ਕਿੰਨੀ ਚੰਗੀ ਸੀ ਮੇਰੀ ਮਾਰਮ | kinni changi si meri maram

ਸੱਚੀ ਕਿੰਨੀ ਭੋਲੀ ਸੀ ਮੇਰੀ ਮਾਂ।
ਮਾਂ ਦੀ ਮਮਤਾ ਬਾਰੇ ਜਿੰਨਾ ਵੀ ਲਿਖਿਆ ਜਾਵੇ ਘੱਟ ਹੈ। ਮਾਂ ਇੱਕ ਅਜਿਹਾ ਕਾਮਾ ਹੈ ਜਿਸ ਨੂੰ ਕਦੇ ਕੋਈ ਛੁੱਟੀ ਨਹੀ ਹੁੰਦੀ।ਲੋਕ ਮਾਂ ਦੀ ਤੁਲਣਾ ਰੱਬ ਨਾਲ ਕਰਦੇ ਹਨ ਪਰ ਮਾਂ ਦਾ ਦਰਜਾ ਤਾਂ ਰੱਬ ਤੌ ਵੀ ਉੱਤੇ ਹੁੰਦਾ ਹੈ। ਰੱਬ ਵੀ ਕਈ ਵਾਰੀ ਅਣਹੋਣੀ ਕਰ ਜਾਂਦਾ ਹੈ ਤੇ ਕਹਿਰ ਵਰਤਾ ਦਿੰਦਾ ਹੈ। ਤੇ ਕਈ ਵਾਰੀ ਰੱਬ ਦੇ ਕੀਤੇ ਤੇ ਵੀ ਲੋਕ ਕਿੰਤੂ ਪਰੰਤੂ ਕਰਦੇ ਹਨ। ਪਰ ਇੱਕ ਮਾਂ ਕਦੇ ਵੀ ਦਾ ਮਾੜਾ ਕਰਨਾ ਤਾਂ ਕੀ ਸੋਚਦੀ ਵੀ ਨਹੀ। ਮਾਂ ਅਣਗਿਣਤ ਸਿਫਤਾਂ ਦਾ ਖਜਾਨਾ ਹੁੰਦੀ ਹੈ । ਰੱਬ ਕੀ ਕਿਸੇ ਦੀ ਵੀ ਤੁਲਣਾ ਮਾਂ ਨਾਲ ਨਹੀ ਕੀਤੀ ਜਾ ਸਕਦੀ। ਕਿਉਕਿ ਮਾਂ ਵਰਗਾ ਕੋਈ ਵੀ ਨਹੀ ਹੁੰਦਾ। ਕੋਈ ਰਿਸਤਾ ਨਾਤਾ ਮਾਂ ਦੀ ਥਾਂ ਨਹੀ ਲੈ ਸਕਦਾ। ਮਾਂ ਲਈ ਉਸਦੀ ਅੋਲਾਦ ਹਮੇਸ਼ਾ ਬੱਚਾ ਹੀ ਹੁੰਦੀ ਹੈ। ਇੱਕ ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚੇ ਨੂੰ ਉਸਦੇ ਅਧੂਰੇ ਨਾਮ ਨਾਲ ਬੁਲਾ ਸਕਦੀ ਹੈ ਭਾਂਵੇ ਬੱਚਾ ਕਿੰਨੇ ਵੱਡੇ ਅਹੁਦੇ ਜਾ ਰੁਤਬੇ ਤੇ ਕਿਉ ਨਾ ਹੋਵੇ। ਚਾਹੇ ਮਾਂ ਇੱਕ ਛੋਟਾ ਜਿਹਾ ਸaਬਦ ਹੈ ਪਰ ਇਸ ਵਿੱਚ ਪੂਰੀ ਖਲਕਤ ਸਮਾਈ ਹੋਈ ਹੈ। ਇਸ ਤੋ ਵਿਸaਾਲ ਹੋਰ ਕੋਈ ਸaਬਦ ਨਹੀ ਹੈ। ਇਹੀ ਮਾਂ ਦੀ ਵਿਸੇਸਤਾ ਹੈ। ਮਾਂ ਤਾਂ ਬਸ ਮਾਂ ਹੀ ਹੁੰਦੀ ਹੈ। ਮਾਂ ਦੀ ਮਮਤਾ ਦਾ ਅਹਿਸਾਸ ਤੇ ਸਵਾਦ ਦੁਨੀਆਂ ਦੇ ਸਭ ਸਵਾਦਾ ਤੋ ਉਤੱਮ ਹੰਦਾ ਹੈ।ਕਹਿੰਦੇ ਮਾਂ ਦੀ ਮਮਤਾ ਅੰਨੀ ਹੁੰਦੀ ਹੈ। ਤੁਰ ਜਾਣ ਤੋ ਮਗਰੋ ਯਾਦ ਆਉਂਦੀਆਂ ਹਨ ਮਾਂਵਾਂ।ਜਿਸ ਦੇ ਮਾਂ ਹੁੰਦੀ ਹੈ ਸaਾਇਦ ਉਹ ਮਾਂ ਦੀ ਓਨੀ ਕਦਰ ਨਹੀ ਕਰਦਾ ਜਿੰਨੇ ਦੀ ਉਹ ਹੱਕਦਾਰ ਹੁੰਦੀ ਹੈ। ਮਾਂ ਦਾ ਦੇਣ ਜਾ ਕਰਜa ਕਿਸੇ ਵੀ ਰੂਪ ਵਿੱਚ ਚੁਕਾਇਆ ਨਹੀ ਜਾ ਸਕਦਾ।
ਮੇਰੀ ਮਾਂ ਬਾਰੇ ਲਿਖਣ ਲਈ ਕੋਈ ਕਲਮ ਨਹੀ ਬਣੀ ਤੇ ਨਾ ਹੀ ਓਨਾ ਵੱਡਾ ਕੋਈ ਕਾਗਜ ਬਣਿਆ ਹੈ। ਮੇਰੀ ਮਾਂ ਮਮਤਾ ਦੀ ਮੂਰਤ ਸੀ। ਉਹ ਬਹੁਤ ਭੋਲੀ ਸੀ ਜਾਂ ਮਮਤਾ ਦੀ ਮਾਰੀ ਉਹ ਭੋਲੀਆਂ ਗੱਲਾਂ ਕਰਦੀ ਸੀ। ਦਸਵੀ ਜਮਾਤ ਪਾਸ ਕਰਨ ਤੋ ਬਾਅਦ ਮੇਰਾ ਇਰਾਦਾ ਕੋਈ ਡਾਕਟਰੀ ਜਾ ਕੋਈ ਡਿਪਲੋਮਾ ਕਰਨ ਦਾ ਸੀ। ਪਰ ਮੇਰੀ ਮਾਂ ਦੀ ਰੀਝ ਸੀ ਕਿ ਪਹਿਲਾ ਮੈ ਇਸ ਨੂੰ ਚੌਦਾ ਪਾਸ ਕਰਾਉਣੀਆਂ ਹਨ। ਉਸ ਸਮੇ ਬੀ ਏ ਪਾਸ ਨੂੰ ਚੌਦਾ ਪਾਸ ਕਹਿੰਦੇ ਸਨ। ਚੌਦਾ ਜਮਾਤਾਂ ਪਾਸ ਹੋਣਾ ਬਹੁਤ ਵੱਡੀ ਗੱਲ ਮੰਨਿਆ ਜਾਂਦਾ ਸੀ। ਤੇ ਮੇਰੀ ਮਾਂ ਦੀ ਦਿਲੀ ਤਮੰਨਾ ਸੀ ਕਿ ਉਸ ਦਾ ਪੁੱਤ ਵੀ ਬੀ ਏ ਪਾਸ ਹੋਵੇ। ਉਹ ਵੀ ਸ਼ਾਨ ਨਾਲ ਕਹਿ ਸਕੇ ਕਿ ਉਸਦਾ ਪੁੱਤ ਪੜਾਈ ਪੱਖੌ ਕਿਸੇ ਨਾਲੋ ਘੱਟ ਨਹੀ ਹੈ।ਉਸ ਨੇ ਮੈਨੂੰ ਡਿਪਲੋਮਾ ਜਾ ਕੋਰਸ ਕਰਨ ਲਈ ਬਾਹਰ ਨਹੀ ਭੇਜਿਆ ਤੇ ਕਿਹਾ ਪੁੱਤ ਪਹਿਲਾ ਚੌਦਾ ਪਾਸ ਕਰ ਲੈ ਫਿਰ ਜੋ ਮਰਜੀ ਕਰ ਲਵੀ।ਦੂਜਾ ਹਰ ਮਾਂ ਦੀ ਤਰਾਂ ਉਹ ਅਜੇ ਬੱਚਾ ਹੀ ਸਮਝਦੀ ਸੀ। ਉਸਦੀ ਚਿੰਤਾ ਇਹ ਵੀ ਸੀ ਕਿ ਮੇਰਾ ਬੱਚਾ ਹੋਸਟਲ ਵਿੱਚ ਕਿਵੇਂ ਰਹੂ। ਇਸਨੂੰ ਚੰਗਾ ਖਾਣਾ ਕਿਵੇ ਮਿਲੂ।ਇਸੇ ਲਈ ਹੀ ਮੈਨੂੰ ਕਾਲਜ ਤੋ ਚੌਦਾ ਪਾਸ ਕਰਾਉਣ ਲਈ ਉਹ ਪਿੰਡ ਛੱਡ ਕੇ ਸਹਿਰ ਆ ਗਈ ਤੇ ਮੇਰਾ ਕਾਲਜ ਵਿੱਚ ਦਾਖਲਾ ਕਰਵਾ ਦਿੱਤਾ।ਉਸਦੀ ਮਮਤਾ ਅੱਗੇ ਮੈ ਵੀ ਝੁਕ ਗਿਆ ਤੇ ਡਿਪਲੋਮਾ ਕਰਨ ਦੀ ਜਿੱਦ ਛੱਡ ਦਿੱਤੀ।ਤੇ ਸਥਾਸ਼ਨਕ ਕਾਲਜ ਤੋ ਬੀ ਕਾਮ ਕਰ ਲਈ।
ਕਾਲਜ ਦੀ ਪੜਾਈ ਪੂਰੀ ਹੋਣ ਤੋ ਬਾਅਦ ਜਦੋ ਮੈ ਨੌਕਰੀ ਲਈ ਹੱਥ ਪੈਰ ਮਾਰਨੇ ਸੁਰੂ ਕੀਤੇ ਤਾਂ ਉਸ ਦੀ ਇੱਛਾ ਸੀ ਕਿ ਮੈਨੂੰ ਘਰੋ ਬਾਹਰ ਭੇਜਣ ਦੀ ਨਹੀ ਸੀ । ਉਹ ਨਹੀ ਸੀ ਚਾਹੁੰਦੀ ਕਿ ਉਸਦਾ ਪੁੱਤ ਕਿਰਾਏ ਦੇ ਮਕਾਨਾਂ ਵਿੱਚ ਜਿੰਦਗੀ ਗੁਜਾਰੇ ਤੇ ਘਰ ਦੀਆਂ ਪੱਕੀਆਂ ਖਾਣ ਦੀ ਬਜਾਇ ਹੋਟਲ ਢਾਬਿਆਂ ਦੀਆ ਕੱਚ ਪੱਕੀਆਂ ਰੋਟੀਆਂ ਖਾਵੇ। ਕੋਈ ਆਪਣਾ ਵਿਉਪਾਰ ਜਾ ਦੁਕਾਨ ਕਰਨ ਦੀ ਮਾਲੀ ਗੁੰਜਾਇਸ ਨਹੀ ਸੀ। ਉਹ ਦੂਰ ਦੀਆਂ ਨੌਕਰੀਆਂ ਭਾਲਣ ਦੀ ਥਾਂ ਮੇਰੇ ਲਈ ਲੋਕਲ ਤੇ ਨੇੜੇ ਹੀ ਨੋਕਰੀ ਲੱਭਣ ਨੂੰ ਤਰਜੀਹ ਦਿੰਦੀ।ਇਸ ਲਈ ਉਸ ਨੂੰ ਮੇਰਾ ਸਕੂਲ ਮਾਸਟਰ , ਪਟਵਾਰੀ ਜਾ ਕਿਸੇ ਦਫਤਰ ਦਾ ਬਾਬੂ ਬਨਣਾ ਹੀ ਸਵੀਕਾਰ ਸੀ। ਜਦੋ ਮੇਰੀ ਘਰਦੇ ਨਜਦੀਕ ਹੀ ਪੱਕੀ ਪ੍ਰਾਈਵੇਟ ਨੋਕਰੀ ਲੱਗੀ ਤਾਂ ਉਹ ਡਾਢੀ ਖੁਸ ਹੋਈ।
ਮੇਰੇ ਵਿਆਹ ਤੋ ਤਰੁੰਤ ਬਾਦ ਜਦੋ ਮੇਰੀ ਘਰਵਾਲੀ ਨੂੰ ਉਸਦੇ ਭਰਾ ਲੈਣ ਆਏ ਤੇ ਮੈ ਵੀ ਉਹਨਾਂ ਦੇ ਨਾਲ ਦੂਜੀ ਵਾਰ ਸਹੁਰੇ ਜਾਣਾ ਸੀ ਤਾਂ ਉਹ ਅੱਖਾਂ ਭਰ ਆਈ ਤੇ ਮੇਰੇ ਸਾਲਿਆਂ ਨੂੰ ਕਹਿੰਦੀ ਬੇਟਾ ਇਸ ਦਾ ਪੂਰਾ ਖਿਆਲ ਰੱਖਿਉ ਤੇ ਪਿਆਰ ਦਿਉ। ਮੈ ਕਦੇ ਇਸਨੂੰ ਇਕੱਲਾ ਬਾਹਰ ਨਹੀ ਭੇਜਿਆ।ਚਾਹੇ ਮੇਰੀ ਉਮਰ ਉਸ ਸਮੇ ਪੱਚੀ ਸਾਲ ਦੀ ਸੀ ਪਰ ਮੇਰੀ ਮਾਂ ਲਈ ਤਾਂ ਮੈ ਅਜੇ ਵੀ ਇੱਕ ਬੱਚਾ ਹੀ ਸੀ।ਇਹ ਹੀ ਉਸਦੀ ਮਮਤਾ ਸੀ। ਉਸ ਸਮੇ ਮੈਨੂੰ ਉਸ ਦੀ ਇਹ ਹਰਕਤ ਚੰਗੀ ਨਾ ਲੱਗੀ ਪਰ ਹੁਣ ਸੋਚਦਾ ਹਾਂ ਕਿ ਸੱਚੀ ਕਿੰਨੀ ਭੋਲੀ ਸੀ ਮੇਰੀ ਮਾਂ।ਤੇ ਆਪਣੀ ਮਮਤਾ ਦੀ ਮੁਥਾਜ ਸੀ ਉਹ ਉਸ ਵੇਲੇ।
ਨੌਕਰੀ ਦੋਰਾਨ ਜਦੋ ਵੀ ਮੈ ਸਕੂਲੀ ਬੱਚਿਆਂ ਨਾਲ ਕਿਸੇ ਨਾ ਕਿਸੇ ਪ੍ਰਦੇਸ ਦੇ ਟੂਰ ਤੇ ਘੰਮਣ ਲਈ ਜਾਂਦਾ ਤਾਂ ਉਹ ਜਾਂਦੇ ਸਮੇ ਮੇਰੇ ਪਾਪਾ ਜੀ ਤੋ ਲੈ ਕੇ ਕੁਝ ਰੁਪਏ ਮੈਨੂੰ ਜਰੂਰ ਦਿੰਦੀ ਤੇ ਕਹਿੰਦੀ ਲੈ ਪੁੱਤ ਕੁਝ ਖਾ ਲੀ। ਮੈ ਬਥੇਰਾ ਕਹਿੰਦਾ ਮਾਤਾ ਮੇਰੇ ਕੋਲ ਵਾਧੂ ਪੈਸੇ ਹਨ। ਪਰ ਉਹ ਨਾ ਮੰਨਦੀ ਤੇ ਮੈ ਵੀ ਮਾਂ ਦਾ ਪ੍ਰਸਾਦ ਸਮਝ ਕੇ ਉਹ ਪੈਸੇ ਲੈ ਲੈਂਦਾ। ਉਸ ਸਮੇ ਮੋਬਾਇਲ ਫੋਨਾਂ ਦਾ ਚਲਣ ਨਹੀ ਸੀ ਤੇ ਮੈ ਐਸ ਟੀ ਡੀ ਪੀ ਸੀ ਓ ਤੋ ਘਰੇ ਫੋਨ ਕਰਦਾ।ਰੋਟੀ ਖਾ ਲਈ? ਕੀ ਖਾਧਾ? ਠੀਕ ਹੈ ਨਾ ? ਠੰਡ ਤੋ ਬਚਾ ਰੱਖੀ ।ਮੇਰੀ ਮਾਂ ਮੈਨੂੰ ਜਰੂਰ ਪੁੱਛਦੀ। ਇਹ ਉਸਦੀ ਮਮਤਾ ਹੀ ਸੀ। ਉਸ ਨੂੰ ਮੇਰੇ ਖਾਣ ਪੀਣ ਤੇ ਸਰੀਰ ਦੀ ਚਿੰਤਾ ਬਣੀ ਰਹਿੰਦੀ।
