਖਣ ਦੀ ਕੋਸ਼ਿਸ਼ ਕੀਤੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *