ਛਿੰਦਾ ਚਾਚਾ…ਭਾਗ ਚੌਥਾ

ਛਿੰਦਾ ਚਾਚਾ….ਭਾਗ ਚੌਥਾ
ਛਿੰਦਾ ਸਾਰਾ ਝੋਨਾ ਸਾਂਭ ਚੁੱਕਾ ਸੀ,ਬੱਸ ਹੁਣ ਅਗਲੀ ਫਸਲ ਲਈ ਖੇਤਾਂ ਨੂੰ ਤਿਆਰ ਕਰਨਾ ਸੀ।
“ਛਿੰਦੇ ਆੜਤੀਆਂ ਨਾਲ ਹਿਸਾਬ ਕਰ ਲਿਆ ਈ ਕਿ ਰਹਿੰਦਾ ਅਜੇ…..।”ਮੰਜੇ ਉੱਤੇ ਕੋਲ ਬੈਠੇ ਛਿੰਦੇ ਨੂੰ ਉਸ ਦੇ ਭਰਾ ਧਰਮ ਸਿੰਘ ਨੇ ਕਿਹਾ।
“ਵੀਰ,ਸਾਰਾ ਹਿਸਾਬ ਹੋ ਗਿਆ ਏ…ਉਸ ਨੇ ਚੈੱਕ ਦਿੱਤਾ ਸੀ,ਉਹ ਮੈਂ ਬੈਂਕ ਲਾ ਆਇਆ ਸੀ।ਕੱਲ੍ਹ ਤੱਕ ਪੈਸੇ ਆਪਣੇ ਖਾਤੇ ਵਿੱਚ ਆ ਜਾਣਗੇ…..।”
“ਕੀ ਹਿਸਾਬ ਕਿਤਾਬ ਬਣਿਆ….? ਬਚਿਆ ਵੀ ਕੁਝ ਕਿ ਐਵੇਂ ਸੇਵਾ ਈ ਕਰਦਾਂ ਰਿਹਾਂ ਏਂ……।”
“ਵੀਰ,ਵਾਹਿਗੁਰੂ ਦੀ ਕਿਰਪਾ ਰਹੀ ਇਸ ਵਾਰ।ਝਾੜ ਵੀ ਚੰਗਾ ਨਿਕਲਿਆ ਅਤੇ ਰੇਟ ਵੀ ਵਧੀਆ ਲੱਗਾ।ਕੁੱਲ ਮਿਲਾ ਕੇ ਤੇਈ ਲੱਖ ਦਾ ਹੋ ਗਿਆ ਸੀ ਝੋਨਾ ਆਪਣਾ।”
“ਆ ਤੇ ਖੁਸ਼ ਕਰਤਾ ਈ….।ਇਸ ਤਰਾਂ ਕਰੀਂ ਕਿ ਪੰਜ ਕੁ ਲੱਖ ਕਢਾ ਲਿਆਈਂ,ਇਹਨਾਂ ਬੀਬੀਆਂ ਨੂੰ ਦੇ ਦੇਵੀਂ ਥੋੜ੍ਹੇ ਬਹੁਤ,ਲੀੜਾ ਲੱਤਾ ਲੈ ਆਉਣਗੀਆਂ ਤੇ ਬਾਕੀ ਅਗਲੀ ਫਸਲ ਦੀ ਤਿਆਰੀ ਵਾਸਤੇ ਰੱਖ ਲਵੀਂ…..।”
“ਵੀਰ,ਡੀਜ਼ਲ ਦੇ ਦੋ ਡਰੰਮ ਇਕੱਠੇ ਭਰ ਕੇ ਰੱਖ ਲਈਏ,ਦੇਰ ਸਵੇਰ ਫਿਰ ਕੋਈ ਫਿਕਰ ਨਹੀਂ ਹੁੰਦਾ,ਮੈ ਕੱਲ੍ਹ ਚਾਚੇ ਹੁਣਾਂ ਦਾ ਝੋਨਾ ਵਢਾਉਣਾ ਵਾ,ਪਰਸੋਂ ਰੀਪਰ ਫੇਰ ਦਈਏ ਪੈਲੀਆਂ ਵਿੱਚ,ਮੁੜਕੇ ਪਰਾਲੀ ਕੱਠੀ ਕਰਨ ਵਾਲੇ ਬਣਾਂਗੇ…..।”
“ਮੇਰੀ ਮੰਨੇ ਛਿੰਦਿਆ,ਅੱਗ ਲਾ ਕੇ ਕੰਮ ਨਿਬੇੜ….ਕਿੱਥੇ ਇੰਨਾ ਖਪਦਾ ਰਹੇਂਗਾ…..?
“ਨਹੀਂ ਵੀਰ,ਅੱਗ ਨਹੀਂ ਲਾਉਣੀ,ਮਲਵਈਆਂ ਕੋਲ ਹੈਗੀ ਪਰਾਲੀ ਇਕੱਠੀ ਕਰਨ ਵਾਲੀ ਮਸ਼ੀਨ,ਪੰਦਰਾਂ ਸੌ ਲੈਂਦੇ ਇੱਕ ਕਿੱਲੇ ਦਾ,ਪੰਡਾਂ ਬੰਨ੍ਹੀ ਜਾਂਦੀ ਆ,ਤਿੰਨ ਜਾਣੇ ਅਸੀਂ ਹੈਗੇ ਆਂ,ਦੋ ਹੋਰ ਲੈ ਲਵਾਂਗੇ,ਚਾਰ ਪੰਜ ਦਿਨ ਵਿੱਚ ਸਾਰਾ ਕੰਮ ਸਾਂਭ ਦੇਵਾਂਗੇ…।”
“ਉਹ ਤੇ ਠੀਕ ਆ,ਪਸ਼ੂਆਂ ਵਾਸਤੇ ਸੁੱਕਾ ਵੀ ਚਾਹੀਦਾ ਹੈ,ਤੂੜੀ ਇਸ ਵਾਰ ਬਾਰਾਂ ਰੁਪਈਏ ਕਿਲੋ ਵਿੱਕ ਗਈ ਆ,ਜਿੰਨੀ ਵੱਧ ਪਰਾਲੀ ਹੋਊ,ਆਪਣੀ ਤੂੜੀ ਦੀ ਬੱਚਤ ਹੋਊ…..।”
ਛਿੰਦੇ ਨੇ ਖੇਤਾਂ ਵਿੱਚ ਰੀਪਰ ਫੇਰ ਕੇ ਪਰਾਲੀ ਇਕੱਠੀ ਕਰ ਕੇ ਖੇਤ ਦੇ ਇੱਕ ਪਾਸੇ ਤਿੰਨ ਚਾਰ ਥਾਵਾਂ ਉੱਪਰ ਕਿੰਨੂੰ ਬਣਾ ਲਏ ਸਨ।ਦੋ ਉਸ ਦੇ ਆਪਣੇ ਅਤੇ ਇੱਕ ਚਾਚੇ ਵਾਲਾ ਟਰੈਕਟਰ ਲੈ ਕੇ ਪੈਲੀਆਂ ਵਾਅ ਬਣਾ ਲਈਆਂ ਸਨ।ਦੱਸ ਕਿੱਲੇ ਮਟਰ,ਦੱਸ ਕਿੱਲੇ ਹੀ ਬੀਨ ਫਲੀ ਅਤੇ ਪੰਜ ਕਿੱਲੇ ਵਿੱਚ ਉਸ ਨੇ ਫੁੱਲੀ ਗੋਭੀ ਲਾ ਲਈ ਸੀ,ਬਾਕੀ ਸਾਰਾ ਉਸ ਨੇ ਬਰਸੀਮ ਬੀਜਣਾ ਸੀ।
ਅੱਸੂ ਮਹੀਨਾ ਚੜ੍ਹ ਆਇਆ ਸੀ।21-22 ਅੱਸੂ ਨੂੰ ਬੀੜ ਬਾਬਾ ਬੁੱਢਾ ਜੀ ਦੇ ਅਸਥਾਨ ਉੱਤੇ ਸਾਲਾਨਾ ਜੋੜ ਮੇਲਾ ਲੱਗਦਾ ਸੀ।ਇਸ ਕਰਕੇ ਪਿੰਡ ਦੇ ਅੱਡੇ ਉੱਤੇ ਮੇਲੇ ਵਿੱਚ ਆਉਣ ਜਾਣ ਵਾਲੀ ਸੰਗਤ ਵਾਸਤੇ ਲੰਗਰ ਲਗਾਇਆ ਜਾਂਦਾ ਸੀ।ਇਸ ਦਾ ਸਾਰਾ ਪ੍ਰਬੰਧ ਪਿੰਡ ਦੀ ਨੌਜਵਾਨ ਸੇਵਕ ਸਭਾ ਕਰਦੀ ਸੀ ਅਤੇ ਇਸ ਸਭਾ ਦਾ ਖਜ਼ਾਨਚੀ ਛਿੰਦਾ ਸੀ।
“ਭਾਅ ਜੀ,ਮੇਲੇ ਵਿੱਚ ਵੀਹ ਦਿਨ ਰਹਿ ਗਏ ਆ,ਮਸਾਂ ਤਿਆਰੀਆਂ ਹੋਣੀਆਂ ਨੇ।ਹੁਣ ਮੈਨੂੰ ਘਰ ਦੇ ਕੰਮਾਂ ਤੋਂ ਮੇਲੇ ਤੱਕ ਛੁੱਟੀ ਚਾਹੀਦੀ ਆ…।” ਛਿੰਦੇ ਨੇ ਆਪਣੇ ਵੱਡੇ ਭਰਾ ਨੂੰ ਆਖਿਆ।
“ਯਾਰ ਤੈਨੂੰ ਕਦੇ ਸੇਵਾ ਤੋਂ ਰੋਕਿਆ,ਸੰਗਤ ਦੀ ਸੇਵਾ ਭਾਗਾਂ ਵਾਲਿਆਂ ਨੂੰ ਮਿਲਦੀ ਆ।ਘਰ ਵੱਲੋਂ ਬੇਫਿਕਰ ਹੋ ਜਾ….।”ਧਰਮ ਸਿਉਂ ਨੇ ਆਪਣੇ ਵੱਲੋਂ ਛਿੰਦੇ ਨੂੰ ਪੂਰੀ ਤਸੱਲੀ ਦਿੱਤੀ।
ਮੇਲੇ ਵਿੱਚ ਕੀ ਕੀ ਪ੍ਰਬੰਧ ਕਰਨੇ ਸਨ,ਇਸ ਵਾਸਤੇ ਸੇਵਾਦਾਰਾਂ ਦਾ ਇੱਕ ਇਕੱਠ ਪਿੰਡ ਦੇ ਅੱਡੇ ਉੱਤੇ ਬਣੇ ਲੰਗਰ ਹਾਲ ਵਿੱਚ ਹੋਇਆ।ਸਭ ਤੋਂ ਪਹਿਲਾਂ ਸਭਾ ਦਾ ਚੇਅਰਮੈਨ ਪਰਮਜੀਤ ਸਿੰਘ ਖਾਲਸਾ ਬੋਲਿਆ,
“ਸੇਵਾਦਾਰ ਭਰਾਵੋ,ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।ਤਾਹਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਕਿਸ ਮਕਸਦ ਵਾਸਤੇ ਇੱਥੇ ਇਕੱਠੇ ਹੋਏ ਹਾਂ।ਸਾਰੇ ਜਾਣੇ ਆਪਣੇ ਆਪਣੇ ਵਿਚਾਰ ਦੱਸੋ।”
“ਸਾਰਿਆਂ ਕੰਮਾਂ ਤੋਂ ਪਹਿਲਾਂ ਲੰਗਰ ਵਾਸਤੇ ਬਾਲਣ ਦਾ ਪ੍ਰਬੰਧ ਕਰੀਏ,ਪਿਛਲੀ ਵਾਰ ਗਿੱਲੇ ਬਾਲਣ ਕਾਰਨ ਬੜੀ ਮੁਸ਼ਕਲ ਆਈ ਸੀ।”ਸਭਾ ਦੇ ਪ੍ਰਧਾਨ ਪ੍ਰਭਨੂਰ ਸਿੰਘ ਨੇ ਗੱਲ ਸ਼ੁਰੂ ਕੀਤੀ।
“ਪ੍ਰਧਾਨ ਜੀ,ਬਾਲਣ ਦਾ ਮੈਂ ਪਤਾ ਕਰ ਆਇਆ ਹਾਂ।ਜਿੱਥੇ ਮੈਂ ਭੱਠੀਆਂ ਕੋਲ ਪੱਠੇ ਨੀ ਵੇਚ ਕੇ ਆਉਂਦਾ,ਉੱਥੇ ਲਾਡਾ ਆਰੇ ਵਾਲਾ ਵਾ।ਉਹ ਇੱਕ ਟਰਾਲਾ ਸੁੱਕੇ ਸੱਕਾਂ ਦੇਣਗੇ ਸੇਵਾ ਵਿੱਚ।ਕੱਲ੍ਹ ਦੋ ਤਿੰਨ ਜਾਣੇ ਜਾਈਏ,ਕੁਝ ਉਹਨਾਂ ਦੇ ਬੰਦੇ ਹੋਣਗੇ ਤੇ ਜਾ ਕੇ ਲੱਦ ਲਿਆਈਏ।” ਛਿੰਦੇ ਨੇ ਸਭ ਨੂੰ ਜਾਣੂ ਕਰਵਾਇਆ।
“ਬੰਬੀ ਉੱਤੇ ਸਾਡੇ ਦੋ ਜਾਮਨੂੰ ਦੇ ਰੁੱਖ ਆ,ਦੋ ਬੰਦੇ ਲਾ ਕੇ ਉਹ ਵਢਾ ਲਈਏ…।” ਜੱਜਾਂ ਦਾ ਪਾਲਾ ਬੋਲਿਆ।
“ਪਰ ਤੂੰ ਚੰਗੇ ਭਲੇ ਰੁੱਖ ਕਿਉਂ ਵਢਾ ਰਿਹਾਂ ਏਂ….।” ਛਿੰਦੇ ਨੇ ਪਾਲੇ ਨੂੰ ਆਖਿਆ।
“ਛਿੰਦੇ,ਉੱਥੇ ਰੁੱਖਾਂ ਦਾ ਝੁੰਡ ਬਹੁਤ ਸੰਘਣਾ ਵਾ,ਥੋੜ੍ਹੇ ਵਿਰਲੇ ਹੋ ਜਾਣਗੇ…।”
“ਠੀਕ ਆ ਫਿਰ…..!
“ਟੈਂਟ ਅਤੇ ਸਾਊਂਡ ਕਿਸ ਦਾ ਆਖਣਾ ਏੰ ਅਤੇ ਹਲਵਾਲੀ ਪਹਿਲੇ ਕਰਨੇ ਨੇ ਕਿ ਕੋਈ ਹੋਰ ਵਾ ਤੱਕ ਵਿੱਚ।” ਸਕੱਤਰ ਰਣਜੀਤ ਸਿੰਘ ਨੇ ਕਿਹਾ।
“ਟੈਂਟ,ਸਾਉਂਡ ਅਤੇ ਦੀਵਾਨ ਵਿੱਚ ਜਿਹੜੇ ਵੀ ਜਥੇ ਲਾਉਣੇ ਆ,ਉਹਨਾਂ ਸਾਰਿਆਂ ਦੀ ਸੇਵਾ ਸਾਡੇ ਪ੍ਰੈੱਸ ਸਕੱਤਰ ਡਾ:ਕਰਮਜੀਤ ਸਿੰਘ ਕੋਲ ਪੁੱਜ ਚੁੱਕੀ ਆ।” ਛਿੰਦੇ ਨੇ ਸੇਵਾਦਾਰਾਂ ਨੂੰ ਦੱਸਿਆ ਤਾਂ ਸਭ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਛੱਡ ਦਿੱਤਾ।
“ਜਿਸ ਨੂੰ ਵੀ ਕਹਿਣਾ ਕਹਿ ਦਿਉ ਅਤੇ ਸੋਮਵਾਰ ਆਪਣੇ ਕਾਰਖਾਨੇ ਵਾਲੇ ਸੇਵਾਦਾਰਾਂ ਨੂੰ ਵੀ ਛੁੱਟੀ ਹੁੰਦੀ ਆ,ਉਸ ਦਿਨ ਤੋਂ ਪਿੰਡ ਵਿੱਚ ਉਗਰਾਹੀ ਸ਼ੁਰੂ ਕਰੀਏ।” ਪ੍ਰਧਾਨ ਨੇ ਕਿਹਾ।
“ਸਭ ਤੋ ਪਹਿਲਾਂ ਡੇਰਿਆਂ ਤੋਂ ਸੁਰੂ ਕਰੀਏ,ਸੋਮਵਾਰ ਸਾਰੇ ਡੇਰੇ ਕਲੀਅਰ ਕਰ ਲਈਏ…..।”ਸਭਾ ਦਾ ਸਰਪ੍ਰਸਤ ਰਜਿੰਦਰ ਸਿੰਘ ਬੋਲਿਆ।
“ਬਿਲਕੁੱਲ ਸਹੀ ਕਿਹਾ…..।”ਸਾਰੇ ਇੱਕੋ ਦੱਮ ਬੋਲੇ।
ਸਭਾ ਦੇ ਪ੍ਰਧਾਨ ਪ੍ਰਭਨੂਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਸੋਮਵਾਰ ਵਾਲੇ ਦਿਨ ਹੋਰ ਕਿਸੇ ਨਾ ਪਾਸੇ ਜਾਣ ਦੀ ਤਾਕੀਦ ਕੀਤੀ।ਸਾਰਿਆਂ ਨੇ ਇੱਕ ਵਾਰ ਫਿਰ ਜੈਕਾਰਾ ਬੁਲਾਇਆ ਅਤੇ ਆਪੋ ਆਪਣੇ ਘਰਾਂ ਨੂੰ ਤੁਰ ਪਏ।
ਚਲਦਾ…….
ਨਾਵਲ ਨੂੰ ਪੜ੍ਹ ਕੇ ਆਪਣੇ ਵਿਚਾਰ ਜਰੂਰ ਦਿਉ ਜੀ।
ਬਲਕਾਰ ਸਿੰਘ ਜੋਸਨ 9779010544

Leave a Reply

Your email address will not be published. Required fields are marked *