ਮੇਰੇ ਵਿਆਹ ਤੋ ਕਾਫੀ ਦੇਰ ਮੈ ਘਰੋ ਅਲੱਗ ਨਹੀ ਹੋਇਆ। ਮੈ ਲਗਭਗ ਤੇਰਾਂ ਚੌਦਾਂ ਸਾਲ ਸਾਂਝੇ ਚੁੱਲ੍ਹੇ ਦਾ ਸਵਾਦ ਲਿਆ। ਹਲਾਂ ਕਿ ਅੱਜ ਕੱਲ ਵਿਆਹ ਤੋ ਚੰਦ ਕੁ ਮਹੀਨੇ ਬਾਦ ਹੀ ਲੋਕ ਅਲੱਗ ਚੁੱਲ੍ਹਾ ਤਪਾਉਣ ਦੀ ਸੋਚਣ ਲੱਗ ਜਾਂਦੇ ਹਨ। ਸਹਿਣਸੀਲਤਾ ਦੀ ਕਮੀ ਤੇ ਆਪਣੀ ਆਜਾਦੀ ਦੀ ਭੁੱਖ ਵਖਰੇਵੇਂ ਦਾ ਕਾਰਨ ਬਣਦੀ ਹੈ।1997_98 ਵਿੱਚ ਜਦੋ ਸਾਡੇ ਲਈ ਅਲੱਗ ਮਕਾਨ ਖਰੀਦਣ ਲਈ ਕੋਸਿਸ ਸੁਰੂ ਹੋਈ ਤਾਂ ਮੈ ਇੱਕ ਕੋਠੀਨੁਮਾ ਮਕਾਨ ਦੇਖਿਆ ਜੋ ਸਾਡੇ ਮੋਜੂਦਾ ਘਰ ਤੋ ਕਾਫੀ ਦੂਰ ਸੀ ਪਰ ਸਾਡੇ ਵਿੱਤ ਮੁਤਾਬਿਕ ਬਹੁਤ ਢੁਕਵਾਂ ਸੀ ਤੇ ਸਸਤਾ ਵੀ। ਮੈ ਜਦੋ ਉਸ ਮਕਾਨ ਬਾਰੇ ਮੇਰੀ ਮਾਂ ਨਾਲ ਗੱਲ ਕੀਤੀ ਤਾਂ ਕਹਿੰਦੀ ਪੁੱਤ ਦੂਰ ਨਹੀ ਲੈਣਾ। ਨਜਦੀਕ ਹੀ ਹੋਵੇ ਜਿੱਥੇ ਮੈ ਬੀਮਾਰ ਸ਼ੀਮਾਰ ਵੀ ਰੁੜਦੀ ਢਹਿੰਦੀ ਸਵੇਰੇ ਸ਼ਾਮ ਗੇੜਾ ਮਾਰ ਸਕਾ। ਚਾਹੇ ਮਕਾਨ ਛੋਟਾ ਜਾ ਮਹਿੰਗਾ ਕਿਉਂ ਨਾ ਹੋਵੇ। ਦੂਰ ਤਾਂ ਮੈਥੋ ਆਇਆ ਹੀ ਨਹੀ ਜਾਣਾ।ਮੈ ਪੋਤਿਆਂ ਨੂੰ ਆਪਣੇ ਤੌ ਦੂਰ ਨਹੀ ਕਰ ਸਕਦੀ। ਫਿਰ ਉਸਨੇ ਮੈਨੂੰ ਸਾਡੇ ਪੁਰਾਣੇ ਘਰਦੇ ਨਜਦੀਕ ਹੀ ਕੋਠੀ ਬਣਾਕੇ ਦਿੱਤੀ।ਤੇ ਮਰਦੇ ਦਮ ਤੱਕ ਮੇਰੀ ਮਾਂ ਨੇ ਮੈਨੂੰ ਆਪਣੇ ਘਰ ਅਤੇ ਦਿਲ ਦੇ ਨਜਦੀਕ ਰੱਖਿਆ। ਇਹੀ ਮੇਰੀ ਮਾਂ ਦੀ ਮਮਤਾ ਸੀ।
ਮੇਰੇ ਬੇਟੇ ਨੇ ਐਮ ਬੀ ਏ ਕਰਨ ਲਈ ਅਤੇ ਭਤੀਜੇ ਨੇ ਬੀ ਟੈਕ ਕਰਨ ਲਈ ਬਾਹਰ ਕਿਸੇ ਕਾਲਜ ਵਿੱਚ ਦਾਖਿਲਾ ਲੈਣਾ ਸੀ। ਦੋਹਾਂ ਨੂੰ ਇੱਕੋ ਕਾਲਜ ਵਿੱਚ ਸੀਟ ਮਿਲਣੀ ਮੁਸaਕਿਲ ਸੀ ਪਰ ਮੇਰੀ ਚਾਹੁੰਦੀ ਸੀ ਕਿ ਦੋਵੇ ਭਰਾ ਇੱਕੋ ਜਗਾਂ ਹੀ ਪੜ੍ਹਣ।ਇਸ ਲਈ ਉਸਨੂੰ ਕੋਰਸ ਫੀਸ ਜਾ ਸੰਸਥਾ ਦੇ ਰੁਤਬੇ ਦੀ ਪ੍ਰਵਾਹ ਨਹੀ ਸੀ।ਆਖਿਰ ਅਸੀ ਉਸਦੀ ਖੁਹਾਇਸ ਦਾ ਖਿਆਲ ਰੱਖਦੇ ਹੋਏ ਦੋਨਾਂ ਬੱਚਿਆਂ ਦਾ ਦਾਖਲਾ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਵਿੱਚ ਕਰਵਾ ਦਿੱਤਾ। ਫਿਰ ਉਹ ਆਪ ਸਾਡੇ ਨਾਲ ਜਲੰਧਰ ਜਾਕੇ ਬੱਚਿਆਂ ਨੂੰ ਮਿਲਕੇ ਆਈ। ਜਦੋਕਿ ਉਸ ਸਮੇ ਉਸ ਦੀ ਮੋਹਾਲੀ ਦੇ ਫੋਰਟਿਸ ਹਸਪਤਾਲ ਤੋ ਇੰਜੋਪਲਾਟਰੀ ਹੋਣੀ ਸੀ। ਉਹ ਹੋਸਟਲ ਵਾਰਡਨ ਨੂੰ ਉਚੇਚਾ ਮਿਲਣ ਗਈ ਤੇ ਉਸਨੂੰ ਬੱਚਿਆਂ ਦਾ ਖਿਆਲ ਰੱਖਣ ਦੇ ਇਵਜ ਵਿੱਚ ਫਲ ਫਰੂਟ ਤੇ ਨਕਦ ਨਰਾਇਣ ਦੇਕੇ ਆਈ।ਉਹ ਹੋਸਟਲ ਵਾਰਡਨ ਵੀ ਮੇਰੀ ਮਾਂ ਦੀ ਮਮਤਾ ਤੋਂ ਬਹੁਤ ਪ੍ਰਭਾਵਿੱਤ ਹੋਇਆ ਤੇ ਸਾਡੇ ਬੱਚਿਆਂ ਤੇ ਉਸਦੀ ਖਾਸ ਕ੍ਰਿਪਾ ਬਣੀ ਰਹੀ।ਪੋਤਿਆਂ ਦੇ ਪ੍ਰਤੀ ਵੀ ਉਸ ਮਾਂ ਦੀ ਮਮਤਾ ਬੇਮਿਸਾਲ ਸੀ।
ਜਦੋ ਵੀ ਮੈ ਮੇਰੀ ਮਾਂ ਦੀਆਂ ਇਹ ਗੱਲਾਂ ਚੇਤੇ ਕਰਦਾ ਹਾਂ ਤਾਂ ਮੈਨੂੰ ਮੇਰੀ ਮਾਂ ਮਮਤਾ ਦੀ ਮੂਰਤ ਲੱਗਦੀ ਹੈ । ਸੱਚੀ ਇਸੇ ਮਮਤਾ ਚ ਅੰਨੀ ਹੋਈ ਮੇਰੀ ਮਾਂ ਕਿੰਨੀਆਂ ਭੋਲੀਆਂ ਗੱਲਾਂ ਕਰਦੀ ਸੀ। ਇਹ ਹਰ ਮਾਂ ਦੀ ਅਸਲੀਅਤ ਹੈ ।ਸੱਚ ਹੀ ਮੇਰੀ ਮਾਂ ਬਹੁਤ ਭੋਲੀ ਸੀ। ਕਿੰਨੀ ਭੋਲੀ ਸੀ ਮੇਰੀ ਮਾਂ।

ਰਮੇਸ ਸੇਠੀ ਬਾਦਲ
ਮੌ 98 766 27 233

Leave a Reply

Your email address will not be published. Required fields are marked *