ਲੋਹੜੀ | lohri

ਪਿੰਡ ਘੁਮਿਆਰੇ ਸਾਡਾ ਘਰ ਬਿਲਕੁਲ ਤਿੰਨ ਗਲੀਆਂ ਯਾਨੀ ਤਿਕੋਨੀ ਤੇ ਸੀ। ਅਸੀਂ ਸਾਰੇ ਇੱਕਠੇ ਮਿਲ ਕੇ ਲੋਹੜੀ ਬਾਲਦੇ। ਹਰ ਘਰ ਖੁਸ਼ੀ ਨਾਲ ਇੱਕ ਇੱਕ ਟੋਕਰਾ ਪਾਥੀਆਂ ਦਾ ਲੋਹੜੀ ਲਈ ਦਿੰਦਾ। ਬਾਕੀ ਅਸੀਂ ਮੁੰਡੇ ਕੁੜੀਆਂ ਘਰੋ ਘਰ ਜਾਕੇ ਲੋਹੜੀ ਮੰਗ ਲਿਆਉਂਦੇ। ਰਾਤ ਨੂੰ ਪੂਰੇ ਗੀਹਰੇ ਜਿੱਡੀ ਲੋਹੜੀ ਬਾਲਦੇ। ਕਈ ਵਾਰੀ ਤਾਂ ਸਵੇਰ ਦੇ ਦੋ ਤਿੰਨ ਵੱਜ ਜਾਂਦੇ। ਵੱਡੇ ਛੋਟੇ ਸਭ ਗੱਲਾਂ ਮਾਰਦੇ ਬੈਠੇ ਰਹਿੰਦੇ। ਹਰ ਕੋਈ ਤਿਲ ਸੁੱਟਦਾ।
“ਈਸ਼ਰ ਆ ਦਿਲਦਰ ਜਾ, ਦਲਿਦਰ ਦੀ ਜੜ੍ਹ ਚੁੱਲੇ ਪਾ।” ਬੋਲਦੇ। ਸਾਡੇ ਘਰ ਦੇ ਨਾਲ ਬਾਬਾ ਈਸ਼ਰ ਵੀ ਰਹਿੰਦਾ ਸੀ। ਉਸਦੇ ਤਿੰਨ ਕੁੜੀਆਂ ਸਨ ਮੁੰਡਾ ਕੋਈ ਨਹੀ ਸੀ। ਤੇ ਕੁਝ ਸ਼ਰਾਰਤੀ ਮੁੰਡੇ ਈਸ਼ਰ ਆ ਦਲਿਦਰ ਜਾ ਤੇ ਈਸ਼ਰ ਦੀ ਜੜ੍ਹ ਚੁੱਲੇ ਪਾ, ਆਖਕੇ ਬਾਬੇ ਈਸ਼ਰ ਨੂੰ ਛੇੜਦੇ। ਬਾਬੇ ਦੇ ਘਰੋਂ ਬੋਲੀ ਸੀ ਪਰ ਬਾਬੇ ਨੂੰ ਇਹ ਸੁਣ ਜਾਂਦਾ ਤੇ ਓਹ ਬਹੁਤ ਗਾਲਾਂ ਕਢ਼ਦੇ। ਫਿਰ ਅਸੀਂ ਬਾਬੇ ਨੂੰ ਵਰਾ ਲੈਂਦੇ ਤੇ ਗੱਲ ਹਾਸੀ ਵਿਚ ਪੈ ਜਾਂਦੀ। ਦੂਸਰਿਆਂ ਲੋਹੜੀ ਵਾਲੇ ਮੁੰਡੇ ਚੁੱਪ ਕਰਕੇ ਕਿਸੇ ਹੋਰ ਦੀ ਲੋਹੜੀ ਵਿਚੋਂ ਬਲਦੀ ਹੋਈ ਪਾਥੀ ਚੁਰਾਕੇ ਭੱਜ ਜਾਂਦੇ ਇਸ ਨੂੰ ਓਹ ਲੋਹੜੀ ਵਿਆਹੁਣਾ ਆਖਦੇ ਸੀ। ਪਰ ਜਿਹਨਾ ਦੀ ਲੋਹੜੀ ਨੂੰ ਓਹ ਵਿਆਹ ਕੇ।ਲਿਜਾਂਦੇ ਸੀ ਮੁੰਡੇ ਰਸਤੇ ਵਿਚ ਸਣੇ ਪਾਥੀ ਫੜ੍ਹ ਲੈਂਦੇ ਤੇ ਖੂਬ ਕੁੱਟਦੇ। ਇਸ ਪ੍ਰਕਾਰ ਹਰ ਕੋਈ ਆਪਣੀ ਲੋਹੜੀ ਬਾਰੇ ਸੁਚੇਤ ਰਹਿੰਦਾ। ਕਈ ਲੋਕ ਮੂਲੀਆਂ ਵਾਰ ਕੇ ਵੀ ਖਾਂਦੇ।
ਪਰ ਹੁਣ ਸ਼ਹਿਰ ਵਿਚ ਇੱਕ ਗਲੀ ਵਿਚ ਦਸ ਦਸ ਲੋਹੜੀਆਂ ਹੁੰਦੀਆਂ ਹਨ ਹਰ ਘਰ ਦੀ ਆਪਣੀ ਅਲਗ ਹੀ ਲੋਹੜੀ ਹੁੰਦੀ ਹੈ। ਹਰ ਕੋਈ ਚਾਰ ਕੁ ਫਟੀਆਂ ਬਾਲ ਕੇ ਆਪਣੇ ਗੇਟ ਮੂਹਰੇ ਚੋਧਰੀ ਬਣਕੇ ਬੈਠ ਜਾਂਦਾ ਹੈ। ਉਸਨੂੰ ਗੁਆਂਢੀਆਂ ਨਾਲ ਕੋਈ ਵਹੁ ਵਾਸਤਾ ਨਹੀ ਹੁੰਦਾ। ਸ਼ਹਿਰ ਵਿਚ ਪਾਥੀਆਂ ਮਿਲਦੀਆਂ ਨਹੀ। ਕਈ ਲ਼ੋਕ ਡੀ ਜੇ ਲਾਕੇ ਸ਼ੋਰ ਪਾਉਂਦੇ ਹਨ ਇਹ ਓਹਨਾ ਦਾ ਖੁਸ਼ੀ ਮਨਾਉਣ ਦਾ ਆਪਣਾ ਢੰਗ ਹੁੰਦਾ ਹੈ। ਪਰ ਮਿਲਵਰਤਨ ਤੇ ਪ੍ਰੇਮ ਬਿਲਕੁਲ ਨਹੀ ਹੁੰਦਾ। ਲੋਹੜੀ ਆਪਸੀ ਭਾਈਚਾਰੇਂ ਦਾ ਪ੍ਰਤੀਕ ਹੁੰਦੀ ਹੈ। ਹੁਣ ਨਾ ਬਹੁਤਾ ਭਾਈਚਾਰਾ ਰਿਹਾ ਹੈ ਨਾ ਹੀ ਲੋਹੜੀ ਦਾ ਉਹ ਮਹੱਤਵ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *