ਇਕੱਲੀ ਮਾਂ ਪੁੱਛਦੀ | ikalli maa puchdi

ਰੋਟੀ ਖਾਧੀ ਕਿ ਨਹੀ ਖਾਧੀ ਇਕੱਲੀ ਮਾਂ ਪੁੱਛਦੀਂ।
ਲੰਬੇ ਸਫਰ ਤੇ ਜਾਂਦਿਆਂ ਇਕ ਟਰੱਕ ਦੇ ਪਿੱਛੇ ਲਿਖੀਆਂ ਇਹਨਾਂ ਲਾਇਨਾ ਨੇ ਮਨ ਨੂੰ ਬਹੁਤ ਝੰਝੋੜ ਦਿੱਤਾ। ਰੋਟੀ ਖਾਧੀ ਕਿ ਨਹੀ ਖਾਧੀ ਇੱਕਲੀ ਮਾਂ ਪੁੱਛਦੀ ਪੈਸੇ ਕਿੰਨੇ ਨੇ ਕਮਾਏ ਬਾਕੀ ਸਾਰੇ ਪੁੱਛਦੇ। ਮਾਂ ਦੀ ਭੁਮਿਕਾ ਨੂੰ ਯਾਦ ਕਰਕੇ ਅੱਖਾਂ ਚੋ ਪਾਣੀ ਆਉਣਾ ਸਭਾਵਿਕ ਹੀ ਸੀ।ਇਹ ਮਾਂ ਦੀ ਕੁਦਰਤ ਵਲੋ ਹੀ ਡਿਊਟੀ ਲਗਾਈ ਹੁੰਦੀ ਹੈ। ਮਾਂ ਆਪਣੀ ਅੋਲਾਦ ਦੇ ਖਾਣ ਪੀਣ ਦਾ ਸਦਾ ਹੀ ਫਿਕਰ ਕਰਦੀ ਹੈ। ਉਸ ਨੂੰ ਬਾਕੀ ਗੱਲਾਂ ਨਾਲ ਵਾਸਤਾ ਘੱਟ ਹੀ ਹੁੰਦਾ ਹੈ। ਉਹ ਹਰ ਪਲ ਆਪਣੀ ਅੋਲਾਦ ਬਾਰੇ ਹੀ ਸੋਚਦੀ ਹੈ। ਜਦੋ ਉਸਦੀ ਸੋਚ ਅੋਲਾਦ ਤੋ ਪਾਸੇ ਚਲੀ ਜਾਵੇ ਤਾਂ ਸਮਝੋ ਹੁਣ ਉਹ ਮਾਂ ਦੇ ਫਰਜਾਂ ਤੋ ਮੁਨਕਰ ਹੋ ਗਈ। ਪਰ ਅਜਿਹਾ ਘੱਟ ਹੀ ਹੁੰਦਾ ਹੈ। ਮਾਂ ਦੀ ਅੋਲਾਦ ਨਾਲ ਆਂਦਰਾਂ ਦੀ ਸਾਂਝ ਹੁੰਦੀ ਹੈ। ਤੇ ਅੋਲਾਦ ਦੇ ਬਾਰੇ ਉਸ ਨੂੰ ਅੰਦਰੋ ਹੀ ਅਹਿਸਾਸ ਹੋ ਜਾਂਦਾ ਹੈ। ਅੋਲਾਦ ਬਿਪਤਾ ਵਿੱਚ ਹੋਵੇ ਤਾਂ ਮਾਂ ਦੇ ਕਾਲਜੇ ਨੂੰ ਖਿੱਚ ਪੈਂਦੀ ਹੈ । ਇਸ ਤਰਾਂ ਅੋਲਾਦ ਨੂੰ ਖੁਸ ਵੇਖ ਕੇ ਜਾ ਰੱਜਿਆ ਵੇਖਕੇ ਮਾਂ ਦੇ ਕਾਲਜੇ ਨੂੰ ਠੰਡਕ ਦਾ ਅਹਿਸਾਸ ਹੁੰਦਾ ਹੈ।
ਪਿਛਲੇ ਕਾਫੀ ਸਾਲਾਂ ਤੋ ਬੱਚੇ ਬਾਹਰ ਹੀ ਹਨ। ਪਹਿਲਾਂ ਪੜਾ੍ਈ ਦੇ ਸਿਲਸਿਲੇ ਵਿੱਚ ਹੋਸਟਲਾਂ ਚ ਤੇ ਫਿਰ ਨੋਕਰੀ ਕਾਰਣ ਪੀ ਜੀ ਜਾਂ ਕੁਆਟਰਾਂ ਵਿੱਚ ਹੀ ਜਿੰਦਗੀ ਬਸਰ ਕਰਦੇ ਹਨ। ਬਾਹਰ ਹੀ ਹੋਣ ਕਾਰਣ ਰੋਟੀ ਲਈ ਮੈਸ, ਟਿਫਨ ਹੋਟਲ ਢਾਬਾ ਤੇ ਹੀ ਨਿਰਭਰ ਹਨ। ਕਦੇ ਕਦੇ ਆਇਆ ਰੱਖਕੇ ਘਰ ਦੀ ਰੋਟੀ ਦੀ ਰੀਸ ਕਰਨ ਦੀ ਵੀ ਕੋਸਿਸ ਕਰਦੇ ਹਨ। ਪਰ ਮਾਂ ਦੇ ਹੱਥਾਂ ਦੀਆਂ ਪੱਕੀਆਂ ਵਰਗੀ ਗੱਲ ਨਹੀ ਬਣਦੀ।ਮਾਪੇ ਹੋਣ ਕਰਕੇ ਬੱਚਿਆਂ ਨਾਲ ਫੋਨ ਤੇ ਰਾਬਤਾ ਕਾਇਮ ਕਰਨ ਦੀ ਕੋਸਿਸ ਰਹਿੰਦੀ ਹੈ। ਪਹਿਲੋ ਪਹਿਲ ਜਦੋ ਆਹ ਮੋਬਾਇਲ ਫੋਨ ਨਹੀ ਸਨ ਆਏ ਨਿਸਚਤ ਸਮੇ ਤੇ ਐਸ ਟੀ ਡੀ ਰਾਹੀ ਗੱਲ ਕਰਦੇ। ਫਿਰ ਘਰੇ ਟਰਿਨ ਟਰਿਨ ਸੁਰੂ ਹੋ ਗਈ ਬੱਚੇ ਘਰ ਦਾ ਨੰਬਰ ਮਿਲਾ ਕੇ ਗੱਲ ਕਰਦੇ। ਜਿਵੇ ਕਿ ਹੁੰਦਾ ਹੈ ਐਸ ਟੀ ਡੀ ਤੇ ਗੱਲ ਕਰਦੇ ਬੰਦੇ ਦੀ ਨਿਗਾਹ ਪੈਸਿਆਂ ਆਲੇ ਮੀਟਰ ਤੇ ਹੀ ਹੁੰਦੀ ਹੈ। ਸੋ ਬੱਚੇ ਤਾਂ ਜੇਬ ਖਰਚੀ ਤੋ ਕੱਟਣ ਵਾਲੇ ਪੈਸਿਆਂ ਵੱਲ ਝਾਕਦੇ। ਪਰ ਬੱਚਿਆਂ ਦਾ ਮਾਂ ਦੀਆਂ ਗੱਲਾਂ ਮੁਕਣ ਚ ਨਾ ਆਉਂਦੀਆਂ। ਤੇ ਗੱਲਾਂ ਵੀ ਕੀ ਹੁੰਦੀਆਂ। ਓਹੀ ਰੋਜ਼ ਆਲੀਆਂ ਗੱਲਾਂ। ਬੇਟਾ ਕੀ ਖਾਧਾ? ਨਾਸਤਾ ਕੀ ਕੀਤਾ ਸੀ ? ਦੁੱਧ ਜਰੂਰ ਪੀਆ ਕਰੋ। ਫਲ ਫਰੂਟ ਲਿਆਕੇ ਰੱਖਿਆ ਕਰੋ। ਰੋਜ ਦੀਆਂ ਓਹੀ ਘਸੀਆਂ ਪਿਟੀਆਂ ਗੱਲਾਂ। ਬੱਚੇ ਵੀ ਅੱਕ ਜਾਂਦੇ ਉਹੀ ਨਿੱਤ ਦਾ ਲੈਕਚਰ ਸੁਣ ਸੁਣ ਕੇ।ਫਿਰ ਉਹ ਦੁੱਧ ਗਰਮ ਕਰਨ ਦੇ ਝੰਜਟ ਫਲ ਫਰੂਟ ਨੂੰ ਛਿੱਲਣ ਦੀ ਸੱਮਸਿਆ ਦਾ ਬਹਾਨਾ ਮਾਰਦੇ । ਮਾਂ ਸੀ ਨਾ । ਇਸ ਨੇ ਕਦੇ ਨਾ ਪੁੱਛਿਆ ਬੇਟਾ ਟੈਸਟ ਹੋਗੇ। ਕਿੰਨਵਾ ਰੈਕ ਆਇਆ ਹੈ। ਟਰੇਨਿੰਗ ਕਦੋ ਹੈ। ਕਿੱਥੇ ਲਗਵਾਉਣੀ ਹੈ। ਜਾ ਪੜਾਈ ਸਮਝ ਆਉਂਦੀ ਹੈ। ਕੋਈ ਹੋਰ ਦਿਕੱਤ ਤਾਂ ਨਹੀ। ਬੱਸ ਕੀ ਖਾਧਾ। ਆਹ ਕਿਉ ਨਹੀ ਖਾਧਾ ? ਪਰ ਮਾਂ ਸੀ ਨਾ। ਬੱਚਿਆਂ ਦੇ ਖਾਣ ਪੀਣ ਦੇ ਫਿਕਰ ਤੋ ਇਲਾਵਾ ਹੋਰ ਕੋਈ ਫਿਕਰ ਨਹੀ ਸੀ ਹੁੰਦਾ। ਜਮਾਨਾ ਬਦਲ ਗਿਆ ਹੈ ਹਰ ਹੱਥ ਵਿੱਚ ਸੈਲ ਫੋਨ ਹੈ। ਕਾਲ ਸਸਤੀ ਹੈ। ਪੈਸਆਂ ਦਾ ਕੋਈ ਝੰਜਟ ਨਹੀ। ਗੱਲਾਂ ਲੰਬੀਆਂ ਹੁੰਦੀਆਂ ਹਨ। ਪਰ ਮਾਂ ਦੇ ਸਵਾਲ ਨਹੀ ਬਦਲੇ। ਬੱਚੇ ਜਵਾਨ ਹੋ ਗਏ। ਰੋਟੀ ਦਾ ਫਿਕਰ ਕਰਨਾ ਵਾਜਿਬ ਨਹੀ ਰਿਹਾ। ਕਿਉਕਿ ਇੰਨੇ ਸਾਲਾਂ ਦੇ ਹੰਢ ਗਏ। ਪਰ ਨਹੀ ਮਾਂ ਤਾਂ ਮਾਂ ਹੀ ਹੁੰਦੀ ਹੈ ਨਾ । ਸਿਰਫ ਰੋਟੀ ਦਾ ਪੁੱਛੂ। ਕਈ ਵਾਰੀ ਬੱਚੇ ਬਾਹਰ ਰਿਸਤੇਦਾਰੀ ਵਿੱਚ ਜਾ ਕਿਸੇ ਹੋਰ ਕੰਮ ਚਲੇ ਜਾਂਦੇ ਹਨ। ਮਾਂ ਨੇ ਰੋਟੀ ਕਿੰਨੇ ਵਜੇ ਖਾਧੀ? ਕੀ ਖਾਧਾ? ਹੀ ਪੁਛਣਾ ਹੋਇਆ। ਇਹ ਕਹਾਣੀ ਮੇਰੇ ਬੱਚਿਆਂ ਦੀ ਮਾਂ ਦੀ ਹੀ ਨਹੀ ਹਰ ਮਾਂ ਦੀ ਹੈ। ਗਰੀਬ ਦੀ ਮਾਂ ਦੀ ਵੀ ਤੇ ਅਮੀਰ ਦੀ ਮਾਂ ਦੀ ਵੀ। ਛੋਟੇ ਦੀ ਮਾਂ ਤੇ ਵੱਡੇ ਦੀ ਮਾਂ ਦੀ ਵੀ। ਹੋਰ ਤਾਂ ਹੋਰ ਪੁੱਤ ਜਦੋ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਜਾਂਦਾ ਹੈ। ਨੋਕਰ ਚਾਕਰ ਅੱਗੇ ਪਿੱਛੇ ਘੁੰਮਦੇ ਹਨ ਤਾਂ ਮਾਂ ਦੀ ਸੂਈ ਪੁੱਤ ਦੀ ਰੋਟੀ ਤੇ ਹੀ ਅਟਕੀ ਹੁੰਦੀ ਹੈ।ਅੋਲਾਦ ਤਨਖਾਹ ਤੇ ਕਮਾਈ ਪੁੱਛਦੀ ਹੈ।ਪਿਉ ਨੇ ਚਾਹੇ ਬੇਟੇ ਦੀ ਤਨਖਾਹ ਨਹੀ ਖਾਣੀ ਹੁੰਦੀ ਉਹ ਹਮੇਸ਼ਾ ਤਨਖਾਹ ਤੇ ਤਰੱਕੀ ਦੀ ਹੀ ਗੱਲ ਕਰਦਾ ਹੈ। ਚਾਹੇ ਸਾਰੇ ਰਿਸਤੇ ਇੱਕੋ ਜਿਹੇ ਨਹੀ ਹੁੰਦੇ ਪਰ ਜਿਆਦਾਤਰ ਰਿਸਤਿਆਂ ਦਾ ਇਹੀ ਆਲਮ ਹੁੰਦਾ ਹੈ। ਇਨਸਾਨੀ ਫਿਤਰਤ ਹੁੰਦੀ ਹੈ। ਮਾਂ ਦੇ ਅੋਲਾਦ ਪ੍ਰਤੀ ਫਰਜ ਰਿਸਤਿਆਂ ਦੇ ਦੁਨਿਆਵੀ ਫਰਜਾਂ ਤੋ ਉਪਰ ਹੁੰਦੇ ਹਨ। ਇਹ ਕਿਸੇ ਗੀਤਕਾਰ ਦੀਆਂ ਲਿਖੀਆਂ ਤੇ ਗਾਈਆਂ ਲਾਈਨਾਂ ਹਨ।
ਹੋਰਾਂ ਦੀਆਂ ਮਾਂਵਾਂ ਵਾਂੰਗੂ ਮੇਰੀ ਮਾਂ ਵੀ ਇਸੇ ਰੋਗ ਦੀ ਮਰੀਜ ਸੀ। ਕਈ ਵਾਰੀ ਜਦੋ ਤਬੀਅਤ ਖਰਾਬ ਹੁੰਦੀ ਤੇ ਰੋਟੀ ਖਾਣ ਨੂੰ ਚਿੱਤ ਨਾ ਕਰਦਾ। ਰੋਟੀ ਖਾਣ ਤੋ ਇਨਕਾਰ ਕਰ ਦਿੰਦੇ। ਤਾਂ ਮੇਰੀ ਮਾਂ ਨੂੰ ਫਿਕਰ ਹੋ ਜਾਂਦਾ। ਵਾਰੀ ਵਾਰੀ ਬੱਸ ਇੱਕ ਫੁਲਕਾ ਖਾ ਲੈ ਕਹਿੰਦੀ। ਬਨਾਈ ਹੋਈ ਸਬਜੀ ਦੀ ਤਾਰੀਫ ਕਰਦੀ। ਬਣਾਉਣ ਵੇਲੇ ਕੀਤੀ ਮਿਹਨਤ ਦਾ ਜਿਕਰ ਕਰਦੀ। ਮਤਲਬ ਕਿਵੇ ਨਾ ਕਿਵੇ ਪੁੱਤ ਰੋਟੀ ਖਾ ਲਵੇ। ਜਾ ਫਿਰ ਕਦੇ ਕਿਸੇ ਟੂਰ ਤੇ ਗਏ ਹੁੰਦੇ ਜਦੋ ਘਰੇ ਗੱਲ ਕਰਦੇ ਤਾਂ ਮਾਂ ਨੇ ਰੋਟੀ ਦਾ ਜਰੂਰ ਪੁੱਛਣਾ। ਪਰ ਹੁਣ ਜਦੋ ਮਾਂ ਨਹੀ ਹੈ ਤਾਂ ਇਹਨਾ ਸਵਾਲਾਂ ਕਰਕੇ ਹੀ ਮਾਂ ਵਧੇਰੇ ਯਾਦ ਆਉਦੀ ਹੈ। ਅਖੇ ਉਹ ਮਾਂ ਮਰ ਗਈ ਜਿਹੜੀ ਦਹੀ ਨਾਲ ਟੁੱਕ ਦਿੰਦੀ ਹੁੰਦੀ ਸੀ। ਮਾਂ ਦੀ ਮਮਤਾ ਦੇ ਮੋਹ ਦੀਆਂ ਤੰਦਾਂ ਬੱਚੇ ਦੇ ਖਾਣ ਪੀਣ ਨਾਲ ਜੁੜੀਆਂ ਹੁੰਦੀਆਂ ਹਨ। ਇੱਕੋ ਫਿਕਰ ਇੱਕ ਮਾਂ ਆਪਣੇ ਬੱਚੇ ਦਾ ਕਰਦੀ ਹੈ ਕੋਈ ਹੋਰ ਨਾਤਾ ਨਹੀ ਕਰਦਾ। ਉਸ ਭੱਜੇ ਜਾਂਦੇ ਟਰੱਕ ਦੇ ਪਿੱਛੇ ਲਿਖੀਆਂ ਇਹ ਲਾਇਨਾ ਰੋਟੀ ਖਾਧੀ ਕਿ ਨਹੀ ਖਾਧੀ ਇੱਕਲੀ ਮਾਂ ਪੁੱਛਦੀ।ਪੈਸੇ ਕਿੰਨੇ ਨੇ ਕਮਾਏ ਬਾਕੀ ਸਾਰੇ ਪੁੱਛਦੇ। ਬਾਕੀਆਂ ਦਾ ਰਿਸਤਾ ਤਾਂ ਗਰਜੀ ਹੀ ਹੁੰਦਾ ਹੈ।

ਰਮੇਸ ਸੇਠੀ ਬਾਦਲ
ਮੋ 98 766 27 233

Leave a Reply

Your email address will not be published. Required fields are marked *